ਜਦੋਂ ਮੈਂ ਅਕਲ ਗਹਿਣੇ ਧਰੀ...!
ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਇੱਕ ਅਰਧ-ਸਰਕਾਰੀ ਅਦਾਰੇ ਵਿੱਚ ਨੌਕਰੀ ਕਰਦਾ ਸਾਂ। ਮੈਂ ਮਿਹਨਤੀ ਸੁਭਾਅ ਦਾ ਸਾਂ। ਆਪਣੇ ਕੰਮ ਪ੍ਰਤੀ ਸੁਹਿਰਦ ਸਾਂ ਤੇ ਬਿਨਾਂ ਵਜਾਹ ਦਫਤਰ ਵਿੱਚੋਂ ਗੈਰ-ਹਾਜ਼ਰ ਨਹੀਂ ਰਹਿੰਦਾ ਸਾਂ। ਅਫਸਰਾਂ ਵੱਲੋਂ ਜਿੱਥੇ ਵੀ ਮੇਰੀ...
ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਇੱਕ ਅਰਧ-ਸਰਕਾਰੀ ਅਦਾਰੇ ਵਿੱਚ ਨੌਕਰੀ ਕਰਦਾ ਸਾਂ। ਮੈਂ ਮਿਹਨਤੀ ਸੁਭਾਅ ਦਾ ਸਾਂ। ਆਪਣੇ ਕੰਮ ਪ੍ਰਤੀ ਸੁਹਿਰਦ ਸਾਂ ਤੇ ਬਿਨਾਂ ਵਜਾਹ ਦਫਤਰ ਵਿੱਚੋਂ ਗੈਰ-ਹਾਜ਼ਰ ਨਹੀਂ ਰਹਿੰਦਾ ਸਾਂ। ਅਫਸਰਾਂ ਵੱਲੋਂ ਜਿੱਥੇ ਵੀ ਮੇਰੀ ਡਿਊਟੀ ਲਗਾਈ ਜਾਂਦੀ ਮੈਂ ਬਗੈਰ ਨਾਂਹ-ਨੁਕਰ ਕੀਤੇ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰਦਾ। ਇਹੀ ਕਾਰਨ ਸੀ ਕਿ ਅਧਿਕਾਰੀਆਂ ਵਿੱਚ ਮੇਰੀ ਚੰਗੀ ਪੁੱਛ-ਪ੍ਰਤੀਤ ਸੀ ਤੇ ਮੈਂ ਬਿਨਾਂ ਝਿਜਕ ਹਰੇਕ ਵਿਸ਼ੇ ’ਤੇ ਉਨ੍ਹਾਂ ਨਾਲ ਗੱਲਬਾਤ ਕਰ ਲਿਆ ਕਰਦਾ ਸਾਂ।
ਇੱਕ-ਵਾਰ ਦੀ ਗੱਲ ਹੈ, ਮਹਿਕਮੇ ਵੱਲੋਂ ਮੁੱਖ-ਦਫ਼ਤਰ ਵਿੱਚ ਕਰਮਚਾਰੀਆਂ ਲਈ ਦਸ-ਕੁ ਦਿਨਾਂ ਦਾ ਇੱਕ ਟਰੇਨਿੰਗ ਪ੍ਰੋਗਰਾਮ ਰੱਖਿਆ ਗਿਆ ਸੀ। ਕਿਸੇ ਕਾਰਨ ਟਰੇਨਿੰਗ ਸਬੰਧੀ ਦਫ਼ਤਰ ਵੱਲੋਂ ਭੇਜਿਆ ਗਿਆ ਪੱਤਰ ਸਾਨੂੰ ਨਾ ਮਿਲਿਆ, ਪਰ ਸਾਡੇ ਇੱਕ ਹੋਰ ਮੁਲਾਜ਼ਮ ਸਾਥੀ ਨੇ ਸਾਨੂੰ ਟਰੇਨਿੰਗ ਸਬੰਧੀ ਸੂਚਿਤ ਕਰ ਦਿੱਤਾ ਸੀ। ਮੈਂ ਟਰੇਨਿੰਗ ’ਤੇ ਜਾਣ ਲਈ ਤਿਆਰ ਸਾਂ, ਪਰ ਫਿਰ ਵੀ ਮੈਂ ਆਪਣੇ ਇੱਕ ਸਹਿ-ਕਰਮੀ ਨਾਲ ਗੱਲ ਕਰਨੀ ਜ਼ਰੂਰੀ ਸਮਝੀ। ਉਸਦੀ ਦਲੀਲ ਸੀ ਕਿ ਜਦੋਂ ਸਾਨੂੰ ਪੱਤਰ ਹੀ ਨਹੀਂ ਮਿਲਿਆ ਤਾਂ ਫਿਰ ਸਾਨੂੰ ਟਰੇਨਿੰਗ ’ਤੇ ਜਾਣ ਦੀ ਕੀ ਜ਼ਰੂਰਤ ਹੈ। ਥੋੜ੍ਹੀ ਜਿਹੀ ਝਿਜਕ ਤੋਂ ਬਾਅਦ ਮੈਂ ਵੀ ਉਸ ਨਾਲ ਸਹਿਮਤ ਹੋ ਗਿਆ ਤੇ ਅਸੀਂ ਟਰੇਨਿੰਗ ਲਈ ਨਾ ਗਏ।
