DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਸਾਡਾ ਪੋਲਿੰਗ ਬੂਥ ਕੈਪਚਰ ਹੋਇਆ

ਪੰਜਾਬ ਵਿੱਚ ਬੀਤੇ ਦਿਨੀਂ ਸਥਾਨਕ ਚੋਣਾਂ ਹੋਈਆਂ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਥਾਵਾਂ ’ਤੇ ਵੋਟਰਾਂ ਅਤੇ ਕਈ ਥਾਈਂ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਇੱਥੋਂ ਤੱਕ ਕਿ ਵੱਡੇ ਲੀਡਰਾਂ ਦੀ ਪੁਲੀਸ ਨਾਲ ਬਹਿਸ ਦੇਖਣ ਨੂੰ ਮਿਲੀ। ਕਿਧਰੇ ਇੱਟਾਂ-ਰੋੜੇ ਚੱਲਣ ਅਤੇ ਲਾਠੀਚਾਰਜ...

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਬੀਤੇ ਦਿਨੀਂ ਸਥਾਨਕ ਚੋਣਾਂ ਹੋਈਆਂ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਥਾਵਾਂ ’ਤੇ ਵੋਟਰਾਂ ਅਤੇ ਕਈ ਥਾਈਂ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਇੱਥੋਂ ਤੱਕ ਕਿ ਵੱਡੇ ਲੀਡਰਾਂ ਦੀ ਪੁਲੀਸ ਨਾਲ ਬਹਿਸ ਦੇਖਣ ਨੂੰ ਮਿਲੀ। ਕਿਧਰੇ ਇੱਟਾਂ-ਰੋੜੇ ਚੱਲਣ ਅਤੇ ਲਾਠੀਚਾਰਜ ਬਾਰੇ ਖ਼ਬਰਾਂ ਪੜ੍ਹੀਆਂ। ਖ਼ੈਰ, ਸਰਪੰਚੀ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਸਰਕਾਰ ਦੇ ਪ੍ਰਭਾਵ ਵਾਲੀਆਂ ਚੋਣਾਂ ਵੀ ਆਖਿਆ ਜਾਂਦਾ ਹੈ, ਪਰ ਕਿਧਰੇ ਵੀ ਕੋਈ ਸ਼ਰ੍ਹੇਆਮ ਬੂਥ ਕੈਪਚਰ ਹੋਣ ਦੀ ਘਟਨਾ ਸਾਹਮਣੇ ਨਹੀਂ ਆਈ। ਇਹ ਸਭ ਪੜ੍ਹਦਿਆਂ-ਦੇਖਦਿਆਂ ਮੈਂ ਪੰਜਾਹ ਸਾਲ ਪਿੱਛੇ ਚਲਾ ਗਿਆ ਜਦੋਂ ਮੈਂ 1973 ਵਿੱਚ ਬਿਹਾਰ ਦੇ ਮੁਜ਼ੱਫਰਪੁਰ ਸ਼ਹਿਰ ਵਿੱਚ ਡੀ ਪੀ ਐੱਡ ਦਾ ਕੋਰਸ ਕਰਨ ਗਿਆ ਸੀ। ਉੱਥੇ ਪਹਿਲੀ ਵਾਰ ਚੋਣਾਂ ਮੌਕੇ ਅਸੀਂ ਕੇਂਦਰੀ ਬਲਾਂ ਦੀ ਤਾਇਨਾਤੀ ਵੇਖੀ। ਸਾਨੂੰ ਇਹ ਵੀ ਪਤਾ ਲੱਗਾ ਕਿ ਵੋਟਾਂ ਵਿੱਚ ਇੱਥੇ ਬਹੁਤ ਧਾਂਦਲੀਆਂ ਹੁੰਦੀਆਂ ਹਨ ਅਤੇ ਬਾਹੂਬਲੀ ਆਪਣੇ ਗੁੰਡਿਆਂ ਨਾਲ ਪੋਲਿੰਗ ਬੂਥ ’ਤੇ ਕਬਜ਼ਾ ਕਰਕੇ ਵੋਟਰਾਂ ਨੂੰ ਭਜਾ ਕੇ ਖ਼ੁਦ ਹੀ ਆਪਣੇ ਚਹੇਤੇ ਉਮੀਦਵਾਰਾਂ ਦੇ ਪੱਖ ਵਿੱਚ ਮੋਹਰਾਂ ਲਗਾ ਦਿੰਦੇ ਸਨ। ਕਈ ਥਾਈਂ ਤਾਂ ਉਹ ਬੈਲੇਟ ਪੇਪਰ ਅਤੇ ਬੈਲੇਟ ਬਕਸੇ ਹੀ ਚੁੱਕ ਕੇ ਲੈ ਜਾਂਦੇ ਹਨ। ਸਾਨੂੰ ਇਹ ਸੁਣ-ਦੇਖ ਕੇ ਵੀ ਯਕੀਨ ਨਾ ਆਉਂਦਾ ਕਿਉਂਕਿ ਪੰਜਾਬ ਵਿੱਚ ਉਦੋਂ ਤੱਕ ਵੋਟਾਂ ਸ਼ਾਂਤਮਈ ਢੰਗ ਨਾਲ ਹੀ ਪੈਂਦੀਆਂ ਸਨ। ਕੋਰਸ ਕਰਨ ਉਪਰੰਤ 1976 ਵਿੱਚ ਮੈਂ ਪੰਜਾਬ ਸਿੱਖਿਆ ਵਿਭਾਗ ਵਿੱਚ ਬਤੌਰ ਡੀ.ਪੀ.ਈ. ਮਾਸਟਰ ਨੌਕਰੀ ਜੁਆਇਨ ਕਰ ਲਈ। 1978 ਮਗਰੋਂ ਸਾਡੇ ਸੂਬੇ ਨੂੰ ਅਜਿਹੀ ਨਜ਼ਰ ਲੱਗੀ ਕਿ ਘੁੱਗ ਵਸਦਾ ਪੰਜਾਬ ਡੇਢ ਦਹਾਕੇ ਤੋਂ ਵੱਧ ਸਮਾਂ ਦਹਿਸ਼ਤ ਦੇ ਪਰਛਾਵੇਂ ਹੇਠ ਰਿਹਾ। ਇਹ ਦਹਿਸ਼ਤ ਦੂਹਰੀ ਇਸ ਕਰਕੇ ਸੀ ਕਿ ਇੱਕ ਧਿਰ ਤਾਂ ਆਪਣੇ ਆਪ ਨੂੰ ਖਾੜਕੂ ਕਹਾਉਂਦੀ ਸੀ ਅਤੇ ਦੂਜੀ ਸੁਰੱਖਿਆ ਬਲ। ਦੋਵਾਂ ਧਿਰਾਂ ਦੀ ਚੱਕੀ ਵਿੱਚ ਬੇਕਸੂਰ ਲੋਕ ਪਿਸੇ। ਉਹ ਭਿਆਨਕ ਦੌਰ ਯਾਦ ਕਰਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਉਦੋਂ ਬਣਦੀ ਹਰ ਸਰਕਾਰ ਦਹਿਸ਼ਤ ਦੀ ਭੇਟ ਚੜ੍ਹ ਜਾਂਦੀ ਅਤੇ ਵਾਰ-ਵਾਰ ਗਵਰਨਰੀ ਰਾਜ (ਰਾਸ਼ਟਰਪਤੀ ਸ਼ਾਸਨ) ਲਾਗੂ ਹੋ ਜਾਂਦਾ।

