ਜਦੋਂ ‘ਡੀ ਐੱਸ ਪੀ’ ਨੇ ਮੈਨੂੰ ਉਲਝਾਇਆ
ਮਨੁੱਖੀ ਮਨ ਵੀ ਅਜੀਬ ਹੈ, ਇਹ ਹਮੇਸ਼ਾ ਜਾਣੀ-ਪਛਾਣੀ ਜਾਣਕਾਰੀ ਦੇ ਆਧਾਰ ’ਤੇ ਹੀ ਨਵੇਂ ਦ੍ਰਿਸ਼ਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਜੋ ਦੇਖਦੇ ਹਾਂ, ਸਾਡਾ ਪੂਰਵ-ਗਿਆਨ ਉਸ ’ਤੇ ਆਪਣੀ ਮੋਹਰ ਲਗਾ ਦਿੰਦਾ ਹੈ। ਕਈ ਵਾਰ ਇਹ ਅੰਦਾਜ਼ੇ ਸਾਨੂੰ...
ਮਨੁੱਖੀ ਮਨ ਵੀ ਅਜੀਬ ਹੈ, ਇਹ ਹਮੇਸ਼ਾ ਜਾਣੀ-ਪਛਾਣੀ ਜਾਣਕਾਰੀ ਦੇ ਆਧਾਰ ’ਤੇ ਹੀ ਨਵੇਂ ਦ੍ਰਿਸ਼ਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਜੋ ਦੇਖਦੇ ਹਾਂ, ਸਾਡਾ ਪੂਰਵ-ਗਿਆਨ ਉਸ ’ਤੇ ਆਪਣੀ ਮੋਹਰ ਲਗਾ ਦਿੰਦਾ ਹੈ। ਕਈ ਵਾਰ ਇਹ ਅੰਦਾਜ਼ੇ ਸਾਨੂੰ ਅਜਿਹੇ ਭੁਲੇਖਿਆਂ ਦੇ ਜਾਲ ਵਿੱਚ ਫਸਾ ਦਿੰਦੇ ਹਨ, ਜਿਨ੍ਹਾਂ ਦੀ ਸਚਾਈ ਸਾਹਮਣੇ ਆਉਣ ’ਤੇ ਬੰਦਾ ਸਿਰਫ਼ ਹੱਸ ਹੀ ਸਕਦਾ ਹੈ। ਮੇਰੀ ਜ਼ਿੰਦਗੀ ਦੇ ਦੋ ‘ਪੁਰਬਾ’ ਸਾਹਿਬਾਨ ਇਸੇ ਸ਼ਬਦੀ ਜਾਲ ਅਤੇ ਨਾਵਾਂ ਦੇ ਭੁਲੇਖਿਆਂ ਦੀ ਇੱਕ ਅਦਭੁਤ ਮਿਸਾਲ ਹਨ। ਗੱਲ ਕਈ ਦਹਾਕੇ ਪੁਰਾਣੀ ਹੈ। ਉਨ੍ਹੀਂ ਦਿਨੀਂ ਜਦੋਂ ਅਸੀਂ ਆਪਣੇ ਪਿੰਡੋਂ ਮੋਗੇ ਸ਼ਹਿਰ ਵੱਲ ਸਾਈਕਲ ’ਤੇ ਜਾਇਆ ਕਰਦੇ ਸਾਂ। ਉਦੋਂ ਪਟਵਾਰਖਾਨੇ ਤੋਂ ਥੋੜ੍ਹਾ ਪਹਿਲਾਂ ਲੱਕੜ ਦੀ ਚੌਖਟ ਵਾਲਾ ਇੱਕ ਵੱਡਾ ਗੇਟ ਆਉਂਦਾ ਸੀ। ਉਸ ਗੇਟ ਦੀ ਸਭ ਤੋਂ ਖ਼ਾਸ ਗੱਲ ਸੀ ਉਸ ਦੀ ਨੇਮ ਪਲੇਟ ਉੱਤੇ ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ- ‘D S P’।