ਟਰੇਨਿੰਗ ਸ਼ੁਰੂ ਹੋਈ ਤਾਂ ਮੈਨੂੰ ਪਹਿਲੇ ਦਿਨ ਹੀ ਸਾਡੇ ਇਕ ਸਾਥੀ ਕਰਮਚਾਰੀ ਦਾ ਫੋਨ ਆਇਆ, ਅਸਲ ਵਿੱਚ ਇਹ ਫੋਨ ਉਸ ਪਾਸੋਂ ਟਰੇਨਿੰਗ ਇੰਚਾਰਜ ਨੇ ਹੀ ਸਾਨੂੰ ਕਰਵਾਇਆ ਸੀ। ਜਦੋਂ ਉਸਨੇ ਸਾਡੇ ਪਾਸੋਂ ਟਰੇਨਿੰਗ ’ਤੇ ਨਾ ਆਉਣ ਸਬੰਧੀ ਪੁੱਛਿਆ ਤਾਂ ਮੈਂ ਪਹਿਲਾਂ ਤੋਂ ਹੀ ਘੜਿਆ-ਘੜਾਇਆ ਜੁਆਬ ਦੇ ਦਿੱਤਾ ਕਿ ਸਾਨੂੰ ਟਰੇਨਿੰਗ ਸਬੰਧੀ ਨਾ ਤਾਂ ਕੋਈ ਪੱਤਰ ਮਿਲਿਆ ਹੈ ਅਤੇ ਨਾ ਹੀ ਸਾਨੂੰ ਕਿਸੇ ਪਾਸੋਂ ਕੋਈ ਜਾਣਕਾਰੀ ਮਿਲੀ ਹੈ।
ਖੈਰ, ਇੱਕ ਵਾਰ ਤਾਂ ਗੱਲ ਆਈ ਗਈ ਹੋ ਗਈ। ਪਰ ਇਸ ਤੋਂ ਬਾਅਦ ਜੋ ਵਾਪਰਿਆ ਉਸ ਨੇ ਸਾਡੇ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਹੋਇਆ ਇਹ ਕਿ ਚਾਰ-ਪੰਜ ਦਿਨਾਂ ਬਾਅਦ ਸਾਰੇ ਟਰੇਨੀਜ਼ ਟਰੇਨਿੰਗ ਲੈਣ ਲਈ ਸਾਡੇ ਸ਼ਹਿਰ ਦੀ ਕਾਟਨ ਲੈਬਾਰਟਰੀ ਵਿੱਚ ਆ ਪਹੁੰਚੇ। ਸਾਡੇ ਲਈ ਇਹ ਸਥਿਤੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਬਣ ਗਈ ਸੀ। ਮੈਂ ਆਪਣੇ ਸਹਿ-ਕਰਮੀ ਨਾਲ ਆਪਣਾ ਫਿਕਰ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਹੁਣ ਟਰੇਨਿੰਗ ਆਪਣੇ ਹੀ ਸ਼ਹਿਰ ਵਿੱਚ ਹੀ ਚੱਲ ਰਹੀ ਹੈ ਤਾਂ ਹੁਣ ਆਪਣੇ ਕੋਲ ਕਿਹੜਾ ਬਹਾਨਾ ਹੈ ਟਰੇਨਿੰਗ ਵਿੱਚੋਂ ਗੈਰ-ਹਾਜ਼ਰ ਰਹਿਣ ਦਾ। ਹੁਣ ਉਹ ਵੀ ਸਥਿਤੀ ਦੀ ਗੰਭੀਰਤਾ ਨੂੰ ਸਮਝ ਗਿਆ ਸੀ। ਇਸ ਲਈ ਟਰੇਨਿੰਗ ਵਿੱਚ ਸ਼ਾਮਲ ਹੋਣ ਲਈ ਉਹ ਮੇਰੇ ਨਾਲ ਸਹਿਮਤ ਹੋ ਗਿਆ। ਅਸੀਂ ਟਰੇਨਿੰਗ ਵਿੱਚ ਸ਼ਾਮਲ ਤਾਂ ਹੋ ਗਏ, ਪਰ ਕਿਸੇ ਨੇ ਵੀ ਸਾਡੇ ਨਾਲ ਗੱਲਬਾਤ ਕਰਨ ਵਿੱਚ ਕੋਈ ਦਿਲਚਸਪੀ ਨਾ ਦਿਖਾਈ। ਇੰਜ ਜਾਪਦਾ ਸੀ ਜਿਵੇਂ ਸਾਰਿਆਂ ਨੇ ਸਾਡਾ ਬਾਈਕਾਟ ਕੀਤਾ ਹੋਵੇ।