ਜੂਨ 1991 ਦੀ ਗੱਲ ਹੈ। ਪੰਜਾਬ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ। ਖਾੜਕੂ ਅਖਵਾਉਂਦੀ ਧਿਰ ਨੇ ਚੋਣਾਂ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਖੇਤਰੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਕਈ ਉਮੀਦਵਾਰਾਂ ਨੂੰ ਆਪਣੀ ਜਾਨ ਗੁਆਉਣੀ ਪਈ, ਪਰ ਚੋਣ ਅਮਲ ਜਾਰੀ ਰਿਹਾ। ਜਿਸ ਦਿਨ ਪੋਲਿੰਗ ਬੂਥਾਂ ਲਈ ਤਹਿਸੀਲਾਂ ਤੋਂ ਚੋਣ ਸਮੱਗਰੀ ਚੁੱਕਣੀ ਸੀ ਤਾਂ ਉਸ ਤੋਂ ਐਨ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੋਟਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ। ਅੱਠ ਮਹੀਨਿਆਂ ਬਾਅਦ ਫਰਵਰੀ 1992 ਵਿੱਚ ਮੁੜ ਚੋਣਾਂ ਦਾ ਐਲਾਨ ਹੋ ਗਿਆ ਤਾਂ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਅਕਾਲੀ ਦਲ (ਬਾਦਲ) ਨੇ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ। ਖਾੜਕੂ ਧਿਰ ਨੇ ਨਵਾਂ ਪੈਂਤੜਾ ਅਪਣਾਉਂਦਿਆਂ ਵੋਟਰਾਂ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਦੋਂਕਿ ਚੋਣ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਤਾੜਨਾ ਕੀਤੀ। ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲਾਉਣ ਲਈ ਚੋਣਾਂ ਤੋਂ ਪਹਿਲਾਂ ਹੀ ਸਾਡੇ ਜ਼ਿਲ੍ਹੇ ਸੰਗਰੂਰ (ਹੁਣ ਬਰਨਾਲਾ ਜ਼ਿਲ੍ਹਾ) ਦੇ ਦੋ ਸਕੂਲਾਂ ਜਲੂਰ ਅਤੇ ਮਹਿਲ ਖੁਰਦ ਵਿੱਚ ਛੇ ਅਧਿਆਪਕਾਂ ਨੂੰ ਮਾਰ ਦਿੱਤਾ ਗਿਆ। ਸਾਡੇ ਜ਼ਿਲ੍ਹੇ ਵਿੱਚ ਮੁਲਾਜ਼ਮਾਂ ਨੇ ਚੋਣਾਂ ਦੇ ਬਾਈਕਾਟ ਲਈ ਧਰਨੇ ਮੁਜ਼ਾਹਰੇ ਵੀ ਕੀਤੇ, ਪਰ ਸਰਕਾਰ ਬਜ਼ਿੱਦ ਸੀ। ਸਰਕਾਰ ਨੇ ਫ਼ਰਮਾਨ ਜਾਰੀ ਕਰ ਦਿੱਤਾ ਕਿ ਡਿਊਟੀ ਨਾ ਦੇਣ ਵਾਲਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇਗਾ। ਖਾੜਕੂ ਧਿਰਾਂ ਦੀ ਪਹੁੰਚ ਪਿੰਡਾਂ ਵਿੱਚ ਹੋਣ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ ਅਧਿਆਪਕਾਂ ਨੇ ਡਿਊਟੀਆਂ ਦਾ ਬਾਈਕਾਟ ਕੀਤਾ ਜਦੋਂਕਿ ਸ਼ਹਿਰਾਂ ਵਿੱਚ ਰਹਿੰਦੇ ਮੁਲਾਜ਼ਮਾਂ ਨੇ ਡਿਊਟੀਆਂ ਦਿੱਤੀਆਂ।

