DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਭਾਪਾ ਜੀ ਨੇ ਲੱਡੂ ਮੋੜ ਘੱਤੇ

ਲਗਪਗ ਸਾਢੇ ਚਾਰ ਦਹਾਕੇ ਬੀਤ ਜਾਣ ਮਗਰੋਂ ਅੱਜ ਵੀ ਉਹ ਪਲ ਮੇਰੇ ਚੇਤਿਆਂ ’ਚ ਤਰੋ-ਤਾਜ਼ਾ ਹਨ ਜਦੋਂ ਪੋਹ ਮਹੀਨੇ ਦੇ ਨਾਲ ਹੀ ਸਾਡੇ ਦਾਦਕੇ ਘਰ ਦਾ ਮਾਹੌਲ ‘ਸਫ਼ਰ-ਏ-ਸ਼ਹਾਦਤ’ ਦੇ ਦਿਨਾਂ ਵਿੱਚ ਸੋਗੀ ਹੋ ਜਾਂਦਾ ਸੀ। ਇੰਜ ਕਹਿ ਲਵੋ ਜਿਵੇਂ ਮਰਗ...

  • fb
  • twitter
  • whatsapp
  • whatsapp
Advertisement

ਲਗਪਗ ਸਾਢੇ ਚਾਰ ਦਹਾਕੇ ਬੀਤ ਜਾਣ ਮਗਰੋਂ ਅੱਜ ਵੀ ਉਹ ਪਲ ਮੇਰੇ ਚੇਤਿਆਂ ’ਚ ਤਰੋ-ਤਾਜ਼ਾ ਹਨ ਜਦੋਂ ਪੋਹ ਮਹੀਨੇ ਦੇ ਨਾਲ ਹੀ ਸਾਡੇ ਦਾਦਕੇ ਘਰ ਦਾ ਮਾਹੌਲ ‘ਸਫ਼ਰ-ਏ-ਸ਼ਹਾਦਤ’ ਦੇ ਦਿਨਾਂ ਵਿੱਚ ਸੋਗੀ ਹੋ ਜਾਂਦਾ ਸੀ। ਇੰਜ ਕਹਿ ਲਵੋ ਜਿਵੇਂ ਮਰਗ ਦੇ ਮਾਹੌਲ ਵਿੱਚ ਕੋਈ ਸ਼ੋਕਗ੍ਰਸਤ ਪਰਿਵਾਰ ਅਤਿਅੰਤ ਦੁੱਖ ਵਿੱਚ ਵਿਚਰ ਰਿਹਾ ਹੋਵੇ। ਘਰ ਦਾ ਜੀਅ-ਜੀਅ ਰੱਬ ਦੀ ਰਜ਼ਾ ਭਾਵ ਸਵੈ-ਜ਼ਾਬਤੇ ਵਿੱਚ ਰਹਿੰਦਿਆਂ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਦਾ ਸੀ।

ਪਿਤਾ ਜੀ ਨੰਗਲ ਨੌਕਰੀ ਕਰਦੇ ਸਨ ਅਤੇ ਉੱਥੇ ਕਾਲਜ ਨਾ ਹੋਣ ਕਾਰਨ ਪਿਤਾ ਜੀ ਨੇ ਮੈਨੂੰ ਤੇ ਮੇਰੀ ਭੈਣ ਨੂੰ ਰੋਪੜ ਪੜ੍ਹਾਈ ਲਈ ਉਚੇਚੇ ਤੌਰ ’ਤੇ ਦਾਦਾ-ਦਾਦੀ ਕੋਲ ਭੇਜ ਦਿੱਤਾ ਸੀ। ਮੁਲਕ ਦੀ ਵੰਡ ਮਗਰੋਂ ਦਾਦਾ ਜੀ ਆਪਣੀ ਜੰਮਣ-ਭੋਂਇ ਲਹਿੰਦੇ ਪੰਜਾਬ ਦੇ ਪਿੰਡ ਦੁੱਲਾ, ਤਹਿਸੀਲ ਚੱਕਵਾਲ, ਜ਼ਿਲ੍ਹਾ ਕੈਂਬਲਪੁਰ ਤੋਂ ਆਪਣੀਆਂ ਜਾਇਦਾਦਾਂ ਅਤੇ ਕਾਰੋਬਾਰ ਛੱਡ ਕੇ ਪਰਿਵਾਰ ਸਮੇਤ ਰੋਪੜ ਆ ਵਸੇ ਸਨ। ਇੱਥੇ ਉਨ੍ਹਾਂ ਨੇ ਕਈ ਪਾਪੜ ਵੇਲਣ ਮਗਰੋਂ ਲਗਪਗ ਚਾਲੀ ਸਾਲ ਬੇਕਰੀ ਦੀ ਦੁਕਾਨ ਕਰਕੇ ਕਬੀਲਦਾਰੀ ਬਾਖ਼ੂਬੀ ਨਿਭਾਈ ਸੀ। ਇਕ ਮਣ ਮੈਦੇ ਦਾ ਖ਼ਮੀਰ ਫ਼ੈਂਟਣ ਵਾਲੀ ਦਾਦੀ ਨੇ ਬੇਕਰੀ ’ਚ ਦਾਦਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਗ੍ਰਹਿਸਤੀ ਦੀ ਗੱਡੀ ਨੂੰ ਤੋਰਨ ’ਚ ਕੋਈ ਕਸਰ ਨਹੀਂ ਸੀ ਛੱਡੀ। ਭਾਪਾ ਜੀ ਦੀ ਸ਼ਰਧਾ ਦਾ ਸਿਖਰ ਤਾਂ ਇਹ ਸੀ ਕਿ ਉਹ ਸ਼ਹੀਦੀ ਸਭਾ ਵਾਲੇ ਦਿਨਾਂ ’ਚ ਬੇਕਰੀ ’ਚ ਬਣਦੇ ਬਿਸਕੁਟ, ਬੰਦ, ਡਬਲ ਰੋਟੀ ਤੇ ਰਸ ਕਦੇ ਵੀ ਨਹੀਂ ਸੀ ਵੇਚਦੇ। ਬੁਢਾਪਾ ਹੋਣ ਕਰਕੇ ਉਹ ਆਪ ਸਭਾ ’ਚ ਜਾਣ ਜੋਗੇ ਨਹੀਂ ਹੁੰਦੇ ਸਨ ਸੋ ਉਹ ਸਾਰਾ ਸਾਮਾਨ ਕਿਸੇ ਦੇ ਹੱਥ ਸਭਾ ਦੇ ਲੰਗਰ ’ਚ ਭੇਜਦੇ ਸਨ। ਇਲਾਕੇ ਦੇ ਲੋਕ ਉਨ੍ਹਾਂ ਨੂੰ ਸਤਿਕਾਰ ਸਹਿਤ ‘ਭਗਤ ਜੀ’ ਕਹਿ ਕੇ ਸੱਦਦੇ ਸਨ, ਪਰ ਮੈਂ ਤੇ ਮੇਰੀ ਭੈਣ ਉਨ੍ਹਾਂ ਨੂੰ ‘ਭਾਪਾ ਜੀ’ ਅਤੇ ਦਾਦੀ ਨੂੰ ‘ਭਾਬੀ ਜੀ’ ਕਹਿ ਕੇ ਮੁਖ਼ਾਤਿਬ ਹੁੰਦੇ ਸੀ। ਉਹ ਦੋਵੇਂ ਸਾਡੀ ਜਿੰਦ-ਜਾਨ ਸਨ, ਮਾਂ-ਪਿਓ ਨਾਲੋਂ ਵੀ ਕਿਤੇ ਵੱਧ।

Advertisement

ਗੁਰਸਿੱਖੀ ਅਸੂਲਾਂ ਨੂੰ ਮੁੱਢੋਂ ਪ੍ਰਣਾਏ ਸਾਡੇ ਭਾਪਾ ਜੀ ਨੇ ਆਖਰੀ ਸਾਹ ਤੱਕ ਬਾਬੇ ਨਾਨਕ ਦੀ ਵਿਚਾਰਧਾਰਾ ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ’ਤੇ ਡੱਟ ਕੇ ਪਹਿਰਾ ਦਿੱਤਾ। ਇਖਲਾਕੀ ਤੌਰ ’ਤੇ ਉਹ ਦਸਾਂ ਨਹੁੰਆਂ ਦੀ ਕਿਰਤ-ਕਮਾਈ ਵਿੱਚੋਂ ਦਸਵੰਧ ਕੱਢਣ ਲਈ ਲੋਕਾਂ ਨੂੰ ਅਕਸਰ ਪ੍ਰੇਰਦੇ ਹੋਏ ਕਿਹਾ ਕਰਦੇ ਸਨ,‘‘ਕਾਕਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਹੁੰਦੀ ਏ।”

