ਅਨੋਖੀ ਲਾਇਬ੍ਰੇਰੀ

ਅਨੋਖੀ ਲਾਇਬ੍ਰੇਰੀ

ਪ੍ਰਿੰਸੀਪਲ ਵਿਜੈ ਕੁਮਾਰ

ਕੁਝ ਮਹੀਨੇ ਪਹਿਲਾਂ ਮੇਰੇ ਧਿਆਨ ਵਿਚ ਅਜਿਹਾ ਪ੍ਰੋਫ਼ੈਸਰ ਆਇਆ ਜਿਸ ਨੇ ਆਪਣੇ ਉੱਦਮ ਨਾਲ ਆਪਣੇ ਸਰਕਾਰੀ ਕਾਲਜ ਵਿਚ ਵਿਲੱਖਣ ਲਾਇਬ੍ਰੇਰੀ ਬਣਾ ਦਿੱਤੀ| ਅੱਜ ਉਸ ਦੀ ਸੇਵਾ ਮੁਕਤੀ ਤੋਂ ਬਾਅਦ ਵੀ ਕਾਲਜ ਦੇ ਵਿਦਿਆਰਥੀ ਉਸ ਲਾਇਬ੍ਰੇਰੀ ਦਾ ਲਾਭ ਲੈ ਰਹੇ ਹਨ| ਜਦੋਂ ਉਹਨੇ ਕਾਲਜ ਵਿਚ ਵਿਗਿਆਨ ਦੇ ਪ੍ਰੋਫੈਸਰ ਵਜੋਂ ਨੌਕਰੀ ਸ਼ੁਰੂ ਕੀਤੀ ਤਾਂ ਉਸ ਦੇ ਸਾਹਮਣੇ ਵੱਡੀ ਸਮੱਸਿਆ ਇਹ ਆਈ ਕਿ ਪੜ੍ਹਾਈ ਵਿਚ ਹੁਸ਼ਿਆਰ ਬਹੁਤ ਸਾਰੇ ਬੱਚੇ ਇਸ ਕਾਰਨ ਪੜ੍ਹਾਈ ਛੱਡ ਜਾਂਦੇ ਕਿਉਂਕਿ ਉਨ੍ਹਾਂ ਦੇ ਮਾਪਿਆਂ ਕੋਲ ਵਿਗਿਆਨ ਵਿਸ਼ੇ ਦੀਆਂ ਮਹਿੰਗੀਆਂ ਪੁਸਤਕਾਂ ਖਰੀਦਣ ਦੀ ਸਮਰੱਥਾ ਨਹੀਂ ਹੁੰਦੀ ਸੀ| ਉਸ ਦੇ ਵਿਦਿਆਰਥੀ ਜਾਂ ਤਾਂ ਪੜ੍ਹਾਈ ਛੱਡ ਜਾਂਦੇ ਜਾਂ ਫਿਰ ਆਰਟਸ ਵਿਸ਼ਿਆਂ ਦੀ ਚੋਣ ਕਰ ਲੈਂਦੇ ਸਨ ਜਾਂ ਉਸ ਦੇ ਵਿਸ਼ੇ ਦਾ ਕੰਮ ਨਹੀਂ ਕਰਦੇ ਸਨ|

ਉਹ ਇਹ ਸੋਚ ਕੇ ਬੜਾ ਦੁਖੀ ਹੁੰਦਾ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀ ਮਹਿੰਗੀਆਂ ਕਿਤਾਬਾਂ ਕਾਰਨ ਵਿਗਿਆਨ ਦੀ ਪੜ੍ਹਾਈ ਛੱਡ ਜਾਂਦੇ ਹਨ| ਸ਼ੁਰੂ ਸ਼ੁਰੂ ਵਿਚ ਉਹ ਪੜ੍ਹਾਈ ਵਿਚ ਹੁਸ਼ਿਆਰ ਦੋ ਜਾਂ ਤਿੰਨ ਵਿਦਿਆਰਥੀਆਂ ਨੂੰ ਪ੍ਰਕਾਸ਼ਕਾਂ ਦੀਆਂ ਦਿੱਤੀਆਂ ਸੈਂਪਲ ਪੁਸਤਕਾਂ ਜਾਂ ਆਪਣੇ ਕੋਲੋਂ ਖਰੀਦ ਕੇ ਦੇ ਦਿੰਦਾ, ਫਿਰ ਵੀ ਲੋੜਵੰਦ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਮੱਸਿਆ ਹੱਲ ਹੁੰਦੀ ਨਜ਼ਰ ਨਾ ਆਈ| ਜਿਹੜੇ ਵਿਦਿਆਰਥੀਆਂ ਨੂੰ ਉਹਨੇ ਪੁਸਤਕਾਂ ਦਿੱਤੀਆਂ ਹੁੰਦੀਆਂ, ਉਹ ਮੋੜ ਕੇ ਨਾ ਜਾਂਦੇ| ਉਹਨੇ ਆਪਣੇ ਵਿਦਿਆਰਥੀ ਜੀਵਨ ਦੇ ਆਪਣੇ ਇੱਕ ਆਦਰਸ਼ ਅਧਿਆਪਕ ਨਾਲ ਇਹ ਸਮੱਸਿਆ ਸਮਝੀ ਕੀਤੀ| ਉਸ ਦੇ ਅਧਿਆਪਕ ਨੇ ਆਪਣੇ ਪੱਲੋਂ ਕੁਝ ਪੁਸਤਕਾਂ ਲਈ ਮਾਇਆ ਦੇ ਕੇ ਉਸ ਨੂੰ ਰਾਹ ਪਾ ਦਿੱਤਾ ਅਤੇ ਉਸ ਨੇ ਰਾਹ ਫੜ ਕੇ ਮੰਜ਼ਿਲ ਲੱਭ ਲਈ|

