ਇਹ ਕੀ ਸਵਾਲ ਹੋਇਆ !
ਇਕੱਤੀ ਮਾਰਚ ਦੀ ਤਾਰੀਖ਼ ਨੇੜੇ ਆਉਂਦਿਆਂ ਮਨ ਬੀਤੇ ਦੀਆਂ ਯਾਦਾਂ ਵਿੱਚ ਗੁਆਚ ਜਾਂਦਾ ਹੈ। ਸਭ ਤੋਂ ਪਹਿਲਾਂ ਸਕੂਲੀ ਦਿਨ ਚੇਤੇ ਆ ਜਾਂਦੇ ਹਨ ਜਦੋਂ ਸਾਲਾਨਾ ਇਮਤਿਹਾਨਾਂ ਤੋਂ ਬਾਅਦ ਨਤੀਜੇ ਦਾ ਦਿਨ ਇਕੱਤੀ ਮਾਰਚ ਉਡੀਕਣ ਲੱਗਦੇ ਸਾਂ। ਮਿਲੀਆਂ-ਜੁਲੀਆਂ ਭਾਵਨਾਵਾਂ ਤੇ ਵੱਖੋ-ਵੱਖਰੇ...
ਇਕੱਤੀ ਮਾਰਚ ਦੀ ਤਾਰੀਖ਼ ਨੇੜੇ ਆਉਂਦਿਆਂ ਮਨ ਬੀਤੇ ਦੀਆਂ ਯਾਦਾਂ ਵਿੱਚ ਗੁਆਚ ਜਾਂਦਾ ਹੈ। ਸਭ ਤੋਂ ਪਹਿਲਾਂ ਸਕੂਲੀ ਦਿਨ ਚੇਤੇ ਆ ਜਾਂਦੇ ਹਨ ਜਦੋਂ ਸਾਲਾਨਾ ਇਮਤਿਹਾਨਾਂ ਤੋਂ ਬਾਅਦ ਨਤੀਜੇ ਦਾ ਦਿਨ ਇਕੱਤੀ ਮਾਰਚ ਉਡੀਕਣ ਲੱਗਦੇ ਸਾਂ। ਮਿਲੀਆਂ-ਜੁਲੀਆਂ ਭਾਵਨਾਵਾਂ ਤੇ ਵੱਖੋ-ਵੱਖਰੇ ਅਨੁਭਵ ਵਾਲਾ ਦਿਨ ਹੁੰਦਾ ਸੀ। ਇੱਕ ਪਾਸੇ ਜਿੱਥੇ ਸਕੂਲ ਦੀ ਇੱਕ ਜਮਾਤ ਪਾਸ ਕਰਕੇ ਅਗਲੀ ਵਿੱਚ ਜਾਣ ਦੀ ਉਤਸੁਕਤਾ ਹੁੰਦੀ ਸੀ, ਦੂਜੇ ਪਾਸੇ ਇਮਤਿਹਾਨਾਂ ’ਚ ਨੰਬਰ ਮਾਪਿਆਂ ਦੀ ਇੱਛਾ ਤੋਂ ਘੱਟ ਆਉਣ ਦਾ ਡਰ ਵੀ ਸਤਾਉਂਦਾ ਸੀ। ਸਾਝਰੇ ਦਹੀਂ ਦਾ ਚਮਚਾ ਖੁਆ ਕੇ ਸਕੂਲ ਤੋਰਦੀ ਮਾਤਾ ਦੱਬਵੀਂ ਜਿਹੀ ਆਵਾਜ਼ ਵਿੱਚ ਘੱਟ ਨੰਬਰ ਆਉਣ ਉੱਤੇ ਖੜਕੈਂਤੀ ਦੀ ਧਮਕੀ ਵੀ ਦੇ ਦਿੰਦੀ ਸੀ।
ਖ਼ੈਰ, ਕਈਆਂ ਨੂੰ ਪਾਸ ਹੋਣ ਦੀ ਖ਼ੁਸ਼ੀ ਤੇ ਕਿਸੇ ਨੂੰ ਫੇਲ੍ਹ ਹੋਣ ਦਾ ਗ਼ਮ। ਸਭ ਤੋਂ ਵੱਧ ਨੰਬਰ ਲੈਣ ਵਾਲਿਆਂ ਦੀ ਜਮਾਤੀਆਂ ਨਾਲ ਪਹਿਲੇ-ਦੂਜੇ ਸਥਾਨ ਲਈ ਮੁਕਾਬਲੇਬਾਜ਼ੀ। ਚੰਗੇ ਨੰਬਰ ਆਉਣ ਤਾਂ ਉਡੀਕ ਦਾ ਇਹ ਸਮਾਂ ਬੀਤਣ ਵਿੱਚ ਹੀ ਨਹੀਂ ਸੀ ਆਉਂਦਾ ਅਤੇ ਜੇ ਘਰਦਿਆਂ ਦੀ ਆਸ ਤੋਂ ਘੱਟ ਨੰਬਰ ਆ ਜਾਂਦੇ ਤਾਂ ਸਮਾਂ ਗੋਲੀ ਦੀ ਰਫ਼ਤਾਰ ਨਾਲ ਅੱਗੇ ਵਧਦਾ। ਆਥਣ ਤੱਕ ਘਰਦਿਆਂ ਦੇ ਸਾਹਮਣੇ ਆਉਣ ਦਾ ਜਿਗਰਾ ਨਾ ਹੁੰਦਾ। ਜੇ ਪਿਤਾ ਜੀ ਘਰ ਦੇਰੀ ਨਾਲ ਆਉਂਦੇ ਤਾਂ ਝਿੜਕਾਂ ਤੋਂ ਬਚਣ ਲਈ ਸੁਵਖ਼ਤੇ ਹੀ ਸੌਣ ਦਾ ਨਾਟਕ ਕਰਨ ਲੱਗਣਾ।
ਦਸਵੀਂ ਬੋਰਡ ਦੇ ਇਮਤਿਹਾਨ ਹੋਣ ਕਾਰਨ ਅਤੇ ਫਿਰ ਉਚੇਰੀ ਸਿੱਖਿਆ ਦੀਆਂ ਜਮਾਤਾਂ ਵਿੱਚ ਪਹੁੰਚ ਕੇ ਇਕੱਤੀ ਮਾਰਚ ਦੀ ਸਾਰਥਿਕਤਾ ਸਾਡੇ ਲਈ ਘਟਣ ਲੱਗੀ। ਫਿਰ ਸਕੂਲ ਬੋਰਡ, ਕਾਲਜ ਤੇ ਯੂਨੀਵਰਸਿਟੀ ਨਤੀਜੇ ਮਈ-ਜੂਨ ਵਿੱਚ ਆਉਣ ਲੱਗ ਗਏ। ਮੁਹਾਲੀ ਬੋਰਡ ਤੋਂ ਗਜ਼ਟ ਨਤੀਜੇ ਲੈ ਕੇ ਆਉਣ ਵਾਲੇ ਬੁੱਕ ਡਿਪੂਆਂ ਅੱਗੇ ਟੈਂਟ ਵਿੱਚ ਬੈਠ ਕੇ ਨਤੀਜੇ ਉਡੀਕਣ ਲੱਗ ਜਾਣਾ। ਪੰਜ-ਦਸ ਰੁਪਏ ਦੀ ਪਰਚੀ ਕਟਵਾ ਕੇ ਨਤੀਜੇ ਦੇਖਣਾ। ਜਦੋਂ ਮੋਬਾਈਲ ਦੀ ਸ਼ੁਰੂਆਤ ਹੋਈ ਤਾਂ ਬੁੱਕ ਡਿਪੂ ਵਾਲਿਆਂ ਦੇ ਮੁਹਾਲੀ ਤੋਂ ਨਤੀਜਾ ਗਜ਼ਟ ਲੈ ਕੇ ਰਵਾਨਾ ਹੋਣ ਮਗਰੋਂ ਜ਼ਿਆਦਾ ਕਾਹਲਿਆਂ ਨੂੰ ਫੋਨ ਉੱਤੇ ਹੀ ਨਤੀਜਾ ਮਿਲ ਜਾਣਾ। ਪੜ੍ਹਾਈ ਤੋਂ ਬਾਅਦ ਪੱਤਰਕਾਰੀ ਕਰਦਿਆਂ ਇਕੱਤੀ ਮਾਰਚ ਨੂੰ ਜਿੱਥੇ ਸਕੂਲੀ ਨਤੀਜਿਆਂ ਦੀਆਂ ਖ਼ਬਰਾਂ ਕਰਨਾ, ਉੱਥੇ ਇਸ ਦਿਨ ਟੁੱਟਦੇ ਸ਼ਰਾਬ ਦੇ ਠੇਕਿਆਂ ਦੀਆਂ ਵੀ ਖ਼ਬਰਾਂ ਕਰਨਾ। ਸਾਡੇ ਫੋਟੋਗ੍ਰਾਫਰ ਪਵਨ ਸ਼ਰਮਾ ਨੇ ਸਕੂਲ ਗੇਟ ਦੇ ਬਾਹਰ ਖ਼ੁਸ਼ੀ-ਗ਼ਮੀ ਦੇ ਚਿਹਰਿਆਂ ਦੇ ਨਾਲ ਠੇਕਿਆਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ ਦੀਆਂ ਤਸਵੀਰਾਂ ਖਿੱਚਣੀਆਂ। ਆਪਣੇ ਸ਼ਰਾਬ ਦੇ ਟੁੱਟੇ ਠੇਕਿਆਂ ਦਾ ਫ਼ਾਇਦਾ ਉਠਾਉਣ ਵਾਲਿਆਂ ਦੀਆਂ ਝੂਮਦੇ ਹੋਇਆਂ ਦੀਆਂ ਤਸਵੀਰਾਂ ਵੀ ਖਿੱਚੀਆਂ ਜਾਂਦੀਆਂ। ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਅਜਿਹੀਆਂ ਰੀਲਾਂ ਬਹੁਤ ਵਾਇਰਲ ਹੁੰਦੀਆਂ। ਅਖ਼ਬਾਰ ਵਿੱਚ ਡੈਸਕ ਦੀ ਨੌਕਰੀ ਕਰਦਿਆਂ ਇਕੱਤੀ ਮਾਰਚ ਨਾਲ ਸਬੰਧਿਤ ਖ਼ਬਰਾਂ ਨੂੰ ਤਰਜੀਹ ਦੇਣੀ, ਖ਼ਾਸ ਕਰਕੇ ਪੁਲੀਸ ਚਲਾਨ ਦਾ ਕੋਟਾ ਪੂਰਾ ਕਰਨ ਲਈ ਲੱਗਦੇ ਬੇਲੋੜੇ ਨਾਕਿਆਂ ਦੀਆਂ ਖ਼ਬਰਾਂ। ਮੇਰੇ ਨਾਲ ਹੀ ਕਮਰੇ ’ਚ ਰਹਿੰਦਾ ਮੇਰਾ ਜਿਗਰੀ ਦੋਸਤ ਕਰਨ ਸਿੰਘ ਬੈਂਕ ਵਿੱਚ ਨੌਕਰੀ ਕਰਦਾ ਹੋਣ ਕਰਕੇ ਆਪਣੇ ਟੀਚੇ ਪੂਰੇ ਕਰਨ ਲਈ ਇਕੱਤੀ ਮਾਰਚ ਤੱਕ ਪੂਰੀ ਨੱਠ-ਭੱਜ ਕਰਦਾ।
