ਘਾਲਣਾ

ਘਾਲਣਾ

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

“ਅੱਜ ਤਾਂ ਨਾਲ ਲੈ ਕੇ ਈ ਜਾਣਾ। ਕੋਈ ਬਹਾਨਾ ਨਹੀਂ ਚੱਲਣਾ।” ਇਹ ਕਹਿੰਦਿਆਂ ਚਾਰੇ ਮਿੱਤਰ ਘਰ ਆਣ ਵੜੇ। ਮੈਂ ਹਰ ਵਾਰ ਉਨ੍ਹਾਂ ਨਾਲ ਜਾਣ ਤੋਂ ਟਾਲਾ ਵੱਟ ਜਾਂਦਾ ਸੀ; ਅੱਜ ਜਾਪਦਾ ਸੀ, ਉਹ ਤਿਆਰੀ ਨਾਲ ਆਏ ਸਨ। ਇੱਕ ਨੇ ਕਿਹਾ, “ਆਪਾਂ ਤੇਰੇ ਨਾਨਕਿਆਂ ਕੋਲ ਈ ਜਾਣਾ, ਆਉਂਦੇ ਹੋਏ ਉਧਰ ਵੀ ਮਿਲ ਆਵਾਂਗੇ।”

ਪਹਿਲਾਂ ਤਾਂ ਮੈਂ ਨਾਂਹ ਨੁੱਕਰ ਕਰਦਾ ਰਿਹਾ, ਫਿਰ ਖਿਆਲ ਆਇਆ ਕਿ ਮਾਮੀ ਨੂੰ ਪਿਛਲੇ ਸਾਲ ਮਿਲਿਆ ਨਹੀਂ ਗਿਆ, ਉਹਦਾ ਕਢਾਈ ਵਾਲਾ ਸੂਟ ਵੀ ਲਿਆਂਦਾ ਪਿਆ, ਬਹਾਨੇ ਨਾਲ ਦੇ ਆਵਾਂਗਾ।” ਚਾਹ ਪੀ ਕੇ ਅਸੀਂ ਚਾਲੇ ਪਾ ਲਏ। ਇਨ੍ਹਾਂ ਮਿੱਤਰਾਂ ਨੇ ਮਿਲ ਕੇ ਲੋਕ ਭਲਾਈ ਦਾ ਕੰਮ ਛੇੜਿਆ ਹੋਇਆ। ਇਹ ਲੋੜਵੰਦ ਬੱਚੇ ਦੀ ਪੜ੍ਹਾਈ ਲਈ ਮਦਦ ਕਰਦੇ ਹਨ। ਜਦੋਂ ਕੋਈ ਅਜਿਹਾ ਪਰਿਵਾਰ ਦੁੱਖ-ਸੁੱਖ ਵੇਲੇ ਇਨ੍ਹਾਂ ਨੂੰ ਹਾਕ ਮਾਰਦਾ, ਇਹ ਆਪਣਾ ਕੰਮ ਛੱਡ ਕੇ ਉਥੇ ਜ਼ਰੂਰ ਜਾਂਦੇ ਨੇ। ਕਾਰ ਵਿਚ ਬੈਠੇ ਅਸੀਂ ਉਸ ਪਰਿਵਾਰ ਬਾਰੇ ਗੱਲਾਂ ਕਰਨ ਲੱਗੇ ਜਿਸ ਨੇ ਸਾਨੂੰ ਸੱਦਿਆ ਸੀ।

