ਰੌਂ ਠੀਕ ਹੋਣ ਵਿਚ ਭਲਾ ਕੀ ਲਗਦੈ...

ਰੌਂ ਠੀਕ ਹੋਣ ਵਿਚ ਭਲਾ ਕੀ ਲਗਦੈ...

ਕਰਨੈਲ ਸਿੰਘ ਸੋਮਲ

ਲੰਮੇ ਸਮੇਂ ਤੀਕ ਘਰ ਅੰਦਰ ਰਹਿਣ ਦੀ ਮਜਬੂਰੀ ਸੀ। ਸੰਸਾਰ ਦੇ ਸਮਾਚਾਰ ਪੜ੍ਹਦਿਆਂ-ਸੁਣਦਿਆਂ ਅਤੇ ਬਾਹਰ ਪੱਸਰੇ ਸੰਨਾਟੇ ਨੂੰ ਭਾਂਪਦਿਆਂ ਭਾਵਕ ਦਸ਼ਾ ਦਹਿਲਣ ਵਾਲੀ ਬਣ ਜਾਂਦੀ। ਤਦ ਆਪਣੀ ਰੌਂ ਨੂੰ ਠੀਕ ਕਰਨ ਲਈ ਜੁਗਤਾਂ ਟਟੋਲਣ ਦਾ ਖ਼ਿਆਲ ਆਉਣ ਲੱਗਿਆ। ਸੋਚਿਆ, ਜੋ ਆਪਣੇ ਵੱਸ ਵਿਚ ਹੈ, ਉਹ ਤਾਂ ਕੀਤਾ ਹੀ ਜਾਵੇ।

ਸਵਖਤੇ ਉੱਠਣ ਦੀ ਆਦਤ ਬੜੀ ਰਾਸ ਆਈ। ਸੁਬ੍ਹਾ ਚਾਰ ਵਜੇ ਉੱਠਿਆ। ਘਰ ਦੇ ਸਾਹਮਣੇ ਸੜਕ ਪਾਰ ਦੇ ਬਿਰਛਾਂ ਤੋਂ ਚਿੜੀਆਂ ਦੀ ਮਹੀਨ ‘ਚੂਹ ਚੂਹ’ ਸੁਣਾਈ ਦਿੱਤੀ। ਵਾਹ! ਇਹ ਨਿੱਕੇ ਪੰਛੀ ਰਾਤ ਮੁੱਕਣ ਤੇ ਸੋਹਣੀ ਸਵੇਰ ਦੇ ਆਉਣ ਦੀ ਸੂਹ ਚਹਿਚਹਾ ਕੇ ਦੇ ਰਹੇ ਹਨ। ਅੱਜ ਹੀ ਨਹੀਂ, ਜੁਗੜਿਆਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਅੰਮ੍ਰਿਤ ਵੇਲੇ ਦੇ ਸੁਆਗਤ ਲਈ ਇਸ ਸੰਗੀਤ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ।

ਉੱਪਰ ਅਸਮਾਨ ਵੱਲ ਨਜ਼ਰ ਮਾਰੀ, ਜਿਵੇਂ ਮਨੁੱਖ ਸੋਝੀ ਆਉਣ ਤੋਂ ਪਿੱਛੋਂ ਸਦਾ ਹੀ ਝਾਤ ਮਾਰਦਾ ਆਇਆ ਹੈ। ਕੁਦਰਤ ਦੇ ਮਿਜ਼ਾਜ ਤੇ ਮਨੁੱਖ ਦੀ ਰੌਂ ਸਦਾ ਕੰਘੜੀ ਪਾ ਕੇ ਤੁਰਦੀਆਂ ਆਈਆਂ ਹਨ। ਦੇਖਿਆ, ਆਕਾਸ਼ ਵਿਚ ਤਾਰੇ ਟਿਮਟਿਮਾ ਰਹੇ ਸਨ। ਜੁਗ ਬਦਲਦੇ ਗਏ, ਇਹ ਤਾਰੇ ਨ੍ਹੇਰਿਆਂ ਵਿਚ ਜੁਗਨੂੰਆਂ ਵਾਂਗ ਜਗਮਗ ਜਗਮਗ ਕਰਦੇ ਰਹੇ ਹਨ। ਰਾਤਾਂ ਦੇ ਪਿਆਰੇ ਦ੍ਰਿਸ਼ ਸਿਰਜਣ ਵਿਚ ਇਨ੍ਹਾਂ ਦਾ ਕੋਈ ਸਾਨੀ ਨਹੀਂ।

