ਇਨਸਾਨੀਅਤ ਜ਼ਿੰਦਾਬਾਦ
ਇਹ ਗੱਲ ਜੂਨ 2012 ਦੀ ਹੈ ਜਦੋਂ ਮੈਂ ਤੇ ਮੇਰਾ ਦੋਸਤ ਆਪਣੇ ਪਰਿਵਾਰਾਂ ਸਮੇਤ ਕਸ਼ਮੀਰ ਘੁੰਮਣ ਗਏ ਸੀ। ਉਥੇ ਅਸੀਂ ਸ੍ਰੀਨਗਰ ਡੱਲ ਲੇਕ ਦੇ ਨੇੜੇ ਹੋਟਲ ਵਿੱਚ ਤਿੰਨ ਰਾਤਾਂ ਗੁਜ਼ਾਰੀਆਂ। ਉਸ ਹੋਟਲ ਵਿੱਚ ਖਾਣੇ ਦਾ ਪ੍ਰਬੰਧ ਨਹੀਂ ਸੀ, ਪਰ ਚਾਹ...
ਇਹ ਗੱਲ ਜੂਨ 2012 ਦੀ ਹੈ ਜਦੋਂ ਮੈਂ ਤੇ ਮੇਰਾ ਦੋਸਤ ਆਪਣੇ ਪਰਿਵਾਰਾਂ ਸਮੇਤ ਕਸ਼ਮੀਰ ਘੁੰਮਣ ਗਏ ਸੀ। ਉਥੇ ਅਸੀਂ ਸ੍ਰੀਨਗਰ ਡੱਲ ਲੇਕ ਦੇ ਨੇੜੇ ਹੋਟਲ ਵਿੱਚ ਤਿੰਨ ਰਾਤਾਂ ਗੁਜ਼ਾਰੀਆਂ। ਉਸ ਹੋਟਲ ਵਿੱਚ ਖਾਣੇ ਦਾ ਪ੍ਰਬੰਧ ਨਹੀਂ ਸੀ, ਪਰ ਚਾਹ ਦੁੱਧ ਮਿਲ ਜਾਂਦਾ ਸੀ। ਬੱਚੇ ਛੋਟੇ ਹੋਣ ਕਾਰਨ ਰਾਤ ਨੂੰ ਸੋਣ ਸਮੇਂ ਤੇ ਸਵੇਰੇ ਉੱਠ ਕੇ ਦੁੱਧ ਪੀਂਦੇ ਸੀ, ਜਿਸ ਸਬੰਧੀ ਅਸੀਂ ਹੋਟਲ ਮਾਲਕ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਉਹ ਨਿਯਮਤ ਤੌਰ ’ਤੇ ਗਰਮ ਦੁੱਧ ਦੇ ਦੋ ਜੱਗ ਸਵੇਰੇ ਤੇ ਦੋ ਰਾਤ ਨੂੰ ਸਾਡੇ ਕਮਰਿਆਂ ਵਿੱਚ ਭੇਜ ਦਿੰਦਾ ਸੀ। ਹੋਟਲ ਛੱਡਣ ਸਮੇਂ ਜਦੋਂ ਅਸੀਂ ਉਸ ਨੂੰ ਪੈਸੇ ਦਿੱਤੇ ਤਾਂ ਉਸ ਨੇ ਸਾਡੇ ਕੋਲੋਂ ਸਿਰਫ ਕਮਰਿਆਂ ਦਾ ਕਿਰਾਇਆ ਹੀ ਲਿਆ। ਅਸੀਂ ਦੁੱਧ ਦੇ ਪੈਸਿਆਂ ਦਾ ਹਿਸਾਬ ਪੁੱਛਿਆ ਤਾਂ ਉਸ ਵੱਲੋਂ ਦਿਖਾਏ ਸ਼ਿਸ਼ਟਾਚਾਰ ਅਤੇ ਪ੍ਰਹੁਣਾਚਾਰੀ ਨੇ ਸਾਨੂੰ ਕੀਲ ਕੇ ਰੱਖ ਦਿੱਤਾ।
ਉਸ ਦੇ ਬੋਲੇ ਸ਼ਬਦ ‘‘ਸਰਦਾਰ ਜੀ ਦੁੱਧ ਤਾਂ ਬੱਚਿਆਂ ਨੇ ਪੀਤਾ ਹੈ, ਭਲਾ ਉਸ ਦੇ ਕਾਹਦੇ ਪੈਸੇ। ਤੁਸੀਂ ਕਮਰਿਆਂ ਵਿੱਚ ਠਹਿਰੇ, ਉਸ ਦਾ ਕਿਰਾਇਆ ਲੈ ਲਿਆ।” ਉਸ ਦੇ ਇਨ੍ਹਾਂ ਸ਼ਬਦਾਂ ਦੀ ਮਿਠਾਸ ਅੱਜ ਵੀ ਮੇਰੇ ਮਨ ਵਿੱਚ ਵਸੀ ਹੋਈ ਹੈ। ਜੂਨ 2018 ਵਿੱਚ ਅਸੀ ਤਿੰਨ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਇਲਾਕੇ ਵਿੱਚ ਘੁੰਮਣ ਗਏ। ਸਾਡੇ ਕੋਲ ਟੈਂਪੂ ਟਰੈਵਲਰ ਸੀ। ਇੱਕ ਸਵੇਰ ਅਸੀ ਨਾਕੋ ਤੋਂ ਕਾਜ਼ਾ ਦਾ ਸਫ਼ਰ ਕਰ ਰਹੇ ਸੀ। ਰਸਤੇ ਵਿੱਚ ਪੂਹ ਨੇੜੇ ਪੈਟਰੋਲ ਪੰਪ ਆਇਆ। ਅਸੀਂ ਡਰਾਈਵਰ ਨੂੰ ਟੈਂਕੀ ਭਰਵਾ ਲੈਣ ਲਈ ਕਿਹਾ ਪਰ ਉਹ ਕਹਿਣ ਲੱਗਿਆ ਅਜੇ ਟੈਂਕੀ ਵਿੱਚ ਤੇਲ ਬਹੁਤ ਹੈ, ਅੱਗੇ ਕਾਜ਼ਾ ਜਾ ਕੇ ਤੇਲ ਪੁਆ ਲਵਾਂਗੇ।
ਅਸੀਂ ਉਸ ਦੇ ਤਜਰਬੇ ’ਤੇ ਭਰੋਸਾ ਕਰ ਲਿਆ। ਇਹ ਸਮੁੱਚਾ ਖੇਤਰ ਹਿਮਾਲਿਆ ਦੇ ਠੰਢੇ ਰੇਗਿਸਤਾਨ ਦਾ ਹਿੱਸਾ ਹੈ। ਇੱਥੇ ਵੱਸੋਂ ਬਹੁਤ ਸੀਮਤ ਹੈ। ਪਿੰਡ ਬਹੁਤ ਛੋਟੇ ਅਤੇ ਦੂਰ ਦੂਰ ਹਨ। ਉਸ ਸਮੇਂ ਪੂਹ ਤੋਂ ਕਾਜ਼ਾ ਤੱਕ ਕੋਈ ਪੈਟਰੋਲ ਪੰਪ ਨਹੀਂ ਸੀ। ਤਾਬੋ ਤੋਂ ਥੋੜ੍ਹਾ ਅੱਗੇ, ਕਾਜ਼ਾ ਤੋਂ 50 ਕਿਲੋਮੀਟਰ ਪਹਿਲਾਂ ਹੀ ਗੱਡੀ ਦਾ ਤੇਲ ਮੁੱਕ ਗਿਆ। ਸ਼ਾਮ ਪੈ ਚੁੱਕੀ ਸੀ। ਸੁੰਨਸਾਨ ਖੇਤਰ ਸੀ। ਕਿਧਰੋਂ ਵੀ ਮਦਦ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੀ। ਪ੍ਰੇਸ਼ਾਨ ਹੋਏ ਅਸੀ ਸੜਕ ’ਤੇ ਖੜ੍ਹ ਰਾਹਗੀਰਾਂ ਵੱਲੋਂ ਮਦਦ ਲਈ ਉਡੀਕ ਕਰਨ ਲੱਗੇ। ਕੁਝ ਮੋਟਰਸਾਈਕਲ ਅਤੇ ਕਾਰਾਂ ਵਾਲੇ ਆਏ ਪਰ ਕਿਸੇ ਕੋਲ ਵੀ ਸਾਨੂੰ ਦੇਣ ਜੋਗਾ ਵਾਧੂ ਤੇਲ ਨਹੀਂ ਸੀ।
ਹਨੇਰਾ ਹੋ ਰਿਹਾ ਸੀ ਤੇ ਸਮੱਸਿਆ ਵੀ ਗੰਭੀਰ ਹੋ ਰਹੀ ਸੀ। ਜੂਨ ਦੇ ਮਹੀਨੇ ਵੀ ਇਸ ਖੇਤਰ ਦਾ ਤਾਪਮਾਨ ਮਨਫ਼ੀ ਡਿਗਰੀ ਤੋਂ ਥੱਲੇ ਚਲਾ ਜਾਂਦਾ ਹੈ। ਇਸ ਮੌਕੇ ਕਾਜ਼ਾ ਵੱਲੋਂ ਆ ਰਿਹਾ ਇੱਕ ਟਰੈਕਟਰ ਸਾਡੇ ਕੋਲ ਆ ਕੇ ਰੁਕਿਆ। ਸਾਡੀ ਸਮੱਸਿਆ ਸੁਣ ਟਰੈਕਟਰ ਵਾਲੇ ਭਲੇ ਮਨੁੱਖ ਨੇ ਟਰੈਕਟਰ ਦੀ ਟੈਂਕੀ ਵਿੱਚੋਂ ਕਾਫ਼ੀ ਸਾਰਾ ਤੇਲ ਕੱਢ ਕੇ ਸਾਡੇ ਟੈਂਪੂ ਟਰੈਵਲਰ ਦੀ ਟੈਂਕੀ ਵਿੱਚ ਭਰ ਦਿੱਤਾ। ਉਹ ਨੇੜੇ ਦੇ ਹੀ ਇੱਕ ਪਿੰਡ ਦਾ ਸੀ ਜੋ ਕਿ ਆਪਣੇ ਸਰਕਾਰੀ ਟਰੈਕਟਰ ਦੀ ਕਾਜ਼ਾ ਤੋਂ ਮੁਰੰਮਤ ਕਰਵਾ ਕੇ ਲਿਆਇਆ ਸੀ। ਡੀਜ਼ਲ ਭਰਨ ਉਪਰੰਤ ਉਸ ਸਾਨੂੰ ਕਿਹਾ, ‘‘ਠੰਢ ਵਧ ਰਹੀ ਹੈ, ਤੁਹਾਡਾ ਸਫਰ ਕਾਫੀ ਹੈ, ਜਲਦੀ ਜਾਓ।’’
ਅਸੀ ਇਹ ਮਨ ਬਣਾ ਲਿਆ ਸੀ ਕਿ ਉਸ ਨੂੰ ਬਣਦੇ ਪੈਸਿਆਂ ਨਾਲੋਂ ਜ਼ਿਆਦਾ ਪੈਸੇ ਦੇਵਾਂਗੇ, ਪਰ ਜਦੋਂ ਅਸੀ ਉਸ ਨੂੰ ਪੈਸੇ ਪੁੱਛੇ ਤਾਂ ਉਸ ਅੱਗੋਂ ਜਵਾਬ ਦੇ ਕੇ ਸਾਨੂੰ ਲਾਜਵਾਬ ਕਰ ਦਿੱਤਾ। ਉਸ ਕਿਹਾ, ‘‘ਸਰਦਾਰ ਜੀ ਆਪ ਪੰਜਾਬ ਸੇ ਹੋ, ਜਹਾਂ ਆਪ ਲੋਗੋਂ ਕੇ ਰੋਕ ਰੋਕ ਕਰ ਖਾਨਾ ਖਿਲਾਤੇ ਹੋ, ਦੂਧ ਪਿਲਾਤੇ ਹੋ। ਯਹਾਂ ਮੈਂ ਮੁਸੀਬਤ ਕੇ ਸਮੇਂ ਆਪ ਸੇ ਪੈਸੇ ਲੈ ਲੂੰ, ਯਹ ਨਹੀਂ ਹੋ ਸਕਤਾ।” ਉਸ ਨੇ ਹੱਥ ਜੋੜ ਸਾਡੇ ਤੋਂ ਪੈਸੇ ਲੈਣ ਤੋਂ ਇਨਕਾਰ ਕੀਤਾ ਅਤੇ ਚਲਾ ਗਿਆ। ਸ਼ੁਕਰਾਨੇ ਵਜੋਂ ਅਸੀ ਉਸ ਭਲੇ ਬੰਦੇ ਵੱਲੋਂ ਦਿਖਾਈ ਇਨਸਾਨੀਅਤ ਨੂੰ ਸਲਾਮ ਕਰ ਅੱਗੇ ਤੁਰ ਪਏ। ਇੱਥੇ ਮੈਨੂੰ ਬਜ਼ੁਰਗਾਂ ਵੱਲੋਂ ਬਚਪਨ ਵਿੱਚ ਸੁਣਾਈ ਹੋਈ ਇੱਕ ਗੱਲ ਯਾਦ ਆਈ।
ਬਜ਼ੁਰਗ ਕਿਹਾ ਕਰਦੇ ਸਨ, ‘ਬੰਦਾ ਬਾਰਾਂ ਕੋਹਾਂ ’ਤੇ ਜਾ ਕੇ ਵੀ ਦੁੱਧ ਆਪਣੀ ਮੱਝ ਦਾ ਹੀ ਪੀਂਦਾ ਹੈ।’ ਮਨ ਹੀ ਮਨ ਮੈਨੂੰ ਪੰਜਾਬੀ ਹੋਣ ’ਤੇ ਮਾਣ ਵੀ ਹੋਇਆ ਤੇ ਪੰਜਾਬੀਅਤ ਦੀ ਭਾਵਨਾ ਨੂੰ ਹੋਰ ਸੰਜੀਦਗੀ ਨਾਲ ਅਪਣਾਉਣ ਦੀ ਪ੍ਰੇਰਨਾ ਵੀ ਮਿਲੀ।
ਸੰਪਰਕ 94173-75266