ਦਰਅਸਲ ਇਸ ਪਰਿਵਾਰ ਦੀ ਧੀ ਦਾ ਵਿਆਹ ਸੀ। ਮੇਰਾ ਇੱਕ ਮਿੱਤਰ ਪਰਿਵਾਰ ਨੂੰ ਜਾਣਦਾ ਸੀ। ਉਸ ਦੇ ਕਹਿਣ ਤੇ ਬਾਕੀਆਂ ਨੇ ਇਸ ਕੁੜੀ ਦੀ ਪੜ੍ਹਨ ਵਿਚ ਮਦਦ ਲਈ ਹਾਮੀ ਭਰੀ ਸੀ। ਪਿੰਡ ਦੇ ਬਾਹਰਵਾਰ ਘਰ ਸੀ। ਘਰ ਦੇ ਅੱਗੇ ਹੀ ਸੜਕ ਦੇ ਦੂਜੇ ਪਾਸੇ ਖਾਲੀ ਥਾਂ ਵਿਚ ਟੈਂਟ ਲੱਗਿਆ ਹੋਇਆ ਸੀ। ਅਸੀਂ ਸਭ ਨੂੰ ਹੱਥ ਜੋੜਦੇ ਦਰੱਖਤ ਹੇਠਾਂ ਪਏ ਮੰਜਿਆਂ ਤੇ ਜਾ ਬੈਠੇ। ਅਜੇ ਗੱਲਾਂ ਕਰ ਰਹੇ ਸਾਂ ਕਿ ਦੋ ਜਣੇ ਸਾਡੇ ਕੋਲ ਆਣ ਖੜ੍ਹੇ ਹੋਏ, “ਆਓ ਪਹਿਲਾਂ ਚਾਹ ਛਕੋ ਜੀ।” ਉਨ੍ਹਾਂ ਸਾਡੇ ਮਿੱਤਰ ਨੂੰ ਪਛਾਣ ਲਿਆ ਸੀ। ਉਹ ਆਖਣ ਲੱਗਿਆ, “ਕੋਈ ਨੀ, ਅਜੇ ਬਰਾਤ ਨੂੰ ਆ ਲੈਣ ਦਿਓ, ਫਿਰ ਚਾਹ ਪੀ ਲੈਂਦੇ ਆਂ।”

ਬਰਾਤ ਆ ਗਈ। ਅਸੀਂ ਆਪਸ ਵਿਚ ਗੱਲਾਂ ਕਰਦੇ ਰਹੇ। ਸਾਡੇ ਕੋਲ ਮੰਜਿਆਂ ਤੇ ਹੋਰ ਜਣੇ ਵੀ ਆਣ ਬੈਠੇ। ਇੱਕ ਮੰਜੇ ਉਤੇ ਭਾਰੀ ਜਿਹੀ ਔਰਤ ਬੈਠੀ ਸੀ ਤੇ ਸਾਡੇ ਵੱਲ ਦੇਖੀ ਜਾ ਰਹੀ ਸੀ, ਸ਼ਾਇਦ ਕਿਸੇ ਨੂੰ ਪਛਾਣ ਰਹੀ ਹੋਵੇ! ਫਿਰ ਉਹ ਸੋਟੀ ਫੜ ਕੇ ਹੌਲੀ ਹੌਲੀ ਤੁਰਦੀ ਸਾਡੇ ਮੰਜੇ ਦੇ ਸਾਹਮਣੇ ਆਣ ਬੈਠੀ। ਸਾਡੇ ਕੋਲੋਂ ਪਿੰਡਾਂ ਬਾਰੇ ਪੁੱਛਣ ਲੱਗ ਪਈ, ਛੇਤੀ ਹੀ ਉਹਨੇ ਸਾਡੇ ਪਿੰਡ ਦੋ ਰਿਸ਼ਤੇਦਾਰੀਆਂ ਕੱਢ ਲਈਆਂ।

ਚਾਹ ਪੀਣ ਮਗਰੋਂ ਅਸੀਂ ਕੁੜੀ ਵਾਲੇ ਪਰਿਵਾਰ ਨੂੰ ਮਿਲੇ ਤੇ ਸ਼ਗਨ ਦੇ ਕੇ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਜ਼ੋਰ ਪਾਇਆ, “ਖਾਣਾ ਖਾ ਕੇ ਜਾਇਓ।” ਅਸੀਂ ਨਾਂਹ ਕਰਦੇ ਰਹੇ ਪਰ ਵਿਆਂਦ੍ਹੜ ਕੁੜੀ ਦੇ ਕਹਿਣ ਤੇ ਅਸੀਂ ਥੋੜ੍ਹਾ ਚਿਰ ਹੋਰ ਰੁਕਣ ਲਈ ਮੰਨ ਗਏ। ਥੋੜ੍ਹੇ ਚਿਰ ਬਾਅਦ ਦੋਵੇਂ ਪਰਿਵਾਰ ਅਨੰਦ ਕਾਰਜ ਲਈ ਗੁਰਦੁਆਰੇ ਚਲੇ ਗਏ।

