ਆਜ਼ਾਦੀ ਦੇ ਸੰਘਰਸ਼ ਤੋਂ ਅਸੀਂ ਕੀ ਸਿੱਖਿਆ : The Tribune India

ਆਜ਼ਾਦੀ ਦੇ ਸੰਘਰਸ਼ ਤੋਂ ਅਸੀਂ ਕੀ ਸਿੱਖਿਆ

ਆਜ਼ਾਦੀ ਦੇ ਸੰਘਰਸ਼ ਤੋਂ ਅਸੀਂ ਕੀ ਸਿੱਖਿਆ

ਅਵੀਜੀਤ ਪਾਠਕ

ਅਵੀਜੀਤ ਪਾਠਕ

‘ਆਜ਼ਾਦੀ ਕਾ ਮਹੋਤਸਵ’ ਦੇ ਧੂਮ ਧੜੱਕੇ ਦੇ ਨਾਂ ’ਤੇ ਆਸੇ ਪਾਸੇ ਅੰਧ-ਰਾਸ਼ਟਰਵਾਦ ਦਾ ਜ਼ੋਰ ਹੈ ਤੇ ਹੁਣ ਪ੍ਰਧਾਨ ਮੰਤਰੀ ਨੇ ‘ਹਰ ਘਰ ਤਿਰੰਗਾ’ ਦਾ ਨਾਅਰਾ ਦੇ ਕੇ ਲੋਕਾਂ ਅੰਦਰ ਹੋਰ ਜ਼ਿਆਦਾ ਉਤਸ਼ਾਹ ਭਰਨ ਦੀ ਚੇਸ਼ਟਾ ਦਿਖਾਈ ਹੈ। ਕੀ ਅਜਿਹੇ ਮਾਹੌਲ ਵਿਚ ਕੋਈ ਉਦਾਸ ਹੋ ਸਕਦਾ ਹੈ? ਜਾਂ ਫਿਰ ਕੀ ਸਾਡੇ ਸਮਿਆਂ ਵਿਚ ਉਦਾਸ ਹੋਣਾ ਵੀ ਗੁਨਾਹ ਕਰਾਰ ਦਿੱਤਾ ਜਾ ਸਕਦਾ ਹੈ? ਇਸ ਤੋਂ ਪਹਿਲਾਂ ਕਿ ਮੈਂ ਉਦਾਸੀ ਦੀ ਕਹਾਣੀ ਪਾਵਾਂ, ਇਹ ਗੱਲ ਕਹਿਣਾ ਅਹਿਮ ਹੈ ਕਿ ਜਿਵੇਂ ਮੈਂ ਆਜ਼ਾਦੀ ਦੇ ਸੰਗਰਾਮ ਦੀ ਵਿਰਾਸਤ, ਹੌਸਲੇ ਤੇ ਕੁਰਬਾਨੀ ਦੀਆਂ ਗਾਥਾਵਾਂ, ਜਾਂ ਸਿਆਸੀ-ਸਭਿਆਚਾਰਕ ਤੇ ਅਧਿਆਤਮਕ ਮੰਥਨ ਦੇ ਗਹਿ-ਗੱਡਵੇਂ ਸਿਲਸਿਲੇ ਜਾਂ ਚੇਤਨਾ ਦੇ ਬਸਤੀਕਰਨ ਦਾ ਮੂਲ ਅਰਥ ਦਾ ਚੇਤਾ ਕਰਦਾ ਹਾਂ ਤਾਂ ਮੈਂ ਨਿਮਰਤਾ ਤੇ ਸ਼ੁਕਰਗੁਜ਼ਾਰੀ ਦੇ ਬੇਜੋੜ ਜਜ਼ਬਾਤ ਦਾ ਅਨੁਭਵ ਕਰਦਾ ਹਾਂ।

