ਜਦੋਂ ਰਸੋਈ ਦੀ ਅੱਗ ‘ਬੰਨ੍ਹੀ ਗਈ’

ਜਦੋਂ ਰਸੋਈ ਦੀ ਅੱਗ ‘ਬੰਨ੍ਹੀ ਗਈ’

ਸੁਰਜੀਤ ਭਗਤ

ਘਰ (ਰਸੋਈ) ਦੇ ਕੰਮਾਂ ’ਚ ਸ਼ੁਰੂ ਤੋਂ ਹੀ ਦਿਲਚਸਪੀ ਨਾ ਹੋਣ ਕਾਰਨ ਕਦੇ ਚਾਹ ਤੱਕ ਵੀ ਬਣਾਉਣ ਦੀ ਜ਼ਹਿਮਤ ਨਹੀਂ ਸੀ ਕੀਤੀ। ਅਸਲ ’ਚ ਕਦੇ ਲੋੜ ਵੀ ਨਹੀਂ ਸੀ ਪਈ ਤੇ ਨਾ ਹੀ ਅਜਿਹਾ ਕਰਨ ਲਈ ਮਨ ’ਚ ਕਦੇ ਕੋਈ ਇੱਛਾ ਪੈਦਾ ਹੋਈ।

ਇਕ ਦਿਨ ਪਤਨੀ ਦੇ ਢਿੱਲੇ-ਮੱਠੇ ਹੋਣ ਕਾਰਨ ਉਸ ਨੂੰ ਹਸਪਤਾਲ ਜਾ ਕੇ ਦਵਾਈ ਦਿਵਾਉਣੀ ਪਈ। ਵਾਪਸ ਘਰ ਆ ਕੇ ‘ਹਸਪਤਾਲੋਂ ਹੋ ਕੇ ਆਈ’ ਦਾ ਬਿੱਲਾ ਲੱਗ ਗਿਆ। ਕੋਈ ਢਾਈ ਤਿੰਨ ਦਹਾਕੇ ਪਹਿਲਾਂ ਇਹ ਆਮ ਹੀ ਸਮਝਿਆ ਜਾਂਦਾ ਸੀ ਕਿ ਜਦੋਂ ਡਾਕਟਰ ਦੇ ਹੱਥੋਂ ਵਸੋਂ ਕੰਮ ਨਿਕਲ ਜਾਵੇ ਤਾਂ ਹੀ ਹਸਪਤਾਲ ਜਾਣ ਦੀ ਨੌਬਤ ਆਉਂਦੀ ਹੈ। ਜ਼ਿਆਦਾ ਬਿਮਾਰ ਹੋਣ ਦੀ ਗੱਲ ਮੁਹੱਲੇ ’ਚ ਫੈਲਣ ਕਾਰਨ ਨੇਹ ਸਨੇਹ ਰੱਖਣ ਵਾਲੇ ਤਾਂ ਪਤਾ ਲੈਣ ਆਏ ਹੀ, ਇਸਦੇ ਨਾਲ ਹੀ ਲਾਗੇ ਤਾਗੇ ਰਹਿੰਦੀਆਂ ਪਤਨੀ ਦੀਆਂ ਭੈਣਾਂ ਵੀ ਉਸ ਦੀ ਮਿਜਾਜ਼ਪੁਰਸ਼ੀ ਲਈ ਆਣ ਬਹੁੜੀਆਂ।

