ਸੱਚੋ-ਸੱਚ

ਸੱਚੋ-ਸੱਚ

ਪਰਮਜੀਤ ਕੌਰ ਸਰਹਿੰਦ

ਪਰਮਜੀਤ ਕੌਰ ਸਰਹਿੰਦ

ਦੋਂ ਵੀ ਚੋਣ ਨਗਾਰਾ ਵੱਜਦਾ ਹੈ, ਕੁਝ ਸਮਾਂ ਪਹਿਲਾਂ ਦੀ ਘਟਨਾ ਮੁੜ ਮੁੜ ਚੇਤੇ ਆਉਂਦੀ ਹੈ। ਹੁਣ ਚੋਣਾਂ ਦੇ ਦਿਨੀਂ ਉਹ ਘਟਨਾ ਫਿਰ ਜ਼ਿਹਨ ਵਿਚ ਘੁੰਮਣ ਲੱਗੀ।... ਉਮੀਦਵਾਰਾਂ ਦਾ ਇੱਕ ਟੋਲਾ ਆਉਂਦਾ, ਇੱਕ ਜਾਂਦਾ। ਸਾਰਾ ਦਿਨ ਇਹੋ ਕਰਮ ਜਾਰੀ ਰਹਿੰਦਾ। ਅਸੀਂ ਜਿਸ ਪਾਰਟੀ ਨਾਲ ਸਬੰਧਤ ਸਾਂ ਜਾਂ ਹਾਂ, ਉਸ ਪਾਰਟੀ ਨੇ ਪਹਿਲਾਂ ਵਾਲੇ ਲੋਕਾਂ ਦੇ ਚਹੇਤੇ ਇਮਾਨਦਾਰ ਨੇਕ ਬੰਦੇ ਨੂੰ ਛੱਡ ਕੇ ਕਿਸੇ ਹੋਰ ਜ਼ੋਰਾਵਰ ਨੂੰ ਅਜ਼ਮਾਉਣ ਲਈ ਚੋਣ ਅਖਾੜੇ ਦਾ ਪਹਿਲਵਾਨ ਬਣਾ ਦਿੱਤਾ ਸੀ। ਉਸ ਨੇਕ ਬੰਦੇ ਨੇ ਇਸ ਨਾਇਨਸਾਫ਼ੀ ਤੋਂ ਅੱਕੇ ਨੇ ਅੱਕ ਚੱਬ ਲਿਆ ਸੀ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰ ਪਿਆ ਸੀ। ਸਾਡੀ ਹਮਦਰਦੀ ਉਸ ਨਾਲ ਅਤੇ ਵੋਟ ਵੀ ਉਸ ਲਈ ਰਾਖਵੀਂ ਸੀ।

ਸਾਡੀ ਜਾਣ-ਪਛਾਣ ਵਾਲੇ ਕਈ ਲੋਕ ਪਾਰਟੀ ਨਾਤੇ ਜਾਂ ਦਿਖਾਵੇ ਲਈ ਨਵੇਂ ਉਮੀਦਵਾਰ ਨਾਲ ਤੁਰੇ ਫਿਰਦੇ ਪਰ ਅਸੀਂ ਉਸ ਨੇਕ ਬੰਦੇ ਦਾ ਸਾਥ ਦਿੱਤਾ, ਭਾਵੇਂ ਬੰਦਾ ਦੂਜਾ ਵੀ ਸ਼ਰੀਫ਼ ਸੀ। ਉਹ ਵੀ ਆਪਣੇ ਸਾਥੀਆਂ ਨਾਲ ਵੋਟਾਂ ਮੰਗਣ ਸਾਡੇ ਘਰ ਆਇਆ। ਪਤੀ ਘਰ ਨਹੀਂ ਸਨ। ਮੈਂ ਚਾਹ ਪਾਣੀ ਪੁੱਛਿਆ ਪਰ ਉਸ ਧੰਨਵਾਦ ਕਰਦਿਆਂ ਕਿਹਾ, “ਮੈਂ ਬੇਨਤੀ ਕਰਨ ਆਇਆ ਹਾਂ, ਮੇਰਾ ਸਾਥ ਦਿਓ, ਵੋਟਾਂ ਮੈਨੂੰ ਪਾਉਣੀਆਂ ਅਤੇ ਹੋਰ ਜਾਣੂ ਲੋਕਾਂ ਤੋਂ ਵੀ ਪਵਾਉਣੀਆਂ।” ਮੈਂ ਝੂਠ ਨਾ ਬੋਲ ਸਕੀ ਕਿ ਵੋਟ ਤੁਹਾਨੂੰ ਹੀ ਪਾਵਾਂਗੀ, ਬੱਸ ਇੰਨਾ ਹੀ ਕਿਹਾ, “ਤੁਹਾਡਾ ਸੁਨੇਹਾ ‘ਉਨ੍ਹਾਂ’ (ਪਤੀ) ਨੂੰ ਦੇ ਦਿਆਂਗੀ”, ਤੇ ਮੈਂ ਸੁਨੇਹਾ ਦੇ ਦਿੱਤਾ।