ਭਗਤ ਸਿੰਘ ਜਿਹਾ ਬੌਧਿਕ ਤੇ ਇਖ਼ਲਾਕੀ ਤੌਰ ’ਤੇ ਪ੍ਰਫੁੱਲਤ ਨੌਜਵਾਨ ਜਦੋਂ ਮੌਤ ਦੇ ਖੌਫ਼ ’ਤੇ ਫਤਹਿ ਪਾ ਕੇ ਜੇਲ੍ਹ ਵਿਚ ਡਾਇਰੀ ਲਿਖਦਾ ਹੈ ਤਾਂ ਤੁਸੀਂ ਭਲਾ ਹੋਰ ਕੀ ਮਹਿਸੂਸ ਕਰੋਗੇ? ਜਾਂ ਕਮਜ਼ੋਰ ਜਿਹੇ ਸਰੀਰ ਦਾ ਮਾਲਕ ਮੋਹਨਦਾਸ ਕਰਮਚੰਦ ਗਾਂਧੀ ਫਿ਼ਰਕੂ ਅੱਗ ਵਿਚ ਝੁਲਸ ਰਹੇ ਬੰਗਾਲ ਤੇ ਬਿਹਾਰ ਦੇ ਚੱਕਰ ਲਾ ਕੇ ਪਿਆਰ, ਇਕਸੁਰਤਾ ਅਤੇ ਸੁਲ੍ਹਾ ਦਾ ਸੰਦੇਸ਼ ਫੈਲਾਉਂਦਾ ਹੈ ਤਾਂ ਇਹ ਕਿਵੇਂ ਸੰਭਵ ਹੈ ਕਿ ਤੁਸੀਂ ਝੰਜੋੜੇ ਨਾ ਜਾਓ? ਜਾਂ ਫਿਰ ਕੁਝ ਇਸੇ ਤਰ੍ਹਾਂ ਹੀ, ਜਦੋਂ ਤੁਸੀਂ ਸਮਾਜਿਕ ਨਿਆਂ ਤੇ ਨੁਮਾਇੰਦਗੀ ਦੇ ਸਵਾਲ ’ਤੇ ਗਾਂਧੀ ਅਤੇ ਅੰਬੇਡਕਰ ਵਿਚਕਾਰ ਬਹਿਸ ਜਾਂ ਇਵੇਂ ਹੀ ਗਾਂਧੀ ਤੇ ਟੈਗੋਰ ਦਰਮਿਆਨ ਦਾਰਸ਼ਨਿਕਤਾ ਤੇ ਸਭਿਆਚਾਰਕ ਨਫ਼ਾਸਤ ਨਾਲ ਲਬਰੇਜ਼ ਖਤੋ-ਕਿਤਾਬਤ ਜਾਂ ਭਾਰਤ ਦੇ ਆਧੁਨਿਕੀਕਰਨ ਬਾਰੇ ਦੇ ਸੰਕਲਪ ਬਾਰੇ ਜਵਾਹਰਲਾਲ ਨਹਿਰੂ ਦੀਆਂ ਰੂਮਾਨੀ ਤੇ ਦਾਨਿਸ਼ਮੰਦ ਤਸੱਵਰ ਜ਼ਰੀਏ ਕੌਮ ਦੀ ਅਲਖ ਜਗਾਈ ਜਾ ਰਹੀ ਹੋਵੇ ਤਾਂ ਇਹ ਕਿਵੇਂ ਸੰਭਵ ਹੈ ਕਿ ਤੁਸੀਂ ਇਸ ਸਭ ਕਾਸੇ ਤੋਂ ਅਭਿੱਜ ਰਹਿ ਸਕੋ?

ਬਹਰਹਾਲ, ਆਜ਼ਾਦੀ ਤੋਂ 75 ਸਾਲਾਂ ਬਾਅਦ ਮਲਾਲ ਇਹ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਚਹੁਤਰਫ਼ਾ ਗਰਕਣ ਵਿਚ ਪਾ ਰਹੇ ਹਾਂ। ਅਸੀਂ ਤੇਜ਼ੀ ਨਾਲ ਹਿੰਸਕ ਬਣ ਰਹੇ ਸਮਾਜ ਵਿਚ ਪਸਰੀ ਸਿਆਸੀ ਤੇ ਸਭਿਆਚਾਰਕ ਨਿਘਾਰ ਨੂੰ ਅੰਕੜਿਆਂ ਦੀ ਜਾਦੂਗਰੀ- ਭਾਵ ਵਿਕਾਸ ਦਰ ਦੇ ਹਿਸਾਬ ਕਿਤਾਬ, ਭਾਰਤੀ ਅਰਬਾਂਪਤੀਆਂ ਦੀ ਸਫਲਤਾ ਦੀਆਂ ਕਹਾਣੀਆਂ, ਭਾਰਤੀ ਫ਼ੌਜ ਦੀ ਤਾਕਤ, ਵੱਡੇ ਸ਼ਹਿਰਾਂ ਅੰਦਰ ਬਣੇ ਸਮਾਰਟ ਰਿਹਾਇਸ਼ੀ ਖੇਤਰਾਂ ਦੀ ਚਮਕ ਦਮਕ, ਜਾਂ ਫਿਰ ਸੌਫਟਵੇਅਰ ਇੰਜਨੀਅਰਾਂ ਦੇ ਪਸਾਰ ਦੇ ਨਾਂ ’ਤੇ ਢਕਿਆ ਨਹੀਂ ਜਾ ਸਕਦਾ।

ਸਵਾਮੀ ਵਿਵੇਕਾਨੰਦ ਤੋਂ ਲੈ ਕੇ ਸ੍ਰੀ ਅਰਬਿੰਦੋ ਜਾਂ ਗਾਂਧੀ ਤੋਂ ਲੈ ਕੇ ਟੈਗੋਰ ਤੱਕ ਆਜ਼ਾਦੀ ਦੇ ਸੰਗਰਾਮ ਦੌਰਾਨ ਭਾਰਤੀ ਜਨ ਜਾਗ੍ਰਿਤੀ ਦੇ ਅਮਲ ਵਿਚ ਅਸੀਂ ਜੀਵਨ ਦੀ ਧਾਰਮਿਕਤਾ ਦੀਆਂ ਗੁੱਝੀਆਂ ਪਰਤਾਂ ਦੇ ਦਰਸ਼ਨ ਕਰਦੇ ਹਾਂ। ਵਿਵੇਕਾਨੰਦ ਦਾ ਵਿਹਾਰਕ ਵੇਦਾਂਤ ਨਿਤਾਣੇ ਤਬਕਿਆਂ ਦੀਆਂ ਅੰਤਰੀਵ ਸਮੱਰਥਾਵਾਂ ਨੂੰ ਪਛਾਣਨ ਤੇ ਸੰਜੋਣ ਅਤੇ ਪਿਆਰ ਤੇ ਕਰੁਣਾ ਨਾਲ ਭਰਪੂਰ ਕਰਮਯੋਗ ਦੀ ਵਿਧੀ ਰਾਹੀਂ ਆਧੁਨਿਕ ਭਾਰਤ ਦੇ ਪੁਨਰ ਨਿਰਮਾਣ ਲਈ ਪ੍ਰੇਰਨਾ ਬਣਦਾ ਹੈ। ਸ੍ਰੀ ਅਰਬਿੰਦੋ ਸਾਨੂੰ ਹੋਂਦ ਦੀ ਭੌਤਿਕ, ਦਿਮਾਗ ਤੇ ਮਾਨਸਿਕ ਸਥਿਤੀ ਨੂੰ ਇਕਜੁੱਟ ਕਰਨ ਦੀ ਧਿਆਨਮਈ ਖੋਜ ਅਤੇ ਉਚੇਰੀ ਚੇਤਨਾ ਦੀ ਉਡਾਣ ਦਾ ਚੇਤਾ ਕਰਾਉਂਦੇ ਹਨ। ਗਾਂਧੀ ਸੱਚ ਨਾਲ ਅਨੁਭਵ ਕਰਨ ਅਤੇ ਪਿਆਰ, ਅਹਿੰਸਾ ਤੇ ਯੋਗ ਦੀ ਅੰਤਰ-ਚਕਿਤਸਕ ਸ਼ਕਤੀ ਨੂੰ ਇਕਜੁੱਟ ਕਰਨ ਦੀ ਚੇਸ਼ਟਾ ਕਰਦੇ ਹਨ; ਤੇ ਟੈਗੋਰ ਦੀ ਸੂਖਮ ਪ੍ਰਾਰਥਨਾਵਾਂ ਤੇ ਕਾਵਿਕ ਬ੍ਰਹਿਮੰਡਵਾਦ ਸਾਡੀਆਂ ਆਤਮਾਵਾਂ ਨੂੰ ਜਗਾਉਂਦਾ ਹੈ ਅਤੇ ਸਾਨੂੰ ਆਪਣੇ ਆਪ ਨੂੰ ਪਛਾਣਾਂ ਤੱਕ ਮਹਿਦੂਦ ਕਰਨ ਦੀ ਹਰ ਤਰ੍ਹਾਂ ਦੀ ਵਿਅਰਥਤਾ ਅਤੇ ਆਧੁਨਿਕ ਰਾਸ਼ਟਰਵਾਦ ਦੀ ਹਿੰਸਾ ਤੋਂ ਜਾਣੂ ਕਰਾਉਂਦਾ ਹੈ।