ਅਸੀਂ ਲੱਤਾਂ ਸਿੱਧੀਆਂ ਕਰਨ ਦੇ ਬਹਾਨੇ ਪਿੰਡ ਗੇੜਾ ਮਾਰਨ ਲਈ ਤੁਰ ਪਏ। ਫਿਰਨੀ ਦੇ ਨਾਲ ਨਾਲ ਕਈ ਥਾਈਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਪਿੰਡ ਬਹੁਤਾ ਵੱਡਾ ਨਹੀਂ ਸੀ। ਕਈ ਘਰ ਅਜੇ ਵੀ ਗਾਰੇ ਦੀ ਚਿਣਾਈ ਵਾਲੇ ਸਨ। ਤਿੰਨ-ਚਾਰ ਧਾਰਮਿਕ ਸਥਾਨ ਦਿਖਾਈ ਦਿੱਤੇ ਪਰ ਸਕੂਲ ਇੱਕ ਹੀ ਸੀ, ਉਹ ਵੀ ਪ੍ਰਾਇਮਰੀ ਤੱਕ। ਪਿੰਡ ਉੱਤੋਂ ਦੀ ਘੁੰਮਦੇ ਅਸੀਂ ਫਿਰ ਮੰਜਿਆਂ ਤੇ ਆਣ ਬੈਠੇ ਅਤੇ ਸਾਹਮਣੇ ਬੈਠੇ ਬੰਦਿਆਂ ਨੂੰ ਪਿੰਡ ਬਾਰੇ ਪੁੱਛਣ ਲੱਗੇ। ਕੋਲ ਬੈਠਾ ਸੱਜਣ ਕਹਿਣ ਲੱਗਿਆ, “ਸਾਹਮਣੇ ਸਰਪੰਚ ਬੈਠਾ, ਉਹ ਦੱਸ ਸਕਦਾ ਸਭ ਕੁਝ।” ਨਾਲ ਹੀ ਉਹਨੇ ਸਰਪੰਚ ਨੂੰ ਕੋਲ ਸੱਦ ਲਿਆ। ਗੱਲਾਂ ਚੱਲ ਪਈਆਂ, ਸਾਡੇ ਵਿਚੋਂ ਇੱਕ ਜਣਾ ਬੋਲਿਆ, “ਸਰਪੰਚ ਸਾਬ੍ਹ, ਪਿੰਡ ਵਿਚ ਧਾਰਮਿਕ ਸਥਾਨ ਤਾਂ ਕਈ ਨੇ ਪਰ ਸਕੂਲ ਪ੍ਰਾਇਮਰੀ ਤੱਕ ਹੀ ਐ?” ਸਰਪੰਚ ਕਹਿੰਦਾ, “ਬੱਸ ਹੁਣ ਪ੍ਰਾਇਮਰੀ ਸਕੂਲ ਵੱਡਾ ਹੋਣ ਲੱਗਿਆ, ਨੇੜੇ ਹੀ ਇਮਾਰਤ ਬਣ ਰਹੀ ਐ। ਬਾਕੀ ਧਾਰਮਿਕ ਸਥਾਨ ਸ਼ਰਧਾ ਕਰਕੇ ਬਣੇ ਆ।”

“ਪਿੰਡ ਵਿਚ ਵੱਡਾ ਸਕੂਲ ਨਾ ਹੋਣ ਦੇ ਬਾਵਜੂਦ ਵਿਆਹ ਵਾਲੀ ਕੁੜੀ ਐਨਾ ਕਿਵੇਂ ਪੜ੍ਹ ਗਈ?”

ਸਰਪੰਚ ਆਖਣ ਲੱਗਿਆ, “ਅਹੁ ਜਿਹੜੀ ਸੋਟੀ ਵਾਲੀ ਔਰਤ ਹੈ ਨਾ, ਉਹਦਾ ਯੋਗਦਾਨ ਹੈ। ਅਸੀਂ ਸਾਰੇ ਪਿੰਡ ਵਾਸੀ ਉਹਦਾ ਕਰਜ਼ ਨਹੀਂ ਲਾਹ ਸਕਦੇ।” ਅਸੀਂ ਹੈਰਾਨ! ਸਾਦੇ ਕੱਪੜਿਆਂ ਵਿਚ ਬੈਠੀ ਬੀਬੀ ਨਾ ਬਹੁਤੀ ਪੜ੍ਹੀ ਲਿਖੀ ਜਾਪਦੀ ਤੇ ਨਾ ਬਹੁਤੀ ਗੱਲਾਂ ਕਰਨ ਵਾਲੀ!

