DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਦੋਂ ਪੈਨਸ਼ਨ ਕੇਸ ਨਾਲ ਹਾਜ਼ਰੀ ਰਜਿਸਟਰ ਭੇਜਿਆ

ਸਰਕਾਰੀ ਨੌਕਰੀ ਲੱਗਣ ਵਾਲੇ ਵਿਅਕਤੀ ਦੀ ਸੇਵਾਮੁਕਤੀ ਦੀ ਤਰੀਕ ਉਸ ਦੇ ਨੌਕਰੀ ’ਤੇ ਹਾਜ਼ਰ ਹੋਣ ਦੇ ਦਿਨ ਤੋਂ ਹੀ ਤੈਅ ਹੋ ਜਾਂਦੀ ਹੈ। ਹਰੇਕ ਕਰਮਚਾਰੀ ਦੀ ਤਮੰਨਾ ਹੁੰਦੀ ਹੈ ਕਿ ਉਹ ਸਿਹਤਮੰਦ ਅਤੇ ਬੇਦਾਗ਼ ਰਹਿੰਦਿਆਂ ਸੇਵਾਮੁਕਤ ਹੋਵੇ। ਕੁਝ ਕਰਮਚਾਰੀ ਸੇਵਾਮੁਕਤੀ...

  • fb
  • twitter
  • whatsapp
  • whatsapp
Advertisement

ਸਰਕਾਰੀ ਨੌਕਰੀ ਲੱਗਣ ਵਾਲੇ ਵਿਅਕਤੀ ਦੀ ਸੇਵਾਮੁਕਤੀ ਦੀ ਤਰੀਕ ਉਸ ਦੇ ਨੌਕਰੀ ’ਤੇ ਹਾਜ਼ਰ ਹੋਣ ਦੇ ਦਿਨ ਤੋਂ ਹੀ ਤੈਅ ਹੋ ਜਾਂਦੀ ਹੈ। ਹਰੇਕ ਕਰਮਚਾਰੀ ਦੀ ਤਮੰਨਾ ਹੁੰਦੀ ਹੈ ਕਿ ਉਹ ਸਿਹਤਮੰਦ ਅਤੇ ਬੇਦਾਗ਼ ਰਹਿੰਦਿਆਂ ਸੇਵਾਮੁਕਤ ਹੋਵੇ। ਕੁਝ ਕਰਮਚਾਰੀ ਸੇਵਾਮੁਕਤੀ ਤੋਂ ਇੱਕ-ਦੋ ਸਾਲ ਪਹਿਲਾਂ ਹੀ ਆਪਣੇ ਨੌਕਰੀ ਤੋਂ ਬਾਅਦ ਵਾਲੇ ਰੁਝੇਵਿਆਂ ਦੀ ਯੋਜਨਾ ਬਣਾਉਣ ਲੱਗ ਜਾਂਦੇ ਹਨ ਜਦੋਂਕਿ ਕੁਝ ਕਰਮਚਾਰੀ ਸੇਵਾਮੁਕਤੀ ਨੇੜੇ ਆਉਣ ’ਤੇ ਇਹ ਸੋਚ ਕੇ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ ਕਿ ਨੌਕਰੀ ਤੋਂ ਬਾਅਦ ਕੀ ਕਰਾਂਗੇ?

ਇਹ ਗੱਲ ਸਾਲ 2000 ਦੀ ਹੈ। ਮੈਂ ਸਰਕਾਰੀ ਮਿਡਲ ਸਕੂਲ, ਚੀਮਾ (ਖੰਨਾ) ’ਚ ਬਤੌਰ ਪੰਜਾਬੀ ਅਧਿਆਪਕ ਤਾਇਨਾਤ ਸਾਂ। ਸਕੂਲ ਦੇ ਸਾਰੇ ਅਧਿਆਪਕ ਮੇਰੇ ਤੋਂ ਉਮਰ ਤੇ ਸਰਵਿਸ ਦੇ ਲਿਹਾਜ਼ ਨਾਲ ਸੀਨੀਅਰ ਸਨ। ਸਕੂਲ ਇੰਚਾਰਜ ਨੇਕ ਸਿੰਘ ਹੋਰੀਂ ਬਹੁਤ ਮਿਲਣਸਾਰ, ਮਿਹਨਤੀ, ਮਦਦਗਾਰ ਤੇ ਸਮੇਂ ਦੇ ਪਾਬੰਦ ਸਨ। ਉਨ੍ਹਾਂ ਨੇ 31 ਜਨਵਰੀ 2000 ਨੂੰ ਸੇਵਾਮੁਕਤ ਹੋਣਾ ਸੀ। ਜਿਉਂ-ਜਿਉਂ ਉਨ੍ਹਾਂ ਦੀ ਸੇਵਾਮੁਕਤੀ ਦਾ ਸਮਾਂ ਨੇੜੇ ਆ ਰਿਹਾ ਸੀ ਉਹ ਚੁੱਪ ਰਹਿਣ ਲੱਗ ਪਏ। ਸੇਵਾਮੁਕਤੀ ਬਾਰੇ ਉਹ ਹਮੇਸ਼ਾ ਇਹੀ ਕਹਿੰਦੇ ਸਨ ਕਿ ਨੌਕਰੀ ਤੋਂ ਬਾਅਦ ਬਿਲਕੁਲ ਵਿਹਲੇ ਹੋ ਜਾਣਾ ਹੈ, ਕਰਨ ਲਈ ਕੋਈ ਕੰਮ ਨਹੀਂ ਹੋਵੇਗਾ। ਸੇਵਾਮੁਕਤੀ ਤੋਂ ਪੰਜ-ਛੇ ਮਹੀਨੇ ਪਹਿਲਾਂ ਹੀ ਉਹ ਆਪਣੀ ਸੇਵਾਮੁਕਤੀ ਨਾਲ ਸਬੰਧਿਤ ਰਿਕਾਰਡ ਇਕੱਠਾ ਕਰਨ ਲੱਗ ਪਏ। ਉਦੋਂ ਅੱਜ ਵਾਂਗ ਕਰਮਚਾਰੀ ਦਾ ਪੈਨਸ਼ਨ ਕੇਸ ਏ ਜੀ ਦਫ਼ਤਰ ਨੂੰ ਔਨਲਾਈਨ ਨਹੀਂ ਸੀ ਭੇਜਿਆ ਜਾਂਦਾ ਸਗੋਂ ਪੈਨਸ਼ਨ ਕੇਸ ਤਿਆਰ ਕਰਕੇ ਸਬੰਧਿਤ ਅਧਿਆਪਕ ਦੀ ਸੇਵਾਪੱਤਰੀ ਸਮੇਤ ਰਜਿਸਟਰਡ ਡਾਕ ਰਾਹੀਂ ਸੇਵਾਮੁਕਤੀ ਤੋਂ ਚਾਰ-ਪੰਜ ਮਹੀਨੇ ਪਹਿਲਾਂ ਹੀ ਭੇਜ ਦਿੱਤਾ ਜਾਂਦਾ ਸੀ। ਏ ਜੀ ਪੰਜਾਬ ਵੱਲੋਂ ਵੀ ਅਧਿਆਪਕ ਦਾ ਪਾਸ ਹੋਇਆ ਜਾਂ ਇਤਰਾਜ਼ ਲੱਗਿਆ ਪੈਨਸ਼ਨ ਕੇਸ ਸਮੇਤ ਸੇਵਾਪੱਤਰੀ ਵਾਪਸ ਰਜਿਸਟਰਡ ਡਾਕ ਰਾਹੀਂ ਹੀ ਭੇਜਿਆ ਜਾਂਦਾ ਸੀ। ਨੇਕ ਸਿੰਘ ਨੇ ਆਪਣਾ ਪੈਨਸ਼ਨ ਕੇਸ ਕਲਰਕ ਮੇਜਰ ਸਿੰਘ ਮਾਣਕ ਮਾਜਰਾ ਤੋਂ ਤਿਆਰ ਕਰਵਾਇਆ ਸੀ। ਮੇਜਰ ਸਿੰਘ ਬਹੁਤ ਮਾਹਿਰ ਕਲਰਕ ਸੀ। ਖੰਨਾ ਇਲਾਕੇ ਦੇ ਸੇਵਾਮੁਕਤ ਹੋਣ ਵਾਲੇ ਬਹੁ-ਗਿਣਤੀ ਅਧਿਆਪਕ ਆਪਣਾ ਪੈਨਸ਼ਨ ਕੇਸ ਉਸੇ ਤੋਂ ਹੀ ਤਿਆਰ ਕਰਵਾਉਂਦੇ ਸਨ ਕਿਉਂਕਿ ਉਸ ਦੇ ਤਿਆਰ ਕੀਤੇ ਕੇਸ ’ਤੇ ਇਤਰਾਜ਼ ਲੱਗਣ ਦੀ ਸੰਭਾਵਨਾ ਜ਼ੀਰੋ ਫ਼ੀਸਦ ਹੁੰਦੀ ਸੀ। ਨੇਕ ਸਿੰਘ ਨੇ ਆਪਣਾ ਪੈਨਸ਼ਨ ਕੇਸ ਸਮੇਤ ਸੇਵਾਪੱਤਰੀ ਭਾਗ-1 ਤੇ ਭਾਗ-2 ਇੱਕ ਐਡਰੈੱਸ ਲਿਖੇ ਵੱਡੇ ਲਿਫ਼ਾਫ਼ੇ ਸਮੇਤ ਗੂੰਦ ਲਾ ਕੇ ਬੰਦ ਕਰਨ ਲਈ ਸਕੂਲ ਦੇ ਸਫ਼ਾਈ ਸੇਵਕ ਨੂੰ ਫੜਾ ਦਿੱਤਾ। ਸਫ਼ਾਈ ਸੇਵਕ ਨੇ ਜਿਸ ਮੇਜ਼ ’ਤੇ ਗੂੰਦ ਲਾਉਣ ਲਈ ਪੈਨਸ਼ਨ ਕੇਸ ਦੇ ਦਸਤਾਵੇਜ਼ ਰੱਖੇ ਸਨ ਉਸ ਮੇਜ਼ ’ਤੇ ਪਹਿਲਾਂ ਹੀ ਸੱਤਵੀਂ ਜਮਾਤ ਦਾ ਹਾਜ਼ਰੀ ਰਜਿਸਟਰ ਪਿਆ ਸੀ। ਰੱਬ ਜਾਣੇ ਇਹ ਭਾਣਾ ਕਿਵੇਂ ਵਾਪਰਿਆ, ਸਫ਼ਾਈ ਸੇਵਕ ਨੇ ਭੁਲੇਖੇ ਨਾਲ ਪੈਨਸ਼ਨ ਕੇਸ ਵਾਲੇ ਐਡਰੈੱਸ ਲਿਖੇ ਲਿਫ਼ਾਫ਼ੇ ਵਿੱਚ ਸੱਤਵੀਂ ਜਮਾਤ ਦਾ ਹਾਜ਼ਰੀ ਰਜਿਸਟਰ ਵੀ ਪਾ ਦਿੱਤਾ ਤੇ ਲਿਫ਼ਾਫ਼ਾ ਗੂੰਦ ਲਾ ਕੇ ਬੰਦ ਕਰ ਦਿੱਤਾ।

Advertisement

ਸਫ਼ਾਈ ਸੇਵਕ ਤੋਂ ਪੈਨਸ਼ਨ ਕੇਸ ਵਾਲਾ ਲਿਫ਼ਾਫ਼ਾ ਲੈ ਕੇ ਨੇਕ ਸਿੰਘ ਨੇ ਨੇੜਲੇ ਡਾਕਘਰ ਤੋਂ ਏ ਜੀ ਦਫ਼ਤਰ ਨੂੰ ਰਜਿਸਟਰੀ ਕਰਵਾ ਦਿੱਤੀ। ਅਗਲੇ ਦਿਨ ਨੇਕ ਸਿੰਘ ਨੇ ਹੱਸਦਿਆਂ ਦੱਸਿਆ, ‘‘ਪੈਨਸ਼ਨ ਕੇਸ ਦੀ ਰਜਿਸਟਰੀ ਕਰਵਾਉਣ ’ਤੇ ਦੋ ਸੌ ਰੁਪਏ ਲੱਗ ਗਏ।’’ ਕਈ ਅਧਿਆਪਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ‘‘ਇੰਨੇ ਪੈਸੇ ਕਿਵੇਂ ਲੱਗ ਗਏ?” ਦੋ-ਤਿੰਨ ਦਿਨ ਬਾਅਦ ਸਾਇੰਸ ਅਧਿਆਪਕ ਗੁਰਮੀਤ ਸਿੰਘ, ਜੋ ਸੱਤਵੀਂ ਜਮਾਤ ਦੇ ਇੰਚਾਰਜ ਸਨ, ਨੇ ਅੱਧੀ ਛੁੱਟੀ ਵੇਲੇ ਇਕੱਠੇ ਬੈਠੇ ਅਧਿਆਪਕਾਂ ਨੂੰ ਪੁੱਛਿਆ, ‘‘ਸੱਤਵੀਂ ਜਮਾਤ ਦਾ ਹਾਜ਼ਰੀ ਰਜਿਸਟਰ ਨ੍ਹੀਂ ਲੱਭ ਰਿਹਾ। ਜੇ ਕਿਸੇ ਅਧਿਆਪਕ ਨੇ ਦੇਖਿਐ ਤਾਂ ਦੱਸ ਦੇਵੇ।’’ ਸਾਰੇ ਅਧਿਆਪਕਾਂ ਨੇ ਰਜਿਸਟਰ ਬਾਰੇ ਅਣਜਾਣਤਾ ਪ੍ਰਗਟਾਈ। ਕਈ ਦਿਨ ਗੁਰਮੀਤ ਸਿੰਘ ਇਸੇ ਦੁਬਿਧਾ ਵਿੱਚ ਰਿਹਾ ਕਿ ਹੁਣ ਕੀ ਕੀਤਾ ਜਾਵੇ? ਇੱਕ-ਦੋ ਅਧਿਆਪਕਾਂ ਨੇ ਗੁਰਮੀਤ ਸਿੰਘ ਨੂੰ ਇਹ ਵੀ ਕਿਹਾ ਕਿ ਸ਼ਾਇਦ ਕਿਸੇ ਨੇ ਮਜ਼ਾਕ ’ਚ ਰਜਿਸਟਰ ਲੁਕੋ ਦਿੱਤਾ ਹੋਵੇ, ਪਰ ਉਸ ਨੇ ਮਜ਼ਾਕ ਵਾਲੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਸਮਾਂ ਲੰਘਦਾ ਗਿਆ। ਲਗਪਗ ਇੱਕ ਮਹੀਨੇ ਬਾਅਦ ਮੈਂ ਡਾਕ ਫੜਾਉਣ ਜ਼ਿਲ੍ਹਾ ਸਿੱਖਿਆ ਦਫ਼ਤਰ (ਸ), ਲੁਧਿਆਣਾ ਗਿਆ ਤਾਂ ਅਮਲਾ ਸ਼ਾਖਾ ਦੇ ਸੁਪਰਡੈਂਟ ਨੇ ਡਾਕ ਮਾਰਕ ਕਰਦਿਆਂ ਦੱਸਿਆ, ‘‘ਤੁਹਾਡੇ ਸਕੂਲ ਦਾ ਵਿਦਿਆਰਥੀ ਹਾਜ਼ਰੀ ਰਜਿਸਟਰ ਡਿਸਪੈਚ ਬਰਾਂਚ ਵਿੱਚ ਹੈ, ਉੱਥੋਂ ਲੈ ਲੈਣਾ।’’ ਮੇਰੇ ਪੁੱਛਣ ’ਤੇ ਕਿ ਇਹ ਰਜਿਸਟਰ ਇੱਥੇ ਕਿਵੇਂ ਪਹੁੰਚਿਆ, ਦੇ ਜਵਾਬ ਵਿੱਚ ਸੁਪਰਡੈਂਟ ਨੇ ਹੱਸਦਿਆਂ ਕਿਹਾ, ‘‘ਇਹ ਰਜਿਸਟਰ ਏ ਜੀ ਦਫ਼ਤਰ ਤੋਂ ਕਲਰਕ ਫੜ ਕੇ ਲਿਆਇਐ।’’ ਕਲਰਕ ਸਮੇਤ ਅਮਲਾ ਸ਼ਾਖਾ ਦੇ ਸਾਰੇ ਮੁਲਾਜ਼ਮ ਰਜਿਸਟਰ ਵਾਲੀ ਗੱਲ ਸੁਣ ਕੇ ਮੈਨੂੰ ਮਜ਼ਾਕ ਕਰਦਿਆਂ ਕਹਿਣ ਲੱਗੇ, ‘‘ਮਾਸਟਰ ਜੀ, ਤੁਸੀਂ ਤਾਂ ਕਮਾਲ ਈ ਕਰ ਦਿੱਤੀ, ਪੈਨਸ਼ਨ ਕੇਸ ਨਾਲ ਹਾਜ਼ਰੀ ਰਜਿਸਟਰ ਵੀ ਭੇਜ ਦਿੱਤਾ।’’ ਖ਼ੈਰ, ਮੈਂ ਡਿਸਪੈਚ ਬਰਾਂਚ ’ਚੋਂ ਹਾਜ਼ਰੀ ਰਜਿਸਟਰ ਲੈ ਕੇ ਸਕੂਲ ਪਹੁੰਚ ਗਿਆ। ਜਦੋਂ ਮੈਂ ਹਾਜ਼ਰੀ ਰਜਿਸਟਰ ਵਾਲੀ ਕਹਾਣੀ ਸੁਣਾਈ ਤਾਂ ਸਾਰੇ ਅਧਿਆਪਕ ਹੱਸ-ਹੱਸ ਕੇ ਦੂਹਰੇ ਹੋ ਗਏ। ਉਹ ਤਾਂ ਹੱਸ ਪਏ, ਪਰ ਮੈਨੂੰ ਜਾਪਿਆ ਕਿ ਗੁਰਮੀਤ ਸਿੰਘ ਨੂੰ ਤਾਂ ਹੁਣ ਸੁਖ ਦਾ ਸਾਹ ਆਇਆ ਹੋਣੈ।

Advertisement

ਸੰਪਰਕ: 98729-18089

Advertisement
×