ਸੁਰਿੰਦਰ ਸ਼ਰਮਾ ਨਾਗਰਾ
ਅੱਜਕੱਲ੍ਹ ਬਰਸਾਤ ਦਾ ਮੌਸਮ ਹੈ। ਸਰਕਾਰਾਂ ਅਤੇ ਵਾਤਾਵਰਨ ਪ੍ਰੇਮੀ ਪੂਰੇ ਬੂਟੇ ਲਾਉਣ ਦੇ ਸ਼ੁਭ ਕਾਰਜ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾ ਰਹੇ ਹਨ। ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਜ਼ਮੀਨਾਂ ਪੱਧਰ ਕਰਨ ਕਰਕੇ ਅਤੇ ਕਰਾਹ ਲਾ ਕੇ ਟਿੱਬਿਆਂ ਨੂੰ ਸਿੰਜਣ ਯੋਗ ਬਣਾਉਣ ਕਾਰਨ ਦਰਖ਼ਤਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸੜਕਾਂ ਚੌੜੀਆਂ ਕਰਨ ਅਤੇ ਵਿਕਾਸ ਦੇ ਨਾਂ ਹੇਠ ਦਰਖ਼ਤਾਂ ਦਾ ਬਹੁਤ ਵਢਾਂਗਾ ਹੋਇਆ ਹੈ। ਪੰਜਾਬ ਦੀ ਧਰਤੀ ਤੋਂ ਦਰਖ਼ਤ ਬਹੁਤ ਹੀ ਘਟ ਗਏ ਹਨ। ਇਨ੍ਹਾਂ ਦੀ ਕਮੀ ਕਰਕੇ ਮੀਂਹ ਵੀ ਬਹੁਤ ਘੱਟ ਪੈਣ ਲੱਗੇ ਹਨ ਅਤੇ ਧਰਤੀ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਵਧ ਗਿਆ ਹੈ। ਦੇਸ਼ ਪੱਧਰ ’ਤੇ ਹਰਿਆਲੀ ਨੂੰ ਵਧਾਉਣ ਲਈ ਕੇਂਦਰੀ ਅਤੇ ਸੂਬਾਈ ਸਰਕਾਰਾਂ ਪੂਰਾ ਤਾਣ ਲਾ ਰਹੀਆਂ ਹਨ। ਪੰਜਾਬ ਵਿਚ ਜ਼ਿਲ੍ਹਾ ਪੱਧਰ, ਬਲਾਕ ਪੱਧਰ ਅਤੇ ਪਿੰਡਾਂ ਤੱਕ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਵੀ ਹੋ ਰਿਹਾ ਹੈ। ਪੰਜਾਬ ਪੱਧਰ ਦੀਆਂ ਜਥੇਬੰਦੀਆਂ ਇਸ ਵਿੱਚ ਭਰਪੂਰ ਯੋਗਦਾਨ ਪਾ ਰਹੀਆਂ ਹਨ। ਮੇਰੇ ਕਸਬਾਨੁਮਾ ਸ਼ਹਿਰ ਧੂਰੀ ਵਿਚ ਕਈ ਸਮਾਜਿਕ ਜਥੇਬੰਦੀਆਂ ਇੱਥੋਂ ਦੇ ਉਦਯੋਗਪਤੀਆਂ ਦੇ ਸਹਿਯੋਗ ਨਾਲ ਬੂਟੇ ਲਾਉਣ ਲਈ ਸਰਗਰਮ ਹਨ। ਸੜਕਾਂ ਦੇ ਕਿਨਾਰੇ ਕਿਨਾਰੇ (ਤੋਤਾਪੁਰੀ ਸੜਕ), ਨਵੀਂ ਦਾਣਾ ਮੰਡੀ ਵਿਚ ਖ਼ਾਲੀ ਪਏ ਕੱਚੇ ਮੈਦਾਨਾਂ ਵਿਚ ਅਤੇ ਧੂਰੀ ਵਿਚਦੀ ਲੰਘਦੇ ਦੋ ਰਜਵਾਹਿਆਂ ਦੀਆਂ ਪਟੜੀਆਂ ਦੇ ਦੋਵੇਂ ਪਾਸੇ ਬਹੁਤ ਦਰਖ਼ਤ ਲਗਾਏ ਹਨ। ਮਾਲਵਾ ਪਰਿਵਰਤਨ ਸੁਸਾਇਟੀ ਉੱਦਮ ਕਰ ਕੇ ਬੂਟੇ ਲਾਉਣ ਦੇ ਨਾਲ ਨਾਲ ਲੋਕਾਂ ਨੂੰ ਥੋਕ ਵਿਚ ਫ਼ਲਦਾਰ ਤੇ ਛਾਂਦਾਰ ਬੂਟੇ ਵੰਡਦੀ ਹੈ ਤਾਂ ਕਿ ਲੋਕ ਖਾਲੀ ਪਈਆਂ ਥਾਵਾਂ ’ਤੇ ਬੂਟੇ ਲਾ ਸਕਣ। ਇਸ ਉੱਦਮ ਨਾਲ ਸ਼ਹਿਰ ਦਾ ਆਲ਼ਾ-ਦੁਆਲ਼ਾ ਹਰਾ-ਭਰਾ ਹੋ ਗਿਆ ਹੈ। ਸ਼ਹਿਰ ਵਿਚ ਖ਼ੁਸ਼ੀ ਜਾਂ ਗ਼ਮੀ ਦਾ ਕੋਈ ਵੀ ਸਮਾਗਮ ਹੋਵੇ ਜਾਂ ਕੋਈ ਵੀ ਸਮਾਜਿਕ ਜਾਂ ਧਾਰਮਿਕ ਸਮਾਗਮ, ਮਾਲਵਾ ਪਰਿਵਰਤਨ ਸੁਸਾਇਟੀ ਬੂਟੇ ਲਾਜ਼ਮੀ ਵੰਡਦੀ ਹੈ।
ਸ਼ਹਿਰ ਦਾ ਪੁਰਾਣਾ ਹਿੱਸਾ ਜਿਵੇਂ ਨਵੀਂ ਮੰਡੀ ਬਹੁਤ ਸਾਲਾਂ ਤੋਂ ਹਰਿਆ-ਭਰਿਆ ਹੈ। ਜਦੋਂ 1950-52 ਵਿਚ ਇਹ ਮੰਡੀ ਬਣੀ ਸੀ ਤਾਂ ਇੱਥੋਂ ਦੇ ਪ੍ਰਬੰਧਕ ਬੜੇ ਕਾਬਲ ਅਫ਼ਸਰ ਸਨ। ਉਨ੍ਹਾਂ ਨੇ ਮੰਡੀ ਵਿਚ ਬਣੀਆਂ ਸੜਕਾਂ ਦੇ ਦੋਵੇਂ ਪਾਸੇ ਬੜੇ ਨਾਯਾਬ ਦਰਖ਼ਤ ਲਗਵਾਏ ਜਿਵੇਂ ਨਿੰਮ, ਟਾਹਲੀ, ਬੋਹੜ, ਅੰਬ, ਜਾਮਣ ਅਤੇ ਪਾਮ ਆਦਿ ਜਿਹੜੇ ਅੱਜ ਵੀ ਸਾਡੇ ਸ਼ਹਿਰ ਦੀ ਸ਼ੋਭਾ ਵਧਾ ਰਹੇ ਹਨ। ਉਸ ਕਾਬਲ ਅਫ਼ਸਰ ਤੋਂ ਬਾਅਦ ਇਸ ਖੇਤਰ ਦੇ ਅਫ਼ਸਰਾਂ ਦਾ ਇਨ੍ਹਾਂ ਦਰਖ਼ਤਾਂ ਨੂੰ ਬਚਾਉਣ ਅਤੇ ਨਵੇਂ ਬੂਟੇ ਲਗਵਾਉਣ ਵਿਚ ਯੋਗਦਾਨ ਰਿਹਾ ਹੈ। ਉਨ੍ਹਾਂ ਵਿਚੋਂ ਬਚੇ ਦਰਖ਼ਤਾਂ ਵਿਚੋਂ ਬਹੁਤੇ ਸਿਉਂਕ ਕਰਕੇ ਜਾਂ ਸੰਭਾਲ ਨਾ ਹੋਣ ਕਰਕੇ ਹੁਣ ਡਿੱਗਣ ਕੰਢੇ ਆ ਗਏ ਹਨ। ਹਾਲਾਂਕਿ ਉਨ੍ਹਾਂ ਦੇ ਨਾਲ ਨਾਲ ਹੋਰ ਬਹੁਤ ਸਾਰੇ ਬੂਟੇ ਲਗਾ ਦਿੱਤੇ ਗਏ ਹਨ ਪਰ ਪੁਰਾਣੇ ਦਰਖ਼ਤ ਅਜੇ ਡਿੱਗਣ ਵਾਲੀ ਹਾਲਤ ਵਿਚ ਖੜ੍ਹੇ ਹਨ।
