DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਮੈਂ ਪਹਿਲੀ ਵਾਰ ਮੁੱਖ ਮਹਿਮਾਨ ਬਣਿਆ

ਹਰ ਇਨਸਾਨ ਦੀ ਜ਼ਿੰਦਗੀ ’ਚ ਕੁੱਝ ਪਲ ਅਜਿਹੇ ਆਉਂਦੇ ਹਨ ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲਦਾ ਜਾਂ ਇਹ ਆਖ ਲਵੋ ਕਿ ਉਹ ਪਲ ਉਸ ਦੀ ਜ਼ਿੰਦਗੀ ਦੇ ਅਹਿਮ ਪਲ ਬਣ ਜਾਂਦੇ ਹਨ। ਮੇਰੀ ਜ਼ਿੰਦਗੀ ’ਚ ਵੀ ਕੁੱਝ ਅਜਿਹੇ ਪਲ ਆਏ...

  • fb
  • twitter
  • whatsapp
  • whatsapp
Advertisement

ਹਰ ਇਨਸਾਨ ਦੀ ਜ਼ਿੰਦਗੀ ’ਚ ਕੁੱਝ ਪਲ ਅਜਿਹੇ ਆਉਂਦੇ ਹਨ ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲਦਾ ਜਾਂ ਇਹ ਆਖ ਲਵੋ ਕਿ ਉਹ ਪਲ ਉਸ ਦੀ ਜ਼ਿੰਦਗੀ ਦੇ ਅਹਿਮ ਪਲ ਬਣ ਜਾਂਦੇ ਹਨ। ਮੇਰੀ ਜ਼ਿੰਦਗੀ ’ਚ ਵੀ ਕੁੱਝ ਅਜਿਹੇ ਪਲ ਆਏ ਜੋ ਬੜੇ ਅਹਿਮ ਤੇ ਨਾ ਭੁੱਲਣਯੋਗ ਹਨ। ਗੱਲ ਦੋ ਕੁ ਦਹਾਕਿਆਂ ਪੁਰਾਣੀ ਹੈ। ਉਸ ਵੇਲੇ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾਅ ਰਿਹਾ ਸੀ ਤੇ ਨਾਲ ਹੀ ਪੰਜਾਬ ਪ੍ਰਦੇਸ਼ ਟੀਚਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਜੋਂ ਵੀ ਕਾਰਜਸ਼ੀਲ ਸੀ। ਯੂਨੀਅਨ ਸਮੇਂ ਦੀ ਸਰਕਾਰ ਨਾਲ ਜੁੜੀ ਹੋਈ ਹੋਣ ਕਰਕੇ ਸਰਕਾਰੇ ਦਰਬਾਰੇ ਚੰਗੀ ਪੁੱਛ ਪ੍ਰਤੀਤ ਸੀ। ਖ਼ਾਸ ਕਰਕੇ ਸਿੱਖਿਆ ਵਿਭਾਗ ਵਿੱਚ।

ਇਸੇ ਦੌਰਾਨ ਕੁਝ ਅਧਿਆਪਕ ਮੇਰੇ ਨਿੱਘੇ ਦੋਸਤ ਵੀ ਬਣੇ, ਜੋ ਚੋਖਾ ਮਾਣ ਸਤਿਕਾਰ ਕਰਦੇ ਸਨ। ਇੱਕ ਦਿਨ ਬੈਠਿਆਂ ਬੈਠਿਆਂ ਉਹ ਕਹਿਣ ਲੱਗੇ, ‘ਅਸੀਂ ਆਪਣੇ ਸਕੂਲ ’ਚ ਸਾਲਾਨਾ ਇਨਾਮ ਵੰਡ ਅਤੇ ਬਾਲ ਭਲਾਈ ਤੇ ਜਾਗਰੂਕਤਾ ਸਮਾਰੋਹ ਕਰਵਾਉਣ ਜਾ ਰਹੇ ਹਾਂ ਜਿਸ ਵਿਚ ਅਸੀਂ ਤੁਹਾਨੂੰ ਮੁੱਖ ਮਹਿਮਾਨ ਬਣਾਉਣ ਦਾ ਫ਼ੈਸਲਾ ਕੀਤਾ ਹੈ।’ ਮੈਂ ਉਨ੍ਹਾਂ ਨੂੰ ਪੁੱਛਿਆ, ‘ਮੇਰੇ ’ਚ ਅਜਿਹੀ ਕਿਹੜੀ ਖਾਸੀਅਤ ਹੈ ? ਜੋ ਤੁਸੀਂ ਮੈਨੂੰ ਮੁੱਖ ਮਹਿਮਾਨ ਬਣਾਉਣਾ ਹੈ। ਤੁਸੀਂ ਮੇਰੀ ਜਗ੍ਹਾ ਕਿਸੇ ਹੋਰ ਨੂੰ ਮੁੱਖ ਮਹਿਮਾਨ ਬਣਾ ਲਵੋ, ਨਾਲੇ ਉਹ ਤੁਹਾਡੇ ਸਕੂਲ ਨੂੰ ਫੰਡ ਵੀ ਦੇ ਜਾਉਗਾ।’ ਉਹ ਕਹਿਣ ਲੱਗੇ, ‘ਨਹੀਂ ਬਾਈ ਜੀ ! ਅਸੀਂ ਤੁਹਾਨੂੰ ਹੀ ਮੁੱਖ ਮਹਿਮਾਨ ਬਣਾਉਣਾ ਹੈ, ਹੋਰ ਕਿਸੇ ਨੂੰ ਨਹੀਂ। ਇਹ ਸਾਡੇ ਸਕੂਲ ਦੇ ਸਾਰੇ ਸਟਾਫ ਮੈਂਬਰਾਂ ਦਾ ਫ਼ੈਸਲਾ ਹੈ।’ ਉਨ੍ਹਾਂ ਸਾਰਾ ਪ੍ਰੋਗਰਾਮ ਤੈਅ ਕਰ ਕੇ ਮੈਨੂੰ ਪ੍ਰੋਗਰਾਮ ਲਈ ਸੱਦਾ ਦੇ ਦਿੱਤਾ।

Advertisement

ਮਨ ਅੰਦਰ ਖੁਸ਼ੀ ਦਾ ਅਹਿਸਾਸ ਸੀ, ਯਾਰ ਦੋਸਤ ਹੋਣ ਤਾਂ ਇਹੋ ਜਿਹੇ। ਰੱਬ ਸਭ ਨੂੰ ਇਨ੍ਹਾਂ ਵਰਗੇ ਯਾਰਾਂ ਦੋਸਤਾਂ ਦਾ ਸੰਗ ਦੇਵੇ, ਜੋ ਆਪਣੇ ਦੋਸਤ ਨੂੰ ਅਗਾਂਹ ਵਧਦਾ ਵੇਖਣ ਦੀ ਇੱਛਾ ਰੱਖਦੇ ਹੋਣ। ਹਾਲਾਂਕਿ ਉਹ ਕਿਸੇ ਸਿਆਸੀ ਆਗੂ ਜਾਂ ਸਨਅਤਕਾਰ ਨੂੰ ਮੁੱਖ ਮਹਿਮਾਨ ਵਜੋਂ ਸੱਦ ਕੇ ਵਿੱਤੀ ਸਹਾਇਤਾ ਵੱਜੋਂ ਫੰਡ ਆਦਿ ਲੈ ਸਕਦੇ ਸਨ। ਉਨ੍ਹਾਂ ਪ੍ਰਤੀ ਮੇਰੇ ਮਨ ’ਚ ਮਾਣ ਸਤਿਕਾਰ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ। ਚਲੋ ਖੈਰ! ਪ੍ਰੋਗਰਾਮ ਵਾਲਾ ਦਿਨ ਆ ਗਿਆ।

Advertisement

ਪ੍ਰੋਗਰਾਮ ਵਾਲੇ ਦਿਨ ਮੈਂ ਆਪਣੇ ਅਤਿ ਨਜ਼ਦੀਕੀ ਦੋਸਤ ਕੁਲਦੀਪ ਰਾਜੇਵਾਲੀਆ (ਜੋ ਅੱਜਕੱਲ੍ਹ ਪਟਿਆਲੇ ਰਹਿ ਰਿਹਾ ਹੈ) ਤੇ ਤਿੰਨ-ਚਾਰ ਹੋਰ ਦੋਸਤਾਂ ਨਾਲ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਪੁੱਜ ਗਿਆ। ਸਕੂਲ ਪ੍ਰਿੰਸੀਪਲ, ਸਟਾਫ ਮੈਂਬਰਾਂ ਤੇ ਪਿੰਡ ਦੀ ਪੰਚਾਇਤ ਵੱਲੋਂ ਸਾਨੂੰ ‘ਜੀ ਆਇਆਂ’ ਆਖਦਿਆਂ ਫੁੱਲਾਂ ਦੇ ਹਾਰ ਪਾ ਕੇ ਸਾਡਾ ਭਰਵਾਂ ਸਵਾਗਤ ਕੀਤਾ ਗਿਆ। ਮੈਨੂੰ ਬੜਾ ਫ਼ਖ਼ਰ ਮਹਿਸੂਸ ਹੋ ਰਿਹਾ ਸੀ ਕਿਉਂਕਿ ਮੁੱਖ ਮਹਿਮਾਨ ਬਣਨਾ ਮੇਰੇ ਵਰਗੇ ਆਮ ਬੰਦੇ ਲਈ ਚੋਖੀ ਮਾਣ ਵਾਲੀ ਗੱਲ ਸੀ। ਉੱਧਰ ਸਟੇਜ ਸਕੱਤਰ ਵੱਲੋਂ ਵਾਰ ਵਾਰ ਮੁੱਖ ਮਹਿਮਾਨ ਵਜੋਂ ਮੇਰਾ ਨਾਂ ਬੋਲਿਆ ਜਾ ਰਿਹਾ ਸੀ। ਬਸ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਪੰਡਾਲ ’ਚ ਪੁੱਜਣ ’ਤੇ ਬੱਚਿਆਂ ਤੇ ਪਤਵੰਤਿਆਂ ਵੱਲੋਂ ਤਾੜੀਆਂ ਮਾਰ ਕੇ ਮੇਰਾ ਜ਼ੋਰਦਾਰ ਸਵਾਗਤ ਕੀਤਾ ਗਿਆ। ਸਟੇਜ ਸਕੱਤਰ ਵੱਲੋਂ ਪ੍ਰੋਗਰਾਮ ’ਚ ਸ਼ਾਮਲ ਪਤਵੰਤਿਆਂ ਤੇ ਵਿਦਿਆਰਥੀਆਂ ਨੂੰ ਮੇਰੇ ਜੀਵਨ ਤੋਂ ਵਾਕਫ਼ ਕਰਵਾਇਆ ਗਿਆ। ਸਟੇਜ ’ਤੇ ਲੱਗੇ ਬੈਨਰ ’ਤੇ ਮੁੱਖ ਮਹਿਮਾਨ ਵਜੋਂ ਆਪਣਾ ਨਾਂ ਵੇਖ ਕੇ ਮਨ ਬਹੁਤ ਖੁਸ਼ ਹੋਇਆ।

ਇਸ ਪਿੱਛੋਂ ਪ੍ਰੋਗਰਾਮ ਦਾ ਆਗਾਜ਼ ਹੋਇਆ। ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ। ਨਾਲ ਨਾਲ ਥੋੜ੍ਹੇ ਥੋੜ੍ਹੇ ਵਕਫ਼ੇ ਮਗਰੋਂ ਪ੍ਰੋਗਰਾਮ ’ਚ ਪੁੱਜੀਆਂ ਸ਼ਖ਼ਸੀਅਤਾਂ ਵੱਲੋਂ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ ਜਾਂਦੇ ਰਹੇ। ਅੰਤ ’ਚ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਤੇ ਇਨਾਮ ਵੰਡਣ ਦੀ ਰਸਮ ਮੇਰੇ ਹਥੋਂ ਅਦਾ ਕਰਵਾਈ ਗਈ ਤੇ ਉਸ ਮਗਰੋਂ ਮੇਰੀ ਤਕਰੀਰ ਸੀ। ਆਪਣੇ ਭਾਸ਼ਣ ’ਚ ਮੈਂ ਸਕੂਲ ਪ੍ਰਬੰਧਕਾਂ ਦੇ ਇਸ ਸਮਾਜ ਭਲਾਈ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਜ਼ਿੰਦਗੀ ’ਚ ਬੁਲੰਦੀਆਂ ਨੂੰ ਛੋਹਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪਿੰਡ ਦੀ ਪੰਚਾਇਤ ਤੇ ਸਕੂਲ ਪ੍ਰਬੰਧਕਾਂ ਵੱਲੋਂ ਮੈਨੂੰ ਲੋਈ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

ਅੰਤ ’ਚ ਪ੍ਰਬੰਧਕਾਂ ਨੇ ਬੜੇ ਸੋਹਣੇ ਢੰਗ ਨਾਲ ਮੈਨੂੰ ਵਿਦਾਈ ਦਿੱਤੀ। ਸੱਚ ਮੁੱਚ ਉਹ ਮੇਰੀ ਜ਼ਿੰਦਗੀ ਦੇ ਸਭ ਤੋਂ ਅਹਿਮ ਪਲ ਸਨ, ਜਿਨ੍ਹਾਂ ਨੂੰ ਮੈਂ ਅੱਜ ਤੱਕ ਨਹੀਂ ਭੁੱਲਿਆ। ਹੁਣ ਵੀ ਜਦੋਂ ਕਦੇ ਉਹ ਪਲ ਚੇਤੇ ਆਉਂਦੇ ਹਨ ਤਾਂ ਮਨ ਨੂੰ ਬੜਾ ਸਕੂਨ ਤੇ ਤਸੱਲੀ ਮਿਲਦੀ ਹੈ ਕਿਉਂਕਿ ਉਸ ਵਕਤ ਮੈਂ ਪਹਿਲੀ ਵਾਰ ਕਿਸੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਬਣਿਆ ਸਾਂ। ਉਸ ਮਗਰੋਂ ਬੇਸ਼ੱਕ ਮੈਨੂੰ ਕਈ ਵਾਰ ਮੁੱਖ ਮਹਿਮਾਨ ਬਣਨ ਦਾ ਮੌਕਾ ਮਿਲਿਆ। ਪਰ ਜੋ ਅਹਿਸਾਸ ਪਹਿਲੀ ਵਾਰ ਹੋਇਆ, ਉਹ ਅਣਮੁੱਲਾ ਸੀ।

ਸੰਪਰਕ: 76967-54669

Advertisement
×