DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਵੇਕਲੀ ਪਹਿਲ

ਸਾਹਿਤਕ ਘੇਰਾ ਹੋਣ ਕਰ ਕੇ ਮੈਨੂੰ ਹਰ ਐਤਵਾਰ ਕਿਸੇ ਨਾ ਕਿਸੇ ਸਾਹਿਤਕ ਸਮਾਗਮ ਦਾ ਸੱਦਾ ਆ ਜਾਂਦਾ ਹੈ। ਪਿਛਲੇ ਦਿਨੀਂ ਸਾਹਿਤ ਸਦਨ ਸੰਗਰੂਰ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ ਲਈ ਸੱਦਾ ਆਇਆ। ਮੇਰੇ ਮਨ ਅੰਦਰ ਪੁਸਤਕ ਲੋਕ ਅਰਪਣ ਪ੍ਰੋਗਰਾਮ ਦੀ ਬਹੁਤ...

  • fb
  • twitter
  • whatsapp
  • whatsapp
Advertisement

ਸਾਹਿਤਕ ਘੇਰਾ ਹੋਣ ਕਰ ਕੇ ਮੈਨੂੰ ਹਰ ਐਤਵਾਰ ਕਿਸੇ ਨਾ ਕਿਸੇ ਸਾਹਿਤਕ ਸਮਾਗਮ ਦਾ ਸੱਦਾ ਆ ਜਾਂਦਾ ਹੈ। ਪਿਛਲੇ ਦਿਨੀਂ ਸਾਹਿਤ ਸਦਨ ਸੰਗਰੂਰ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ ਲਈ ਸੱਦਾ ਆਇਆ। ਮੇਰੇ ਮਨ ਅੰਦਰ ਪੁਸਤਕ ਲੋਕ ਅਰਪਣ ਪ੍ਰੋਗਰਾਮ ਦੀ ਬਹੁਤ ਖਿੱਚ ਹੁੰਦੀ ਹੈ ਕਿਉਂਕਿ ਕਿਤਾਬ ਦੀ ਜੀਵਨ ਵਿੱਚ ਮਹੱਤਤਾ ਤੋਂ ਮੈਂ ਬਾਖੂਬੀ ਜਾਣੂ ਹਾਂ। ਇਸੇ ਕਰਕੇ ਮੇਰੇ ਕਦਮ ਨਵੀਂ ਕਿਤਾਬ ਲਿਖਣ ਵਾਲੇ ਲੇਖਕ ਨੂੰ ਸ਼ੁਭਕਾਮਨਾਵਾਂ ਦੇਣ ਲਈ ਕਾਹਲੇ ਪੈ ਜਾਂਦੇ ਹਨ। ਲਾਲਚ ਇਹ ਹੁੰਦਾ ਹੈ ਕਿ ਨਵੀਂ ਕਿਤਾਬ ਪੜ੍ਹਨ ਨੂੰ ਮਿਲ ਜਾਵੇਗੀ। ਕਿਤਾਬ ਮੈਨੂੰ ਇਸ ਕਰਕੇ ਮਿਲ ਜਾਂਦੀ ਹੈ ਕਿਉਂਕਿ ਮੇਰੇ ਨਾਲ ਸਬੰਧ ਰੱਖਣ ਵਾਲਿਆਂ ਨੂੰ ਪਤਾ ਹੈ ਮੈਂ ਕਿਤਾਬ ਨਾ ਕੇਵਲ ਪੜ੍ਹਦਾ ਹਾਂ ਸਗੋਂ ਆਪਣੀ ਸੂਝ ਮੁਤਾਬਕ ਕਿਤਾਬ ਦੇ ਚੰਗੇ ਮਾੜੇ ਪ੍ਰਭਾਵ ਤੋਂ ਲੇਖਕ ਨੂੰ ਜਾਣੂ ਵੀ ਕਰਵਾਉਂਦਾ ਹਾਂ।