ਵੋਟਾਂ ਪੈਣ ਤੋਂ ਹਫ਼ਤਾ ਕੁ ਪਹਿਲਾਂ ਉਸ ਬੰਦੇ ਨੇ ਸਾਡੇ ਕਿਸੇ ਖ਼ਾਸ ਬੰਦੇ ਤੋਂ ਫ਼ੋਨ ਕਰਵਾਇਆ ਜਿਸ ਦਾ ਅਸੀਂ ਬੜਾ ਆਦਰ ਕਰਦੇ ਸਾਂ ਕਿ ‘ਵੋਟ ਇਸ ਪਾਰਟੀ ਉਮੀਦਵਾਰ ਨੂੰ ਪਾਉਣੀ ਹੈ, ਮੇਰੇ ਕੋਲ ਬੈਠਾ ਹੈ ਕਿ ਫ਼ੋਨ ਕਰੋ, ਉਹ ਤੁਹਾਡੀ ਗੱਲ ਨਹੀਂ ਮੋੜਨਗੇ’ ਪਰ ਪਤੀ ਨੇ ਕਿਹਾ ਕਿ ਆਪਾਂ ਮਿਲ ਕੇ ਗੱਲ ਕਰਾਂਗੇ। ਥੋੜ੍ਹੀ ਦੇਰ ਬਾਅਦ ਹੀ ਉਹ ਬੰਦਾ ਸਾਡੇ ਘਰ ਆ ਗਿਆ ਪਰ ਪਤੀ ਨੇ ਸਪਸ਼ਟ ਕਹਿ ਦਿੱਤਾ ਕਿ ਵੋਟ ਅਸੀਂ ਆਪਣੇ ਪੁਰਾਣੇ ਬੰਦੇ ਨੂੰ ਹੀ ਪਾਵਾਂਗੇ, ਭਾਵੇਂ ਉਹ ਆਜ਼ਾਦ ਖੜ੍ਹਾ ਹੈ। ਅਸੀਂ ਝੂਠ ਨਹੀਂ ਕਹਿਣਾ ਕਿ ਵੋਟ ਤੇਰੇ ਬੰਦੇ ਨੂੰ ਨੂੰ ਪਾਵਾਂਗੇ। ਇਹ ਵੀ ਆਖ ਦਿੱਤਾ ਕਿ ਉਸ ਸ਼ਰੀਫ਼ ਬੰਦੇ ਨੂੰ ਵੀ ਦੱਸ ਦੇਣਾ ਤਾਂ ਜੋ ਉਹ ਭੁਲੇਖੇ ਵਿਚ ਨਾ ਰਹੇ, ਜ਼ਾਤੀ ਤੌਰ ਤੇ ਸਾਨੂੰ ਉਸ ਨਾਲ ਕੋਈ ਰੰਜਿਸ਼ ਨਹੀਂ। ਸਾਡਾ ਦੁੱਖ-ਸੁੱਖ ਵਿਚ ਉਸ ਨਾਲ ਉਵੇਂ ਹੀ ਆਉਣ-ਜਾਣ ਰਹੇਗਾ ਜਿਵੇਂ ਪਹਿਲਾਂ ਸੀ। ਸਾਡਾ ਸੁਨੇਹਾ ਉਸ ਉਮੀਦਵਾਰ ਤੱਕ ਪੁੱਜ ਗਿਆ ਸੀ।

