ਕਣਕ ਦੀ ਬੋਰੀ
ਹਰੇਕ ਖ਼ਾਤੇ ਵਿੱਚ ਹਜ਼ਾਰ-ਹਜ਼ਾਰ ਰੁਪਏ ਮਹੀਨਾ ਕਿਸ਼ਤ ਭਰੋ, ਪੰਜ-ਪੰਜ ਸੌ ਨਾਲ ਕੁਝ ਨਹੀਂ ਹੋਣਾ।’ ਸੁਰਜਨ ਸਿੰਘ ਨੂੰ ਫੋਨ ਕਰਦੇ ਹੋਏ ਮੇਰੀ ਆਵਾਜ਼ ਦ੍ਰਿੜ ਹੋਣ ਦੇ ਬਾਵਜੂਦ ਤਲਖ਼ ਨਹੀਂ ਸੀ। ‘ਐਤਕੀਂ ਸਾਡੀਆਂ ਪੰਦਰਾਂ-ਪੰਦਰਾਂ ਸੌ ਰੁਪਏ ਦੀਆਂ ਦੋਵੇਂ ਬੁਢਾਪਾ ਪੈਨਸ਼ਨਾਂ ਅਸੀਂ ਕਰਜ਼ਿਆਂ...
ਹਰੇਕ ਖ਼ਾਤੇ ਵਿੱਚ ਹਜ਼ਾਰ-ਹਜ਼ਾਰ ਰੁਪਏ ਮਹੀਨਾ ਕਿਸ਼ਤ ਭਰੋ, ਪੰਜ-ਪੰਜ ਸੌ ਨਾਲ ਕੁਝ ਨਹੀਂ ਹੋਣਾ।’ ਸੁਰਜਨ ਸਿੰਘ ਨੂੰ ਫੋਨ ਕਰਦੇ ਹੋਏ ਮੇਰੀ ਆਵਾਜ਼ ਦ੍ਰਿੜ ਹੋਣ ਦੇ ਬਾਵਜੂਦ ਤਲਖ਼ ਨਹੀਂ ਸੀ। ‘ਐਤਕੀਂ ਸਾਡੀਆਂ ਪੰਦਰਾਂ-ਪੰਦਰਾਂ ਸੌ ਰੁਪਏ ਦੀਆਂ ਦੋਵੇਂ ਬੁਢਾਪਾ ਪੈਨਸ਼ਨਾਂ ਅਸੀਂ ਕਰਜ਼ਿਆਂ ਵਾਲੇ ਆਪਣੇ ਚਾਰੇ ਖਾਤਿਆਂ ’ਚ ਹੀ ਜਮ੍ਹਾਂ ਕਰਵਾ ਦਿਆਂਗੇ ਜੀ।’ ਸੁਰਜਨ ਸਿੰਘ ਦੀ ਆਵਾਜ਼ ਵਿੱਚ ਹਮੇਸ਼ਾ ਵਾਂਗ ਹਲੀਮੀ ਸੀ। ‘ਚਲੋ ਠੀਕ ਹੈ ਕਿਸ਼ਤਾਂ ਭਰ ਦਿਓ ਜ਼ਰੂਰ। ਹੁਣ ਪਿੰਡ ਹੀ ਹੋ ਤੁਸੀਂ ?’ ਮੈਂ ਸਵਾਲ ਕੀਤਾ। ‘ਹਾਂਜੀ, ਪਿੰਡ ਹੀ ਹਾਂ। ਹੁਕਮ ਕਰੋ।’ ਹਮੇਸ਼ਾ ਦੀ ਤਰ੍ਹਾਂ ਸੁਰਜਨ ਸਿੰਘ ਨੇ ਨਿਮਰਤਾ ਨਾਲ ਕਿਹਾ।