ਮੈਂ ਜਦੋਂ ਵੀ ਉੱਥੋਂ ਲੰਘਣਾ, ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਰੋਅਬ ਤੇ ਸਤਿਕਾਰ ਪੈਦਾ ਹੋਣਾ। ਮੈਂ ਮਨ ਹੀ ਮਨ ਸੋਚਣਾ, ‘ਵਾਹ! ਇੱਥੇ ਕੋਈ ਬਹੁਤ ਵੱਡੇ ਪੁਲੀਸ ਅਫ਼ਸਰ, ਡੀ ਐੱਸ ਪੀ ਸਾਹਿਬ ਰਹਿੰਦੇ ਹਨ।’ ਉਸ ਘਰ ਦੀ ਸਾਫ਼-ਸਫ਼ਾਈ ਅਤੇ ਗੇਟ ’ਤੇ ਲੱਗੀ ਉਹ ਤਖ਼ਤੀ ਮੇਰੇ ਲਈ ਖ਼ੌਫ਼ ਅਤੇ ਅਦਬ ਦਾ ਪ੍ਰਤੀਕ ਬਣ ਗਈ ਸੀ। ਮੈਂ ਕਈ ਮਹੀਨੇ ਇਸੇ ਭੁਲੇਖੇ ਦੀ ਚਾਦਰ ਤਾਣੀ ਰੱਖੀ ਅਤੇ ਜਦੋਂ ਵੀ ਉਸ ਘਰ ਅੱਗੋਂ ਲੰਘਦਾ, ਸਾਈਕਲ ਦੀ ਰਫ਼ਤਾਰ ਹੌਲੀ ਕਰਕੇ ਬੜੇ ਅਦਬ ਉਸ ਨੇਮ ਪਲੇਟ ਨੂੰ ਵੇਖਦਾ। ਪਰ ਇੱਕ ਦਿਨ ਇਹ ਭੁਲੇਖਾ ਅਜਿਹੇ ਤਰੀਕੇ ਨਾਲ ਟੁੱਟਿਆ ਕਿ ਮੇਰੀ ਸ਼ਰਧਾ ਹਾਸੇ ਵਿੱਚ ਬਦਲ ਗਈ।
ਮੈਂ ਆਪਣੇ ਇੱਕ ਦੋਸਤ ਨਾਲ ਉਸ ਘਰ ਕੋਲੋਂ ਦੀ ਲੰਘ ਰਿਹਾ ਸੀ। ਗੇਟ ਕੋਲ ਪਹੁੰਚ ਕੇ ਮੈਂ ਬੜੇ ਰੋਅਬ ਨਾਲ ਕਿਹਾ, ‘ਯਾਰ, ਦੇਖ ਕਿੱਡਾ ਵੱਡਾ ਘਰ ਹੈ, ਇੱਥੇ ਸ਼ਹਿਰ ਦੇ ਵੱਡੇ ਡੀ ਐੱਸ. ਪੀ ਸਾਹਿਬ ਦੀ ਰਿਹਾਇਸ਼ ਹੈ।’ ਮੇਰੀ ਗੱਲ ਸੁਣਦਿਆਂ ਹੀ ਦੋਸਤ ਖਿੜਖਿੜਾ ਕੇ ਹੱਸਣ ਲੱਗ ਪਿਆ। ਉਹ ਬੋਲਿਆ, ‘‘ਓਏ ਭੋਲਿਆ! ਇਹ ਕੋਈ ਪੁਲੀਸ ਅਫ਼ਸਰ ਨਹੀਂ, ਇਹ ਤਾਂ ‘ਦਰਸ਼ਨ ਸਿੰਘ ਪੁਰਬਾ’ ਹੈ। ਦਰਸ਼ਨ ਸਿੰਘ ਵੱਡਾ ਦਰਜ਼ੀ ਹੈ ਤੇ ਸ਼ਹਿਰ ਵਿੱਚ ਇਸ ਦੀ ਵੱਡੀ ਦੁਕਾਨ ਹੈ। ਉਹਨੇ ਆਪਣੇ ਨਾਮ ਦਾ ਸ਼ਾਰਟ-ਕੱਟ ਬਣਾ ਕੇ ਗੇਟ ’ਤੇ ‘DSP’ ਲਿਖਿਆ ਹੋਇਆ ਹੈ।’’ ਆਪਣੀ ਇਸ ਮੂਰਖਤਾ ’ਤੇ ਮੈਨੂੰ ਉਸ ਦਿਨ ਬਹੁਤ ਹਾਸਾ ਆਇਆ।