ਰਸਮੀ ਗੱਲਬਾਤ ਪਿਛੋਂ ਜਦੋਂ ਦਵਾਈ ਦੀ ਗੱਲ ਤੁਰੀ ਤਾਂ ਚੇਤਾ ਆਇਆ ਕਿ ਕੋਸੇ ਪਾਣੀ ਨਾਲ ਤਿੰਨ ਗੋਲੀਆਂ ਅਤੇ ਇਕ ਕੈਪਸੂਲ ਖਾਣਾ ਹੈ। ਪਤਾ ਲੈਣ ਆਈਆਂ ਬੀਬੀਆਂ ਤਾਂ ਗੱਲਾਂਬਾਤਾਂ ’ਚ ਪੂਰੀ ਤਰ੍ਹਾਂ ਖੁੱਭੀਆਂ ਹੋਈਆਂ ਸਨ। ਮੈਂ ਵੀ ਭੈਣਾਂ ਦੇ ਇਸ ਪ੍ਰੋਗਰਾਮ ਵਿਚ ਖੱਲਲ ਪਾਉਣਾ ਮੁਨਾਸਿਬ ਨਾ ਸਮਝਿਆ ਅਤੇ ਉਨ੍ਹਾਂ ਵੱਲੋਂ ਕਈ ਵਾਰੀ ਰੋਕਣ ਦੇ ਬਾਵਜੂਦ ਰਸੋਈ ’ਚ ਪਾਣੀ ਗਰਮ ਕਰਨ ਲਈ ਭਾਂਡੇ ਲੱਭਣ ਲੱਗਾ। ਹੋਰ ਤਾਂ ਮੈਨੂੰ ਕੁਝ ਲੱਭਿਆ ਨਹੀਂ, ਮੈਂ ਸਟੀਲ ਦਾ ਇਕ ਡੌਂਗਾ ਚੁੱਕ ਕੇ ਪਾਣੀ ਦਾ ਭਰ ਕੇ ਗੈਸ ਦੇ ਬਲਦੇ ਚੁੱਲ੍ਹੇ ’ਤੇ ਰੱਖ ਦਿੱਤਾ।

ਚੁੱਲ੍ਹੇ ’ਤੇ ਪਾਣੀ ਧਰਿਆਂ ਕਾਫ਼ੀ ਚਿਰ ਹੋ ਗਿਆ ਸੀ, ਪਰ ਗੈਸ ’ਤੇ ਰੱਖੇ ਸਟੀਲ ਦੇ ਡੌਂਗੇ ’ਚ ਪਾਣੀ ਗਰਮ ਹੀ ਨਹੀਂ ਸੀ ਹੋ ਰਿਹਾ। ਅੱਗ ਵੀ ਲਗਾਤਾਰ ਤੇਜ਼ ਬਲ ਰਹੀ ਸੀ। ਸਾਲੀਆਂ ਵੀ ਮਖੌਲ ਕਰ ਰਹੀਆਂ ਸਨ ਕਿ ਚੁੱਲ੍ਹੇ ’ਤੇ ਪਾਣੀ ਹੀ ਧਰਿਆ ਹੈ ਜਾਂ ਫਿਰ ਖਰੌੜੇ, ਜੋ ਅਜੇ ਤੱਕ ਉਬਲੇ ਹੀ ਨਹੀਂ ਸਨ। ਮੈਂ ਵੀ ਹੈਰਾਨ ਸਾਂ ਕਿ ਇਹ ਕੀ ਹੋ ਰਿਹਾ ਸੀ?

ਸਭ ਤੋਂ ਵੱਡੀ ਸਾਲੀ ਸਾਹਿਬਾ, ਜੋ ਕਿ ਗ਼ੈਬੀ ਸ਼ਕਤੀਆਂ ’ਚ ਵਿਸ਼ਵਾਸ ਰੱਖਦੀ ਸੀ, ਨੂੰ ਸ਼ੱਕ ਸੀ ਕਿ ਉਸ ਦੀ ਭੈਣ ਨੂੰ ਉਸ ਦੇ ਜੀਜੇ (ਮੇਰੇ) ਦੇ ਨਾਸਤਿਕ ਹੋਣ ਅਤੇ ਕਿਸੇ ਵੀ ਗੁਰੂ ਪੀਰ ਨੂੰ ਨਾ ਮੰਨਣ ਦੀ ਵਜ੍ਹਾ ਕਾਰਨ ਹੀ ਕੁਝ ਨਾ ਕੁਝ ਹੋਇਆ ਰਹਿੰਦਾ ਹੈ ਤੇ ਉਹ ਡਾਕਟਰਾਂ ਦੇ ਹੀ ਗੇੜੇ ਕੱਢਦੀ ਫਿਰਦੀ ਹੈ। ਸ਼ਾਇਦ ਇਹੀ ਕਾਰਨ ਸੀ ਕਿ ਅੱਜ ਕਿੰਨੀ ਦੇਰ ਅੱਗ ਉੱਤੇ ਰੱਖਣ ਦੇ ਬਾਵਜੂਦ ਪਾਣੀ ਗਰਮ ਨਹੀਂ ਸੀ ਹੋਇਆ, ਸ਼ਾਇਦ ਕਿਸੇ ਨੇ ਅੱਗ ਬੰਨ੍ਹ ਦਿੱਤੀ ਹੋਵੇ।