ਸਮੀਰ ਵਗ ਰਹੀ ਸੀ; ਜਿਵੇਂ ਕੋਈ ਬੰਨੇ ਨੂੰ ਵਾਲ ਝੱਲ ਰਹੀ ਹੋਵੇ। ਤਦੇ ਕੋਇਲ ਦੀ ਅਤਿ ਸੁਰੀਲੀ ਆਵਾਜ਼ ਸਾਝਰੇ ਦੇ ਇਸ ਵਾਤਾਵਰਨ ਨੂੰ ਹੋਰ ਕੀਲਵਾਂ ਬਣਾਉਣ ਲੱਗੀ। ਇੰਨੇ ਨੂੰ ਹੋਰ ਪੰਛੀਆਂ ਦੀਆਂ ਵੰਨ-ਸਵੰਨੀਆਂ ਆਵਾਜ਼ਾਂ ਵੀ ਕੰਨਾਂ ਵਿਚ ਪੈਣ ਲੱਗੀਆਂ। ਬੂਹਿਓਂ ਬਾਹਰ ਨਿਕਲ ਕੇ ਚਾਰ ਕਦਮ ਪੁੱਟੇ, ਕਿਸੇ ਦੇ ਘਰ ਦੇ ਬਾਹਰਵਾਰ ਕਈ ਭਾਂਤ ਦੇ ਫੁੱਲਾਂ ਦੇ ਬੂਟੇ ਲਾਏ ਹੋਏ ਦਿਸ ਪਏ। ਅਗਲੇ ਨੇ ਆਪਣੀ ਸੁਹਜ-ਬਿਰਤੀ ਨੂੰ ਤ੍ਰਿਪਤਾਉਣ ਲਈ ਇਨ੍ਹਾਂ ਬੂਟਿਆਂ ਨੂੰ ਪਾਲਣ ਦੀ ਖੇਚਲ ਕੀਤੀ ਹੋਣੀ ਹੈ।

ਨਿੰਮ੍ਹਾ ਨਿੰਮ੍ਹਾ ਚਾਨਣ ਹੋ ਰਿਹਾ ਸੀ। ਇਸ ਹਲਕੀ ਲੋਅ ਵਿਚ ਇੱਕ ਹੋਰ ਬਿਰਛ ਵੱਲ ਨਜ਼ਰ ਗਈ। ਇਹ ਕੁਝ ਅਰਸਾ ਪਹਿਲਾਂ ਪਤਝੜ ਰੁੱਤੇ ਆਪਣਾ ਪੁਰਾਣਾ ਛਿੱਦਿਆ ਪਹਿਰਨ ਉਤਾਰ ਕੇ ਨਵਾਂ ਪਹਿਨਣ ਲਈ ਤਿਆਰ ਸੀ। ਉਸ ਦੀਆਂ ਦੂਰੋਂ ਸੱਖਣੀਆਂ ਜਾਪਦੀਆਂ ਟਹਿਣੀਆਂ ਉੱਤੇ ਕਰੂੰਬਲਾਂ ਲਰਜ਼ਦੀਆਂ ਦਿੱਸੀਆਂ। ਲੁਸ ਲੁਸ ਕਰਦੀਆਂ ਪੱਤੀਆਂ ਤੋਂ ਊਸ਼ਾ ਦਾ ਨੂਰ ਜਾਣੋਂ ਤਿਲ੍ਹਕ ਤਿਲ੍ਹਕ ਪੈ ਰਿਹਾ ਸੀ। ਇਸ ਦੌਰਾਨ ਵੱਡੇ ਬਿਰਛ ਦੇ ਸਿਖਰ ਉੱਤੇ ਇਸ ਦੀਆਂ ਨਰਮ ਟਹਿਣੀਆਂ ਹੋਰ ਉੱਚਾ ਉੱਠਣ ਦੇ ਚਾਉ ਵਿਚ ਨ੍ਰਿਤ ਕਰਦੀਆਂ ਨਜ਼ਰੀਂ ਪਈਆਂ। ਇਨ੍ਹਾਂ ਉੱਤੇ ਪਹਿਲਾਂ ਨਿੱਕੇ ਪੰਛੀ ਬੈਠ ਕੇ ਗਏ ਸਨ। ਫਿਰ ਬਾਜ਼ ਜਿਹਾ ਵੱਡਾ ਪੰਛੀ ਆ ਬੈਠਿਆ। ਉਹ ਲਿਫਦੀ ਜਾਪਦੀ ਸਭ ਤੋਂ ਉੱਚੀ ਟਹਿਣੀ ਉੱਤੇ ਗ਼ਜ਼ਬ ਦਾ ਸੰਤੁਲਨ ਬਣਾ ਕੇ ਬੈਠ ਗਿਆ। ਉਹ ਇਸ ਉਚਾਈ ਤੋਂ ਸ਼ਾਇਦ ਆਪਣਾ ਸ਼ਿਕਾਰ ਲੱਭ ਰਿਹਾ ਹੋਣੈ।