Advertisement

ਹਰ ਸਾਲ 7 ਤੋਂ 13 ਪੋਹ ਤੱਕ ਘਰ ਦੇ ਸਾਰੇ ਜੀਅ ਭੁੰਜੇ ਸੌਂਦੇ, ਸਾਦਾ ਖਾਂਦੇ ਅਤੇ ਮਿੱਠੇ ਪਕਵਾਨ ਪਰੋਸਣ ਦੀ ਸਖ਼ਤ ਮਨਾਹੀ ਹੁੰਦੀ ਸੀ। ਕੋਈ ਵੀ ਸ਼ੁਭ ਕਾਰ-ਵਿਹਾਰ ਜਿਵੇਂ ਵਿਆਹ-ਸ਼ਾਦੀ, ਰੋਕਾ ਜਾਂ ਚੱਠ ਆਦਿ ਨਹੀਂ ਕੀਤੇ ਜਾਂਦੇ ਸਨ। ਇਨ੍ਹਾਂ ਦਿਹਾੜਿਆਂ ਵਿੱਚ ਸਾਨੂੰ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਨਿਰੰਤਰ ਕਰਦੇ ਰਹਿਣ ਦੀ ਖਾਸ ਹਦਾਇਤ ਮਿਲਦੀ ਸੀ। ਇਸ ਤੋਂ ਇਲਾਵਾ ਘਰ ਦੇ ਸਾਰੇ ਜੀਅ ਸੰਗਤ-ਰੂਪ ਭਾਵ ਇਕੱਠੇ ਬੈਠ ਕੇ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਅਤੇ ਅਰਦਾਸ ਵਿੱਚ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਕੁੱਲ ਲੁਕਾਈ ਲਈ ਇਸ ਤੋਂ ਸੇਧ ਲੈਣ ਦੀ ਅਰਜੋਈ ਕੀਤੀ ਜਾਂਦੀ ਸੀ। ਨਾਮ ਸਿਮਰਨ ’ਚ ਲੀਨ ਇਕ ਦਿਨ ਭਾਪਾ ਜੀ ਡਿਊੜੀ ’ਚ ਮੰਜੇ ’ਤੇ ਲੰਮੇ ਪਏ ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਸਨ ਤਾਂ ਅਚਾਨਕ ਬੂਹਾ ਖੜਕਿਆ ਅਤੇ ਉਨ੍ਹਾਂ ਮੈਨੂੰ ਸੈਨਤ ਕਰ ਕੇ ਦਰਵਾਜ਼ਾ ਖੋਲ੍ਹਣ ਲਈ ਆਖਿਆ,“ਕਾਕਾ! ਤੱਕ ਕੌਣ ਏ”।

“ਭਾਪਾ ਜੀ, ਮਾਸੀ ਮੋਤੀਆਂ ਆਪਣੇ ਪੋਤਰੇ ਦੀ ਜੰਮਣੀ ਦੇ ਲੱਡੂ ਲੈ ਕੇ ਆਈ ਖੜੋਤੀ ਏ”, ਮੈਂ ਭੋਲੇ ਭਾਅ ਆਖਿਆ। ਅਕਸਰ ਸ਼ਾਂਤ ਚਿੱਤ ਰਹਿਣ ਵਾਲੇ ਭਾਪਾ ਜੀ ਅੱਗੋਂ ਅੱਗ ਬਬੂਲਾ ਹੋ ਬੋਲੇ “ਮੋਤੀਆਂ! ਤੁਆਂ ਕੋਈ ਸ਼ਰਮ ਹਯਾ ਹਈ, ਅਸਾਂ ਤੈਂਡੇ ਲਿਆਂਦੈਂ ਕੋਈ ਲੱਡੂ-ਛੱਡੂ ਨਹੀਂ ਖਾਵਣੇ। ਨੀ ਸਦੈਣੇ, ਰੱਬ ਨਾਂ ਖੌਫ ਖਾ, ਤੁਆਂ ਨਹੀਂ ਪਤਾ, ਕੇਂਝੈ ਦਿਹਾੜੇ ਪਏ ਚਲਨੈ...ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਦੇ ਨਿੱਕੇ-ਨਿੱਕੇ ਬਾਲ ਜ਼ਾਲਮ ਹਾਕਮਾਂ ਨੀਹਾਂ ’ਚ ਚਿਣ ਥੀਏਨ ਤੇ ਤੂੰ ਝੱਲੀਏ ! ਮਿਠਾਈਆਂ ਪਈ ਵੰਡਨੀ ਏਂ... ਚੇਤੇ ਰੱਖੈਂ ਤੈਂਡੀਂ- ਤਾਂ ਖ਼ੁਦਾ ਨੇ ਦਰਗਾਹ ’ਚ ਵੀ ਕੋਈ ਢੋਈ ਨਾ ਹੋਸੀ। ਬਾਵਲੀਏ ! ਤੌਬਾ ਕਰ ਕੋਈ ਮਿੱਠੀ ਸ਼ੈਠ ਖਾਵਣੀ ਤਾਂ ਹਿਕ ਪਾਸੇ ਰਹੀ ਅਸਾਂ ਤਾਂ ਤੱਕਦੇ ਵੀ ਨਾਂਹ... ਲੋਹੜਾ ਈ ਰਬ ਨਾਹ, ਇਨ੍ਹਾਂ ਕੀ ਵਾਪਸ ਘਿਨ ਵੰਝ।” ਭਰੇ-ਪੀਤੇ ਭਾਪਾ ਜੀ ਬੋਲੀ ਜਾ ਰਹੇ ਸਨ। ਉਹ ਨਿੰਮੋਝੂਣੀ ਹੋਈ ਓਨ੍ਹੀਂ ਪੈਰੀਂ ਹੀ ਪਰਤ ਗਈ ਤੇ ਭਾਪਾ ਜੀ ਕਿੰਨਾ ਚਿਰ ਉਸ ਦੇ ਵਰਤਾਰੇ ’ਤੇ ਝੂਰਦੇ ਰਹੇ। ਉਸ ਵੇਲੇ ਤਾਂ ਮੈਨੂੰ ਵੀ ਭਾਪਾ ਜੀ ਦਾ ਰਵੱਈਆ ਚੰਗਾ ਨਹੀਂ ਸੀ ਲੱਗਾ।

