DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਦੋਂ ਕਵਿਤਾ ਅੱਧ-ਵਿਚਾਲੇ ਛੱਡਣੀ ਪਈ

ਮੈਂ ਨੌਵੀਂ ਜਮਾਤ ਦੇ ਬੱਚਿਆਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ‘ਮਾਂ ਦਾ ਦਿਲ’ ਪੜ੍ਹਾਉਣ ਲਈ ਪੂਰੀ ਤਿਆਰੀ ਨਾਲ ਆਇਆ ਸੀ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਜਮਾਤ ਦਾ ਮਾਹੌਲ ਬਣਾਉਣ ਲਈ ਮੈਂ ਮੁਸਕੁਰਾਉਂਦੇ ਹੋਏ ਬੱਚਿਆਂ ਵੱਲ ਵੇਖਿਆ ਅਤੇ ਸਾਧਾਰਨ ਜਿਹਾ...

  • fb
  • twitter
  • whatsapp
  • whatsapp
Advertisement

ਮੈਂ ਨੌਵੀਂ ਜਮਾਤ ਦੇ ਬੱਚਿਆਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ‘ਮਾਂ ਦਾ ਦਿਲ’ ਪੜ੍ਹਾਉਣ ਲਈ ਪੂਰੀ ਤਿਆਰੀ ਨਾਲ ਆਇਆ ਸੀ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਜਮਾਤ ਦਾ ਮਾਹੌਲ ਬਣਾਉਣ ਲਈ ਮੈਂ ਮੁਸਕੁਰਾਉਂਦੇ ਹੋਏ ਬੱਚਿਆਂ ਵੱਲ ਵੇਖਿਆ ਅਤੇ ਸਾਧਾਰਨ ਜਿਹਾ ਸਵਾਲ ਪੁੱਛਿਆ, ‘‘ਬੱਚਿਓ! ਤੁਹਾਡੇ ਵਿੱਚੋਂ ਕਿਹੜੇ-ਕਿਹੜੇ ਬੱਚੇ ਨੇ, ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਬਹੁਤ ਪਿਆਰ ਕਰਦੀ ਹੈ?’’

ਮੇਰਾ ਇਹ ਪੁੱਛਣਾ ਹੀ ਸੀ ਕਿ ਪੂਰੀ ਜਮਾਤ ਵਿੱਚੋਂ ਲਗਪਗ ਸਭ ਨੇ ਹੱਥ ਖੜ੍ਹੇ ਕਰ ਕੇ ਹਾਮੀ ਭਰੀ, ਪਰ ਦੋ ਬੱਚੀਆਂ ਦੇ ਹੱਥ ਬਿਲਕੁਲ ਨਿਰਜਿੰਦ ਸਨ। ਮੈਂ ਉਸ ਵੇਲੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ ਆਪਣੇ ਹੀ ਰੌਂਅ ਵਿੱਚ ਮਾਂ ਦੀ ਮਮਤਾ ਨੂੰ ਵਡਿਆਉਂਦੀਆਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਅਮਰ ਸਤਰਾਂ ਜੋੜ ਦਿੱਤੀਆਂ:

Advertisement

‘ਮਾਂ ਵਰਗਾ ਘਣਛਾਵਾਂ ਬੂਟਾ,

Advertisement

ਕਿਧਰੇ ਨਜ਼ਰ ਨਾ ਆਵੇ,

ਲੈ ਕੇ ਜਿਸ ਤੋਂ ਛਾਂ ਉਧਾਰੀ

ਰੱਬ ਨੇ ਸਵਰਗ ਬਣਾਏ।’

ਨਾਲ ਹੀ ਕੁਲਦੀਪ ਮਾਣਕ ਦੇ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਮਾਂ ਹੈ ਠੰਢੜੀ ਛਾਂ ਓ ਦੁਨੀਆ ਵਾਲਿਓ’ ਦਾ ਜ਼ਿਕਰ ਕਰਕੇ ਮਾਂ ਦੀ ਮਹਾਨਤਾ ਦਾ ਵਿਸਥਾਰ ਕਰਨ ਲੱਗਾ। ਓਦੋਂ ਹੀ ਹੱਥ ਨਾ ਚੁੱਕਣ ਵਾਲੀਆਂ ਦੋ ਬੱਚੀਆਂ ਵਿੱਚੋਂ ਇੱਕ ਕੁੜੀ ਬੋਲੀ, ‘‘ਜੀ, ਮੇਰੀ ਮਾਂ ਤਾਂ ਮੈਨੂੰ ਸਾਰਾ ਦਿਨ ਝਿੜਕਦੀ ਹੀ ਰਹਿੰਦੀ ਹੈ।’’