ਇਹ ਨਜ਼ਾਰੇ ਤੱਕਦਿਆਂ ਮੈਂ ਬਹੁਤ ਹਲਕਾ, ਪ੍ਰਸੰਨ ਤੇ ਉਤਸ਼ਾਹ ਵਿਚ ਮਹਿਸੂਸ ਕਰਨ ਲੱਗਿਆ। ਫਿਰ ਸਮੇਂ ਸਮੇਂ ਅਜ਼ਮਾਈਆਂ ਹੋਰ ਕਈ ਜੁਗਤਾਂ ਵੀ ਜ਼ਿਹਨ ’ਚ ਆਉਣੀਆਂ ਸ਼ੁਰੂ ਹੋਈਆਂ; ਮਸਲਨ, ਮਿਜ਼ਾਜ ਠੀਕ ਨਾ ਹੋਵੇ ਤਾਂ ਕੋਈ ਕੰਮ ਕਰਨ ਲੱਗ ਜਾਣਾ, ਕੋਈ ਚੰਗੀ ਕਿਤਾਬ ਪੜ੍ਹਨ ਲਈ ਚੁੱਕ ਲੈਣੀ, ਕੁਝ ਲਿਖਣ ਦਾ ਯਤਨ ਕਰਨਾ। ਹੋਰ ਨਹੀਂ ਤਾਂ ਚੁਫੇਰੇ ਧੜਕਦੀ ਜ਼ਿੰਦਗੀ ਦੇ ਦਿਲਕਸ਼ ਚਿਤਰ ਚੇਤੇ ਵਿਚ ਸੰਭਾਲ ਲੈਣੇ। ਕਦੇ ਕਦੇ ਬੀਤ ਗਈ ਅਉਧ ਵਿਚੋਂ ਪਿਆਰੇ ਅਨੁਭਵਾਂ ਨੂੰ ਯਾਦ ਕਰਨ ਦਾ ਆਨੰਦ ਲੈਣਾ। ਜ਼ਿੰਦਗੀ ਵਿਚ ਸਬੱਬੀਂ ਮਿਲੇ ਸ਼ਾਨਦਾਰ ਇਨਸਾਨਾਂ ਨੂੰ ਵਧੀਆ ਪੁਸਤਕ ਵਾਂਗ ਮੁੜ ਮੁੜ ਪੜ੍ਹਨ ਦਾ ਯਤਨ ਕਰਨਾ। ਫਿਰ ਕਦੇ ਭਿੱਤ ਵਿਚੋਂ ਬਾਹਰ ਝਾਕਣਾ ਤੇ ਕਦੇ ਆਪਣੇ ਅੰਦਰ ਝਾਤ ਮਾਰ ਲੈਣੀ। ਜਦੋਂ ਵੀ ਚਿੱਤ ਕਰੇ, ਤੁਰ ਪੈਣਾ; ਜੇ ਬਾਹਰ ਨਹੀਂ ਤਾਂ ਘਰ ਦੇ ਅੰਦਰ ਹੀ। ਨਾਲੇ ਹੈਰਾਨ ਹੋਈ ਜਾਣਾ ਕਿ ਲਾਟੂ ਵਾਂਗ ਹਰ ਵਕਤ ਘੁੰਮਦੀ ਰਹਿੰਦੀ ਧਰਤੀ ਉੱਤੇ ਚੱਲਣਾ ਕਿੰਨੇ ਕਮਾਲ ਦੀ ਗੱਲ ਹੈ।

ਇਹ ਤਾਂ ਆਪਣੇ ਆਪ ਨਾਲ ਵਿਚਰਨ ਦੀ ਗੱਲ ਹੈ। ਘਰਦਿਆਂ ਨਾਲ ਮਿਲ ਕੇ ਕੰਮ ਕਰਨਾ, ਫ਼ੁਰਸਤ ਦੇ ਪਲ ਟੱਬਰ ਵਿਚ ਬਿਤਾਉਣੇ। ਕਦੇ ਬੱਚਿਆਂ ਵਾਂਗ ਨਿੱਕੀ ਨਿੱਕੀ ਗੱਲ ਉੱਤੇ ਖਿੜ ਖਿੜ ਹੱਸ ਪੈਣਾ। ਜੀਅ ਨਾ ਲੱਗਣ ਦਾ ਫਿਰ ਕੋਈ ਝੰਜਟ ਨਹੀਂ ਰਹਿੰਦਾ। ਬੰਦਾ ਉਡੂੰ ਉਡੂੰ ਜੋ ਕਰਨ ਲੱਗਦਾ ਹੈ। ਇਵੇਂ ਰੌਂ ਨੂੰ ਰਾਹ ਤੇ ਲਿਆਉਣਾ ਵਾਲ ਵਾਹੁਣ ਤੇ ਕੱਪੜੇ ਦੇ ਵਲ ਕੱਢਣ ਜਿਹਾ ਹੀ ਤਾਂ ਹੋਇਆ।
ਸੰਪਰਕ: 88476-47101

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All