ਅੱਜ ਜਦੋਂ ਮੈਂ ਖ਼ਿਆਲੀ ਤੌਰ ’ਤੇ ਉਨ੍ਹਾਂ ਸਮਿਆਂ ’ਚ ਵਿਚਰਦਾ ਹਾਂ ਤਾਂ ਭਾਪਾ ਜੀ ਦੀ ਸ਼ਰਧਾ ਦੀ ਸ਼ਿੱਦਤ ਵੇਖਦਿਆਂ ਮੇਰਾ ਸਿਰ ਆਪ-ਮੁਹਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅੱਗੇ ਝੁਕ ਜਾਂਦਾ ਹੈ, ਫਿਰ ਮੈਨੂੰ ਸਮਝ ਆਉਂਦੀ ਹੈ ਕਿ ਲੱਡੂ ਮੋੜਨ ਸਮੇਂ ਭਾਪਾ ਜੀ ਸਵਾ ਸੋਲਾਂ ਆਨੇ ਸਹੀ ਸਨ ਕਿਉਂਕਿ ਉਨ੍ਹਾਂ ਦੀ ਕਥਨੀ ਤੇ ਕਰਨੀ ’ਚ ਉੱਕਾ ਹੀ ਕੋਈ ਫ਼ਰਕ ਨਹੀਂ ਸੀ। ਉਹ ਜੋ ਗੱਲ ਕਹਿੰਦੇ ਉਸ ’ਤੇ ਖ਼ਰੇ ਵੀ ਉਤਰਦੇ....।

ਮੈਨੂੰ ਮਾਣ ਹੈ ਉਨ੍ਹਾਂ ਦੇ ਅਡੋਲ ਨਿਸ਼ਚੇ, ਸਿਦਕ ਤੇ ਭਰੋਸੇ ’ਤੇ ਜਿਸ ਦਾ ਸਬਕ ਉਨ੍ਹਾਂ ਨੇ ਸਾਨੂੰ ਬਚਪਨ ’ਚ ਸਿਖਾਇਆ ਕਿ ਗੁਰੂਆਂ, ਭਗਤਾਂ, ਪੀਰਾਂ, ਪੈਗੰਬਰਾਂ, ਫਕੀਰਾਂ ਤੇ ਸ਼ਹੀਦਾਂ ਦੇ ਦਿਨ ਤਿਉਹਾਰ ਮਨਾਉਣੇ ਕੇਵਲ ਰਵਾਇਤ ਨਹੀਂ ਹੁੰਦੇ ਸਗੋਂ ਉਨ੍ਹਾਂ ਮਹਾਨ ਤੇ ਰੱਬੀ ਰੂਹਾਂ ਵੱਲੋਂ ਸਰਬੱਤ ਦੇ ਭਲੇ ਲਈ ਕੀਤੇ ਮਹਾਨ ਕਾਰਜਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਤੇ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦੇਣ ਲਈ ਵੀ ਬੜੇ ਜ਼ਰੂਰੀ ਹੁੰਦੇ ਹਨ।

ਸੰਪਰਕ: 97800-36136

Advertisement
×