ਜਦੋਂ ਪੇਪਰ ਛੱਡਣੇ ਪਏ...
ਸੰਨ 1984 ਵਿੱਚ ਸਾਕਾ ਨੀਲਾ ਤਾਰਾ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਉਸ ਵੇਲੇ ਅਤਿਵਾਦੀਆਂ ਵੱਲੋਂ ਨਿਹੱਥੇ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਪੁਲੀਸ ਮੁਕਾਬਲਿਆਂ ਦੀਆਂ ਕਹਾਣੀਆਂ ਅਖ਼ਬਾਰ ਦੀਆਂ ਸੁਰਖੀਆਂ ਵਿੱਚ...
ਸੰਨ 1984 ਵਿੱਚ ਸਾਕਾ ਨੀਲਾ ਤਾਰਾ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਉਸ ਵੇਲੇ ਅਤਿਵਾਦੀਆਂ ਵੱਲੋਂ ਨਿਹੱਥੇ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਪੁਲੀਸ ਮੁਕਾਬਲਿਆਂ ਦੀਆਂ ਕਹਾਣੀਆਂ ਅਖ਼ਬਾਰ ਦੀਆਂ ਸੁਰਖੀਆਂ ਵਿੱਚ ਸਨ। ਪੰਜਾਬ ਦਾ ਮਾਝਾ ਖਿੱਤਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ। ਮੈਂ ਉਦੋਂ ਯੂਨੀਵਰਸਿਟੀ ਵਿੱਚ ਪੜ੍ਹਦਾ ਸਾਂ ਤੇ ਉਥੇ ਲਗਪਗ ਪੰਜਾਹ ਫੀਸਦੀ ਵਿਦਿਆਰਥੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਨ। ਬਾਹਰਲੇ ਸੂਬਿਆਂ ਤੋਂ ਆਏ ਇਨ੍ਹਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਇਸ ਮਾਹੌਲ ਕਰਕੇ ਬਹੁਤ ਚਿੰਤਤ ਸਨ। ਇਸ ਦੌਰਾਨ ਖਾੜਕੂਆਂ ਖ਼ਿਲਾਫ਼ ਪੁਲੀਸ ਦੀਆਂ ਕਾਰਵਾਈਆਂ ਦੇ ਵਿਰੋਧ ਵਿੱਚ ਅਕਸਰ ਹੀ ਵਿਦਿਆਰਥੀ ਯੂਨੀਅਨ ਦੀ ਇਕ ਧਿਰ ਕਲਾਸਾਂ ਦੇ ਬਾਈਕਾਟ ਦਾ ਫ਼ਰਮਾਨ ਜਾਰੀ ਕਰ ਦਿੰਦੀ ਤੇ ਕਿਸੇ ਦੀ ਜੁਰਅਤ ਨਹੀਂ ਸੀ ਕਿ ਇਸ ਫ਼ਰਮਾਨ ਤੋਂ ਬਾਹਰ ਜਾ ਕੇ ਕਲਾਸ ਲਾ ਸਕੇ।
ਮੇਰੀ ਜਮਾਤ ਦਾ ਇਕ ਵਿਦਿਆਰਥੀ, ਜੋ ਰਾਜਨੀਤੀ ਦੀ ਸਮਝ ਰੱਖਦਾ ਸੀ, ਨੇ ਇਕ ਦਿਨ ਸਾਰੀ ਜਮਾਤ ਨੂੰ ਮੁਖਾਤਬ ਹੁੰਦਿਆਂ ਰੋਜ਼ਾਨਾ ਕਲਾਸਾਂ ਦੇ ਹੋ ਰਹੇ ਬਾਈਕਾਟ ਦਾ ਵਿਰੋਧ ਕੀਤਾ ਤੇ ਇਸ ਵਰਤਾਰੇ ਨੂੰ ਗ਼ਲਤ ਦੱਸਿਆ। ਸਾਰੇ ਉਸ ਦੀ ਗੱਲ ਨਾਲ ਸਹਿਮਤ ਤਾਂ ਸਨ, ਪਰ ਕੁਝ ਵੀ ਕਹਿਣ ਤੋਂ ਡਰਦੇ ਸਨ। ਕਾਫ਼ੀ ਸੋਚ ਵਿਚਾਰ ਮਗਰੋਂ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਕਲਾਸ ਦਾ ਬਾਈਕਾਟ ਨਹੀਂ ਕੀਤਾ ਜਾਵੇਗਾ। ਕੁਝ ਦਿਨਾਂ ਬਾਅਦ ਜਦੋਂ ਸਾਡੀ ਇੱਕ ਕਲਾਸ ਲੱਗ ਰਹੀ ਸੀ ਤੇ ਹਾਲੇ ਪ੍ਰੋਫੈਸਰ ਨੇ ਕੁਝ ਹੀ ਮਿੰਟ ਪੜ੍ਹਾਇਆ ਸੀ ਕਿ ਹੜਤਾਲ ਦਾ ਸੱਦਾ ਦੇਣ ਵਾਲੇ ਵਿਦਿਆਰਥੀਆਂ ਨੇ ਕਲਾਸ ’ਚ ਆ ਕੇ ਵਿਘਨ ਪਾ ਦਿੱਤਾ। ਕਲਾਸ ’ਚ ਬੈਠੇ ਵਿਦਿਆਰਥੀਆਂ ਵੱਲੋਂ ਬਾਈਕਾਟ ਦਾ ਵਿਰੋਧ ਕੀਤੇ ਜਾਣ ’ਤੇ ਮਾਹੌਲ ਕਾਫੀ ਗਰਮਾ ਗਿਆ, ਪਰ ਕੋਈ ਅਣਹੋਣੀ ਘਟਨਾ ਵਾਪਰਨ ਤੋਂ ਬਚਾਅ ਰਿਹਾ।
ਜੂਨ ਦਾ ਮਹੀਨਾ ਨੇੜੇ ਆਇਆ ਤਾਂ ਅਖ਼ਬਾਰਾਂ ਵਿਚ ਘੱਲੂਘਾਰੇ ਦੀਆਂ ਖ਼ਬਰਾਂ ਛਪਣ ਲੱਗੀਆਂ। ਬਾਹਰਲੇ ਸੂਬਿਆਂ ਤੋਂ ਆਏ ਵਿਦਿਆਰਥਿਆਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਘਰੇ ਮੁੜਨ ਲਈ ਆਖਣ ਲੱਗੇ। ਅਸੀਂ ਉਨ੍ਹਾਂ ਨੂੰ ਰੁਕਣ ਲਈ ਆਖ ਰਹੇ ਸਾਂ, ਪਰ ਉਨ੍ਹਾਂ ਦੇ ਮਨਾਂ ਅੰਦਰ ਡਰ ਬੈਠ ਗਿਆ ਸੀ। ਫ
ਾਈਨਲ ਪੇਪਰ ਛੱਡਣ ਦਾ ਮਤਲਬ ਸਪੱਸ਼ਟ ਤੌਰ ’ਤੇ ਕਰੀਅਰ ਦੀ ਬਰਬਾਦੀ ਸੀ, ਪਰ ਹੋਰ ਕੋਈ ਪੇਸ਼ ਨਾ ਜਾਂਦੀ ਵੇਖ ਅਖੀਰ ਸਾਰੀ ਕਲਾਸ ਨੇ ਮਿਲ ਕੇ ਫਾਈਨਲ ਪੇਪਰ ਛੱਡਣ ਦਾ ਫ਼ੈਸਲਾ ਲਿਆ ਤੇ ਕਾਲਜ ਦੀਆਂ ਹੋਰਨਾਂ ਜਮਾਤਾਂ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਫ਼ੈਸਲੇ ਅਨੁਸਾਰ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਛੱਡ ਬਾਕੀ ਸਾਰੇ ਘਰਾਂ ਨੂੰ ਚਲੇ ਗਏ। ਰਲ਼ ਕੇ ਲਏ ਇਸ ਫ਼ੈਸਲੇ ਨੇ ਸਾਡੇ ਭਵਿੱਖ ਲਈ ਇੱਕ ਆਸ ਦੀ ਕਿਰਨ ਜਿਊਂਦੀ ਰੱਖ ਲਈ ਸੀ। ਅਗਲਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਕਾਲਜ ਦੇ ਡੀਨ ਨੇ ਵਾਈਸ ਚਾਂਸਲਰ ਨਾਲ ਰਾਬਤਾ ਕਾਇਮ ਕਰਕੇ ਦੁਬਾਰਾ ਪੇਪਰ ਦੇਣ ਦੀ ਪ੍ਰਵਾਨਗੀ ਲੈ ਲਈ ਅਤੇ ਫਿਰ ਅਸੀਂ ਸਾਰਿਆਂ ਨੇ ਪੇਪਰ ਦਿੱਤੇ।

