ਗੱਲ ਪੰਜ ਛੇ ਸਾਲ ਪੁਰਾਣੀ ਹੈ। ਸਰਕਾਰ ਵੱਲੋਂ ਨਸ਼ਾ ਵਿਰੋਧੀ ਦਿਵਸ ਸਰਕਾਰੀ ਤੌਰ ’ਤੇ ਮਨਾਉਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ। ਹਦਾਇਤਾਂ ਵਿਚ ਇਹ ਵੀ ਸ਼ਾਮਲ ਸੀ ਕਿ ਇਸ ਦਿਵਸ ’ਤੇ ਕੀਤੇ ਜਾਣ ਵਾਲੇ ਮੁੱਖ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਦੇ ਇਲਾਵਾ ਹਲਕੇ ਦੇ ਵਿਧਾਇਕ ਜਾਂ ਫਿਰ ਹਲਕਾ ਇੰਚਾਰਜ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਵੇ।
ਜ਼ਿਲ੍ਹਾ ਹੈੱਡ ਕੁਆਰਟਰ ’ਤੇ ਫ਼ਰੀਦਕੋਟ ਦੇ ਮੁੱਖ ਦੋ ਸਕੂਲ ਹਨ। ਇਨ੍ਹਾਂ ਦੋਨਾਂ ਸਕੂਲਾਂ ਵਿਚੋਂ ਮੁੱਖ ਪ੍ਰੋਗਰਾਮ ਕਰਨ ਦਾ ਠੁਣਾ ਮੇਰੇ ਸਕੂਲ ਸਿਰ ਭੱਜਿਆ। ਕਿਉਂਕਿ ਮੇਰਾ ਸਕੂਲ ਕੁੜੀਆਂ ਦਾ ਸਕੂਲ ਸੀ ਅਤੇ ਕੁੜੀਆਂ ਵਿਚ ਨਸ਼ਿਆਂ ਦੀ ਬਿਮਾਰੀ ਮੁੰਡਿਆਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੋਣ ਕਰਕੇ ਮੇਰਾ ਇਹ ਖ਼ਿਆਲ ਸੀ ਕਿ ਇਹ ਪ੍ਰੋਗਰਾਮ ਮੁੰਡਿਆਂ ਦੇ ਸਕੂਲ ਵਿਚ ਕੀਤਾ ਜਾਣਾ ਚਾਹੀਦਾ ਹੈ। ਪਰ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਮੇਰੇ ਸਕੂਲ ਦੀ ਹੀ ਚੋਣ ਕੀਤੀ ਹੋਣ ਕਰਕੇ ਇਹ ਸਮਾਗਮ ਇਸੇ ਹੀ ਸਕੂਲ ਵਿਚ ਕੀਤਾ ਜਾਣਾ ਸੀ। ਆਪਣੇ ਦੁਬਿਧਾ ਭਰੇ ਮਨ ਨਾਲ ਮੈਂ ਪ੍ਰੋਗਰਾਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਦੁਬਿਧਾ ਦਾ ਕਾਰਨ ਇਹ ਕਿ ਪ੍ਰੋਗਰਾਮ ਦਾ ਸਮੁੱਚਾ ਕਾਰਜ-ਕਰਮ ਹੀ ਮੈਨੂੰ ਗਲਤ ਲੱਗਦਾ ਸੀ। ਸਕੂਲ ਦੇ ਪੀਟੀਏ ਪ੍ਰਧਾਨ ਨੇ ਮੈਨੂੰ ਸੁਝਾਅ ਦਿੱਤਾ ਕਿ ਇਸ ਸਮੇਂ ਮੈਂਬਰ ਪਾਰਲੀਮੈਂਟ ਨੂੰ ਵੀ ਬੁਲਾ ਲਿਆ ਜਾਵੇ। ਮੈਂਬਰ ਪਾਰਲੀਮੈਂਟ ਤੋਂ ਇਕ ਕਮਰਾ ਬਣਾਉਣ ਦੀ ਗ੍ਰਾਂਟ ਲੈ ਲਵਾਂਗੇ। ਭਾਵੇਂ ਹੁਣ ਕਮਰਾ ਬਣਾਏ ਜਾਣ ਵਾਲਾ ਮੇਰਾ ਲਾਲਚ ਵੀ ਸ਼ਾਮਲ ਹੋ ਗਿਆ ਸੀ ਫਿਰ ਵੀ ਮੈਂ ਆਪਣੇ ਵਿਦਿਆਰਥੀਆਂ (ਵਿਦਿਆਰਥਣਾਂ) ਤੋਂ ਡਰ ਰਿਹਾ ਸਾਂ। ਆਪਣੇ ਵਿਦਿਆਰਥੀਆਂ ਵਿਚ ਮੈਂ ਇਹ ਹੌਸਲਾ ਭਰਨ ਵਿਚ ਸਫ਼ਲ ਹੋ ਚੁੱਕਿਆ ਸਾਂ ਕਿ ਉਹ ਮੇਰੇ ਜਾਂ ਫਿਰ ਕਿਸੇ ਵੀ ਅਧਿਆਪਕ ਦੀ ਕੀਤੀ ਹੋਈ ਗਲਤੀ ਸਬੰਧੀ ਮੈਨੂੰ/ਅਧਿਆਪਕ ਨੂੰ ਸੁਆਲ ਪੁੱਛ ਸਕਦੇ ਸਨ। ਖੈਰ, ਗੱਲ ਨੂੰ ਗੋਲ ਮੋਲ ਕਰਦੇ ਹੋਏ ਇਸ ਸਬੰਧੀ ਦੋ ਕੁ ਭਾਸ਼ਣ ਮੈਂ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਦੇ ਕੇ ਆਪਣੇ ਵੱਲੋਂ ਵਿਦਿਆਰਥੀਆਂ ਦੇ ਮਨਾਂ ਵਿਚ ਕੁੱਝ ਠੀਕ/ਗਲਤ ਭਰਨ ਦਾ ਭਰਮ ਪਾਲਿਆ। ਪਰ ਫਿਰ ਵੀ ਮੇਰੇ ਚਿਹਰੇ ’ਤੇ ਉਹ ਖੁਸ਼ੀ ਅਤੇ ਉਤਸ਼ਾਹ ਨਹੀਂ ਸੀ ਜਿਹੜੀ ਖੁਸ਼ੀ ਅਤੇ ਉਤਸ਼ਾਹ ਸਕੂਲ ਵਿਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਸਮੇਂ ਹੋਇਆ ਕਰਦੇ ਸਨ। ਹਰ ਪ੍ਰੋਗਰਾਮ ਭਾਵੇਂ ਅਧਿਆਪਕਾਂ ਦੁਆਰਾ ਹੀ ਤਿਆਰ ਕਰਵਾਇਆ ਜਾਂਦਾ ਸੀ ਪਰ ਫਿਰ ਵੀ ਇਸ ਵਿਚ ਸਿੱਧੇ ਅਥਵਾ ਅਸਿੱਧੇ ਰੂਪ ਵਿਚ ਮੈਂ ਸ਼ਾਮਲ ਹੋਇਆ ਕਰਦਾ ਸਾਂ।