ਸਾਰੇ ਜਣੇ ਇਹ ਕੌਤਕ ਵੇਖਣ ਲਈ ਰਸੋਈ ਵੱਲ ਆ ਗਏ ਕਿ ਆਖ਼ਰ ਕਿਹੜੀ ਸ਼ਕਤੀ ਨੇ ਬਲਦੇ ਚੁੱਲ੍ਹੇ ’ਤੇ ਧਰੇ ਪਾਣੀ ਨੂੰ ਉਬਲਣੋਂ ਰੋਕਿਆ ਹੋਇਆ ਹੈ। ਮੇਰੇ ਸਣੇ ਸਾਰੇ ਹੀ ਹੈਰਾਨ ਨਹੀਂ ਸਗੋਂ ਪਰੇਸ਼ਾਨ ਵੀ ਸਨ ਕਿ ਪੰਦਰਾਂ ਵੀਹ ਮਿੰਟ ਲਗਾਤਾਰ ਪੂਰੀ ਅੱਗ ਬਲਣ ਦੇ ਬਾਵਜੂਦ ਪਾਣੀ ਮਾੜਾ ਜਿਹਾ ਹੀ ਗਰਮ ਹੋ ਸਕਿਆ ਜਦੋਂਕਿ ਇੰਨੇ ਸਮੇਂ ’ਚ ਤਾਂ ਪਾਣੀ ਉਬਲ ਉਬਲ ਕੇ ਕਮਲਾ ਹੋ ਜਾਣਾ ਚਾਹੀਦਾ ਸੀ।

ਅਸੀਂ ਸਾਰੇ ਹੀ ਡੌਰ-ਭੌਰ ਹੋਏ ਪਾਣੀ ਦੇ ਡੌਂਗੇ ਅਤੇ ਹੇਠਾਂ ਬਲਦੀ ਅੱਗ ਵੱਲ ਨੀਝ ਲਾ ਕੇ ਵੇਖ ਰਹੇ ਸਾਂ। ਡੌਂਗੇ ਦਾ ਹੇਠਲਾ ਪਾਸਾ ਪੂਰੀ ਤਰ੍ਹਾਂ ਗਰਮ ਸੀ ਤੇ ਲਗਪਗ ਕਾਲਾ ਹੋ ਗਿਆ ਸੀ, ਪਰ ਵਿਚਲਾ ਪਾਣੀ ਅਜੇ ਵੀ ਗਰਮ ਨਾ ਹੋਣ ਕਰਕੇ ਪਲ ਪਲ ਸਾਡੀ ਉਤਸੁਕਤਾ ਵਧ ਰਹੀ ਸੀ। ਪਤਨੀ ਵੀ ਹੌਲੀ ਹੌਲੀ ਤੁਰਦੀ ਰਸੋਈ ’ਚ ਆਣ ਪਹੁੰਚੀ। ਗੱਲ ਉਹਦੇ ਵੀ ਸਮਝੋਂ ਬਾਹਰ ਸੀ। ਮੇਰੇ ਤੋਂ ਡਰਦੇ ਡਰਦੇ ਇਹ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਕਿਧਰੇ ਕਿਸੇ ਨੇ ਸਾਡੀ ਅੱਗ ਬੰਨ੍ਹ ਤਾਂ ਨਹੀਂ ਦਿੱਤੀ?