“ਬੀਬੀ ਪੰਚਾਇਤ ਚ ਕੋਈ ਅਹੁਦੇਦਾਰ ਰਹੀ ਹੈ।”

“ਬੀਬੀ ਕਿਤੇ ਕੋਈ ਅਹੁਦੇਦਾਰ ਨਹੀਂ ਰਹੀ ਪਰ ਜੇ ਉਹ ਨਾ ਹੁੰਦੀ ਤਾਂ ਪਿੰਡ ਦੀਆਂ ਧੀਆਂ ਭੈਣਾਂ ਉਚੇਰੀ ਵਿਦਿਆ ਹਾਸਲ ਨਹੀਂ ਸੀ ਕਰ ਸਕਦੀਆਂ। ਇਹਦੇ ਉਪਰਾਲੇ ਸਦਕਾ ਕੁੜੀਆਂ ਇੱਥੇ ਪੜ੍ਹ ਕੇ ਕਾਲਜਾਂ ਤੱਕ ਅੱਪੜ ਗਈਆਂ; ਨਹੀਂ ਤਾਂ ਕੀਹਦੀ ਮਜਾਲ ਤੀ ਕੋਈ ਆਪਣੀ ਕੁੜੀ ਨੂੰ ਪੜ੍ਹਾ ਲੈਂਦਾ।”

ਮੇਰੀ ਉਤਾਵਲ ਵਧ ਗਈ ਸੀ, “ਸਰਪੰਚ ਸਾਬ੍ਹ, ਬੁਝਾਰਤਾਂ ਨਾ ਪਾਓ, ਅਸਲੀ ਗੱਲ ਦੱਸੋ।” ਸਰਪੰਚ ਨੇ ਬੀਬੀ ਨੂੰ ਹੀ ਹਾਕ ਮਾਰ ਲਈ, ਫਿਰ ਕਹਿਣ ਲੱਗਿਆ, “ਸਾਡੇ ਪਿੰਡ ਪ੍ਰਾਇਮਰੀ ਤੱਕ ਹੀ ਸਕੂਲ ਹੈ। ਅਗਲੇਰੀ ਪੜ੍ਹਾਈ ਲਈ ਨਿਆਣਿਆਂ ਨੂੰ ਨਾਲ ਦੇ ਪਿੰਡ ਜਾਣਾ ਪੈਂਦਾ, ਡੇਢ ਕਿਲੋਮੀਟਰ ਦੂਰ। ਮੁੰਡੇ ਤਾਂ ਅੱਗੇ ਪੜ੍ਹਨ ਲਈ ਦੂਜੇ ਪਿੰਡ ਚਲੇ ਜਾਂਦੇ ਸੀ ਪਰ ਕੁੜੀਆਂ ਨੂੰ ਡਰਦਾ ਕੋਈ ਨਾ ਭੇਜਦਾ। ਇਸ ਬੀਬੀ ਨੇ ਕੁੜੀਆਂ ਨੂੰ ਆਪ ਸਕੂਲ ਲੈ ਕੇ ਜਾਣਾ ਤੇ ਛੁੱਟੀ ਵੇਲੇ ਲੈ ਕੇ ਆਉਣਾ। ਤੁਰ ਕੇ। ਕਿਸੇ ਦੀ ਕੀ ਮਜਾਲ ਕਿ ਕੁੜੀਆਂ ਵੱਲ ਖੰਘ ਵੀ ਜਾਵੇ। ਜੇ ਕੋਈ ਭੁੱਲ ਭੁਲੇਖੇ ਅਜਿਹੀ ਗ਼ਲਤੀ ਕਰ ਵੀ ਲੈਂਦਾ ਤਾਂ ਬੀਬੀ ਆਥਣੇ ਉਹਦੇ ਘਰ ਉਲਾਂਭਾ ਲੈ ਕੇ ਪੁੱਜ ਜਾਂਦੀ। ਅਗਲੇ ਦੀ ਖ਼ਾਤਰ ਉਸੇ ਵੇਲੇ ਹੋ ਜਾਂਦੀ। ਕੁੜੀ ਭਾਵੇਂ ਕੋਈ ਸਕੂਲ ਤੋਂ ਛੁੱਟੀ ਕਰ ਲਵੇ ਪਰ ਬੀਬੀ ਨੇ ਕਦੇ ਨਾਗਾ ਨੀ ਪਾਇਆ।... ਜਿਹੜੀ ਕੁੜੀ ਦੇ ਵਿਆਹ ਤੁਸੀਂ ਅੱਜ ਆਏ ਹੋ, ਇਹ ਪਰਿਵਾਰ ਵੀ ਉਹਨੂੰ ਅੱਗੇ ਪੜ੍ਹਾ ਕੇ ਰਾਜ਼ੀ ਨਹੀਂ ਸੀ ਪਰ ਬੀਬੀ ਦੀ ਦਲੇਰੀ ਕਾਰਨ ਸਹਿਮਤ ਹੋ ਗਿਆ।” ਫਿਰ ਸਰਪੰਚ ਭਾਵੁਕ ਹੋ ਗਿਆ, “ਬੀਬੀ ਦੇ ਸਹਾਰੇ ਮੇਰੀਆਂ ਦੋਵੇਂ ਭੈਣਾਂ ਬੀਏ ਕਰ ਗਈਆਂ। ਅੱਜ ਸਰਕਾਰੀ ਨੌਕਰੀ ਕਰ ਰਹੀਆਂ ਨੇ।”