ਪਰ ਇਸ ਵਾਰ ਜਦੋਂ ਮੈਂ ਸਮਾਗਮ ’ਚ ਪਹੁੰਚਿਆ ਤਾਂ ਉੱਥੇ ਜੋ ਹੋਇਆ ਉਹ ਮੈਂ ਬਿਲਕੁਲ ਵੀ ਕਿਆਸਿਆ ਨਹੀਂ ਸੀ ਹੋਇਆ। ਰਸਮੀ ਕਾਰਵਾਈ ਤੋਂ ਬਾਅਦ ਕਿਤਾਬ ਲੋਕ ਅਰਪਣ ਕਰਨ ਲਈ ਮੂਹਰਲੀਆਂ ਕੁਰਸੀਆਂ ’ਤੇ ਬੈਠੇ ਮਹਿਮਾਨ ਖੜ੍ਹੇ ਹੋ ਗਏ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਖ਼ਸ ਦੇ ਹੱਥ ਕਿਤਾਬ ਸੀ ਬਾਕੀ ਸਾਰੇ ਮਹਿਮਾਨਾਂ ਨੇ ਤਾੜੀਆਂ ਮਾਰ ਕੇ ਲੋਕ ਅਰਪਣ ਰਸਮ ਅਦਾ ਕੀਤੀ। ਘੁਸਰ-ਮੁਸਰ ਸ਼ੁਰੂ ਹੋਈ ਹੀ ਸੀ ਕਿ ਕਿਤਾਬ ਦੇ ਲੇਖਕ ਸੁਖਵਿੰਦਰ ਸਿੰਘ ਨੇ ਸਟੇਜ ਤੋਂ ਬੋਲਣਾ ਸ਼ੁਰੂ ਕੀਤਾ, ‘‘ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਸਮਾਂ ਕੱਢ ਕੇ ਮੇਰੀ ਕਿਤਾਬ ਨੂੰ ਲੋਕ ਅਰਪਣ ਕਰਨ ਲਈ ਆਏ। ਇੱਕ ਗੱਲ ਬੇਹੱਦ ਜ਼ਰੂਰੀ ਹੈ ਜੋ ਮੈਂ ਤੁਹਾਡੇ ਨਾਲ ਕਰਨੀ ਸੀ ਉਹ ਇਹ ਹੈ ਕਿ ਸ਼ਾਇਦ ਤੁਹਾਡੇ ਵਿੱਚੋਂ ਬਹੁਤੇ ਸੱਜਣ ਅਜਿਹਾ ਸੋਚ ਰਹੇ ਹੋਣਗੇ ਕਿ ਇਹ ਕਿਤਾਬ ਮੈਂ ਤੁਹਾਨੂੰ ਬਾਕਾਇਦਾ ਤੁਹਾਡਾ ਨਾਂ ਲਿਖ ਕੇ ਤੋਹਫ਼ੇ ਵਜੋਂ ਭੇਟ ਕਰਾਂਗਾ, ਅਜਿਹਾ ਨਹੀਂ ਹੋਵੇਗਾ। ਮੁੱਖ ਮਹਿਮਾਨ ਵੱਲੋਂ ਕਿਤਾਬ ਲੋਕ ਅਰਪਣ ਕਰ ਦਿੱਤੀ ਗਈ ਹੈ। ਕਿਤਾਬ ਪੜ੍ਹਨ ਦੇ ਚਾਹਵਾਨ ਹਾਲ ਦੇ ਬਾਹਰ ਮੇਜ਼ ਤੋਂ ਤੈਅ ਕੀਮਤ ਅਦਾ ਕਰਕੇ ਕਿਤਾਬ ਲੈ ਸਕਦੇ ਹਨ। ਮੈਂ ਪੈਸਾ ਖ਼ਰਚ ਕੇ ਕਿਤਾਬ ਛਪਵਾਈ ਹੈ ,ਇਸ ਨੂੰ ਮੁਫ਼ਤ ਵਿੱਚ ਵੰਡ ਕੇ ਘਾਟੇ ਦਾ ਸੌਦਾ ਨਹੀਂ ਕਰਨਾ ਚਾਹੁੰਦਾ। ਮੈਨੂੰ ਪੂਰਨ ਆਸ ਹੈ ਕਿ ਮੇਰੀ ਇਸ ਪਹਿਲ ਦਾ ਤੁਸੀਂ ਨਾ ਸਿਰਫ ਸੁਆਗਤ ਹੀ ਕਰੋਂਗੇ ਸਗੋਂ ਹੋਰਾਂ ਤੱਕ ਵੀ ਇਹ ਰੀਤ ਲੈ ਕੇ ਜਾਵੋਂਗੇ। ਧੰਨਵਾਦ।’’ ਮੇਰੇ ਸਮੇਤ ਹਾਲ ਵਿੱਚ ਮੌਜੂਦ ਹਰ ਸ਼ਖ਼ਸ ਨੇ ਤਾੜੀਆਂ ਵਜਾ ਕੇ ਇਸ ਪਹਿਲ ਦਾ ਸਵਾਗਤ ਕੀਤਾ।

Advertisement

ਲੇਖਕ ਦੀਆਂ ਉਪਰੋਕਤ ਗੱਲਾਂ ਸੁਣਨ ਤੋਂ ਬਾਅਦ ਮੈਂ ਸੋਚ ਰਿਹਾ ਸੀ ਕਿ ਕਿਤਾਬ ਦੀ ਅਹਿਮੀਅਤ ਸੱਚਮੁੱਚ ਹੀ ਬਹੁਤ ਵੱਡੀ ਹੈ ਪਰ ਕੁਝ ਲੇਖਕ ਇਸ ਨੂੰ ਮੁਫ਼ਤ ਵਿੱਚ ਵੰਡ ਕੇ ਨਾ ਕੇਵਲ ਆਪਣਾ ਆਰਥਿਕ ਨੁਕਸਾਨ ਕਰ ਰਹੇ ਹਨ, ਸਗੋਂ ਕਿਤਾਬ ਦੇ ਮਿਆਰ ਨੂੰ ਵੀ ਸੱਟ ਮਾਰ ਰਹੇ ਹਨ। ਸਮਾਗਮ ਖ਼ਤਮ ਹੋਣ ਤੋਂ ਬਾਅਦ ਜਦੋਂ ਮੈਂ ਬਾਹਰ ਕਿਤਾਬਾਂ ਵਾਲੇ ਮੇਜ਼ ’ਤੇ ਪਾਠਕਾਂ ਦੀ ਭੀੜ ਵੇਖੀ ਤਾਂ ਮਨ ਖ਼ੁਸ਼ ਹੋਇਆ। ਸਕੂਨ ਮਹਿਸੂਸ ਹੋ ਰਿਹਾ ਸੀ ਕਿ ਲੋਕਾਂ ਨੇ ਇਸ ਨਿਵੇਕਲੀ ਅਤੇ ਲੋੜੀਂਦੀ ਪਹਿਲ ਨੂੰ ਅਪਣਾਇਆ ਹੈ। ਮੈਂ ਕਾਹਲੇ ਕਦਮੀਂ ਕਿਤਾਬਾਂ ਵੱਲ ਵਧਿਆ ਅਤੇ ਕਿਤਾਬ ਖ਼ਰੀਦ ਲਈ। ਕਿਤਾਬ ਦੇ ਮੁੱਢਲੇ ਪੰਨੇ ਪਲਟਦਿਆਂ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਇਸ ਨਵੀਂ ਪਹਿਲ ਨੂੰ ਆਪਣੀ ਵੋਟ ਪਾ ਦਿੱਤੀ ਹੋਵੇ।

Advertisement

ਸੰਪਰਕ: 98146-34446

Advertisement
×