ਸਾਡੀ ਅੱਗ ਬੰਨ੍ਹ ਕੇ ਕਿਸੇ ਨੇ ਭਲਾ ਕੀ ਲੈਣਾ ਸੀ? ਮੇਰੀ ਦਲੀਲ ਸੀ।

ਅਚਾਨਕ ਮੇਰੀ ਨਜ਼ਰ ਡੌਂਗੇ ਦੇ ਕਿਨਾਰੇ ਵੱਲ ਗਈ ਤਾਂ ਮੈਨੂੰ ਸ਼ੱਕ ਹੋਇਆ ਕਿ ਇਕ ਦੀ ਥਾਂ ’ਤੇ ਦੋ ਕਿਨਾਰੀਆਂ ਕਿਉਂ ਨਜ਼ਰ ਆ ਰਹੀਆਂ ਸਨ? ਧਿਆਨ ਨਾਲ ਵੇਖਣ ’ਤੇ ਪਤਾ ਲੱਗਾ ਕਿ ਦੋ ਇਕੋ ਜਿੱਡੇ ਡੌਂਗੇ ਇਕ ਦੂਜੇ ’ਚ ਫਸੇ ਹੋਏ ਸਨ ਅਤੇ ਇਸੇ ਤਰ੍ਹਾਂ ਜੁੜੇ ਹੋਏ ਹੀ ਪਾਣੀ ਪਾ ਕੇ ਅੱਗ ’ਤੇ ਧਰ ਦਿੱਤੇ ਗਏ ਸਨ। ਹੇਠਲਾ ਤਾਂ ਅੱਗ ਨਾਲ ਤਪ ਕੇ ਕਾਲਾ ਸ਼ਾਹ ਹੋ ਗਿਆ ਸੀ ਜਦੋਂਕਿ ਉਪਰਲੇ ਨੂੰ ਬਿਲਕੁਲ ਹੀ ਸੇਕ ਨਹੀਂ ਸੀ ਪੁੱਜ ਰਿਹਾ।

ਹੁਣ ਬੰਨ੍ਹੀ ਹੋਈ ਅੱਗ ਦਾ ਭੇਤ ਖੁੱਲ੍ਹ ਗਿਆ ਸੀ ਤੇ ‘ਬੰਨ੍ਹੀ ਗਈ ਅੱਗ’ ਦੀ ਚੁੰਝ ਚਰਚਾ ਕਰਨ ਵਾਲੇ ਵੀ ਛਿੱਥੇ ਜਿਹੇ ਹੋਏ ਪਏ ਸਨ। ਅੱਗ ਹੇਠਲੇ ਡੌਂਗੇ ਨੇ ਬੰਨ੍ਹੀ ਹੋਈ ਸੀ ਨਾ ਕਿ ਕਿਸੇ ਗ਼ੈਬੀ ਸ਼ਕਤੀ ਨੇ।

ਸ਼ਾਹ ਕਾਲਾ ਹੋਇਆ ਉਹ ਡੌਂਗਾ ਕਈ ਵਾਰੀ ਜ਼ੋਰ ਲਾ ਕੇ ਮਾਂਜਣ ਦੇ ਬਾਵਜੂਦ ਸਾਫ਼ ਨਹੀਂ ਹੋਇਆ। ਇਸ ਅੱਗ ਬੰਨ੍ਹਣ ਵਾਲੇ ਡੌਂਗੇ ਨੂੰ ਆਖ਼ਰਕਾਰ ਬਾਹਰ ਹੀ ਸੁੱਟਣਾ ਪਿਆ।
ਸੰਪਰਕ: 94172-07477

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All