DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

... ਜਦੋਂ ਟੇਬਲ ਫੈਨ ਲੈਣ ਲਈ ਭੂਤ ਬਣਿਆ

ਸੰਨ 1975-76 ਵਿੱਚ ਮੈਂ ਮੁਜ਼ੱਫ਼ਰਪੁਰ (ਬਿਹਾਰ) ਵਿੱਚ ਤਿਰਹੁਤ ਕਾਲਜ ਔਫ ਫਿਜ਼ੀਕਲ ਐਜੂਕੇਸ਼ਨ ਵਿੱਚ ਸੀ ਪੀ ਐੱਡ ਭਾਵ ਪੀ ਟੀ ਮਾਸਟਰ ਦਾ ਕੋਰਸ ਕਰਨ ਗਿਆ ਸੀ। ਬਿਹਾਰ ਵਿੱਚ ਸਿਆਸੀ ਹਲਚਲ ਕਾਰਨ ਕੋਰਸ ਪੂਰਾ ਹੋਣ ਤੋਂ ਇੱਕ ਸਾਲ ਬਾਅਦ 1977 ਵਿੱਚ ਸਾਡੇ...

  • fb
  • twitter
  • whatsapp
  • whatsapp
Advertisement

ਸੰਨ 1975-76 ਵਿੱਚ ਮੈਂ ਮੁਜ਼ੱਫ਼ਰਪੁਰ (ਬਿਹਾਰ) ਵਿੱਚ ਤਿਰਹੁਤ ਕਾਲਜ ਔਫ ਫਿਜ਼ੀਕਲ ਐਜੂਕੇਸ਼ਨ ਵਿੱਚ ਸੀ ਪੀ ਐੱਡ ਭਾਵ ਪੀ ਟੀ ਮਾਸਟਰ ਦਾ ਕੋਰਸ ਕਰਨ ਗਿਆ ਸੀ। ਬਿਹਾਰ ਵਿੱਚ ਸਿਆਸੀ ਹਲਚਲ ਕਾਰਨ ਕੋਰਸ ਪੂਰਾ ਹੋਣ ਤੋਂ ਇੱਕ ਸਾਲ ਬਾਅਦ 1977 ਵਿੱਚ ਸਾਡੇ ਪੇਪਰ ਹੋਣੇ ਸਨ। ਪੇਪਰ ਦੇਣ ਲਈ ਅਸੀਂ ਦੁਬਾਰਾ 1977 ਵਿੱਚ ਮੁਜ਼ੱਫ਼ਰਪੁਰ ਗਏ। ਮੁਜ਼ੱਫ਼ਰਪੁਰ ਵਿੱਚ ਇੱਕ ਪਟਿਆਲਾ ਦੀ ਲੇਡੀ ਡਾਕਟਰ ਦਾ ਪ੍ਰਾਈਵੇਟ ਹਸਪਤਾਲ ਸੀ। ਉਸ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਸੀ, ਜਿਸ ਕਾਰਨ ਇਹ ਹਸਪਤਾਲ ਬੰਦ ਪਿਆ ਸੀ ਅਤੇ ਡਾਕਟਰ ਦਾ ਇੱਕ ਰਿਸ਼ਤੇਦਾਰ ਇਮਾਰਤ ਦੀ ਸੰਭਾਲ ਕਰਦਾ ਸੀ। ਅਸੀਂ ਵੀ ਉਸ ਬੰਦ ਹਸਪਤਾਲ ਵਿੱਚ ਕਮਰੇ ਕਿਰਾਏ ’ਤੇ ਲੈ ਕੇ ਰਹਿਣ ਲੱਗ ਪਏ। ਉੱਥੇ ਅਸੀਂ 15 ਦੇ ਕਰੀਬ ਵਿਦਿਆਰਥੀ ਰਹਿੰਦੇ ਸੀ। ਗਰਮੀ ਦੇ ਮੌਸਮ ਵਿੱਚ ਵੀ ਸਾਡੇ ਕਮਰਿਆਂ ਵਿੱਚ ਕੋਈ ਪੱਖਾ ਨਾ ਹੋਣ ਕਾਰਨ ਅਸੀਂ ਉਸੇ ਹਾਲਤ ਵਿੱਚ ਪੜ੍ਹਦੇ ਸੀ। ਸਾਡੇ ਨਾਲ ਦੇ ਇੱਕ ਕਮਰੇ ਵਿੱਚ ਸੰਗਰੂਰ ਤੋਂ ਤਿੰਨ ਵਿਦਿਆਰਥੀ ਅਗਰਵਾਲ ਭਾਈਚਾਰੇ ਨਾਲ ਸਬੰਧਤ ਸਨ। ਉਹ ਪਿੰਡ ਤੋਂ ਆਪਣੇ ਨਾਲ ਇੱਕ ਟੇਬਲ ਫੈਨ ਲੈ ਗਏ ਸੀ ਅਤੇ ਉਹ ਆਪਣੇ ਕਮਰੇ ਵਿੱਚ ਰਾਤ ਸਮੇਂ ਫੈਨ ਚਲਾ ਕੇ ਪੜ੍ਹਦੇ ਸਨ। ਪੜ੍ਹਨ ਤੋਂ ਬਾਅਦ ਰਾਤ ਨੂੰ ਅਸੀਂ ਸਾਰੇ ਤੀਜੀ ਮੰਜ਼ਿਲ ਦੀ ਛੱਤ ’ਤੇ ਸੌਣ ਜਾਂਦੇ ਸੀ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਜਦੋਂ ਸੌਣ ਲਈ ਛੱਤ ’ਤੇ ਜਾਣਾ ਹੁੰਦਾ ਹੈ, ਉਦੋਂ ਇਹ ਟੇਬਲ ਫੈਨ ਸਾਨੂੰ ਦੇ ਦਿਆ ਕਰੋ। ਉਨ੍ਹਾਂ ਨੇ ਸਾਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਸਾਰੀ ਰਾਤ ਚੱਲਣ ਨਾਲ ਸਾਡਾ ਪੱਖਾ ਖ਼ਰਾਬ ਹੋ ਜਾਵੇਗਾ।

ਇੱਕ ਰਾਤ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਅਸੀਂ ਸਾਰੇ ਛੱਤ ’ਤੇ ਚਲੇ ਗਏ। ਛੱਤ ’ਤੇ ਸਾਡੇ ਨਾਲ ਨਵਾਂਸ਼ਹਿਰ ਦੇ ਵਿਦਿਆਰਥੀ ਵੀ ਸਨ, ਪਰ ਉਹ ਤਿੰਨੋਂ ਜਣੇ ਹੇਠਾਂ ਆਪਣੇ ਕਮਰੇ ਵਿੱਚ ਪੱਖਾ ਲਾ ਕੇ ਪੜ੍ਹ ਰਹੇ ਸਨ। ਸਾਨੂੰ ਉਨ੍ਹਾਂ ਉੱਤੇ ਗੁੱਸਾ ਆ ਰਿਹਾ ਸੀ, ਜਿਸ ਕਾਰਨ ਅਸੀਂ ਉਨ੍ਹਾਂ ਨੂੰ ਡਰਾਉਣ ਦੀ ਵਿਉਂਤ ਬਣਾਈ। ਉੱਥੇ ਆਲੇ-ਦੁਆਲੇ ਦੇ ਲੋਕਾਂ ਵਿੱਚ ਆਮ ਚਰਚਾ ਸੀ ਕਿ ਮਰਹੂਮ ਡਾਕਟਰ ਦੀ ਭਟਕਦੀ ਰੂਹ ਹਸਪਤਾਲ ਵਿੱਚ ਘੁੰਮਦੀ ਰਹਿੰਦੀ ਹੈ। ਇਸ ਚਰਚਾ ਦਾ ਫ਼ਾਇਦਾ ਉਠਾਉਂਦਿਆਂ ਮੈਂ ਸਾਡੇ ਨਾਲ ਦੇ ਵਿਦਿਆਰਥੀ ਰਣ ਸਿੰਘ ਭੱਟੀਵਾਲ ਦੇ ਚਿੱਟੇ ਚਾਦਰੇ ਦੀ ਸਾੜ੍ਹੀ ਪਹਿਨ ਕੇ ਹੇਠਾਂ ਚਲਾ ਗਿਆ। ਅਗਰਵਾਲ ਭਰਾਵਾਂ ਦਾ ਕਮਰਾ ਖੁੱਲ੍ਹਾ ਸੀ। ਮੈਂ ਕਮਰੇ ਦਾ ਦਰਵਾਜ਼ਾ ਖੜਕਾ ਕੇ ਅਛੋਪਲੇ ਜਿਹੇ ਪੈਰਾਂ ਨਾਲ ਮਰਹੂਮ ਡਾਕਟਰ ਦਾ ਰੂਪ ਧਾਰਨ ਕਰ ਕੇ ਕਮਰੇ ਵਿੱਚ ਦਾਖ਼ਲ ਹੋ ਗਿਆ ਅਤੇ ਕਮਰੇ ਵਿੱਚ ਗੇੜਾ ਕੱਢਣ ਲੱਗ ਪਿਆ। ਮੈਂ ਚਾਦਰੇ ਦੇ ਪੱਲੇ ਵਿੱਚੋਂ ਦੇਖਿਆ ਤਾਂ ਉਹ ਤਿੰਨੋਂ ਜਣੇ ਡਰ ਕਾਰਨ ਕਮਰੇ ਦੇ ਖੂੰਜੇ ਵਿੱਚ ਲੱਗ ਗਏ। ਮੈਂ ਆਪਣਾ ਕੰਮ ਕਰ ਕੇ ਜਦੋਂ ਵਾਪਸ ਹਸਪਤਾਲ ਦੀ ਹਨੇਰੀ ਲੌਬੀ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਇੱਕ ਵਾਰ ਮੈਨੂੰ ਵੀ ਕਿਸੇ ਰੂਹ ਬਾਰੇ ਸੋਚ ਕੇ ਡਰ ਲੱਗਿਆ। ਫਿਰ ਵੀ ਮੈਂ ਮਨ ਕਰੜਾ ਕਰ ਕੇ ਛੱਤ ਉੱਤੇ ਆ ਗਿਆ ਅਤੇ ਸਾਰਿਆਂ ਨੂੰ ਇਸ ਕਾਰਵਾਈ ਬਾਰੇ ਪੂਰੀ ਜਾਣਕਾਰੀ ਦਿੱਤੀ।

