ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ
ਇੰਟਰਨੈੱਟ ਦੀ ਤੇਜ਼ ਹਨੇਰੀ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਹੈ, ਸਾਡੇ ਮਨ ਦੀ ਸ਼ਾਂਤੀ, ਸੁਖ-ਚੈਨ ਅਤੇ ਸਹਿਜ-ਮਤੇ ਨਾਲ ਜ਼ਿੰਦਗੀ ਜਿਊਣ ਦੀ ਤਮੰਨਾ। ਪਰ ਸਭ ਤੋਂ ਕੀਮਤੀ ਚੀਜ਼ ਜਿਹੜੀ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਮਾਰੀ ਹੈ, ਉਹ...
ਇੰਟਰਨੈੱਟ ਦੀ ਤੇਜ਼ ਹਨੇਰੀ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਹੈ, ਸਾਡੇ ਮਨ ਦੀ ਸ਼ਾਂਤੀ, ਸੁਖ-ਚੈਨ ਅਤੇ ਸਹਿਜ-ਮਤੇ ਨਾਲ ਜ਼ਿੰਦਗੀ ਜਿਊਣ ਦੀ ਤਮੰਨਾ। ਪਰ ਸਭ ਤੋਂ ਕੀਮਤੀ ਚੀਜ਼ ਜਿਹੜੀ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਮਾਰੀ ਹੈ, ਉਹ ਹੈ ਚਿੱਠੀ ਲਿਖਣ ਦੀ ਕਲਾ। ਹਾਂ, ਉਹੀ ਚਿੱਠੀ ਜਿਸ ਦੇ ਮੋਹ-ਭਿੱਜੇ ਸ਼ਬਦਾਂ ਰਾਹੀਂ ਅਸੀਂ ਦੂਰ-ਦੁਰਾਡੇ ਬੈਠੇ ਸਾਕ-ਸੰਬੰਧੀਆਂ ਅਤੇ ਮਿੱਤਰ-ਪਿਆਰਿਆਂ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਿਆ ਕਰਦੇ ਸਾਂ ਅਤੇ ਦੂਰ ਰਹਿ ਕੇ ਵੀ ਇੱਕ-ਦੂਜੇ ਦੀ ਨੇੜਤਾ ਦਾ ਨਿੱਘ ਮਾਣਦੇ ਸਾਂ। ਜਦੋਂ ਵੀ ਕਦੇ ਦੂਰੋਂ ਕਿਸੇ ਰਿਸ਼ਤੇਦਾਰ ਦੀ ਚਿੱਠੀ ਆਉਣੀ ਤਾਂ ਘਰ ਵਿੱਚ ਵਿਆਹ ਵਰਗਾ ਚਾਅ ਚੜ੍ਹ ਜਾਣਾ ਅਤੇ ਮਨ ਆਪ-ਮੁਹਾਰੇ ਖ਼ੁਸ਼ੀ ਨਾਲ ਝੂਮ ਉੱਠਣਾ।
ਮੇਰੇ ਨਾਂ ’ਤੇ ਆਈ ਪਹਿਲੀ ਚਿੱਠੀ ਦੀ ਯਾਦ ਅੱਜ ਵੀ ਮੇਰੇ ਮਨ-ਮਸਤਕ ਵਿੱਚ ਤਾਜ਼ਾ ਹੈ। ਇਹ ਚਿੱਠੀ ਮੇਰੇ ਮਾਮੇ ਦੇ ਪੁੱਤਰ, ਮੇਰੇ ਹਮ-ਉਮਰ ਅਤੇ ਗੂੜ੍ਹੇ ਦੋਸਤ ਵੱਲੋਂ ਆਈ ਸੀ। ਡਾਕੀਏ ਦੇ ਮੂੰਹੋਂ ਇਹ ਸੁਣ ਕੇ ਕਿ “ਜਗਰੂਪ ਸਿੰਘ ਵੱਲੋਂ ਚਿੱਠੀ ਆਈ ਐ” ਮੈਂ ਇਕਦਮ ਖ਼ੁਸ਼ੀ ਨਾਲ ਉੱਛਲ ਪਿਆ। ਪਰ ਜਦੋਂ ਇਹ ਪਤਾ ਲੱਗਾ ਕਿ ਚਿੱਠੀ ‘ਬਰੰਗ’ (ਬਿਨਾਂ ਟਿਕਟ) ਹੈ ਅਤੇ ਇਸ ਨੂੰ ਛੁਡਵਾਉਣ ਲਈ 40 ਪੈਸੇ ਦੇਣੇ ਪੈਣਗੇ ਤਾਂ ਮੇਰੀ ਖ਼ੁਸ਼ੀ ਕਾਫ਼ੂਰ ਹੋ ਗਈ। ਉਦੋਂ ਜੇਬ ਖ਼ਰਚ ਵੀ ਮਸਾਂ ਪੰਜ-ਦਸ ਪੈਸੇ ਮਿਲਦੇ ਸਨ, ਇਸ ਲਈ ਚਾਲੀ ਪੈਸੇ ਦੇ ਕੇ ਚਿੱਠੀ ਛੁਡਵਾਉਣੀ ਮੇਰੇ ਵੱਸ ਦਾ ਰੋਗ ਨਹੀਂ ਸੀ। ਖ਼ੈਰ, ਚਿੱਠੀ ਤਾਂ ਛੁਡਵਾ ਲਈ ਪਰ ਚਿੱਠੀ ਦੇ ਸੁਆਦ ਦੇ ਨਾਲ-ਨਾਲ ਮੈਨੂੰ ਬਾਪੂ ਦੀਆਂ ਝਿੜਕਾਂ ਦਾ ਸੁਆਦ ਵੀ ਚੱਖਣਾ ਪਿਆ। ਇੱਕ ਦੁਖਿਆਰੀ ਮਾਂ ਵੱਲੋਂ ਆਪਣੇ ਫ਼ੌਜੀ ਪੁੱਤ ਨੂੰ ਲਿਖਵਾਈ ਚਿੱਠੀ ਵੀ ਮੇਰੀਆਂ ਯਾਦਾਂ ਦੀ ਪਿਟਾਰੀ ਦਾ ਇੱਕ ਅਣਮੁੱਲਾ ਹੀਰਾ ਹੈ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਦੀ ਸਤਾਈ ਮਾਤਾ ਭਗਵਾਨ ਕੌਰ ਦਾ ਇਕਲੌਤਾ ਪੁੱਤਰ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਪੁੱਤਰ ਦੇ ਵਿਯੋਗ ਵਿੱਚ ਮਾਂ ਅੰਦਰੇ-ਅੰਦਰ ਰੋਂਦੀ ਰਹਿੰਦੀ ਸੀ ਪਰ ਉਸ ਨੇ ਕਦੇ ਵੀ ਆਪਣਾ ਦਰਦ ਜ਼ੁਬਾਨ ’ਤੇ ਨਹੀਂ ਸੀ ਲਿਆਂਦਾ। ਮਾਤਾ ਅਨਪੜ੍ਹ ਸੀ ਇਸ ਲਈ ਚਿੱਠੀ ਲਿਖਵਾਉਣ ਲਈ ਉਹ ਅਕਸਰ ਮੇਰੇ ਕੋਲ ਆਉਂਦੀ ਹੁੰਦੀ ਸੀ। ਚਿੱਠੀ ਵਾਲਾ ਲਿਫ਼ਾਫ਼ਾ ਮੇਰੇ ਹੱਥ ਫੜਾਉਂਦਿਆਂ ਉਹ ਕਹਿੰਦੀ “ਆਹ ਲੈ ਪੁੱਤ! ਚਿੱਠੀ ਲਿਖਦੇ ਮੇਰੇ ਫ਼ੌਜੀ ਪੁੱਤ ਨੂੰ।” ਤੇ ਨਾਲ ਹੀ ਉਸ ਨੇ ਬੋਲਣਾ ਸ਼ੁਰੂ ਕਰ ਦੇਣਾ “ਲਿਖ ਦੇ ਪੁੱਤ, ਮੈਂ ਇੱਥੇ ਰਾਜ਼ੀ-ਬਾਜ਼ੀ ਹਾਂ ਤੇ ਤੇਰੀ ਸੁੱਖ-ਸਾਂਦ ਵਾਸਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀ ਹਾਂ। ਤੇਰੀ ਚਿੱਠੀ ਮਿਲ ਗਈ ਸੀ ਪੁੱਤ ਤੇ ਨਾਲੇ ਤੇਰੇ ਵੱਲੋਂ ਘੱਲੇ ਪੈਸੇ ਵੀ ਮਿਲ ਗਏ ਸਨ। ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਤੇ ਤੇਰੀ ਕਮਾਈ ਵਿੱਚ ਬਰਕਤਾਂ ਪਾਵੇ। ਤੂੰ ਮੇਰਾ ਝੋਰਾ ਨਾ ਕਰਿਆ ਕਰ। ਪਿੰਡ ਵਾਲੇ ਮੇਰਾ ਬਹੁਤ ਖ਼ਿਆਲ ਰੱਖਦੇ ਨੇ। ਮੈਂ ਤਾਂ ਕਦੇ ਰੋਟੀ ਵੀ ਆਪ ਨਹੀਂ ਪਕਾਈ, ਆਂਢ-ਗੁਆਂਢ ਵਾਲੀਆਂ ਰੋਟੀ ਦੇ ਜਾਂਦੀਆਂ ਨੇ। ਚਿੱਠੀ ਛੇਤੀ ਪਾ ਦਿਆ ਕਰ ਪੁੱਤ, ਤੇਰੀ ਚਿੱਠੀ ਤਾਂ ਮੇਰੇ ਲਈ ਰੱਬ ਵਰਗਾ ਆਸਰਾ ਹੁੰਦੀ ਐ। ਇਉਂ ਲੱਗਦੈ ਜਿਵੇਂ ਤੂੰ ਆਪ ਹੀ ਮੈਨੂੰ ਮਿਲਣ ਆ ਗਿਆ ਹੋਵੇਂ।” ਤੇ ਇਸ ਤਰ੍ਹਾਂ ਉਸ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਮੁੱਕਣ ਦਾ ਨਾਂ ਨਹੀਂ ਸਨ ਲੈਂਦੀਆਂ। ਉਸ ਨੇ ਕਦੇ ਕੋਈ ਫ਼ਿਕਰ ਵਾਲੀ ਗੱਲ ਨਹੀਂ ਸੀ ਲਿਖਵਾਈ। ਸਗੋਂ ਉਹ ਕਿਹਾ ਕਰਦੀ ਸੀ, “ਫ਼ਿਕਰ ਵਾਲੀ ਗੱਲ ਕਾਹਨੂੰ ਲਿਖਣੀ ਐ ਪੁੱਤ! ਆਪਾਂ ਤਾਂ ਇੱਥੇ ਸਾਰੇ ਹੈਗੇ ਆਂ ਦੁੱਖ-ਸੁਖ ਫੋਲਣ ਲਈ, ਉਹ ਪਰਦੇਸੀਂ ਬੈਠਾ ਕਿਸ ਨਾਲ ਦੁੱਖ ਸਾਂਝੇ ਕਰੂਗਾ?”
ਇੱਕ ਹੋਰ ਖ਼ਤ ਏਅਰਫੋਰਸ ਵਿੱਚ ਨੌਕਰੀ ਕਰਦੇ ਮੇਰੇ ਜੀਜਾ ਜੀ ਵੱਲੋਂ ਆਇਆ ਸੀ। ਇਸ ਖ਼ਤ ਨੇ ਸਾਰੇ ਘਰ ਵਿੱਚ ਤਰਥੱਲੀ ਜਿਹੀ ਮਚਾ ਦਿੱਤੀ ਸੀ। ਅਸਲ ਵਿੱਚ ਅਸੀਂ ਉਨ੍ਹਾਂ ਦਿਨਾਂ ਵਿੱਚ ਜੀਜਾ ਜੀ ਦੇ ਛੁੱਟੀ ਆਉਣ ਦੀ ਉਡੀਕ ਬੜੀ ਬੇਸਬਰੀ ਨਾਲ ਕਰ ਰਹੇ ਸਾਂ ਪਰ ਜੀਜਾ ਜੀ ਨੇ ਚਿੱਠੀ ਵਿੱਚ ਲਿਖ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਛੁੱਟੀ ਨੌਂ ਮਹੀਨਿਆਂ ਬਾਅਦ ਮਿਲੇਗੀ। ਚਿੱਠੀ ਪੜ੍ਹ ਕੇ ਸਾਰਾ ਪਰਿਵਾਰ ਹੀ ਡੂੰਘੀ ਚਿੰਤਾ ਵਿੱਚ ਡੁੱਬ ਗਿਆ। ਪਰ ਸਭ ਤੋਂ ਮਾੜਾ ਹਾਲ ਮੇਰੀ ਭੈਣ ਦਾ ਸੀ। ਉਹ ਆਨੇ-ਬਹਾਨੇ ਕਦੇ ਘਰ ਦੀ ਇੱਕ ਨੁੱਕਰ ਵਿੱਚ ਅਤੇ ਕਦੇ ਦੂਜੀ ਨੁੱਕਰ ਵਿੱਚ ਬੈਠ ਕੇ ਹੰਝੂ ਕੇਰਦੀ। ਇੱਕ ਦਿਨ ਉਹ ਮੈਨੂੰ ਨਾਲ ਲੈ ਕੇ ਛੱਤ ’ਤੇ ਜਾ ਬੈਠੀ। ਉਸ ਨੇ ਮੇਰੇ ਹੱਥ ਇੱਕ ਲਿਫ਼ਾਫ਼ਾ ਫੜਾਇਆ ਤੇ ਕਿਹਾ “ਵੀਰ ਮੇਰੇ ਵੱਲੋਂ ਆਪਣੇ ਜੀਜਾ ਜੀ ਨੂੰ ਚਿੱਠੀ ਲਿਖ।” ਤੇ ਫਿਰ ਉਸ ਨੇ ਭਰੇ ਮਨ ਨਾਲ ਲਿਖਵਾਉਣਾ ਸ਼ੁਰੂ ਕੀਤਾ, “ਮੇਰੇ ਪਿਆਰੇ ਸਰਦਾਰ ਜੀ, ਸਤਿ ਸ੍ਰੀ ਅਕਾਲ। ਤੁਹਾਡੀ ਚਿੱਠੀ ਪੜ੍ਹ ਕੇ ਮੇਰੇ ਨਿਮਾਣੀ ਉੱਪਰ ਦੁੱਖਾਂ ਦੇ ਪਹਾੜ ਟੁੱਟ ਪਏ ਨੇ। ਮੈਂ ਤਾਂ ਔਸੀਆਂ ਪਾ-ਪਾ ਕੇ ਤੁਹਾਡੇ ਆਉਣ ਦੀ ਉਡੀਕ ਕਰ ਰਹੀ ਸਾਂ ਪਰ ਤੁਸੀਂ ਤਾਂ ਲੰਮੀਆਂ ਤਰੀਕਾਂ ਪਾ ਦਿੱਤੀਆਂ ਨੇ। ਸਮਝ ਨਹੀਂ ਆਉਂਦੀ ਕਿ ਮੈਥੋਂ ਤੱਤੜੀ ਤੋਂ ਕੋਈ ਗੁਨਾਹ ਹੋ ਗਿਆ ਹੈ ਜਾਂ ਤੁਸੀਂ ਮੇਰੇ ਨਾਲ ਮਜ਼ਾਕ ਕੀਤਾ ਹੈ? ਮੇਰਾ ਨਿਮਾਣੀ ਦਾ ਤੁਹਾਡੇ ਅੱਗੇ ਹੱਥ ਜੋੜ ਕੇ ਵਾਸਤਾ ਹੈ ਕਿ ਜਿਵੇਂ ਵੀ ਹੋਵੇ, ਛੇਤੀ ਛੁੱਟੀ ਲੈ ਕੇ ਘਰ ਆ ਜਾਓ। ਤੁਹਾਡੀ ਉਡੀਕ ਵਿੱਚ ਮੇਰਾ ਤਾਂ ਇੱਕ-ਇੱਕ ਦਿਨ ਵਰ੍ਹਿਆਂ ਵਾਂਗ ਲੰਘਦਾ ਹੈ, ਫਿਰ ਮੈਂ ਇੰਨਾ ਲੰਮਾ ਸਮਾਂ ਭਲਾ ਕਿਵੇਂ ਕੱਟਾਂਗੀ? ਤੁਹਾਡੀ ਛੇਤੀ ਆਉਣ ਦੀ ਉਡੀਕ ਵਿੱਚ, ਤੁਹਾਡੀ...।” ਤੇ ਹਫ਼ਤੇ ਕੁ ਬਾਅਦ ਜੀਜਾ ਜੀ ਦੀ ਜਵਾਬੀ ਚਿੱਠੀ ਆ ਗਈ। ਉਹ ਸਾਡੀ ਸਾਰਿਆਂ ਦੀ ਮੂਰਖਤਾ ’ਤੇ ਹੱਸ ਰਹੇ ਸਨ। ਉਨ੍ਹਾਂ ਨੇ ਲਿਖਿਆ ਸੀ, “ਮੈਂ ਤਾਂ ਤੁਹਾਡੇ ਨਾਲ ‘ਅਪਰੈਲ ਫੂਲ’ ਦਾ ਮਜ਼ਾਕ ਕੀਤਾ ਸੀ ਅਤੇ ਚਿੱਠੀ ਦੇ ਅੰਤ ਵਿੱਚ ਨੋਟ ਵੀ ਲਿਖਿਆ ਸੀ। ਫ਼ਿਕਰ ਨਾ ਕਰੋ, ਮੈਂ ਜਲਦੀ ਹੀ ਛੁੱਟੀ ਆ ਰਿਹਾ ਹਾਂ।” ਖ਼ਤ ਪੜ੍ਹ ਕੇ ਸਾਰਿਆਂ ਦੇ ਚਿਹਰਿਆਂ ’ਤੇ ਦੁਬਾਰਾ ਰੌਣਕ ਪਰਤ ਆ ਗਈ।
ਸੰਪਰਕ: 95018-38700