ਮੈਂ ਅਕਸਰ ਹਰ ਰੋਜ਼ ਸਵੇਰੇ ਪੰਜ ਕੁ ਵਜੇ ਸੈਰ ਲਈ ਜਾਂਦਾ ਹਾਂ। ਤੜਕੇ ਤੜਕੇ ਸਾਫ਼ ਸੁਥਰੀ ਹਵਾ ਸੜਕ ਦੇ ਆਲੇ-ਦੁਆਲੇ ਲੱਗੇ ਦਰੱਖਤਾਂ ਵਿਚੋਂ ਦੀ ਰੁਮਕ ਰੁਮਕ ਆਉਂਦੀ ਮਨ ਅਤੇ ਸਰੀਰ ਨੂੰ ਵਧੀਆ ਲੱਗਦੀ ਹੈ।
ਇਕ ਦਿਨ ਸੁਵਖ਼ਤੇ ਮੈਂ ਸੈਰ ਲਈ ਨਿਕਲਿਆ। ਮੌਸਮ ਗੜਬੜ ਚੱਲ ਰਿਹਾ ਸੀ। ਕਾਫ਼ੀ ਬੱਦਲ ਗਰਜ ਰਹੇ ਸਨ। ਹਵਾ ਬਿਲਕੁਲ ਨਹੀਂ ਸੀ ਵਗ ਰਹੀ। ਗਰਮੀ ਦਾ ਮੌਸਮ ਸੀ। ਲੱਗ ਰਿਹਾ ਸੀ ਕਿ ਕੋਈ ਨ੍ਹੇਰੀ ਝੱਖੜ ਆਵੇਗਾ ਅਤੇ ਬਾਅਦ ਵਿਚ ਤੇਜ਼ ਮੀਂਹ ਆਉਣ ਦੀ ਉਮੀਦ ਸੀ। ਮੈਂ ਗੋਲ਼ ਪਾਰਕ ਦਾ ਮੋੜ ਮੁੜ ਕੇ ਅਜੇ ਸੜਕ ’ਤੇ ਚੜ੍ਹਿਆ ਹੀ ਸੀ ਕਿ ਤੇਜ਼ ਹਨੇਰੀ ਝੁੱਲ ਗਈ। ਇਕ ਮਨ ਕਰੇ ਕਿ ਮੈਂ ਵਾਪਸ ਮੁੜ ਜਾਵਾਂ ਅਤੇ ਦੂਜੇ ਪਾਸੇ ਸੋਚ ਰਿਹਾ ਸਾਂ ਕਿ ਮਨਾਂ ਮਸਾਂ ਤਾਂ ਤਿਆਰ ਹੋ ਕੇ ਆਇਆ ਹਾਂ, ਦੇਖੀ ਜਾਊ ਜਿਵੇਂ ਹੋਊ। ਜਦੋਂ ਮੈਂ ਦੁਚਿੱਤੀ ਵਿਚ ਤੁਰਦਾ ਤੁਰਦਾ ਬਹੁਤ ਭਾਰੀ ਤੇ ਪੁਰਾਣੇ ਨਿੰਮ ਹੇਠੋਂ ਦੀ ਲੰਘਣ ਲੱਗਿਆ ਤਾਂ ਤੇਜ਼ ਹੋਏ ਝੱਖੜ ਨੇ ਨਿੰਮ ਦਾ ਖੋਖਲਾ ਹੋਇਆ ਭਾਰੀ ਡਾਹਣਾ ਜੜ੍ਹਕ ਦੇਣੇ ਤੋੜ ਦਿੱਤਾ। ਮੈਂ ਅਜੇ ਉਸ ਦੇ ਹੇਠੋਂ ਪੰਜ ਦਸ ਸਕਿੰਟ ਪਹਿਲਾਂ ਹੀ ਪੁਲਾਂਘ ਪੁੱਟੀ ਸੀ ਕਿ ਉਹ ਡਾਹਣਾ ਮੇਰੇ ਉਪਰ ਡਿੱਗਣ ਦੀ ਬਜਾਏ ਸੇਠਾਂ ਦੇ ਮਕਾਨ ਮੂਹਰੇ ਮੀਂਹ ਤੋਂ ਬਚਣ ਲਈ ਬਣਾਏ ਚਾਦਰ ਦੇ ਸ਼ੈੱਡ ਉੱਪਰ ਜਾ ਡਿੱਗਿਆ। ਡਾਹਣਾ ਭਾਰੀ ਹੋਣ ਕਰਕੇ ਸਾਰਾ ਸ਼ੈੱਡ ਤਹਿਸ ਨਹਿਸ ਹੋ ਗਿਆ। ਇੰਨਾ ਸ਼ੁਕਰ ਹੈ ਕਿ ਕੋਈ ਇਸ ਦੇ ਹੇਠ ਨਹੀਂ ਸੀ। ਇਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬੱਚਤ ਰਹਿ ਗਈ। ਖੜਕਾ ਸੁਣ ਕੇ ਉਸ ਘਰ ਵਾਲੇ ਬਾਹਰ ਨਿਕਲ ਆਏ। ਹੋਰ ਆਂਢੀ-ਗੁਆਂਢੀ ਵੀ ਇਕੱਠੇ ਹੋ ਗਏ। ਸਭ ਤ੍ਰਾਹ ਤ੍ਰਾਹ ਕਰਨ ਲੱਗੇ। ਕੋਈ ਸਰਕਾਰ ਨੂੰ ਉਲਾਂਭਾ ਦੇਵੇ, ਕੋਈ ਮਿਉਂਸਿਪਲ ਕਮੇਟੀ ਨੂੰ ਕੋਸੇ ਕਿ ਇਹ ਪੁਰਾਣੇ ਤੇ ਖੋਖਲੇ ਦਰਖ਼ਤਾਂ ਨੂੰ ਵਢਵਾਉਂਦੇ ਕਿਉਂ ਨਹੀਂ। ਇਸ ਨਿੰਮ ਦੀਆਂ ਜੜ੍ਹਾਂ ਸਿਉਂਕ ਨੇ ਖਾਧੀਆਂ ਪਈਆਂ ਸਨ, ਐਵੇਂ ਛਿੱਲ ਦੇ ਸਹਾਰੇ ਹੀ ਖੜ੍ਹਾ ਸੀ। ਇਹ ਦਰਖ਼ਤ ਮੇਰੇ ਉੱਤੇ ਡਿੱਗਣ ਦੀ ਸੰਭਾਵਨਾ ਵਾਲੀ ਗੱਲ ਤਾਂ ਉੱਥੇ ਪਏ ਰੌਲੇ ਵਿਚ ਹੀ ਗੁਆਚ ਗਈ। ਮੈਂ ਵੀ ‘ਜਾਨ ਬਚੀ ਲਾਖੋਂ ਪਾਏ’ ਬੁੜਬੁੜਾਉਂਦਾ ਘਰ ਨੂੰ ਮੁੜ ਪਿਆ। ਵੈਸੇ ਵੀ ਤੇਜ਼ ਛੜਾਕੇਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ।
ਮੈਂ ਇਸ ਘਟਨਾ ਨੂੰ ਪਿਛਲੇ ਮਹੀਨੇ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਸਕੂਲ ਵਿਚ ਦਰਖ਼ਤ ਟੁੱਟ ਕੇ ਡਿੱਗਣ ਦੀ ਘਟਨਾ ਨਾਲ ਜੋੜ ਕੇ ਦੇਖਿਆ। ਸਰਕਾਰਾਂ ਨਵੇਂ ਨਵੇਂ ਦਰਖ਼ਤ ਲਗਵਾਉਣ ਲਈ ਲੋਕਾਂ ਨੂੰ ਜ਼ਰੂਰ ਉਤਸ਼ਾਹਿਤ ਕਰਨ ਕਿਉਂਕਿ ਇਹ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਬੇਨਤੀ ਹੈ ਕਿ ਪੁਰਾਣੇ ਉਮਰ ਵਿਹਾ ਚੁੱਕੇ ਦਰਖ਼ਤਾਂ ਬਾਰੇ ਵੀ ਸੋਚਣ। ਨਵੇਂ ਦੇ ਪੁਰਾਣੇ ਦੀ ਥਾਂ ਲੈਣ ਬਾਰੇ ਇਹ ਸਤਰਾਂ ਮੈਨੂੰ ਇੱਥੇ ਢੁੱਕਵੀਆਂ ਜਾਪਦੀਆਂ ਹਨ:
ਪਿੱਪਲ ਦਿਆ ਪੱਤਿਆ ਵੇ
ਕੇਹੀ ਖੜ ਖੜ ਲਾਈ ਆ
ਪੱਤ ਝੜੇ ਪੁਰਾਣੇ ਵੇ
ਰੁੱਤ ਨਵਿਆਂ ਦੀ ਆਈ ਆ।
ਸੰਪਰਕ: 98786-46595