ਭਲਾ ਕੋਈ ਨੌਕਰੀਸ਼ੁਦਾ ਬੇਰੁਜ਼ਗਾਰ ਕਿਵੇਂ ਹੋ ਸਕਦਾ ਹੈ ਤੇ ਕੋਈ ਬੇਰੁਜ਼ਗਾਰ ਨੌਕਰੀਸ਼ੁਦਾ ਕਿਵੇਂ ਹੋ ਸਕਦਾ ਹੈ? ਆਓ ਜ਼ਰਾ ਪੰਜਾਬ ਅੰਦਰ ਚੱਲਦੇ ਕਾਲਜ ਅਧਿਆਪਕਾਂ (ਸਹਾਇਕ ਪ੍ਰੋਫ਼ੈਸਰ) ਦੀ ਇੱਕ ਖਾਸ ਵੰਨਗੀ ਦੀ ਗੱਲ ਕਰ ਲਈਏ। ਇਨ੍ਹਾਂ ‘ਸਹਾਇਕ ਪ੍ਰੋਫੈਸਰਾਂ’ ਵਿਚੋਂ ਮੈਂ ਵੀ ਇੱਕ ਹਾਂ।
ਐੱਮਫਿਲ (ਅੰਗਰੇਜ਼ੀ) ਦਾ ਆਖਰੀ ਸਮੈਸਟਰ ਚੱਲ ਰਿਹਾ ਸੀ ਤਾਂ ਬੇਰੁਜ਼ਗਾਰੀ ਦਾ ਅਹਿਸਾਸ ਹੋਣ ਲੱਗ ਪਿਆ। ਇਸ ਦਾ ਕਾਰਨ ਵਧਦੀ ਉਮਰ ਕਰ ਕੇ, ਮਾਪਿਆਂ ਤੋਂ ਪੈਸੇ ਮੰਗਣ ਦੀ ਜਗ੍ਹਾ ਉਨ੍ਹਾਂ ਦਾ ਸਹਾਰਾ ਬਣਨ ਦੀ ਇੱਛਾ ਤੇ ਪੈਸੇ ਦੀ ਲੋੜ ਵੀ ਸੀ। ਕਿਤੇ ਨਾ ਕਿਤੇ ਨੌਕਰੀ ਹੀ ਇਕ ਕਾਰਨ ਸੀ ਕਿ ਮੈਂ ਅੰਗਰੇਜ਼ੀ ਨੂੰ ਆਪਣਾ ਮੁੱਖ ਵਿਸ਼ਾ ਚੁਣਿਆ। ਸੁਣਿਆ ਹੋਇਆ ਸੀ ਕਿ ਅੰਗਰੇਜ਼ੀ ਆਉਂਦੀ ਹੋਵੇ ਤਾਂ ਬੰਦੇ ਨੂੰ ਨੌਕਰੀ ਛੇਤੀ ਮਿਲ ਜਾਂਦੀ ਹੈ ਪਰ ਯੂਨੀਵਰਸਿਟੀ ਤੱਕ ਪਹੁੰਚਦਿਆਂ ਇਹ ਸਾਫ਼ ਹੋ ਗਿਆ ਸੀ ਕਿ ਚਾਹੇ ਕੁਝ ਵੀ ਪੜ੍ਹ ਲਓ, ਨੌਕਰੀ ਤਾਂ ਔਖਾ ਕੰਮ ਹੀ ਹੈ, ਖ਼ਾਸ ਕਰ ਕੇ ਅਧਿਆਪਨ ਖੇਤਰ ਵਿਚ। ਸਰਕਾਰ ਸਾਲਾਂਬੱਧੀ ਸਕੂਲਾਂ-ਕਾਲਜਾਂ ਦੀਆਂ ਅਸਾਮੀਆਂ ਕੱਢਦੀ ਹੈ। ਖ਼ੈਰ! ਆਸ ਦਾ ਤਾਰਾ ਧੁੰਦਲਾ ਨਹੀਂ ਹੋਣ ਦਿੱਤਾ, ਸੋਚਿਆ ਸੀ ਕਿ ਅੰਗਰੇਜ਼ੀ ਵਿਚ ਐੱਮਫਿਲ ਪਾਸ ਹਾਂ, ਆਪਣੇ ਵਿਸ਼ੇ ਦਾ ਨੈੱਟ ਪਾਸ ਕਰ ਕੇ ਘੱਟੋ-ਘੱਟ 21,600 ਰੁਪਏ ਵਾਲੀ ਨੌਕਰੀ ਤੇ ਤਾਂ ਕਿਸੇ ਨਾ ਕਿਸੇ ਕਾਲਜ ਵਿਚ ਪੜ੍ਹਾਉਣ ਲੱਗ ਹੀ ਜਾਣਾ ਹੈ।