ਲੋਕ ਸੰਪਰਕ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਿਆਂ ਜਦੋਂ ਇਕੱਤੀ ਮਾਰਚ ਆਉਣੀ ਤਾਂ ਜਿਨ੍ਹਾਂ ਸਹਿਕਰਮੀਆਂ ਦੀਆਂ ਪਤਨੀਆਂ ਬੈਂਕ ਵਿੱਚ ਨੌਕਰੀ ਕਰਦੀਆਂ ਹਨ, ਉਹ ਆਪਣੀ ਹਮਸਫ਼ਰ ਦੇ ਰੁਝੇਵਿਆਂ ਭਰੇ ਰੁਟੀਨ ਦੇ ਦੁੱਖੜੇ ਰੋਂਦੇ। ਜੇ ਇਕੱਤੀ ਮਾਰਚ ਨੂੰ ਕੋਈ ਸਰਕਾਰੀ ਛੁੱਟੀ ਜਾਂ ਐਤਵਾਰ ਵੀ ਆ ਜਾਣਾ ਤਾਂ ਵੀ ਬੈਂਕ ਵਰਕਿੰਗ ਹੁੰਦੇ। ਛੋਟੇ ਹੁੰਦਿਆਂ ਜਦੋਂ ਕਿਤੇ ਅਖ਼ਬਾਰ ਵਿੱਚ ਵਿੱਤੀ ਵਰ੍ਹਾ ਪੜ੍ਹਨਾ ਜਿਵੇਂ 1990-91 ਤਾਂ ਉਦੋਂ ਘਰਦਿਆਂ ਨੂੰ ਪੁੱਛਣਾ ਕਿ ਇਹ ਦੋ ਸਾਲ ਇਕੱਠੇ ਕਿਉਂ ਲਿਖੇ ਹਨ ਤਾਂ ਉਨ੍ਹਾਂ ਪਹਿਲੀ ਅਪਰੈਲ ਤੋਂ ਇਕੱਤੀ ਮਾਰਚ ਤੱਕ ਵਿੱਤੀ ਵਰ੍ਹਾ ਹੋਣ ਦੀ ਗੱਲ ਆਖਣਾ। ਹੁਣ ਇਸ ਵਿੱਤੀ ਵਰ੍ਹੇ ਦਾ ਪ੍ਰੈਕਟੀਕਲ ਤੌਰ ਉੱਤੇ ਪਤਾ ਲੱਗਣ ਲੱਗਾ।
ਸਰਕਾਰੀ ਨੌਕਰੀ ਦੌਰਾਨ ਜਦੋਂ ਇਕੱਤੀ ਮਾਰਚ ਆਉਂਦੀ ਹੈ ਤਾਂ ਵਿੱਤੀ ਵਰ੍ਹੇ ਦੀ ਸੰਪੂਰਨਤਾ ਉੱਤੇ ਕੰਮ ਸਮੇਟਣ ਲਈ ਜਿੱਥੇ ਦਫ਼ਤਰੀ ਸਟਾਫ਼ ਦੀਆਂ ਛੁੱਟੀਆਂ ਰੱਦ ਕਰ ਕੇ ਕੰਮ ਨਿਬੇੜਿਆ ਜਾਂਦਾ ਹੈ, ਉੱਥੇ ਮਾਰਚ ਦੇ ਅਖ਼ੀਰਲੇ ਦਿਨਾਂ ਦੀਆਂ ਛੁੱਟੀਆਂ ਅਤੇ ਸ਼ਨਿਚਰਵਾਰ-ਐਤਵਾਰ ਨੂੰ ਵੀ ਦਫ਼ਤਰ ਲਗਾਇਆ ਜਾਂਦਾ ਹੈ। ਸਰਕਾਰੀ ਦਫ਼ਤਰਾਂ ਵਿੱਚ ਕਿਧਰੇ ਬਜਟ ਖ਼ਤਮ ਹੋਣ ਦਾ ਡਰ, ਕਿਧਰੇ ਬਚੇ ਬਜਟ ਨੂੰ ਖ਼ਰਚਣ ਲਈ ਵਿੱਤੀ ਪ੍ਰਵਾਨਗੀਆਂ ਤੇ ਬਿੱਲ ਜਮ੍ਹਾਂ ਕਰਵਾਉਣ ਦਾ ਡਰ। ਸਾਡੇ ਵਰਗਾ ਕੋਈ ਐੱਲ.