ਇਸ ‘ਪੁਰਬਾ’ ਸ਼ਬਦ ਨੇ ਮੇਰੀਆਂ ਯਾਦਾਂ ਦੀ ਪਟਾਰੀ ਵਿੱਚੋਂ ਇੱਕ ਹੋਰ ਪੁਰਬਾ ਬਾਹਰ ਕੱਢ ਲਿਆਂਦਾ। ਉਹ ਸੀ ਮੇਰਾ ਸਾਹਿਤਕ ਮਿੱਤਰ ਬਲਜੀਤ ਮੋਗਾ, ਜਿਸ ਦਾ ਅਸਲ ਨਾਂ ਬਲਜੀਤ ਸਿੰਘ ਪੁਰਬਾ ਸੀ। ਇਤਫ਼ਾਕ ਦੇਖੋ, ਉਹ ਵੀ ਪੇਸ਼ੇ ਵਜੋਂ ਦਰਜ਼ੀ ਹੀ ਸੀ। ਸ਼ਾਇਦ ਉਹ ਉਸ ‘ਡੀ ਐੱਸ ਪੀ’ (ਦਰਸ਼ਨ ਸਿੰਘ ਪੁਰਬਾ) ਦਾ ਕੋਈ ਕਰੀਬੀ ਰਿਸ਼ਤੇਦਾਰ ਹੀ ਹੋਵੇ। ਉਹ 1982-83 ਦਾ ਦੌਰ ਸੀ। ਮੋਗੇ ਦੀ ‘ਫ਼ੌਜੀ ਮਾਰਕੀਟ ਲਾਇਬ੍ਰੇਰੀ’ ਵਿੱਚ ਸਾਹਿਤਕ ਸਰਗਰਮੀਆਂ ਦਾ ਪੂਰਾ ਬੋਲਬਾਲਾ ਹੁੰਦਾ ਸੀ। ਇੱਕ ਵਾਰ ਸਭਾ ਵਿੱਚ ਫ਼ੈਸਲਾ ਹੋਇਆ ਕਿ ਲੋਕਲ ਮੈਂਬਰਾਂ ਦੀਆਂ ਸਾਂਝੀਆਂ ਕਵਿਤਾਵਾਂ ਦੀ ਇੱਕ ਕਿਤਾਬ ਛਾਪੀ ਜਾਵੇਗੀ। ਸ਼ਰਤ ਸੀ ਕਿ ਹਰ ਮੈਂਬਰ 50-50 ਰੁਪਏ ਅਤੇ ਦੋ-ਦੋ ਕਵਿਤਾਵਾਂ ਜਮ੍ਹਾਂ ਕਰਵਾਏ। ਜਿਨ੍ਹਾਂ ਦੋ-ਤਿੰਨ ਲੇਖਕਾਂ ਦੇ ਨਾਂ ਕਿਤਾਬ ਵਾਸਤੇ ਕਵਿਤਾਵਾਂ ਅਤੇ ਪੈਸੇ ਇਕੱਠੇ ਕਰਨ ਦੀ ਜ਼ਿੰਮੇਵਾਰੀ ਲਗਾਈ ਸੀ, ਉਨ੍ਹਾਂ ਵਿੱਚ ਬਲਜੀਤ ਸਿੰਘ ਪੁਰਬਾ ਦਾ ਨਾਂ ਵੀ ਸੀ। ਉਹ ਆਪਣੇ ਆਪ ਨੂੰ ਕਿਸੇ ਚੌਧਰੀ ਤੋਂ ਘੱਟ ਨਹੀਂ ਸੀ ਸਮਝ ਰਿਹਾ। ਇਸੇ ਉਤਸ਼ਾਹ ਵਿੱਚ ਬਲਜੀਤ ਪੁਰਬਾ ਸ਼ਾਮ ਨੂੰ ਹੀ ਪਿੰਡ ਮੇਰੇ ਘਰ ਪੈਸੇ ਅਤੇ ਕਵਿਤਾਵਾਂ ਲੈਣ ਪਹੁੰਚ ਗਿਆ। ਚਾਹ ਦੀਆਂ ਚੁਸਕੀਆਂ ਲੈਂਦਿਆਂ ਉਹਨੇ ਪੜ੍ਹਨ ਦੇ ਬਹਾਨੇ ਅਖ਼ਬਾਰਾਂ ਵਿੱਚ ਛਪੀਆਂ ਮੇਰੀਆਂ ਰਚਨਾਵਾਂ ਦੀਆਂ ਕਾਤਰਾਂ ਅਤੇ ਕੁਝ ਕੀਮਤੀ ਸਾਹਿਤਕ ਕਿਤਾਬਾਂ ਵੀ ਆਪਣੇ ਕੋਲ ਸਾਂਭ ਲਈਆਂ। ਕਹਿੰਦਾ ਪੜ੍ਹ ਕੇ ਵਾਪਸ ਕਰਾਂਗਾ। ਉਸ ਤੋਂ ਬਾਅਦ ਨਾ ਉਹ ਕਿਤਾਬ ਛਪੀ, ਨਾ ਮੇਰੀਆਂ ਕਿਤਾਬਾਂ ਵਾਪਸ ਆਈਆਂ ਅਤੇ ਨਾ ਹੀ ਉਹ 50 ਰੁਪਏ। ਵੇਖਣ ਨੂੰ ਬਲਜੀਤ ਦੀ ਸ਼ਖ਼ਸੀਅਤ ਬੜੀ ਸਾਧਾਰਨ ਸੀ, ਕੱਦ ਛੁਟਕੂ ਜਿਹਾ, ਪੱਗ ਬੜੀ ਘੋਟਵੀਂ ਜਿਹੀ ਬੰਨ੍ਹਦਾ ਸੀ। ਉਹ ਇੰਨੀ ਬੌਧਿਕ ਕਵਿਤਾ ਲਿਖਦਾ ਸੀ ਕਿ ਆਮ ਪਾਠਕ ਤਾਂ ਕੀ, ਚੰਗੇ-ਭਲੇ ਸਾਹਿਤਕਾਰਾਂ ਦੇ ਸਿਰ ਉੱਤੋਂ ਦੀ ਲੰਘ ਜਾਂਦੀ। ਸਭਾ ਵਿੱਚ ਅਕਸਰ ਮਜ਼ਾਕ ਹੁੰਦਾ, ‘‘ਬਲਜੀਤ, ਤੂੰ ਕਵਿਤਾ ਲਿਖਣ ਵੇਲੇ ਸ਼ਬਦਕੋਸ਼ ਮੂਹਰੇ ਰੱਖ ਕੇ ਲਿਖਣ ਬਹਿੰਦਾ ਏਂ ?’’ ਬਾਅਦ ਵਿੱਚ ਉਸ ਦੀ ਇੱਕ ਕਿਤਾਬ ਕੌਂਕੇ ਸਾਹਿਬ ਨਾਲ ਸਾਂਝੀ ਛਪੀ। ਕੌਂਕੇ ਹੁਰਾਂ ਦੀ ਭਾਸ਼ਾ ਵੀ ਬੜੀ ਗੁੰਝਲਦਾਰ ਹੁੰਦੀ ਸੀ। ਮੈਨੂੰ ਅੱਜ ਵੀ ਹੈਰਾਨੀ ਹੁੰਦੀ ਹੈ ਕਿ ਸਾਡੇ ਇਹ ਲੇਖਕ ਕਿਹੜੇ ਪਾਠਕਾਂ ਲਈ ਲਿਖਦੇ ਸਨ ? ਜਿੱਥੇ ਪੜ੍ਹਿਆ-ਲਿਖਿਆ ਪਾਠਕ ਵੀ ਕਵਿਤਾ ਪੜ੍ਹ ਕੇ ਕੰਨ ਖੁਰਕਣ ਲੱਗ ਜਾਵੇ, ਉੱਥੇ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਵੇਗਾ?
ਇਹ ਦੋਵੇਂ ਪੁਰਬੇ ਮੇਰੀ ਜ਼ਿੰਦਗੀ ਵਿੱਚ ਨਾਵਾਂ ਅਤੇ ਸ਼ਬਦਾਂ ਦੇ ਭੁਲੇਖਿਆਂ ਦੀ ਇੱਕ ਅਮਿੱਟ ਮਿਸਾਲ ਬਣ ਗਏ ਹਨ। ਇੱਕ ਨੇ ‘ਡੀ ਐੱਸ ਪੀ’ ਬਣ ਕੇ ਮੇਰੇ ਮਨ ’ਚ ਰੋਅਬ ਦਾ ਭੁਲੇਖਾ ਪਾਇਆ ਤੇ ਦੂਜੇ ਨੇ ਬੌਧਿਕਤਾ ਦੇ ਅਜਿਹੇ ਸ਼ਬਦੀ ਜਾਲ ਬੁਣੇ ਕਿ ਪਾਠਕ ਅੱਜ ਵੀ ਉਲਝੇ ਪਏ ਹਨ। ਇਨ੍ਹਾਂ ਯਾਦਾਂ ਨੂੰ ਜਦੋਂ ਵੀ ਫ਼ਰੋਲਦਾ ਹਾਂ ਤਾਂ ਚਿਹਰੇ ’ਤੇ ਇੱਕ ਮਲਕੜੀ ਜਿਹੀ ਮੁਸਕਰਾਹਟ ਆ ਜਾਂਦੀ ਹੈ ਕਿ ਕਿਵੇਂ ਨਾਮ ਦੇ ਛੋਟੇ ਅੱਖਰ ਅਤੇ ਕਵਿਤਾ ਦੇ ਵੱਡੇ ਸ਼ਬਦ ਸਾਨੂੰ ਉਮਰ ਭਰ ਦੇ ਭੁਲੇਖਿਆਂ ਵਿੱਚ ਪਾ ਸਕਦੇ ਹਨ।
ਸੰਪਰਕ: 96540-36080