Advertisement

ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ’ਤੇ ਕਰਫਿਊ ਵਾਲਾ ਮਾਹੌਲ ਸੀ। ਪਿੰਡਾਂ ਦੇ ਪੋਲਿੰਗ ਬੂਥਾਂ ’ਤੇ ਕੋਈ ਵੀ ਹਾਜ਼ਰ ਨਹੀਂ ਸੀ। ਇੱਥੋਂ ਤੱਕ ਕਿ ਪਾਣੀ ਵਾਲੇ ਹੈਂਡਪੰਪਾਂ ਦੀਆਂ ਹੱਥੀਆਂ ਵੀ ਉਤਾਰ ਦਿੱਤੀਆਂ ਗਈਆਂ ਸਨ ਜਦੋਂਕਿ ਇਸ ਤੋਂ ਪਹਿਲਾਂ ਚੋਣਾਂ ਸਮੇਂ ਬੂਥਾਂ ’ਤੇ ਮੇਲੇ ਵਰਗਾ ਮਾਹੌਲ ਹੁੰਦਾ ਸੀ। ਚੋਣ ਅਮਲੇ ਨਾਲ ਕੇਂਦਰੀ ਸੁਰੱਖਿਆ ਬਲ ਭਾਰੀ ਗਿਣਤੀ ਵਿੱਚ ਮੌਜੂਦ ਸਨ। ਮੇਰੀ ਡਿਊਟੀ ਪਿੰਡ ਜੋਧਪੁਰ ਵਿਖੇ ਸੀ, ਜਿੱਥੇ ਮੈਂ ਪਿਛਲੇ 16-17 ਸਾਲਾਂ ਤੋਂ ਚੀਮਾ-ਜੋਧਪੁਰ ਸਕੂਲ ਵਿੱਚ ਪੜ੍ਹਾ ਰਿਹਾ ਸੀ। ਖਾੜਕੂ ਧਿਰਾਂ ਤੋਂ ਡਰਦੇ ਪਿੰਡ ਵਾਸੀ ਵੀ ਸਾਡੇ ਕੋਲ ਆਉਣ ਤੋਂ ਝਿਜਕਦੇ ਸਨ। ਪਿੰਡ ਦੇ ਲੋਕ ਰਾਤ ਨੂੰ ਖਾਣਾ ਦੇ ਕੇ ਗਏ ਅਤੇ ਸਵੇਰੇ ਮੂੰਹ-ਹਨੇਰੇ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਇਕੱਠਾ ਹੀ ਦੇ ਗਏ। ਉਹ ਪਿੰਡ ਵਿੱਚ ਖਾੜਕੂ ਪੱਖੀ ਲੋਕਾਂ ਤੋਂ ਡਰਦੇ ਸਨ ਕਿ ਕਿਧਰੇ ਉਨ੍ਹਾਂ ਦੀ ਸ਼ਿਕਾਇਤ ਨਾ ਹੋ ਜਾਵੇ। ਪੋਲਿੰਗ ਸ਼ੁਰੂ ਹੁੰਦਿਆਂ ਕੋਈ ਵੀ ਵੋਟਰ ਸਕੂਲ ਨਾ ਆਇਆ। ਕਈ ਲੋਕ ਦੂਰ ਖੜ੍ਹੇ ਨਿਗਰਾਨੀ ਰੱਖ ਰਹੇ ਸਨ ਕਿ ਕੌਣ ਵੋਟ ਪਾਉਣ ਆ ਰਿਹਾ ਹੈ।