ਪ੍ਰੋਗਰਾਮ ਸਕੂਲ ਦੀ ਪ੍ਰਾਰਥਨਾ ਸਭਾ ਸਮੇਂ ਹੀ ਕੀਤਾ ਜਾਣਾ ਸੀ। ਅਸੀਂ ਸਕੂਲ ਦੀ ਪ੍ਰਾਰਥਨਾ ਸਭਾ ਨੂੰ ਆਪਣੇ ਵੱਲੋਂ ਵਧਾਉਣ/ ਲਮਕਾਉਣ ਦੀ ਕੋਸ਼ਿਸ਼ ਕੀਤੀ। ਜ਼ਿਲ੍ਹੇ ਦੇ ਅਧਿਕਾਰੀ ਅਤੇ ਸਿਆਸੀ ਨੇਤਾ ਵਾਹਵਾ ਲੇਟ ਆਏ। ਪ੍ਰੋਗਰਾਮ ਕੀਤਾ ਗਿਆ ਤਾਂ ਪ੍ਰੋਗਰਾਮ ਵਿਚ ਅਧਿਕਾਰੀਆਂ ਅਤੇ ਛੋਟੇ ਨੇਤਾਵਾਂ ਦੁਆਰਾ ਨਸ਼ਿਆਂ ਦੀ ਬੁਰਾਈ ਨੂੰ ਵਿਦਿਆਰਥੀਆਂ ਸਾਹਮਣੇ ਰੱਖਣ ਬਾਅਦ ਮੁੱਖ ਮਹਿਮਾਨ ਨੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਆਪਣੇ ਵੱਲੋਂ ਦੱਸਣ ਦਾ ਅਸਫਲ ਯਤਨ ਕੀਤਾ। ਵਿਦਿਆਰਥੀ ਵਿਚੇ-ਵਿਚ ਹੱਸ ਰਹੇ ਸਨ। ਅਸਲ ਵਿਚ ਮੁੱਖ ਮਹਿਮਾਨ ਸ਼ਰਾਬ ਦਾ ਬਹੁਤ ਹੀ ਵੱਡਾ ਕਾਰੋਬਾਰੀ ਸੀ/ਹੈ। ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਸੀ। ਵਿਦਿਆਰਥੀਆਂ ਨੂੰ ਹੱਸਦੇ ਹੋਏ ਵੇਖ ਕੇ ਮੈਂ ਹੋਰ ਵੀ ਉਚਾਟ ਹੋ ਗਿਆ ਸਾਂ। ਮੈਨੂੰ ਵਿਦਿਆਰਥੀਆਂ ਦੁਆਰਾ ਪੁੱਛੇ ਜਾਣ ਵਾਲੇ ਸੁਆਲਾਂ ਦਾ ਧੁੜਕੂ ਸਤਾ ਰਿਹਾ ਸੀ। ਕਦੇ ਕੋਈ ਅਤੇ ਕਦੇ ਕੋਈ ਜਵਾਬ ਢੂੰਡ ਕੇ ਮੈਂ ਮਨ ਹੀ ਮਨ ਵਿਚ ਇਨ੍ਹਾਂ ਸੁਆਲਾਂ ਦੇ ਜਵਾਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਮੁੱਖ ਮਹਿਮਾਨ ਨੇ ਜਦੋਂ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਵਿਦਿਆਰਥੀਆਂ ਨੇ ਏਨੀ ਜ਼ੋਰ ਦੀ ਤਾੜੀਆਂ ਵਜਾਈਆਂ ਜਿਵੇਂ ਉਹ ਦੱਸਣ ਵਿਚ ਸਫਲਤਾ ਹਾਸਲ ਕਰ ਰਹੇ ਹੋਣ ਕਿ ਇਸ ਤਰ੍ਹਾਂ ਦੇ ਸਰਕਾਰੀ ਪ੍ਰੋਗਰਾਮਾਂ ਵਿਚ ਕਿੰਨੇ ਵੱਡੇ ਫ਼ਰਾਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰੋਗਰਾਮ ਸਮਾਪਤ ਹੋਇਆ ਅਤੇ ਮੈਂ ਵੀ ਮਹਿਮਾਨਾਂ ਦੀ ਟੋਲੀ ਵਿਚ ਰਲ਼ ਕੇ ਵਿਦਿਆਰਥੀਆਂ ਦੇ ਸੁਆਲਾਂ ਤੋਂ ਬਚਣ ਦਾ ਅਸਫਲ ਉਪਰਾਲਾ ਕਰਦਾ ਹੋਇਆ ਚੱਲ ਪਿਆ। ਪਰ ਇਸ ਸੁਆਲ ਦਾ ਜਵਾਬ ਮੈਂ ਅੱਜ ਤੱਕ ਵੀ ਨਹੀਂ ਲੱਭ ਸਕਿਆ ਕਿ ਆਖਰਕਾਰ ਸਰਕਾਰੀ ਪ੍ਰੋਗਰਾਮ ਡੰਗ ਟਪਾਈ ਵਜੋਂ ਕਿਉਂ ਕੀਤੇ ਜਾਂਦੇ ਹਨ? ਮੇਰਾ ਇਹ ਮੰਨਣਾ ਹੈ ਕਿ ਜਿੰਨਾ ਚਿਰ ਸਰੀਰ ਅਤੇ ਰੂਹ ਦੇ ਮਿਲਾਣ ਹੋਣ ਵਾਂਗ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਵਿਸ਼ੇ ਵਿਚ ਇਕਮਿਕਤਾ ਨਹੀਂ ਹੁੰਦੀ ਇਸ ਦਾ ਹਾਂਪੱਖੀ ਪ੍ਰਭਾਵ ਕਿਵੇਂ ਪੈ ਸਕਦਾ ਹੈ? ਹਾਕਮ ਧਿਰਾਂ ਹਰ ਕੰਮ ਵਿਚੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਿਉਂ ਕਰਦੀਆਂ ਹਨ? ਸਾਡੀਆਂ ਬਹੁਤੀਆਂ ਨੀਤੀਆਂ ਸਰਕਾਰ ਦੀਆਂ ਬਦਨੀਤੀਆਂ ਕਾਰਨ ਹੀ ਫੇਲ੍ਹ ਹੁੰਦੀਆਂ ਹਨ। ਹਰ ਇਕ ਥਾਂ ’ਤੇ ਸਿਆਸੀ ਲਾਹਾ ਲੈਣ ਕਾਰਨ ਸਰਕਾਰਾਂ ਕਿਸੇ ਵੀ ਪ੍ਰੋਗਰਾਮ ਦੀ ਰੂਹ ਤੱਕ ਪਹੁੰਚ ਹੀ ਨਹੀਂ ਸਕਦੀਆਂ। ਚਾਹੀਦਾ ਤਾਂ ਇਹ ਹੈ ਕਿ ਉਦਘਾਟਨ, ਨੁਮਾਇਸ਼ਾਂ ਜਾਂ ਹੋਰ ਸਰਕਾਰੀ ਪ੍ਰੋਗਰਾਮਾਂ ਨੂੰ ਸਿਆਸੀ ਲਾਹਿਆਂ ਦੀ ਲੋਚਾ ਤੋਂ ਦੂਰ ਰੱਖਿਆ ਜਾਵੇ। ਪਰ ਅਫ਼ਸੋਸ ਦੀ ਗੱਲ ਹੈ ਕਿ ਇੱਥੇ ਤਾਂ ਸਧਾਰਨ ਸਰਕਾਰੀ ਕੰਮਾਂ ਨੂੰ ਵੀ ਸਿਆਸੀ ਨੇਤਾਵਾਂ ਦੇ ਹੱਥ ਲੁਆ ਕੇ ਅੱਗੇ ਤੋਰਨ ਦੀ ਰਵਾਇਤ ਪ੍ਰਚੱਲਤ ਹੈ। ਹਾਕਮ ਸਿਆਸੀ ਧਿਰਾਂ ਬਦਲ ਜਾਂਦੀਆਂ ਹਨ ਪਰ ਮੋਹਰਿਆਂ ਦੀ ਚਾਲ ਉਵੇਂ ਹੀ ਹੁੰਦੀ ਹੈ।
*6-ਆਰ. ਡੋਗਰ ਬਸਤੀ ਫ਼ਰੀਦਕੋਟ
ਸੰਪਰਕ: 95010-20731