ਅਸੀਂ ਚਾਰੇ ਜਣੇ ਬੀਬੀ ਵੱਲ ਦੇਖ ਰਹੇ ਸਾਂ।

ਅਸੀਂ ਜਾਣ ਦੀ ਇਜਾਜ਼ਤ ਲਈ, ਬੀਬੀ ਦੇ ਪੈਰੀਂ ਹੱਥ ਲਾਏ, ਉਹਨੇ ਸਾਰਿਆਂ ਨੂੰ ਅਸੀਸਾਂ ਦਿੱਤੀਆਂ। ਅਸੀਂ ਕਾਰ ਕੋਲ ਪੁੱਜੇ ਤਾਂ ਮੈਂ ਕਿਹਾ, “ਯਾਰ, ਮਾਮੀ ਵਾਲਾ ਸੂਟ ਬੀਬੀ ਨੂੰ ਦੇ ਦੇਈਏ?” ਸਾਰੇ ਝੱਟ ਸਹਿਮਤ ਹੋ ਗਏ ਪਰ ਬੀਬੀ ਨੇ ਸੂਟ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ, “ਬੀਬੀ, ਅਸੀਂ ਇਹ ਸੂਟ ਉਚੇਚਾ ਨੀ ਲਿਆਏ, ਇਹ ਤਾਂ ਮੈਂ ਆਪਣੀ ਮਾਮੀ ਨੂੰ ਦੇਣਾ ਸੀ ਪਰ ਤੇਰੀ ਘਾਲਣਾ ਮਾਮੀ ਨਾਲੋਂ ਕਿਤੇ ਵੱਧ ਹੈ। ਮਾਮੀ ਨੇ ਤਾਂ ਸਾਨੂੰ ਘਰਦੇ ਦੇ ਸੱਤ ਅੱਠ ਨਿਆਣਿਆਂ ਨੂੰ ਪੜ੍ਹਨ ਵਿਚ ਮਦਦ ਕੀਤੀ, ਤੂੰ ਤਾਂ ਸਾਰੇ ਪਿੰਡ ਦੀਆਂ ਕੁੜੀਆਂ ਪੜ੍ਹਾ ਦਿੱਤੀਆਂ।” ਜ਼ੋਰ ਪਾਉਣ ਤੇ ਉਹਨੇ ਸੂਟ ਲੈ ਕੇ ਮੱਥੇ ਨਾਲ ਲਾ ਲਿਆ।

ਮੈਨੂੰ ਨਾਨਕਿਆਂ ਦਾ ਚੇਤਾ ਆ ਗਿਆ; ਲੋਕ ਦੱਸਦੇ ਹੁੰਦੇ ਸਨ ਕਿ ਪਿੰਡ ਵਿਚ ਮਾਪੇ ਡਰਦੇ ਮਾਰੇ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਸਨ, ਤੇ ਇਉਂ ਮੇਰੀ ਮਾਂ ਵੀ ਅਨਪੜ੍ਹ ਰਹਿ ਗਈ ਸੀ।

ਇਸ ਵਾਕਿਆ ਨੂੰ ਕਈ ਸਾਲ ਬੀਤ ਗਏ ਹਨ ਪਰ ਜਦੋਂ ਵੀ ਕਿਸੇ ਪਿੰਡ ਦੀ ਕੁੜੀ ਕਿਸੇ ਮੁਕਾਬਲੇ ਵਿਚ ਅੱਵਲ ਆਉਂਦੀ ਹੈ ਤਾਂ ਬੀਬੀ ਦੀ ਘਾਲਣਾ ਯਾਦ ਆ ਜਾਂਦੀ ਹੈ।
ਸੰਪਰਕ: 98152-33232

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All