ਇਸ ਸਮੇਂ ਜਦੋਂ ਧਰਮ ਦੇ ਹਰ ਕਿਸਮ ਦੇ ਮੂਲਵਾਦੀ ਤੇ ਬਿਪਰਵਾਦੀ ਸਿਧਾਂਤ ਸਮਕਾਲੀ ਭਾਰਤ ਦੇ ਸਭਿਆਚਾਰ ਤੇ ਸਿਆਸਤ ਦੇ ਖੇਤਰਾਂ ’ਤੇ ਹਾਵੀ ਹੋ ਰਹੇ ਹਨ ਤਾਂ ਸਾਨੂੰ ਹਰ ਕਿਤੇ ਫੈਲਿਆ ਕੁਚੱਜ ਦਿਖਾਈ ਦਿੰਦਾ ਹੈ। ਧਰਮ ਦੀ ਰਾਖੀ ਦੇ ਨਾਂ ’ਤੇ ਭੱਦਾ ਪ੍ਰਤੀਕਵਾਦ, ਹਸਦ ਤੇ ਮਾਰ-ਧਾੜ ਦਾ ਜ਼ੋਰ, ਪੁਜਾਰੀਵਾਦ ਅਤੇ ਅੰਧ ਰਾਸ਼ਟਰਵਾਦੀਆਂ ਦੇ ਗੱਠਜੋੜ ਅਤੇ ਲੋਕਾਂ ਦੀ ਔਸਤ ਚੇਤਨਾ ਜੀਵਨ ਨਿਸ਼ੇਧਕਾਰੀ ਬਾਇਨਰੀ ਤੱਕ ਸਿਮਟ ਕੇ ਰਹਿ ਗਈ ਹੈ (ਭਾਵ ਤੁਸੀਂ ਹਿੰਦੂਵਾਦ ਪ੍ਰਤੀ ਆਪਣੀ ਵਫ਼ਾਦਾਰੀ ਮੁਸਲਮਾਨਾਂ ਨੂੰ ਰਾਸ਼ਟਰ ਦੋਖੀਆਂ ਦੇ ਤੌਰ ’ਤੇ ਭੰਡ ਕੇ ਅਤੇ ਨਫ਼ਰਤ ਕਰ ਕੇ ਹੀ ਸਿੱਧ ਕਰ ਸਕਦੇ ਹੋ)। ਇੰਝ ਸਾਡੇ ਰਾਸ਼ਟਰ ਦਾ ਰੌਂਅ ਦੱਸ ਪਾ ਰਿਹਾ ਹੈ ਕਿ ਸਾਡਾ ਮਾਨਸਿਕ ਤੇ ਨੈਤਿਕ ਗਿਰਾਵਟ ਕਿਸ ਹੱਦ ਤੱਕ ਜਾ ਪੁੱਜੀ ਹੈ।

