ਜਦੋਂ ਭਾਪਾ ਜੀ ਨੇ ਚੜ੍ਹਦੀ ਕਲਾ ਬਾਰੇ ਸਮਝਾਇਆ
ਮੈਂ ਆਪਣੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਨਾਲ ਸ਼ਾਮ ਨੂੰ ਬੂਟਿਆਂ ਨੂੰ ਪਾਣੀ ਦੇ ਰਹੀ ਸੀ ਕਿ ਅਚਾਨਕ ਉਨ੍ਹਾਂ ਮੈਨੂੰ ਪੁੱਛਿਆ, ‘‘ਹਰਸ਼ਾਂ ਬੱਲਿਆ, ਚੜ੍ਹਦੀ ਕਲਾ ਬਾਰੇ ਤੂੰ ਕੀ ਸੋਚਦੀ ਹੈਂ?’’ ‘‘ਚੜ੍ਹਦੀ ਕਲਾ ਮਾਅਨੇ- ਖ਼ੁਸ਼ੀ, ਸਕਾਰਾਤਮਕ ਸੋਚ, ਦੂਜਿਆਂ ਲਈ ਚੰਗਾ ਸੋਚਣਾ...
ਮੈਂ ਆਪਣੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਨਾਲ ਸ਼ਾਮ ਨੂੰ ਬੂਟਿਆਂ ਨੂੰ ਪਾਣੀ ਦੇ ਰਹੀ ਸੀ ਕਿ ਅਚਾਨਕ ਉਨ੍ਹਾਂ ਮੈਨੂੰ ਪੁੱਛਿਆ, ‘‘ਹਰਸ਼ਾਂ ਬੱਲਿਆ, ਚੜ੍ਹਦੀ ਕਲਾ ਬਾਰੇ ਤੂੰ ਕੀ ਸੋਚਦੀ ਹੈਂ?’’ ‘‘ਚੜ੍ਹਦੀ ਕਲਾ ਮਾਅਨੇ- ਖ਼ੁਸ਼ੀ, ਸਕਾਰਾਤਮਕ ਸੋਚ, ਦੂਜਿਆਂ ਲਈ ਚੰਗਾ ਸੋਚਣਾ ਤੇ ਖ਼ੁਦ ਢਹਿੰਦੀ ਕਲਾ ਨੂੰ ਤਿਆਗਣਾ,’’ ਮੈਂ ਰਤਾ ਸੋਚ ਕੇ ਬੋਲੀ।
ਭਾਪਾ ਜੀ ਮੁਸਕਰਾ ਕੇ ਕਹਿਣ ਲੱਗੇ, ‘‘ਇਹ ਤੁਹਾਡੀ ਅੰਦਰੂਨੀ ਸੋਚ ਤੇ ਦਿਮਾਗ਼ ਨੂੰ ਤਗੜਾ ਹਲੂਣਾ ਹੈ। ਇਹ ਸਿਰਫ਼ ਇੱਕ ਸਕਾਰਾਤਮਕ ਸੋਚ ਹੀ ਉਜਾਗਰ ਕਰਨਾ ਨਹੀਂ ਹੈ ਬਲਕਿ ਔਖੇ ਸਮੇਂ ਵਿੱਚ ਮਨ ਨੂੰ ਉਤਾਂਹ ਚੁੱਕਣਾ, ਤਗੜਾ ਰੱਖਣਾ ਤੇ ਜੂਝ ਕੇ ਬਾਹਰ ਨਿਕਲਣ ਦੇ ਨਾਲ-ਨਾਲ ਸਰਬੱਤ ਦੇ ਭਲੇ ਵਾਲੀ ਸੋਚ ਨਾ ਤਿਆਗਣਾ। ਇਹ ਉਹ ਪ੍ਰਸ਼ਾਦ ਹੈ ਜੋ ਤੁਹਾਡੀ ਸਕਾਰਾਤਮਕ ਊਰਜਾ ਤਾਂ ਵਧਾਉਂਦਾ ਹੀ ਹੈ ਸਗੋਂ ਔਖੇ ਸਮੇਂ ਨੂੰ ਨਿਮਰਤਾ ਨਾਲ ਜਰਨ ਪਰ ਜੂਝਣਾ ਜਾਰੀ ਰੱਖਣ ਲਈ ਵੀ ਹੱਲਾਸ਼ੇਰੀ ਦਿੰਦਾ ਹੈ। ਇਹ ਸਭ ਕੁਝ ਮਨ ਅੰਦਰ ਟਿਕਾ ਕੇ ਨਫ਼ਰਤ ਨੂੰ ਥਾਂ ਨਾ ਦੇਣੀ ਤੇ ਸਰਬੱਤ ਦੇ ਭਲੇ ਦਾ ਮੰਤਰ ਸਾਂਭੀ ਰੱਖਣਾ ਹੀ ਸਿੱਖੀ ਨੂੰ ਸਰਬੋਤਮ ਬਣਾਉਂਦਾ ਹੈ। ਸਿੱਖ ਦੁਸ਼ਮਣੀਆਂ ਤੇ ਨਫ਼ਰਤਾਂ ਨਹੀਂ ਪਾਲਦੇ। ਮਨ ਨੂੰ ਟਿਕਾ ਕੇ ਰੱਖਣ ਤੇ ਉਸਾਰੂ ਸੋਚ ਤੋਂ ਨਾ ਭਟਕਣ ਲਈ ਚੜ੍ਹਦੀ ਕਲਾ ਹੀ ਇੱਕੋ ਰਾਹ ਹੈ।’’ ਮੈਨੂੰ ਸੋਚੀਂ ਪਈ ਦੇਖ ਕੇ ਭਾਪਾ ਜੀ ਕਹਿਣ ਲੱਗੇ, ‘‘ਚੰਗਾ, ਤੂੰ ਕੋਈ ਆਪਣੀ ਮੈਡੀਕਲ ਦੀ ਖੋਜ ਸਾਂਝੀ ਕਰ, ਜਿਸ ਵਿੱਚ ਉਸਾਰੂ ਸੋਚ ਨਾਲ ਫ਼ਾਇਦੇ ਮਿਲਦੇ ਹੋਣ।’’ ਮੈਂ ਕਿਹਾ, ‘‘ਭਾਪਾ ਜੀ, ਅੱਜ ਮੈਨੂੰ ਜਾਪਦਾ ਹੈ ਕਿ ਸਾਇੰਸ ਦੀਆਂ ਜੜ੍ਹਾਂ ਹਾਲੇ ਏਨੀ ਡੂੰਘਾਈ ਨੂੰ ਸਮਝ ਨਹੀਂ ਸਕੀਆਂ। ਔਖੇ ਸਮੇਂ ਨੂੰ ਜਰਨਾ ਤਾਂ ਸਮਝਾਇਆ ਗਿਆ ਹੈ ਪਰ ਔਖੀ ਘੜੀ ’ਚ ਸਕਾਰਾਤਮਕ ਢੰਗ ਨਾਲ ਡਟੇ ਰਹਿਣਾ ਅਤੇ ਦੂਜੇ ਦਾ ਭਲਾ ਵੀ ਸੋਚਣਾ- ਇਹੋ ਜਿਹਾ ਕੁਝ ਮੈਂ ਹਾਲੇ ਪੜ੍ਹਿਆ ਨਹੀਂ।’’ ‘‘ਚੱਲ ਤੂੰ ਲੱਭ ਤਾਂ ਸਹੀ ਤੇ ਕੱਲ੍ਹ ਦੱਸੀਂ’’, ਭਾਪਾ ਜੀ ਨੇ ਜ਼ੋਰ ਪਾਇਆ। ਦੇਰ ਰਾਤ ਤੱਕ ਮੈਂ ਕਈ ਖੋਜ ਰਸਾਲੇ ਫਰੋਲ ਮਾਰੇ। ਉਦੋਂ ਚੈਟ ਜੀ ਪੀ ਟੀ ਤਾਂ ਹੁੰਦਾ ਨਹੀਂ ਸੀ ਤੇ ਨਾ ਹੀ ਏਨੀ ਵਧੀਆ ਵਿਸ਼ਵ ਪੱਧਰੀ ਜਾਣਕਾਰੀ ਕੰਪਿਊਟਰਾਂ ਵਿੱਚ ਭਰੀ ਹੋਈ ਸੀ। ਸਵੇਰੇ ਜੋ ਖੋਜਾਂ ਮੈਂ ਸਾਂਝੀਆਂ ਕੀਤੀਆਂ, ਉਨ੍ਹਾਂ ਅਨੁਸਾਰ ਬਿਮਾਰੀ, ਔਖੇ ਸਮੇਂ, ਕਿਸੇ ਦੀ ਮੌਤ, ਚੋਰੀ, ਡਕੈਤੀ ਤੇ ਮਾਲੀ ਨੁਕਸਾਨ ਆਦਿ ਦੌਰਾਨ ਜਾਂ ਤਿੱਖੀ ਪੀੜ ਵੇਲੇ ਵੀ ਸਰੀਰ ਅੰਦਰ ਤਣਾਅ ਦੇ ਹਾਰਮੋਨਾਂ ਦਾ ਹੜ੍ਹ ਨਿਕਲਣਾ, ਹਾਰਟ ਅਟੈਕ ਹੋਣਾ ਤੇ ਹੋਰ ਗੰਭੀਰ ਬਿਮਾਰੀਆਂ ਦੌਰਾਨ ਵਿਗਾੜ ਦਾ ਜ਼ਿਕਰ ਸੀ।