ਉਸ ਪ੍ਰੋਫ਼ੈਸਰ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਆਪਣੀ ਯੋਜਨਾ ਦੱਸ ਕੇ ਕਾਲਜ ਵਿਚ ਆਪਣੀ ਵੱਖਰੀ ਲਾਇਬ੍ਰੇਰੀ ਖੋਲ੍ਹ ਲਈ| ਉਹਨੇ ਉਸ ਲਾਇਬ੍ਰੇਰੀ ਲਈ ਆਪਣੀ ਅਤੇ ਪਤਨੀ ਦੀ ਤਨਖਾਹ ਵਿਚੋਂ ਦਸਵੰਧ ਕੱਢ ਕੇ ਪੁਸਤਕਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ| ਕਾਲਜ ਦੇ ਵਿਗਿਆਨ ਦੇ ਦੂਜੇ ਪ੍ਰੋਫ਼ੈਸਰਾਂ ਨੂੰ ਵੀ ਆਪਣੇ ਨਾਲ ਜੋੜ ਲਿਆ| ਪ੍ਰਕਾਸ਼ਕਾਂ ਨੂੰ ਆਪਣਾ ਮਿਸ਼ਨ ਦੱਸ ਕੇ ਉਨ੍ਹਾਂ ਤੋਂ ਵਾਧੂ ਪੁਸਤਕਾਂ ਲੈਣੀਆਂ ਆਰੰਭ ਕਰ ਦਿੱਤੀਆਂ| ਵਿਦਿਆਰਥੀਆਂ ਨੂੰ ਪੁਸਤਕਾਂ ਦੇਣ ਦਾ ਢੰਗ ਤਰੀਕਾ ਵੀ ਬਦਲ ਦਿੱਤਾ ਗਿਆ| ਲਾਇਬ੍ਰੇਰੀ ਦੀ ਸਾਂਭ ਸੰਭਾਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪੁਸਤਕਾਂ ਦੇਣ ਅਤੇ ਮੋੜ ਕੇ ਲੈਣ ਦਾ ਕੰਮ ਵਿਗਿਆਨ ਦੀ ਪ੍ਰਯੋਗਸ਼ਾਲਾ ਦੇ ਐੱਸਐੱਲਏ ਨੂੰ ਸੌਂਪ ਦਿੱਤਾ ਗਿਆ| ਪੁਸਤਕਾਂ ਲੈਣ-ਦੇਣ ਦਾ ਰਿਕਾਰਡ ਰੱਖਿਆ ਜਾਣ ਲੱਗ ਪਿਆ| ਵਿਦਿਅਕ ਵਰ੍ਹੇ ਦੇ ਅਖੀਰ ਵਿਚ ਪੁਸਤਕਾਂ ਲੈਣ ਵਾਲੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਲਈ ਰੋਲ ਨੰਬਰ ਤਦ ਹੀ ਮਿਲਦਾ, ਜਦ ਉਹ ਲਈ ਹੋਈ ਪੁਸਤਕ ਜਮ੍ਹਾਂ ਕਰਾ ਦਿੰਦਾ| ਪੁਸਤਕ ਉਸੇ ਹਾਲਤ ਵਿਚ ਮੋੜਨੀ ਪੈਂਦੀ ਜਿਸ ਹਾਲਤ ਵਿਚ ਲਈ ਹੁੰਦੀ|