ਤੇ ਇਹ ਗਿਰਾਵਟ ਇਕ ਹੋਰ ਕਿਸਮ ਦੇ ਬਿਰਤਾਂਤ ਨਾਲ ਗਹਿਰੀ ਤਰ੍ਹਾਂ ਜੁੜੀ ਹੋਈ ਹੈ; ਲੋਕਰਾਜੀ ਮਿਜ਼ਾਜ ਦੇ ਮੂਲ ਆਧਾਰਾਂ-ਸਭਿਆਚਾਰਕ ਬਹੁਵਾਦ ਪ੍ਰਤੀ ਸੰਵੇਦਨਸ਼ੀਲਤਾ, ਬਹਿਸ-ਮੁਬਾਹਿਸੇ ਅਤੇ ਸੰਵਾਦ ਦੇ ਸਲੀਕੇ ਅਤੇ ਜਨਤਕ ਜੀਵਨ ਦੇ ਚੱਜ ਆਚਾਰ ਖੁਰਦੇ ਜਾਣ ਦੇ ਨਿਰੰਤਰ ਸਿਲਸਿਲੇ। ਜ਼ਰਾ ਸੋਚੋ ਕਿ ਆਜ਼ਾਦੀ ਦੇ ਸੰਘਰਸ਼ ਤੋਂ ਅਸੀਂ ਕੀ ਸਿੱਖਿਆ ਸੀ- ਸਵਰਾਜ ਦੀ ਪ੍ਰਾਪਤੀ, ਸਤਿਆਗ੍ਰਹਿ ਦੀ ਗਹਿਰਾਈ ਜਾਂ ਦਾਬੇ ਦੀਆਂ ਜ਼ੰਜੀਰਾਂ ਤੋਂ ਮੁਕਤੀ ਦੀ ਨਿਰੰਤਰ ਜੱਦੋਜਹਿਦ। ਉਂਝ, ਇਨ੍ਹੀਂ ਦਿਨੀਂ ਅਸੀਂ ਖ਼ੁਦਪ੍ਰਸਤੀ ਦਾ ਮਹਿਮਾ ਮੰਡਨ ਅਤੇ ਸੱਤਾਵਾਦ ਦੀ ਪੂਜਾ ਦਾ ਤਾਂਡਵ ਦੇਖ ਰਹੇ ਹਾਂ ਤੇ ਅਸੀਂ ਆਪਣੇ ਆਪ ਨੂੰ ਸਿਆਸੀ ਵਿਰੋਧੀਆਂ ਖਿ਼ਲਾਫ਼ ਐੱਫਆਈਆਰਜ਼ ਦੇ ਹੜ੍ਹ, ਦੇਸ਼ਧ੍ਰੋਹ ਦੇ ਕੇਸਾਂ, ਆਪਹੁਦਰੀਆਂ ਗ੍ਰਿਫ਼ਤਾਰੀਆਂ ਅਤੇ ਜਾਸੂਸੀ ਦੇ ਸਭਿਆਚਾਰ ਵਿਚ ਘਿਰੇ ਹੋਏ ਪਾ ਰਹੇ ਹਾਂ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਹਿਸ ਤੇ ਵਿਚਾਰ-ਵਟਾਂਦਰੇ ਦਾ ਪੱਧਰ ਗੁਆਚ ਗਿਆ ਹੈ। ਟੈਲੀਵਿਜ਼ਨ ਚੈਨਲਾਂ ’ਤੇ ਪ੍ਰਾਈਮ ਟਾਈਮ ਬਹਿਸਾਂ (ਕੁਝ ਕੁ ਨੂੰ ਛੱਡ ਕੇ) ਦਾ ਪ੍ਰਾਪੇਗੰਡਾ ਮਸ਼ੀਨਰੀ ਨਾਲੋਂ ਨਿਖੇੜਾ ਕਰਨਾ ਔਖਾ ਹੋ ਗਿਆ ਹੈ; ਤੇ ਸੋਸ਼ਲ ਮੀਡੀਆ ਦੇ ਸੰਦੇਸ਼ਾਂ ਦੇ ਅਮੁੱਕ ਸੈਲਾਬ ਨੇ ਇਸ ਜ਼ਹਿਰੀਲੀ ਜ਼ਹਿਨੀਅਤ ਨੂੰ ਹੋਰ ਗੰਧਲਾ ਕਰ ਦਿੱਤਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਨਤਕ ਜੀਵਨ ਵਿਚ ਚੱਜ ਆਚਾਰ ਦੇ ਅਸੂਲ ਛਾਈਂ ਮਾਈਂ ਹੋ ਗਏ ਹਨ। ਇਸ ਦੇ ਨਾਲ ਹੀ ਬੌਧਿਕਤਾ ਵਿਰੋਧੀ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਜੋ ਨਿਰੰਕੁਸ਼ ਸੋਚ ਲਈ ਸਾਜ਼ਗਾਰ ਸਿੱਧ ਹੋ ਰਹੀ ਹੈ।