2019 ਵਾਲੀ ਵਿਸਾਖੀ ਦੇ ਮੇਲੇ ਦੇ ਨਾਲ ਹੀ ਨਿੱਠ ਕੇ ਨੈੱਟ ਦੀ ਤਿਆਰੀ ਸ਼ੁਰੂ ਕਰ ਦਿੱਤੀ। ਚੌਵੀ ਘੰਟਿਆਂ ਦਾ ਦਿਨ ਬਣਾ ਲਿਆ, ਰਾਤਾਂ ਮਨਫੀ ਕਰ ਦਿੱਤੀਆਂ। ਜੁਲਾਈ ਦੇ ਪਹਿਲੇ ਹਫਤੇ ਜਦੋਂ ਜੂਨ ਵਾਲੇ ਨੈੱਟ ਦਾ ਨਤੀਜਾ ਆਇਆ ਤਾਂ ਨੈੱਟ ਵਾਲਾ ਮੋਰਚਾ ਫਤਿਹ ਕਰ ਲਿਆ ਸੀ। ਨਤੀਜਾ ਆਉਣ ਤੋਂ ਬਾਅਦ ਸੋਚਿਆ ਕਿ ਜੇਆਰਐੱਫ ਦੀ ਤਿਆਰੀ ਕਰਦੇ ਹਾਂ ਤੇ ਯੂਨੀਵਰਸਿਟੀ ਹੀ ਰੁਕਦੇ ਹਾਂ ਪਰ ਮਨ ਦੀ ਹਾਲਤ ਇਹ ਸੀ ਕਿ ਛੇਤੀ ਤੋਂ ਛੇਤੀ ਨੌਕਰੀ ਪ੍ਰਾਪਤ ਕਰਨੀ ਹੈ। ਸੋ ਜੇਆਰਐੱਫ ਦਾ ਖਿਆਲ ਇੱਕ ਵਾਰ ਛੱਡ ਕੇ ਜਾਂ ਕਹੋ ਨਾਲ ਲੈ ਕੇ ਇੰਟਰਵਿਊਜ਼ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਸਭ ਤੋਂ ਪਹਿਲਾਂ ਚੰਡੀਗੜ੍ਹ ਨਵੋਦਿਆ ਵਿਦਿਆਲਾ ਵਿਖੇ ਇੰਟਰਵਿਊ ਦਿੱਤੀ, ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ (ਮਹਿਮਾਨ ਅਧਿਆਪਕ) ਲਈ ਇੰਟਰਵਿਊ ਦਿੱਤੇ, ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ (ਟੀਚਰ) ਲਈ। ਇਸ ਦੌਰਾਨ ਸਭ ਤੋਂ ਵੱਡੀ ਤੇ ਪਹਿਲੀ ਸੱਟ ਉਦੋਂ ਵੱਜੀ ਜਦੋਂ ਇਹ ਪਤਾ ਲੱਗਿਆ ਕਿ ਇਹ ਨੌਕਰੀ ਤਾਂ 7-8 ਮਹੀਨਿਆਂ ਦੀ ਹੀ ਹੈ, ਤੇ ਨਾ ਹੀ ਇਸ ਨੌਕਰੀ ਦਾ ਕਿਤੇ ਤਜਰਬਾ ਗਿਣਿਆ ਜਾਂ ਮੰਨਿਆ ਜਾਂਦਾ ਹੈ। ਫਿਰ ਵੀ ਨੌਕਰੀ ਦੀ ਇੱਛਾ ਅਤੇ ਰੁਜ਼ਗਾਰ ਦੇ ਹਾਲਾਤ ਦੇਖਦੇ ਹੋਏ ਹੌਸਲਾ ਨਾ ਛੱਡਿਆ ਤੇ ਆਪਣੇ ਤੋਂ ਮਾੜੀ ਹਾਲਤ ਵਾਲਿਆਂ ਵੱਲ ਦੇਖ ਕੇ ਇੰਟਰਵਿਊ ਜਾਰੀ ਰੱਖੀਆਂ। ਇਸ ਤੋਂ ਬਾਅਦ ਨੌਕਰੀ ਲਈ ਜਵਾਬੀ ਫੋਨ ਆਉਣ ਲੱਗੇ। ਸਭ ਤੋਂ ਪਹਿਲਾਂ ਪਠਾਨਕੋਟ ਤੋਂ ਨਵੋਦਿਆ ਵਾਲਿਆਂ ਦਾ ਫੋਨ ਆਇਆ ਜਿਸ ਨੂੰ ਦੂਰੀ ਅਤੇ ਕਾਲਜ ਦੀ ਨੌਕਰੀ ਦੀ ਲਾਲਸਾ ਕਰ ਕੇ ਜਵਾਬ ਦੇ ਦਿੱਤਾ। ਫਿਰ ਬਰਨਾਲਾ, ਅੰਮ੍ਰਿਤਸਰ, ਜਲੰਧਰ ਤੋਂ ਵੀ ਫੋਨ ਆਏ। ਫਿਰ ਬਰਾਬਰ ਦੀ ਹੀ ਸੱਟ ਉਸ ਵੇਲੇ ਲੱਗੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਇਕ ਕੰਸਟੀਚੂਐਂਟ ਕਾਲਜ ਵਿਚ ਚੋਣ ਹੋਣ ਤੋਂ ਬਾਅਦ ਕਾਲਜ ਪ੍ਰਿੰਸੀਪਲ ਨੇ ਸੱਦਿਆ ਤੇ ਕਿਹਾ, “ਪੁੱਤਰ, ਅਸੀਂ 12000 ਰੁਪਏ ਤਨਖਾਹ ਦੇ ਸਕਦੇ ਹਾਂ, ਜੇਕਰ ਪੂਰੀ 21600 ਰੁਪਏ ਤਨਖਾਹ (ਜਿਸ ਵਿਚੋਂ ਕੁਝ ਹੋਰ ਕਟੌਤੀ ਵੀ ਹੁੰਦੀ ਹੈ) ਲੈਣੀ ਹੈ ਤਾਂ ਉਹ ਯੂਨੀਵਰਸਿਟੀ ਵੱਲੋਂ ਸਮੈਸਟਰ ਦੇ ਸਮੈਸਟਰ ਆਉਂਦੀ ਹੈ।” ਮੈਨੂੰ ਇਹ ਸੁਣ ਕੇ ਝਟਕਾ ਲੱਗਾ ਤੇ ਪਿੰਡਾਂ ਵਿਚ ਚੱਲਦਾ ਹਾੜ੍ਹੀ-ਸਾਉਣੀ ਦਾ ਲੈਣ-ਦੇਣ ਯਾਦ ਆ ਗਿਆ। ਇਸ ਬਾਰੇ ਜਾਣਕਾਰੀ ਲਈ ਇੱਕ ਦੋ ਥਾਵਾਂ ਤੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਯੂਨਵਰਸਿਟੀ/ਕੰਸਟੀਚੂਐਂਟ ਕਾਲਜਾਂ ਦੀ ਗੈਸਟ ਫੈਕਲਟੀ ਦਾ ਸਿਸਟਮ ਤਾਂ ਇਹੀ ਹੈ ਕਿ ਤਨਖਾਹ ਸਮੈਸਟਰ ਦੇ ਸਮੈਸਟਰ ਹੀ ਦਿੱਤੀ ਜਾਂਦੀ ਹੈ।
ਇਸ ਦੌਰਾਨ ਮੈਂ ਹੋਰ ਇੰਟਰਵਿਊ ਦਿੱਤੀਆਂ ਅਤੇ ‘ਚੰਗੇ ਭਾਗੀ’ ਆਪਣੇ ਹੀ ਪਿੰਡ ਦੇ ਕੰਸਟੀਚੂਐਂਟ ਕਾਲਜ ਵਿਚ ‘ਮਹਿਮਾਨ ਅਧਿਆਪਕ’ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਨੌਕਰੀ ਮਿਲਣ ਦਾ ਚਾਅ ਜਾਂ ਨੌਕਰੀ ਮਿਲਣ ਤੇ ਪਾਰਟੀ ਸੁਭਾਵਿਕ ਜਿਹਾ ਜਸ਼ਨ ਹੈ ਪਰ ਜਦੋਂ ਵੀ ਮੇਰੇ ਕੋਲੋਂ ਮੇਰੇ ਦੋਸਤ ਮਿੱਤਰ (ਉਨ੍ਹਾਂ ਨੇ ਤਾਂ ਹੁਣ ਛੱਡ ਹੀ ਦਿੱਤਾ) ਜਾਂ ਕੋਈ ਪਿੰਡ ਵਾਲਾ ਪਾਰਟੀ ਮੰਗਦਾ ਹੈ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਤਨਖਾਹ ਆਉਣ ਤੇ ਕਰਾਂਗੇ ਪਾਰਟੀ, ਤੇ ਮੇਰੇ ਮਨ ਅੰਦਰ ਪੂਰੀ ਰੀਝ ਹੈ ਕਿ ਜਦੋਂ ਤਨਖਾਹ ਆਈ, ਪਾਰਟੀ ਜ਼ਰੂਰ ਕਰਨੀ ਹੈ। ਉਂਜ, ਤਨਖਾਹ ਉਡੀਕਦਿਆਂ ਇੱਕ ਸਾਲ ਸੱਤ ਮਹੀਨੇ ਹੋ ਗਏ ਹਨ ਅਤੇ ‘ਨੌਕਰੀਸ਼ੁਦਾ ਬੇਰੁਜ਼ਗਾਰਾਂ’ ਦੀ ਉਡੀਕ ਜਾਰੀ ਹੈ…!
ਸੰਪਰਕ: 81466-90471