ਇਉਂ ਕਾਲਜ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦਾ ਮਹਤੱਵ ਸਮਝ ਆਉਣ ਲੱਗ ਪਿਆ| ਉਹ ਪ੍ਰੋਫੈਸਰ ਅਤੇ ਉਸ ਦੇ ਸਾਥੀ ਪ੍ਰੋਫੈਸਰ ਵਿਦਿਆਰਥੀਆਂ ਨੂੰ ਜਮਾਤਾਂ ਵਿਚ ਉਸ ਅਨੋਖੀ ਲਾਇਬ੍ਰੇਰੀ ਦੇ ਨਿਯਮਾਂ ਦੀ ਪਾਲਣਾ ਬਾਰੇ ਗੱਲਾਂ ਕਰਦੇ| ਇਸ ਕਵਾਇਦ ਸਦਕਾ ਲਾਇਬ੍ਰੇਰੀ ਦੀਆਂ ਪੁਸਤਕਾਂ ਵਿਚ ਵਾਧਾ ਹੁੰਦਾ ਗਿਆ| ਕਾਲਜ ਦੇ ਵਿਗਿਆਨ ਦੇ ਵਿਸ਼ੇ ਦੇ ਲੋੜਵੰਦ ਵਿਦਿਆਰਥੀਆਂ ਦੀ ਸਮੱਸਿਆ ਹੱਲ ਹੋਣ ਲੱਗ ਪਈ| ਹੁਣ ਉਹ ਪੁਸਤਕਾਂ ਖੁਣੋਂ ਪੜ੍ਹਾਈ ਨਾ ਛੱਡਦੇ| ਵਿਗਿਆਨ ਦੇ ਵਿਦਿਆਰਥੀਆਂ ਦੀ ਗਿਣਤੀ ਵੀ ਵਧਣ ਲੱਗ ਪਈ| ਇਕ ਵਕਤ ਉਹ ਵੀ ਆਇਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਜਨਮ ਦਿਨ ਮੌਕੇ ਲਾਇਬ੍ਰੇਰੀ ਨੂੰ ਦਾਨ ਦੇਣਾ ਸ਼ੁਰੂ ਕਰ ਦਿੱਤਾ| ਪ੍ਰੋਫੈਸਰ ਦੀ ਨੇਕ ਨੀਤੀ ਅਤੇ ਪਰਉਪਕਾਰੀ ਭਾਵਨਾ ਦੇਖ ਕੇ ਇੱਧਰੋਂ-ਉੱਧਰੋਂ ਵੀ ਦਾਨ ਆਉਣ ਲੱਗ ਪਿਆ| ਕਾਲਜ ਦੇ ਪੁਰਾਣੇ ਵਿਦਿਆਥੀਆਂ ਨੇ ਵੀ ਯੋਗਦਾਨ ਪਾਇਆ|

ਪ੍ਰੋਫੈਸਰ ਨੇ ਉਸ ਅਨੋਖੀ ਲਾਇਬ੍ਰੇਰੀ ’ਚ ਕੇਵਲ ਵਿਗਿਆਨ ਦੇ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਹੀ ਨਹੀਂ ਰੱਖੀਆਂ ਸਗੋਂ ਰਿਸਰਚ ਪੇਪਰ, ਮੁਕਾਬਲਿਆਂ ਨਾਲ ਸਬੰਧਤ ਪੁਸਤਕਾਂ ਵੀ ਲਿਆਂਦੀਆਂ| ਲਾਇਬ੍ਰੇਰੀ ਨੇ ਵਿਦਿਆਰਥੀਆਂ ਦੇ ਗਿਆਨ ਦਾ ਘੇਰਾ ਵਧਾ ਦਿੱਤਾ| ਉਹ ਕਾਲਜ ਵਿਚ ਪੜ੍ਹਦਿਆਂ ਹੀ ਮੁਕਾਬਲਿਆਂ ਲਈ ਤਿਆਰ ਹੋਣ ਲੱਗ ਪਏ ਅਤੇ ਬੈਂਕਾਂ, ਫੌਜ, ਸਿੱਖਿਆ ਅਤੇ ਉੱਚੇ ਅਹੁਦਿਆਂ ਲਈ ਚੁਣੇ ਜਾਣ ਲੱਗ ਪਏ| ਚਾਰੇ ਪਾਸੇ ਪ੍ਰੋਫੈਸਰ ਦਾ ਨਾਮ ਹੋ ਗਿਆ| ਉਂਜ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਦੀ ਤਰੱਕੀ ਦੇਖ ਕੇ ਦੂਜਿਆਂ ਨੂੰ ਢਿੱਡ ਪੀੜ ਨਾ ਹੋਵੇ! ਉਸ ਦੇ ਕੁਝ ਸਾਥੀਆਂ ਨੇ ਉਸ ਵਿਰੁੱਧ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਾਲਜ ਦੇ ਪ੍ਰਿੰਸੀਪਲ ਨੂੰ ਵੀ ਉਸ ਵਿਰੁੱਧ ਭੜਕਾਇਆ ਜਾਣ ਲੱਗਾ ਪਰ ਉਹ ਅਜਿਹੀਆਂ ਗੱਲਾਂ ਤੋਂ ਘਬਰਾਇਆ ਨਹੀਂ, ਆਪਣੇ ਮਿਸ਼ਨ ਵੱਲ ਤੁਰਿਆ ਰਿਹਾ|