ਉਸ ਦਾ ਉੱਤਰ ਸੁਣਨ ਮਗਰੋਂ ਮੈਂ ਮੇਰੇ ਬਿਲਕੁਲ ਸਾਹਮਣੇ ਵਾਲੇ ਬੈਂਚ ’ਤੇ ਬੈਠੀ ਦੂਜੀ ਬੱਚੀ ਹੁਸਨ ਨੂੰ ਉੱਤਰ ਦੇਣ ਲਈ ਇਸ਼ਾਰਾ ਕੀਤਾ। ਉਸ ਦੇ ਬੁੱਲ੍ਹ ਕੁਝ ਬੋਲਣ ਲਈ ਫਰਕੇ, ਪਰ ਕੋਈ ਸ਼ਬਦ ਨਾ ਬਣ ਸਕਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਤੋਂ ਕੁਝ ਪੁੱਛਦਾ ਨਾਲ ਬੈਠੀ ਹਰਮੀਨ ਨੇ ਧੀਮੀ ਆਵਾਜ਼ ਵਿੱਚ ਕਿਹਾ, ‘‘ਸਰ, ਹੁਸਨ ਦੀ ਮੰਮੀ ਨਹੀਂ ਹੈ...।’’

ਇਹ ਸੁਣ ਕੇ ਮੇਰੇ ਮਨ ਵਿੱਚ ਇੱਕ ਟੀਸ ਜਿਹੀ ਉੱਠੀ। ਮੈਂ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਗੱਲ ਨੂੰ ਉੱਥੇ ਹੀ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ‘ਮਾਂ ਦਾ ਦਿਲ’ ਕਵਿਤਾ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਕਵਿਤਾ ਦੀਆਂ ਪਹਿਲੀਆਂ ਕੁਝ ਸਤਰਾਂ ਪੜ੍ਹਦਿਆਂ ਹੀ ਮੈਂ ਦੇਖਿਆ ਕਿ ਹੁਸਨ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਚੁੱਕੀਆਂ ਸਨ। ਮੈਂ ਉਸ ਦੇ ਦਰਦ ਨੂੰ ਓਹਲੇ ਕਰਨ ਦੀ ਕੋਸ਼ਿਸ਼ ਕਰਦਿਆਂ ਆਪਣੀ ਨਿਗਾਹ ਕਿਤਾਬ ’ਤੇ ਟਿਕਾ ਕੇ ਕਵਿਤਾ ਪੜ੍ਹਨੀ ਜਾਰੀ ਰੱਖੀ, ਪਰ ਹੁਸਨ ਆਪਣੇ ਸਬਰ ਦਾ ਬੰਨ੍ਹ ਤੋੜ ਬੈਠੀ ਸੀ, ਉਹ ਜ਼ਾਰ-ਜ਼ਾਰ ਰੋਣ ਲੱਗ ਪਈ।

ਸਾਰੇ ਬੱਚੇ ਸਹਿਮ ਕੇ ਹੁਸਨ ਵੱਲ ਦੇਖ ਰਹੇ ਸਨ। ਮੈਂ ਬੇਦਿਲੀ ਨਾਲ ਕਵਿਤਾ ਦੇ ਅੱਧ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਫਿਰ ਅੱਖਰ ਧੁੰਦਲੇ ਹੋ ਗਏ ਅਤੇ ਸ਼ਬਦ ਮੇਰੇ ਸੰਘ ਵਿੱਚ ਹੀ ਅਟਕ ਗਏ। ਮੈਨੂੰ ਅਹਿਸਾਸ ਹੋਇਆ ਕਿ ਜਿਸ ਬੱਚੀ ਦੀ ਮਾਂ ਹੀ ਦੁਨੀਆ ’ਚ ਨਹੀਂ, ਉਸ ਦੇ ਸਾਹਮਣੇ ‘ਮਾਂ ਦਾ ਦਿਲ’ ਦੀ ਮਹਿਮਾ ਗਾਉਣਾ ਉਸ ਦੇ ਅੱਲੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ ਸੀ।

ਮੈਂ ਕਿਤਾਬ ਬੰਦ ਕੀਤੀ ਤੇ ਆਪਣੇ ਆਪ ਨੂੰ ਮਸਾਂ ਸੰਭਾਲਦਿਆਂ ਕਿਹਾ, ‘‘ਬੱਚਿਓ... ਆਪਾਂ ਇਹ ਕਵਿਤਾ ਕੱਲ੍ਹ ਪੜ੍ਹਾਂਗੇ।’’

ਸੰਪਰਕ: 98151-80416

Advertisement
×