‘ਬੈਂਕ ’ਚ ਆਓ ਹੁਣੇ, ਜੇ ਆ ਸਕਦੇ ਹੋ ?’ ਕਰਜ਼ੇ ਦੇ ਨਵਿਆਉਣ ਦਾ ਸਮਾਂ ਆ ਗਿਆ ਸੀ। ਇਸ ਲਈ ਮੈਂ ਚਾਹੁੰਦਾ ਸੀ ਕਿ ਸਬੰਧਿਤ ਕਾਗਜ਼ਾਤ ’ਤੇ ਦਸਤਖ਼ਤ ਕਰਵਾ ਲਵਾਂ। ਸੁਰਜਨ ਸਿੰਘ ਦਾ ਪਿੰਡ ਸਾਡੇ ਬੈਂਕ ਦੀ ਸ਼ਾਖਾ ਤੋਂ 3-4 ਕਿਲੋਮੀਟਰ ਦੀ ਦੂਰੀ ’ਤੇ ਹੀ ਸੀ। ਉਸ ਦੀ ਉਮਰ ਤਕਰੀਬਨ 70-75 ਸਾਲ ਦੀ ਹੋਵੇਗੀ ਪਰ ਸਰੀਰਕ ਤੌਰ ’ਤੇ ਫਿੱਟ ਸੀ ਅਤੇ ਸਾਈਕਲ ’ਤੇ ਆਉਂਦਾ-ਜਾਂਦਾ ਸੀ। ਕਰੀਬ 5 ਸਾਲ ਪੁਰਾਣੀ ਗੱਲ ਹੈ। ਉਦੋਂ ਮੈਂ ਪੰਜਾਬ ਗ੍ਰਾਮੀਣ ਬੈਂਕ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਪਿੰਡ ਸਰਹਾਲਾ ਕਲਾਂ ਬਰਾਂਚ ਵਿੱਚ ਮੈਨੇਜਰ ਸਾਂ। ਇਹ ਪਿੰਡ ਬਹੁਤ ਹੀ ਅੰਦਰੂਨੀ ਇਲਾਕੇ ਵਿੱਚ ਹੈ। ਬੈਂਕ ਅਫਸਰਾਂ ਦੀ ਜਥੇਬੰਦੀ ਦਾ ਆਗੂ ਹੋਣ ਨਾਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਡਟੇ ਰਹਿਣ ਕਾਰਨ ਪ੍ਰਬੰਧਨ ਨੇ ਮੈਨੂੰ ਤੇ ਮੇਰੇ ਹੋਰ ਦੋ ਸਾਥੀਆਂ ਦੀ ਬਦਲੀ ਸਾਡੇ ਘਰਾਂ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਕਰ ਦਿੱਤੀ ਸੀ। ਮੈਂ ਫਰਵਰੀ 2020 ਤੋਂ ਇੱਥੇ ਸੇਵਾ ਨਿਭਾਅ ਰਿਹਾ ਸੀ। ‘ਸਤਿ ਸ੍ਰੀ ਅਕਾਲ ਮੈਨੇਜਰ ਸਾਬ੍ਹ।’ ਸੁਰਜਨ ਸਿੰਘ ਨੇ ਬੈਂਕ ਅੰਦਰ ਦਾਖ਼ਲ ਹੁੰਦਿਆਂ ਹਲੀਮੀ ਤੇ ਅਦਬ ਨਾਲ ਫ਼ਤਹਿ ਬੁਲਾਈ। ‘ਸਤਿ ਸ੍ਰੀ ਅਕਾਲ, ਹੋਰ ਠੀਕ-ਠਾਕ ਐ ਸਭ।’ ਮੈਂ ਫ਼ਤਹਿ ਦਾ ਜਵਾਬ ਦਿੰਦਿਆਂ ਰਸਮੀ ਤੌਰ ’ਤੇ ਹਾਲ-ਚਾਲ ਪੁੱਛਿਆ ਤੇ ਆਪਣੇ ਜੂਨੀਅਰ ਸਾਥੀ ਹਿਮਾਂਸ਼ੂ ਨੂੰ ਤਾਕੀਦ ਕੀਤੀ ਕਿ ਸਬੰਧਤ ਕਾਗਜ਼ਾਂ ’ਤੇ ਇਨ੍ਹਾਂ ਦੇ ਦਸਤਖ਼ਤ ਕਰਵਾ ਲਓ। ‘ਇਜਾਜ਼ਤ ਹੈ ਜੀ ? ਸੁਰਜਨ ਸਿੰਘ ਨੇ ਕਾਗਜ਼ਾਤ ’ਤੇ ਦਸਤਖ਼ਤ ਕਰਨ ਤੋਂ ਬਾਅਦ ਪੁੱਛਿਆ ਤੇ ਨਾਲ ਹੀ ਕਿਹਾ, ‘ਘਰ ਚਰਨ ਪਾਓ ਜੀ ਕਦੇ।’ ‘ਜ਼ਰੂਰ ਆਵਾਂਗੇ ਬਜ਼ੁਰਗੋ।’ ਮੈਂ ਉਸ ਦੀ ਉਮਰ ਦੇ ਲਿਹਾਜ਼ ਨਾਲ ਉਸ ਨੂੰ ‘ਬਜ਼ੁਰਗ’ ਕਹਿ ਸੰਬੋਧਨ ਕੀਤਾ। ਖ਼ੈਰ, ਸੁਰਜਨ ਸਿੰਘ ਚਲਾ ਗਿਆ। ਮੈਂ ਕੁਝ ਦਿਨ ਬਾਅਦ ਮੈਂ ਆਪਣੇ ਸਹਾਇਕ ਮੈਨੇਜਰ ਨੂੰ ਕਿਹਾ, ‘‘ਹਿਮਾਂਸ਼ੂ, ‘ਅੱਜ ਬੈਂਕ ਟਾਈਮ ਤੋਂ ਬਾਅਦ ਆਪਾਂ ਸੁਰਜਨ ਸਿੰਘ ਦੇ ਪਿੰਡ ਚੱਲਦੇ ਹਾਂ। ਪਿੰਡ ਦੇ ਡਿਫਾਲਟਰਾਂ ਕੋਲ ਵਸੂਲੀ ਲਈ ਵੀ ਜਾ ਆਵਾਂਗੇ ਤੇ ਨਾਲੇ ਸੁਰਜਨ ਸਿੰਘ ਦੇ ਘਰ ਚਾਹ ਦਾ ਕੱਪ ਪੀ ਆਵਾਂਗੇ।’ ਸ਼ਾਮ ਨੂੰ ਅਸੀਂ ਦੋਵੇਂ ਜਣੇ ਮੋਟਰਸਾਈਕਲ ’ਤੇ ਸੁਰਜਨ ਸਿੰਘ ਦੇ ਪਿੰਡ ਚਲੇ ਗਏ। ਕੁਝ ਡਿਫਾਲਟਰ ਕਰਜ਼ਦਾਰਾਂ ਨੂੰ ਮਿਲਣ ਤੋਂ ਬਾਅਦ ਸੁਰਜਨ ਸਿੰਘ ਦੇ ਘਰ ਪਹੁੰਚੇ। ‘ਆਓ ਜੀ ਆਓ ਮੈਨੇਜਰ ਸਾਬ੍ਹ, ਧੰਨ ਭਾਗ ਸਾਡੇ ਜੋ ਤੁਸੀਂ ਸਾਡੇ ਘਰ ਚਰਨ ਪਾਏ।’ ਸਾਨੂੰ ਦੇਖ ਕੇ ਸੁਰਜਨ ਸਿੰਘ ਨੇ ਜਜ਼ਬਾਤੀ ਲਹਿਜ਼ੇ ’ਚ ਸਵਾਗਤ ਕੀਤਾ। ਘਰ, ਗਲੀ ਤੋਂ ਕਾਫੀ ਨੀਵਾਂ ਸੀ, ਹਾਲਤ ਵੀ ਬਹੁਤ ਖ਼ਸਤਾ ਅਤੇ ਸਾਫ਼ ਜ਼ਾਹਿਰ ਸੀ ਕਿ ਮੀਂਹ ਦਾ ਪਾਣੀ ਘਰ ’ਚ ਵੜਦਾ ਸੀ। ਅਸੀਂ ਵਰਾਂਡੇ ਵਿੱਚ ਮੰਜੇ ’ਤੇ ਬੈਠ ਗਏ। ਪਾਣੀ ਪਿਆਉਣ ਤੋਂ ਬਾਅਦ ਉਨ੍ਹਾਂ ਨੇ ਚਾਹ ਦੀ ਸੁਲ੍ਹਾ ਮਾਰੀ ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਸ਼ਾਇਦ ਘਰ ਵਿੱਚ ਚਾਹ ਪੱਤੀ, ਚੀਨੀ ਤੇ ਦੁੱਧ ਨਹੀਂ ਸੀ। ਗੱਲਾਂ ਕਰਦੇ-ਕਰਦੇ ਮੈਂ ਇੱਕ ਗੱਲ ਨੋਟ ਕੀਤੀ ਕਿ ਉਨ੍ਹਾਂ ਦੇ ਘਰ ਤਾਂ ਆਟੇ ਦੀ ਵੀ ਤੰਗੀ ਹੈ। ‘ਸੁਰਜਨ ਸਿਆਂ, ਆਹ ਲੈ 2700 ਰੁਪਏ ਤੇ ਕੁਇੰਟਲ ਕਣਕ ਲੈ ਲਓ ਘਰ ਲਈ, ਨਹੀਂ ਫੇਰ ਮੈਂ ਕੱਲ੍ਹ ਕਣਕ ਭੇਜੂ ਤੁਹਾਡੇ ਘਰ।’ ਪਰਸ ’ਚੋਂ ਮੈਂ ਰੁਪਏ ਕੱਢ ਕੇ ਸੁਰਜਨ ਸਿੰਘ ਵੱਲ ਵਧਾਏ।
‘ਨਹੀਂ ਨਹੀਂ ਮੈਨੇਜਰ ਸਾਬ੍ਹ, ਤੁਸੀਂ ਐਨਾ ਭਾਰ ਨਾ ਚੜ੍ਹਾਓ ਸਾਡੇ ’ਤੇ।’ ਸੁਰਜਨ ਸਿੰਘ ਦਾ ਗੱਚ ਭਰ ਆਇਆ ਤੇ ਨੇੜੇ ਖੜ੍ਹਾ ਪਰਿਵਾਰ ਵੀ ਹੈਰਾਨ ਤੇ ਜਜ਼ਬਾਤੀ ਹੋ ਗਿਆ ਸੀ। ਖ਼ੈਰ, ਸੁਰਜਨ ਸਿੰਘ ਝਿਜਕਦਿਆਂ ਝਿਜਕਦਿਆਂ ਪੈਸੇ ਫੜ ਲਏ। ਮੈਂ ਤੇ ਮੇਰਾ ਸਾਥੀ ਹਿਮਾਂਸ਼ੂ ਬਾਹਰ ਆ ਗਏ ਤੇ ਸੁਰਜਨ ਸਿੰਘ ਦਾ ਸਾਰਾ ਪਰਿਵਾਰ ਵੀ ਗੇਟ ’ਤੇ ਆ ਗਿਆ। ਸਭ ਦੀਆਂ ਅੱਖਾਂ ਵਿੱਚ ਹੰਝੂ ਸਨ। ਮੈਨੂੰ ਉਨ੍ਹਾਂ ਦੇ ਸ਼ੁਕਰਾਨੇ ਦੇ ਹੰਝੂ ਇੰਝ ਲੱਗ ਰਹੇ ਸੀ ਜਿਵੇਂ ਸਾਡੇ ਪ੍ਰਤੀ ਆਸ਼ੀਰਵਾਦ ਤੇ ਦੁਆਵਾਂ ਦਾ ਸਮੁੰਦਰ ਵਗ ਰਿਹਾ ਹੋਵੇ।
ਸੰਪਰਕ: 81465-80919