ਇੱਕ ਦਿਨ ਪ੍ਰਿੰਸੀਪਲ ਨੇ ਉਨ੍ਹਾਂ ਆਲੋਚਕਾਂ ਨੂੰ ਆਪਣੇ ਦਫਤਰ ਵਿਚ ਬੁਲਾ ਕੇ ਆਖਿਆ, “ਸਾਥੀਓ, ਮੈਂ ਕਾਫੀ ਸਮੇਂ ਤੋਂ ਆਪਣੇ ਕਾਲਜ ਦੇ ਸਾਥੀ ਦੀ ਤੁਹਾਡੇ ਮੂੰਹ ਤੋਂ ਆਲੋਚਨਾ ਸੁਣ ਰਿਹਾ ਹਾਂ| ਤੁਸੀਂ ਜੋ ਇਲਜ਼ਾਮ ਉਸ ਉੱਤੇ ਲਾਉਂਦੇ ਹੋ, ਉਹ ਕਿੰਨੇ ਕੁ ਠੀਕ ਹਨ, ਇਹ ਤਾਂ ਤੁਸੀਂ ਹੀ ਜਾਣਦੇ ਹੋਵੋਗੇ ਪਰ ਮੈਂ ਇਹ ਫ਼ੈਸਲਾ ਕੀਤਾ ਹੈ ਕਿ ਲਾਇਬ੍ਰੇਰੀ ਚਲਾਉਣ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪ ਦਿੱਤੀ ਜਾਵੇ| ਤੁਹਾਡੇ ਵਿਚੋਂ ਇਹ ਕੰਮ ਕਿਸ ਨੂੰ ਸੌਂਪਿਆ ਜਾਵੇ, ਇਸ ਬਾਰੇ ਹੁਣੇ ਫ਼ੈਸਲਾ ਕਰ ਲਈਏ|” ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਉਨ੍ਹਾਂ ਵਿਚੋਂ ਇੱਕ ਬੋਲਿਆ, “ਸਰ, ਸਾਡੇ ਵਿਚੋਂ ਤਾਂ ਕੋਈ ਵੀ ਲਾਇਬ੍ਰੇਰੀ ਦਾ ਕੰਮ ਨਹੀਂ ਲੈਣਾ ਚਾਹੁੰਦਾ।” ਉਸ ਸਾਥੀ ਦੇ ਸ਼ਬਦ ਸੁਣ ਕੇ ਪ੍ਰਿੰਸੀਪਲ ਨੇ ਕਿਹਾ, “ਮਿੱਤਰੋ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਹਾਡਾ ਇਹੋ ਜਵਾਬ ਹੋਣਾ ਹੈ ਪਰ ਅੱਜ ਤੋਂ ਬਾਅਦ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਉਸ ਦੀ ਆਲੋਚਨਾ ਕਰੋ|”

ਪ੍ਰਿੰਸੀਪਲ ਦਾ ਹੁਕਮ ਸੁਣ ਕੇ ਸਾਰੇ ਦਫਤਰ ਤੋਂ ਬਾਹਰ ਆ ਗਏ| ਉਹ ਨਾਇਕ ਪ੍ਰੋਫੈਸਰ ਹੁਣ ਸੇਵਾ ਮੁਕਤ ਹੋ ਚੁੱਕਾ ਹੈ ਪਰ ਉਸ ਤੋਂ ਮਗਰੋਂ ਲਾਇਬ੍ਰੇਰੀ ਉਦਾਸ ਹੈ!
ਸੰਪਰਕ: 98726-27136

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All