Advertisement

ਦੁਪਹਿਰ ਦੋ ਵਜੇ ਅਚਾਨਕ ਹੀ ਸਕੂਲ ਦੇ ਬਾਹਰ ਇੱਕ ਟਰੱਕ ਆਇਆ, ਜਿਸ ਵਿੱਚੋਂ ਇਕਦਮ ਲੋਕ ਉਤਰ ਕੇ ਸਕੂਲ ਵਿੱਚ ਆ ਵੜੇ। ਉਨ੍ਹਾਂ ਦੇ ਹੱਥਾਂ ਵਿੱਚ ਵੋਟਰ ਪਰਚੀਆਂ ਸਨ। ਸਕੂਲ ਕੋਲ ਖੜ੍ਹੇ ਨਿਗਰਾਨੀ ਕਰਦੇ ਪਿੰਡ ਵਾਸੀ ਸਕੂਲ ਦੇ ਗੇਟ ’ਤੇ ਆ ਕੇ ਰੌਲਾ ਪਾਉਣ ਲੱਗੇ ਕਿ ਟਰੱਕ ’ਚੋਂ ਉਤਰੇ ਲੋਕ ਪਿੰਡ ਦੇ ਨਹੀਂ ਹਨ। ਉਂਝ ਵੀ ਉਨ੍ਹਾਂ ਲੋਕਾਂ ਦੇ ਹੱਥ ਵੋਟਾਂ ਪਾਉਣ ਵੇਲੇ ਲਾਈ ਜਾਂਦੀ ਅਮਿੱਟ ਸਿਆਹੀ ਨਾਲ ਲਿਬੜੇ ਹੋਏ ਸਨ ਅਤੇ ਬਹੁਤੇ ਸ਼ਰਾਬ ਨਾਲ ਰੱਜੇ ਹੋਏ ਸਨ। ਅਸੀਂ ਸੁਰੱਖਿਆ ਬਲਾਂ ਨੂੰ ਕਿਹਾ ਕਿ ਇਹ ਸਭ ਜਾਅਲੀ ਵੋਟਰ ਹਨ, ਇਨ੍ਹਾਂ ਨੂੰ ਬਾਹਰ ਕੱਢੋ। ਸੀ ਆਰ ਪੀ ਐੱਫ ਦੇ ਸਕਿਓਰਿਟੀ ਇੰਚਾਰਜ ਨੇ ਹੁਕਮ ਕੀਤਾ ਕਿ ਇਨ੍ਹਾਂ ਦੀਆਂ ਵੋਟਾਂ ਪਵਾਓ ਤੇ ਜਲਦੀ ਨਿਬੇੜੋ। ਸਾਨੂੰ ਅਹਿਸਾਸ ਹੋ ਗਿਆ ਕਿ ਸਾਡਾ ਤਾਂ ਬੂਥ ਕੈਪਚਰ ਹੋ ਗਿਆ ਹੈ। ਸ਼ਾਮ ਨੂੰ ਜਦੋਂ ਅਸੀਂ ਬੈਲੇਟ ਬਕਸੇ ਜਮ੍ਹਾਂ ਕਰਵਾਉਣ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਟਰੱਕ ਵਿੱਚ ਆਏ ਲੋਕ ਨੇੜਲੇ ਪਿੰਡਾਂ ਚੀਮਾ, ਟੱਲੇਵਾਲ, ਭੋਤਨਾ, ਬਖ਼ਤਗੜ੍ਹ, ਮੱਲੀਆਂ ਅਤੇ ਪੱਖੋ ਕੇ ਵਿੱਚ ਵੀ ਜਾਅਲੀ ਵੋਟਾਂ ਪਾ ਕੇ ਆਏ ਸਨ। ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਇਆ ਸੀ ਤਾਂ ਜੋ ਪਿੰਡਾਂ ਵਿੱਚ ਵੋਟਾਂ ਦੇ ਮੁਕੰਮਲ ਬਾਈਕਾਟ ਦਾ ਸੰਦੇਸ਼ ਨਾ ਜਾਵੇ।

ਸੰਪਰਕ: +1-469-562-8290

Advertisement
×