Advertisement

ਪੰਜ ਕੁ ਮਿੰਟ ਬਾਅਦ ਉਨ੍ਹਾਂ ਦਾ ਪਤਾ ਲੈਣ ਲਈ ਅਸੀਂ ਦੋ ਜਣੇ ਹੇਠਾਂ ਉਨ੍ਹਾਂ ਦੇ ਕਮਰੇ ਵਿੱਚ ਭੇਜ ਦਿੱਤੇ, ਪਰ ਅੱਗਿਓਂ ਉਹ ਤਿੰਨੋਂ ਜਣੇ ਡਰ ਕਾਰਨ ਕਮਰਾ ਬੰਦ ਕਰ ਕੇ ਛੱਤ ’ਤੇ ਆ ਰਹੇ ਸਨ। ਛੱਤ ’ਤੇ ਆ ਕੇ ਉਨ੍ਹਾਂ ਨੇ ਕੰਬਦਿਆਂ ਨੇ ਸਾਰੀ ਵਿਥਿਆ ਸੁਣਾਈ। ਫਿਰ ਅਸੀਂ ਉਨ੍ਹਾਂ ਨੂੰ ਹੋਰ ਡਰਾਉਣ ਲਈ ਡਾਕਟਰ ਦੀ ਭਟਕਦੀ ਰੂਹ ਦੀਆਂ ਕਈ ਕਲਪਿਤ ਘਟਨਾਵਾਂ ਸੁਣਾ ਦਿੱਤੀਆਂ। ਇਸ ਹਾਸੇ ਵਿੱਚ ਕੀਤੀ ਗਈ ਘਟਨਾ ਕਾਰਨ ਉਹ ਐਨੇ ਡਰ ਗਏ ਅਤੇ ਕਹਿਣ ਲੱਗੇ ਕਿ ਸਾਡੀ ਰਾਤ ਕਟਾ ਦਿਓ, ਅਸੀਂ ਸਵੇਰੇ ਪੇਪਰ ਛੱਡ ਕੇ ਵਾਪਸ ਪੰਜਾਬ ਪਰਤ ਜਾਵਾਂਗੇ। ਸਾਡੇ ਨਾਲ ਨਵਾਂਸ਼ਹਿਰ ਤੋਂ ਡੀ ਪੀ ਈ ਕਰਦੇ ਖੱਬੇਪੱਖੀ ਵਿਚਾਰਾਂ ਦੇ ਵਿਦਿਆਰਥੀ ਪਾਖਰ ਸਿੰਘ ਨੇ ਉਨ੍ਹਾਂ ਨੂੰ ਬਹੁਤ ਸਮਝਾਇਆ ਕਿ ਕੋਈ ਭੂਤ ਪ੍ਰੇਤ ਨਹੀਂ ਹੁੰਦਾ, ਤੁਹਾਨੂੰ ਕਿਸੇ ਨੇ ਐਵੇਂ ਡਰਾ ਦਿੱਤਾ, ਪਰ ਉਨ੍ਹਾਂ ਨੇ ਪਾਖਰ ਸਿੰਘ ਦੀਆਂ ਗੱਲਾਂ ਨੂੰ ਸਿਰਫ਼ ਮਨ ਖੜ੍ਹਾਉਣ ਵਾਲੀਆਂ ਸਮਝ ਕੇ ਨਹੀਂ ਮੰਨਿਆ। ਫਿਰ ਅਸੀਂ ਉਨ੍ਹਾਂ ਨੂੰ ਸਾਰਿਆਂ ਦੇ ਵਿਚਕਾਰ ਪਾ ਕੇ ਰਾਤ ਲੰਘਾਈ।

Advertisement

ਸਵੇਰ ਹੁੰਦਿਆਂ ਹੀ ਅਸੀਂ ਉਨ੍ਹਾਂ ਨੂੰ ਹੌਲੀ-ਹੌਲੀ ਉੱਥੇ ਹੀ ਰਹਿਣ ਲਈ ਸਹਿਮਤ ਕਰ ਲਿਆ। ਫਿਰ ਉਨ੍ਹਾਂ ਨੇ ਮਰਹੂਮ ਡਾਕਟਰ ਦੀ ਤਸਵੀਰ ਅੱਗੇ ਮੱਥਾ ਟੇਕਿਆ। ਉਪਰੰਤ ਉਨ੍ਹਾਂ ਨੇ ਸਾਨੂੰ ਅੱਧੇ ਸਮੇਂ ਲਈ ਟੇਬਲ ਫੈਨ ਦੇਣਾ ਵੀ ਸ਼ੁਰੂ ਕਰ ਦਿੱਤਾ ਅਤੇ ਇੰਝ ਅਸੀਂ ਆਪਣੀ ਟੇਬਲ ਫੈਨ ਲੈਣ ਵਾਲੀ ਸਕੀਮ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਅਸੀਂ ਸਾਰੇ ਪੇਪਰ ਦੇਣ ਤੱਕ ਉਸੇ ਹਸਪਤਾਲ ਦੀ ਇਮਾਰਤ ਵਿੱਚ ਹੀ ਰਹੇ।

ਸੰਪਰਕ: 98142-07558

Advertisement
×