ਟੀ.ਸੀ. ਉੱਪਰ ਗਿਆ ਹੁੰਦਾ ਤਾਂ ਉਸ ਨੂੰ ਕੈਸ਼ ਕਰਵਾਉਣ ਲਈ ਖ਼ਜ਼ਾਨੇ ਬਿੱਲ ਜਮ੍ਹਾਂ ਕਰਵਾਉਣ ਦੀ ਭੱਜ-ਦੌੜ। ਮੈਡੀਕਲ ਬਿੱਲ ਕਲੀਅਰ ਕਰਵਾਉਣ ਵਾਲਿਆਂ ਨੂੰ ਆਪਣਾ ਡਰ ਸਤਾਉਂਦਾ ਕਿ ਜੇ ਇਕੱਤੀ ਮਾਰਚ ਟੱਪ ਗਈ ਤਾਂ ਫਿਰ ਚਾਰਾਜੋਈ ਕਰਨੀ ਪਵੇਗੀ। ਉੱਪਰੋਂ ਜੇ ਕਿਸੇ ਬਿੱਲ ਉੱਪਰ ਇਤਰਾਜ਼ ਲੱਗ ਜਾਣਾ ਤਾਂ ਹੋਰ ਭੱਜ-ਨੱਠ। ਇਕੱਤੀ ਮਾਰਚ ਤੱਕ ਘੜੀ ਦੀਆਂ ਸੂਈਆਂ ਵਾਂਗ ਦਿਨ ਤੇਜ਼ੀ ਨਾਲ ਲੰਘਣੇ।
ਇਕੱਤੀ ਮਾਰਚ ਤੋਂ ਅਗਲਾ ਦਿਨ ਪਹਿਲੀ ਅਪਰੈਲ ਹਾਸਿਆਂ-ਠੱਠਿਆਂ ਦਾ ਦਿਨ ਹੁੰਦਾ ਹੈ, ਜਿਸ ਦਿਨ ਦੋਸਤਾਂ ਨੂੰ ਮਜ਼ਾਹੀਆ ਅੰਦਾਜ਼ ਵਿੱਚ ਮੂਰਖ ਵੀ ਬਣਾਇਆ ਜਾਂਦਾ ਹੈ। ਇਸ ਕਰਕੇ ਇਸ ਨੂੰ ਅਪਰੈਲ ਫੂਲ ਡੇਅ (ਮੂਰਖ ਦਿਵਸ) ਵੀ ਆਖਿਆ ਜਾਂਦਾ ਹੈ। ਪੱਕਾ ਤਾਂ ਪਤਾ ਨਹੀਂ, ਸ਼ਾਇਦ ਇਸ ਦਿਨ ਨੂੰ ਮਨਾਉਣ ਦਾ ਰਿਵਾਜ ਇਕੱਤੀ ਮਾਰਚ ਦੇ ਥਕੇਵਿਆਂ ਨੂੰ ਦੂਰ ਕਰਨ ਲਈ ਪਿਆ ਹੋਵੇ। ਬੈਂਕਾਂ ਵਿੱਚ ਤਾਂ ਪਹਿਲੀ ਅਪਰੈਲ ਨੂੰ ਉਚੇਚੇ ਤੌਰ ਉੱਤੇ ਛੁੱਟੀ ਹੁੰਦੀ ਹੈ। ਘੜੀ ਪਲ, ਦਿਨ, ਹਫ਼ਤੇ, ਮਹੀਨੇ ਤੇ ਸਾਲ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਸੂਚਕ ਹਨ। ਸਾਲ ਬੀਤਦੇ ਜਾਂਦੇ ਹਨ ਅਤੇ ਜੋ ਵਰਤਮਾਨ ਸਮਾਂ ਔਖੇ ਪਲਾਂ ਵਿੱਚ ਕੱਢਿਆ ਹੁੰਦਾ ਹੈ ਅਤੇ ਉਹ ਬਹੁਤ ਰੁਝੇਵਿਆਂ ਭਰਿਆ ਲੱਗਦਾ ਹੈੇ ਜਦੋਂ ਉਹ ਬੀਤ ਜਾਂਦਾ ਹੈ ਤਾਂ ਲੰਮੇ ਸਮੇਂ ਬਾਅਦ ਉਹ ਸਿਰਫ਼ ਤਜਰਬੇ ਵਰਗਾ ਹੁੰਦਾ ਹੈ। ਬੀਤੇ ਦੀਆਂ ਯਾਦਾਂ ਨੂੰ ਚੇਤੇ ਕਰਦਿਆਂ ਹਰ ਬੀਤਿਆ ਪਲ ਇੱਕ ਯਾਦ ਹੀ ਹੁੰਦਾ ਹੈ। ਜਿਵੇਂ ਇਕੱਤੀ ਮਾਰਚ ਦੇ ਨਤੀਜੇ ਵਾਲਾ ਦਿਨ ਤਣਾਅ ਵਾਲਾ ਹੁੰਦਾ ਸੀ, ਉਹ ਅੱਜ ਯਾਦ ਕਰਦਿਆਂ ਸੁਖਾਵਾਂ ਜਿਹਾ ਹੀ ਲੱਗਦਾ ਹੈ।
ਅੱਜਕੱਲ੍ਹ ਨਿੱਜੀ ਸਕੂਲ ਨਤੀਜੇ ਇਕੱਤੀ ਮਾਰਚ ਤੋਂ ਪਹਿਲਾਂ ਹੀ ਐਲਾਨ ਦਿੰਦੇ ਹਨ। ਇਸ ਵਾਰ ਨਤੀਜੇ ਵਾਲੇ ਦਿਨ ਮੇਰੀ ਬੇਟੀ ਜਦੋਂ ਸਕੂਲੋਂ ਆਈ ਤਾਂ ਉਸ ਦੀ ਨਾਨੀ ਨੇ ਪੁੱਛਿਆ, “ਗੁਲਨਾਜ਼ ਪਾਸ ਹੋ ਗਈ?” ਅੱਗਿਓਂ ਉਹ ਬੋਲੀ, “ਨਾਨੀ, ਇਹ ਕੀ ਸਵਾਲ ਹੋਇਆ!” ਦਰਅਸਲ, ਸਾਡੇ ਸਮਿਆਂ ਵਿੱਚ ਨਤੀਜਾ ਦੇਖਣ ਵਾਲੇ ਦਿਨ ਪਾਸ-ਫੇਲ੍ਹ ਦੀ ਚਿੰਤਾ ਹੁੰਦੀ ਸੀ, ਪਰ ਅੱਜ ਦੇ ਨਿਆਣੇ ਅੰਕ ਦੇਖਣ ਜਾਂਦੇ ਹਨ। ਉਹ ਵੀ 90 ਜਾਂ 95 ਫ਼ੀਸਦੀ। ਅਗਲੀ ਜਮਾਤ ਦੀਆਂ ਕਿਤਾਬਾਂ ਪਹਿਲਾਂ ਹੀ ਖਰੀਦ ਲੈਂਦੇ ਹਨ, ਪਹਿਲਾਂ ਨਤੀਜਾ ਦੇਖਣ ਤੋਂ ਬਾਅਦ ਹੀ ਖ਼ਰੀਦਦੇ ਸਨ। ਸਾਨੂੰ ਨਵੀਆਂ ਕਿਤਾਬਾਂ ਖ਼ਰੀਦਣ ਅਤੇ ਜਿਲਦਾਂ ਚੜ੍ਹਾਉਣ ਦਾ ਵੱਖਰਾ ਹੀ ਚਾਅ ਹੁੰਦਾ ਸੀ।
ਸੰਪਰਕ: 97800-36216