ਸਿਤਮਜ਼ਰੀਫ਼ੀ ਇਹ ਹੈ ਕਿ ਅਜਿਹੇ ਮਾਹੌਲ ਵਿਚ ਜਿੱਥੇ ਇਕ ਪਾਸੇ ਵਿਰੋਧੀ ਧਿਰ ਆਪਣੀ ਸਾਰਥਿਕਤਾ ਗੁਆ ਚੁੱਕੀ ਹੈ ਉੱਥੇ ਮੁੱਖਧਾਰਾ ਦੀ ਸਿਆਸਤ ਵਿਚ ਪ੍ਰਤੀਬੱਧ ਗਾਂਧੀਵਾਦੀਆਂ ਤੇ ਖ਼ਰੇ ਮਾਰਕਸਵਾਦੀਆਂ ਵਿਚ ਉੱਭਰ ਕੇ ਸਾਹਮਣੇ ਆਉਣਾ ਮੁਸ਼ਕਿਲ ਹੋ ਗਿਆ ਹੈ। ਧਨ ਦੀ ਹਵਸ, ਸੱਤਾ ਦਾ ਖ਼ਬਤ, ਵਿਚਾਰਧਾਰਾ ਦੀ ਮੌਤ, ਬਾਹੂਬਲ ਅਤੇ ਦਲਬਦਲੀ ਦਾ ਚਲਣ ਸਾਡੀ ਹਰ ਰੰਗ ਦੀ ਸਿਆਸੀ ਜਮਾਤ ਦੀ ਪਛਾਣ ਬਣ ਗਿਆ ਹੈ। ਮੌਜੂਦਾ ਚੁਣਾਵੀ ਸਿਆਸਤ ਤੋਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਕਿਉਂਕਿ ਇਸ ਦੀ ਫ਼ਿਤਰਤ ਹੀ ਅਜਿਹੀ ਹੈ ਕਿ ਇਮਾਨਦਾਰੀ ਲੋਕਾਂ ਨੂੰ ਸਿਸਟਮ ਤੋਂ ਲਾਂਭੇ ਕੀਤਾ ਜਾਵੇ।

ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਧੂਮ ਧੜੱਕੇ ਦੇ ਨਾਂ ਹੇਠ ਰਾਸ਼ਟਰ ਦੇ ‘ਮਸੀਹੇ’ ਦੇ ਹਉਮੈ ਨੂੰ ਹੋਰ ਪੱਠੇ ਪਾਏ ਜਾ ਰਹੇ ਹਨ। ਤੇ ਇਹੋ ਜਿਹੀ ਦਰਸ਼ਨੀ ਦੇਸ਼ਭਗਤੀ ਸਾਹਮਣੇ ਉਦਾਸ ਕਰਨ ਵਾਲੀਆਂ ਕਹਾਣੀਆਂ ਕੌਣ ਸੁਣਨਾ ਚਾਹੇਗਾ? ਫਿਰ ਵੀ ਜੇ ਅਸੀਂ ਇਸ ਉਦਾਸੀ ਨੂੰ ਪ੍ਰਵਾਨ ਕਰਨ ਦੀ ਦਲੇਰੀ ਰੱਖਦੇ ਹਾਂ ਤਾਂ ਸਾਨੂੰ ਆਜ਼ਾਦੀ ਦਾ ਇਕ ਹੋਰ ਸੰਗਰਾਮ ਵਿੱਢਣਾ ਪੈਣਾ ਹੈ ਜੋ ਸਿਆਸੀ-ਸਭਿਆਚਾਰਕ ਨਿਘਾਰ ਤੋਂ ਮੁਕਤੀ ਦਾ ਸੰਗਰਾਮ ਹੋਵੇਗਾ।

*ਲੇਖਕ ਸਮਾਜ ਸ਼ਾਸਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All