DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਵੇਂ ਸਾਈਕਲ ਦਾ ਚਾਅ !

ਬਚਪਨ ’ਚ ਨਿੱਕੀਆਂ-ਨਿੱਕੀਆਂ ਖੁਸ਼ੀਆਂ ਵੀ ਅਕਸਰ ਵੱਡੀਆਂ ਖੁਸ਼ੀਆਂ ਦਿੰਦੀਆਂ ਹਨ ਅਤੇ ਫਿਰ ਇਹੋ ਖੁਸ਼ੀਆਂ ਸਮਾਂ ਪਾ ਕੇ ਨਾ ਭੁੱਲਣ ਵਾਲੀਆਂ ਯਾਦਾਂ ਦਾ ਹਿੱਸਾ ਬਣ ਜਾਂਦੀਆਂ ਹਨ। ਇਹੋ ਜਿਹੀ ਹੀ ਇੱਕ ਮਿੱਠੀ ਯਾਦ ਅੱਜ ਵੀ ਮੇਰੇ ਚੇਤਿਆਂ ’ਚ ਵਸੀ ਹੋਈ ਹੈ।...

  • fb
  • twitter
  • whatsapp
  • whatsapp
Advertisement

ਬਚਪਨ ’ਚ ਨਿੱਕੀਆਂ-ਨਿੱਕੀਆਂ ਖੁਸ਼ੀਆਂ ਵੀ ਅਕਸਰ ਵੱਡੀਆਂ ਖੁਸ਼ੀਆਂ ਦਿੰਦੀਆਂ ਹਨ ਅਤੇ ਫਿਰ ਇਹੋ ਖੁਸ਼ੀਆਂ ਸਮਾਂ ਪਾ ਕੇ ਨਾ ਭੁੱਲਣ ਵਾਲੀਆਂ ਯਾਦਾਂ ਦਾ ਹਿੱਸਾ ਬਣ ਜਾਂਦੀਆਂ ਹਨ। ਇਹੋ ਜਿਹੀ ਹੀ ਇੱਕ ਮਿੱਠੀ ਯਾਦ ਅੱਜ ਵੀ ਮੇਰੇ ਚੇਤਿਆਂ ’ਚ ਵਸੀ ਹੋਈ ਹੈ। ਗੱਲ 80-90ਵਿਆਂ ਦੇ ਦਹਾਕੇ ਦੀ ਹੈ। ਅਸੀਂ ਖੰਨੇ ਤੋਂ ਜ਼ਮੀਨ ਵੇਚ ਕੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਨਿਜ਼ਾਮਨੀਵਾਲਾ ਵਿੱਚ ਜ਼ਮੀਨ ਖ਼ਰੀਦ ਕੇ ਪਰਿਵਾਰ ਸਮੇਤ ਰਹਿਣ ਲੱਗੇ। ਪਿੰਡ ’ਚ ਹਾਈ ਸਕੂਲ ਨਾ ਹੋਣ ਕਰਕੇ ਘਰਦਿਆਂ ਨੇ 5-4 ਕਿਲੋਮੀਟਰ ਦੂਰ ਪੈਂਦੇ ਪਿੰਡ ਕਰਹਾਲੀ ਸਾਹਿਬ ਦੇ ਹਾਈ ਸਕੂਲ ਵਿੱਚ ਨੌਵੀਂ ਜਮਾਤ ’ਚ ਦਾਖ਼ਲਾ ਕਰਵਾ ਦਿੱਤਾ ਕਿਉਂਕਿ ਉਦੋਂ ਤੱਕ ਅੱਠਵੀਂ ਖੰਨੇ ਤੋਂ ਪਾਸ ਕਰ ਲਈ ਸੀ। ਸ਼ਹਿਰ ਤੋਂ ਪਿੰਡ ਜਾ ਕੇ ਵਸਣ ਕਰਕੇ ਮਨ ਨਹੀਂ ਲੱਗ ਰਿਹਾ ਸੀ ਤੇ ਕਰਹਾਲੀ ਸਾਹਿਬ ਵਿੱਚ ਸਕੂਲੇ ਬੱਸ ’ਤੇ ਆਉਣ-ਜਾਣਾ ਥੋੜ੍ਹਾ ਮੁਸ਼ਕਲ ਸੀ, ਕਿਉਂਕਿ ਬੱਸ ਸਰਵਿਸ ਘੱਟ ਹੋਣ ਕਰਕੇ ਟਾਵੀਂ-ਟਾਵੀਂ ਬੱਸ ਹੀ ਆਉਂਦੀ-ਜਾਂਦੀ ਸੀ। ਇਸ ਲਈ ਬੱਸ ਦੀ ਕਾਫ਼ੀ ਸਮਾਂ ਉਡੀਕ ਕਰਨੀ ਪੈਂਦੀ। ਕਈ ਵਾਰ ਬੱਸ ਨੇ ਆਉਣਾ ਹੀ ਨਾ ਤੇ ਸਾਨੂੰ ਤੁਰ ਕੇ ਘਰ ਆਉਣਾ ਪੈਂਦਾ। ਜਿਸ ਦਿਨ ਤੁਰ ਕੇ ਘਰ ਆਉਣਾ ਪੈਂਦਾ ਉਸ ਦਿਨ ਬੜਾ ਦੁਖੀ ਹੋਣਾ ਕਿਉਂਕਿ ਤੁਰ ਕੇ ਆਉਣ ’ਚ ਚੋਖਾ ਵਕਤ ਲੱਗ ਜਾਂਦਾ। ਉੱਪਰੋਂ ਘਰ ਆਉਂਦਿਆਂ ਹੀ ਘਰਦਿਆਂ ਨੇ ਖੇਤੀ ਦੇ ਕੰਮ ’ਚ ਡਾਹ ਦੇਣਾ, ਜਿਸ ਨਾਲ ਥੱਕੇ ਹਾਰਿਆਂ ਨੇ ਹੋਰ ਵੀ ਔਖੇ ਹੋ ਜਾਣਾ। ਇਸੇ ਕਰ ਕੇ ਮੈਂ ਘਰਦਿਆਂ ਨੂੰ ਸਾਈਕਲ ਲੈ ਕੇ ਦੇਣ ਲਈ ਕਿਹਾ ਤਾਂ ਕਿ ਸਾਈਕਲ ’ਤੇ ਸਕੂਲ ਆ-ਜਾ ਸਕਾਂ ਪਰ ਘਰਦਿਆਂ ਨੇ ਗੱਡੇ ਨਾਲ ਕੱਟਾ ਬੰਨ੍ਹ ਦਿੱਤਾ ਕਿ ਜਦੋਂ ਨੌਵੀਂ ਜਮਾਤ ’ਚੋਂ ਚੰਗੇ ਨੰਬਰ ਲੈ ਕੇ ਆਵੇਂਗਾ ਫਿਰ ਨਵਾਂ ਸਾਈਕਲ ਲੈ ਕੇ ਦੇਵਾਂਗੇ। ਇਸ ਤਰ੍ਹਾਂ ਇੱਕ ਵਰ੍ਹੇ ਸਕੂਲ ਮੈਨੂੰ ਬੱਸ ਉੱਤੇ ਹੀ ਆਉਣਾ-ਜਾਣਾ ਪਿਆ। ਖ਼ੈਰ, ਘਰਦਿਆਂ ਵੱਲੋਂ ਰੱਖੀ ਸ਼ਰਤ ਦੇ ਮੱਦੇਨਜ਼ਰ ਮੈਂ ਸਾਈਕਲ ਮਿਲਣ ਦੇ ਚਾਅ ’ਚ ਸਖ਼ਤ ਮਿਹਨਤ ਕਰਨ ਲੱਗਾ। ਇਸ ਤਰ੍ਹਾਂ ਨੌਵੀਂ ਜਮਾਤ ’ਚੋਂ ਮੈਂ ਚੰਗੇ ਅੰਕ ਲੈ ਕੇ ਪਾਸ ਹੋ ਗਿਆ ਤੇ ਪਾਸ ਹੁੰਦੇ ਹੀ ਘਰਦਿਆਂ ਨੇ ਵੀ ਬਿਨਾਂ ਦੇਰੀ ਮੈਨੂੰ ਹੀਰੋ ਦਾ ਨਵਾਂ ਸਾਈਕਲ ਲੈ ਦਿੱਤਾ। ਨਵਾਂ ਸਾਈਕਲ ਮਿਲਣ ’ਤੇ ਮੈਨੂੰ ਵਿਆਹ ਜਿੰਨਾ ਚਾਅ ਚੜ੍ਹ ਗਿਆ ਤੇ ਮੇਰੇ ਪੈਰ ਭੁੰਜੇ ਨਹੀਂ ਲੱਗ ਰਹੇ ਸੀ। ਸਾਈਕਲ ਉੱਤੇ ਲੱਗੀ ਟੱਲੀ ਦੀ ਟਰਨ-ਟਰਨ ਕਰਦੀ ਆਵਾਜ਼ ਅੱਜ ਵੀ ਮੇਰੇ ਕੰਨੀ ਗੂੰਜਦੀ ਹੈ ਤੇ ਜਿੰਨਾ ਚਾਅ ਉਸ ਸਮੇਂ ਮੈਨੂੰ ਨਵੇ ਸਾਈਕਲ ਦਾ ਹੋਇਆ ਸੀ ਓਨਾ ਸ਼ਾਇਦ ਅੱਜ ਕਾਰ ਦਾ ਵੀ ਨਹੀਂ ਹੈ। ਸੱਚਮੁੱਚ ਬੜਾ ਚੰਗਾ ਸਮਾਂ ਸੀ।

ਸੰਪਰਕ: 76967-54669

Advertisement

Advertisement
Advertisement
×