ਭਾਪਾ ਜੀ ਕਹਿਣ ਲੱਗੇ, ‘‘ਹੁਣ ਅਜਿਹੀਆਂ ਖੋਜਾਂ ਕਰਨ ਦਾ ਵੇਲਾ ਹੈ ਕਿ ਪੀੜ ਹੁੰਦਿਆਂ ਵੀ ਦਰਦ ਮਹਿਸੂਸ ਨਾ ਹੋਵੇ, ਬੰਦ-ਬੰਦ ਕਟਾ ਕੇ ਵੀ ਬੰਦਾ ਵਿਚਲਿਤ ਨਾ ਹੋਵੇ, ਤਸ਼ੱਦਦ ਸਹਿ ਕੇ ਵੀ ਅਪਸ਼ਬਦ ਨਾ ਬੋਲੇ ਜਾਣ ਸਗੋਂ ਸ਼ੁਕਰਾਨਾ ਕੀਤਾ ਜਾਵੇ- ਕੀ ਇਹ ਸੰਭਵ ਹੈ?’’ ਉਨ੍ਹਾਂ ਕਿਹਾ, ‘‘ਇਤਿਹਾਸਕ ਤੱਥ ਮੌਜੂਦ ਹਨ ਕਿ ਤੱਤੀਆਂ ਤਵੀਆਂ ਵੀ ਭਾਣੇ ਨੂੰ ਮਿੱਠਾ ਕਹਿਣ ਤੋਂ ਨਾ ਰੋਕ ਸਕੀਆਂ ਤਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਚੜ੍ਹਦੀ ਕਲਾ ਮਹਿਜ਼ ਸਕਾਰਾਤਮਕ ਸੋਚ ਤੱਕ ਸੀਮਿਤ ਨਹੀਂ ਹੈ ਸਗੋਂ ਰੂਹਾਨੀਅਤ ਦੀ ਉਹ ਉਚਾਈ ਹੈ, ਜਿਸ ਨੂੰ ਮੈਡੀਕਲ ਸਾਇੰਸ ਮਹਿਸੂਸ ਹੀ ਨਹੀਂ ਕਰ ਸਕਦੀ। ਮਨ ਦੀ ਇਹ ਅਵਸਥਾ ਏਨੀ ਸੁਖਾਲੀ ਹਾਸਿਲ ਨਹੀਂ ਹੁੰਦੀ। ਅਥਾਹ ਵਿਸ਼ਵਾਸ ਤੇ ਅਟੱਲ ਨਿਸਚਾ ਮੌਤ ਦੇ ਭੈਅ ਉੱਤੇ ਫ਼ਤਹਿ ਪਾਉਣ ਵਿੱਚ ਮਦਦ ਕਰਦਾ ਹੈ। ਚੜ੍ਹਦੀ ਕਲਾ ਨਿਮਰਤਾ ਨਾਲ ਔਖੇ ਸਮੇਂ ਵਿੱਚੋਂ ਅਡੋਲ ਲੰਘਾ ਕੇ ਕਿਸੇ ਨੂੰ ਵੀ ਖ਼ਰਾ ਸੋਨਾ ਬਣਾ ਦਿੰਦੀ ਹੈ। ਇਸ ਵਿੱਚ ਨਫ਼ਰਤ ਨਹੀਂ, ਬਦਲਾਖੋਰੀ ਨਹੀਂ ਤੇ ਨਿੱਜ ਵੀ ਨਹੀਂ। ਇਹ ਹੱਕ ਦੀ ਲੜਾਈ ਵਿੱਚੋਂ ਸਫ਼ਲਤਾ ਨਾਲ ਲੰਘਣ ਦਾ ਜ਼ਰੀਆ ਬਣਦੀ ਹੈ। ਬੱਲਿਆ, ਅਗਾਂਹ ਤੋਂ ਚੜ੍ਹਦੀ ਕਲਾ ਨੂੰ ਸਿਰਫ਼ ਸਕਾਰਾਤਮਕ ਸੋਚ ਤੱਕ ਸੀਮਿਤ ਨਾ ਕਰੀਂ। ਰੁਸ਼ਨਾਇਆ ਮੱਥਾ, ਮਨ ਦਾ ਟਿਕਾਅ, ਭੈਅ ਤੋਂ ਮੁਕਤੀ, ਦ੍ਰਿੜ੍ਹ ਨਿਸਚਾ, ਸੱਚ ਤੇ ਹੱਕ ਲਈ ਜਾਨ ਤੱਕ ਨਿਛਾਵਰ ਕਰ ਜਾਣਾ- ਇਹ ਚੜ੍ਹਦੀ ਕਲਾ ਹੀ ਹੈ।’’
ਮੇਰੇ ਮਨ ਅੰਦਰ ਇੱਕ ਨਵਾਂ ਚਾਨਣ ਜਿਹਾ ਮਹਿਸੂਸ ਹੋਇਆ ਤੇ ਗਿਆਨ ਦੀ ਇਸ ਨਿੱਕੀ ਜਿਹੀ ਚਿਣਗ ਨੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਮੇਰੇ ਭਾਪਾ ਜੀ ਭਾਵੇਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਮੇਰੇ ਅੰਦਰ ਇਹ ਰੌਸ਼ਨੀ ਹਾਲੇ ਤੱਕ ਚਾਨਣ ਬਿਖੇਰ ਰਹੀ ਹੈ।
ਸੰਪਰਕ: 0175-2216783