ਦੋ-ਤਿੰਨ ਦਿਨਾਂ ਬਾਅਦ ਸਾਡਾ ਮੁੱਖ ਟਰੇਨਿੰਗ ਅਫਸਰ ਵਿਜ਼ਿਟ ਲਈ ਆ ਪਹੁੰਚਿਆ। ਉਸ ਨੇ ਟਰੇਨਿੰਗ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਜੇਕਰ ਉਨ੍ਹਾਂ ਦੇ ਕੋਈ ਸ਼ੰਕੇ ਹੋਣ ਤਾਂ ਉਹ ਉਨ੍ਹਾਂ ਨਾਲ ਸਾਂਝੇ ਕਰ ਸਕਦੇ ਹਨ। ਕਈ ਟਰੇਨੀਜ਼ ਨੇ ਆਪਣੇ ਸ਼ੰਕੇ ਨਵਿਰਤ ਕੀਤੇ। ਮੌਕਾ ਦੇਖ ਕੇ ਮੈਂ ਵੀ ਆਪਣੇ ਅਫਸਰ ਨਾਲ ਕੋਈ ਨੁਕਤਾ ਸਾਂਝਾ ਕਰਨਾ ਚਾਹਿਆ। ਉਹ ਸ਼ਾਇਦ ਇਸੇ ਪਲ ਦੀ ਉਡੀਕ ਵਿੱਚ ਸਨ। ਉਨ੍ਹਾਂ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਮੈਨੂੰ ਕਿਹਾ, “ਤੁਹਾਨੂੰ ਮੇਰੇ ਪਾਸੋਂ ਸੁਆਲ ਪੁੱਛਣ ਦਾ ਕੋਈ ਹੱਕ ਨਹੀਂ ਹੈ। ਤੁਸੀਂ ਮੇਰੀ ਕਲਾਸ ਵਿੱਚੋਂ ਗ਼ੈਰ-ਹਾਜ਼ਰ ਹੋ।” ਮੈਂ ਨਿਮਰਤਾ ਸਹਿਤ ਆਪਣਾ ਪੱਖ ਰੱਖਣਾ ਚਾਹਿਆ, ਪਰ ਉਹ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਉਨ੍ਹਾਂ ਦਾ ਇਕੋਂ ਹੀ ਜੁਆਬ ਸੀ, “ਮੁੱਖ ਦਫਤਰ ਵੱਲੋਂ ਤੁਹਾਨੂੰ ਕਾਰਨ ਦੱਸੋਂ ਨੋਟਿਸ ਆਵੇਗਾ, ਤੁਸੀਂ ਜੋ ਵੀ ਦਲੀਲ ਦੇਣੀ ਹੋਵੇ, ਨੋਟਿਸ ਦੇ ਜੁਆਬ ਵਿੱਚ ਲਿਖ ਸਕਦੇ ਹੋ।”
ਮੇਰੇ ਲਈ ਬੜੀ ਮੁਸ਼ਕਿਲ ਸਥਿਤੀ ਬਣ ਗਈ ਸੀ। ਪਰ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਦੇ ਅਖਾਣ ਮੁਤਾਬਕ ਮੈਂ ਆਪਣੀ ਇਸ ਹਾਲਤ ਲਈ ਖ਼ੁਦ ਹੀ ਜ਼ਿੰਮੇਵਾਰ ਸਾਂ। ਬਿਨਾਂ ਆਪਣੇ ਦਿਮਾਗ ਤੋਂ ਕੰਮ ਲਿਆਂ ਕਿਸੇ ਹੋਰ ਦੇ ਮਗਰ ਲੱਗ ਤੁਰਨ ਕਾਰਨ ਅੱਜ ਮੈਂ ਆਪਣੇ ਉਸ ਅਧਿਕਾਰੀਆਂ ਦੀਆਂ ਨਜ਼ਰਾਂ ਵਿੱਚ ਕੱਖੋਂ ਹੌਲਾ ਹੋ ਗਿਆ ਸਾਂ। ਜੋ ਮੇਰੀ ਗੱਲ ਹਮੇਸ਼ਾ ਸੰਜੀਦਗੀ ਅਤੇ ਸਤਿਕਾਰ ਨਾਲ ਸੁਣਿਆ ਕਰਦੇ ਸਨ। ਮਨ ਹੀ ਮਨ ਵਿੱਚ ਮੈਂ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਤੇ ਫੈ਼ੈਸਲਾ ਕੀਤਾ ਕਿ ਭਵਿੱਖ ਵਿੱਚ ਕਦੇ ਵੀ ਆਪਣੀ ਅਕਲ ਕਿਸੇ ਪਾਸ ਗਹਿਣੇ ਨਹੀਂ ਧਰਾਂਗਾ।
ਸੰਪਰਕ: 95018-38700