ਵੋਟਾਂ ਪਈਆਂ ਅਤੇ ਚੋਣ ਅਖਾੜੇ ਦਾ ਨਵਾਂ ਜ਼ੋਰਾਵਰ ਜਿੱਤ ਗਿਆ, ਉਸ ਜਿੱਤਣਾ ਹੀ ਸੀ, ਪਾਰਟੀ ਦਾ ਹੱਥ ਜੋ ਉਸ ਦੇ ਸਿਰ ਉੱਤੇ ਸੀ। ਸਾਡਾ ਆਜ਼ਾਦ ਉਮੀਦਵਾਰ ਹਾਰ ਗਿਆ ਸੀ ਪਰ ਸਾਡੇ ਮਨ ਨੂੰ ਤਸੱਲੀ ਸੀ ਕਿ ਅਸੀਂ ਸੱਚ ਨਾਲ ਖੜ੍ਹੇ ਸਾਂ। ਹਫ਼ਤੇ ਕੁ ਬਾਅਦ ਦੀ ਗੱਲ ਹੈ, ਘੰਟੀ ਵੱਜਣ ਤੇ ਬਾਹਰ ਨਿਕਲੀ ਤਾਂ ਦੇਖਿਆ, ਉਹੀ ਜਿੱਤਿਆ ਉਮੀਦਵਾਰ ਪੰਜ-ਸੱਤ ਸਾਥੀਆਂ ਨਾਲ ਮਠਿਆਈ ਦਾ ਡੱਬਾ ਹੱਥ ਵਿਚ ਫੜੀ ਆ ਰਿਹਾ ਸੀ। ਦੁਆ ਸਲਾਮ ਹੋਈ। ਉਸ ਨਿਮਰਤਾ ਨਾਲ ਹੱਥ ਜੋੜੇ, “ਮੈਂ ਆਪਣੀ ਖ਼ੁਸ਼ੀ ਵਿਚ ਤੁਹਾਨੂੰ ਸ਼ਾਮਲ ਕਰਨਾ ਚਾਹੁੰਦਾ ਹਾਂ। ਮੂੰਹ ਮਿੱਠਾ ਕਰੋ ਅਤੇ ਐਤਵਾਰ ਨੂੰ ਘਰੇ ਪਾਠ ਦਾ ਭੋਗ ਹੈ, ਜ਼ਰੂਰ ਆਉਣਾ।” ਪਤੀ ਕੁਦਰਤੀ ਉਸ ਸਮੇਂ ਵੀ ਘਰ ਨਹੀਂ ਸਨ। ਇੱਕ ਪਲ ਸ਼ਰਮ ਜਿਹੀ ਆਈ ਕਿ ਅਸੀ ਤਾਂ ਇਸ ਬੰਦੇ ਨੂੰ ਵੋਟ ਪਾਉਣ ਤੋਂ ਸਪਸ਼ਟ ਨਾਂਹ ਕਰ ਦਿੱਤੀ ਸੀ, ਇਸ ਨੇ ਕਿੱਡੀ ਨਿਮਰਤਾ ਦਿਖਾਈ ਹੈ! ਜਿੱਤੇ ਉਮੀਦਵਾਰ ਤਾਂ ਤੋਤੇ ਵਾਂਗ ਅੱਖਾਂ ਫੇਰ ਜਾਂਦੇ ਨੇ। ਉਹ ਤਾਂ ਦਿਨ-ਰਾਤ ਨਾਲ ਫਿਰਨ ਵਾਲਿਆਂ, ਵੋਟ ਪਾਉਣ ਵਾਲਿਆਂ ਨੂੰ ਪੁੱਛਦੇ ਤੱਕ ਨਹੀਂ, ਤੇ ਇਹ ਬੰਦਾ ਘਰੋ-ਘਰੀ ਧੰਨਵਾਦ ਕਰਦਾ ਫਿਰਦਾ...।

ਮੈਂ ਝੱਟ ਦੁਚਿਤੀ ਵਿਚੋਂ ਨਿਕਲੀ ਅਤੇ ਚਾਹ ਪਾਣੀ ਪੁੱਛਿਆ। ਉਨ੍ਹਾਂ ਸਿਰਫ਼ ਪਾਣੀ ਪੀਤਾ। ਮੈਂ ਮੁਬਾਰਕ ਦਿੱਤੀ, ਧੰਨਵਾਦ ਕੀਤਾ। ਝੱਟ ਹੀ ਸੋਚ ਲਿਆ ਸੀ ਕਿ ਸੱਚ ਬੋਲਣ ਵਿਚ ਕੇਹੀ ਸ਼ਰਮ? ਵੋਟ ਨਹੀਂ ਸੀ ਪਾਉਣੀ, ਉਹ ਵੀ ਸੱਚ ਸੀ। ਇਹ ਬੰਦਾ ਜਿੱਤ ਕੇ ਆਇਆ ਸੀ, ਇਹ ਵੀ ਸੱਚ ਸੀ। ਇਸ ਲਈ ‘ਮੁਬਾਰਕ’ ਕਹਿਣਾ ਵੀ ਓਨਾ ਹੀ ਸੱਚ ਸੀ। ਉਸ ਦੇ ਆਪ ਚੱਲ ਕੇ ਮਠਿਆਈ ਦੇਣ ਆਉਣ ਲਈ ‘ਧੰਨਵਾਦ’ ਕਹਿਣਾ ਵੀ ਤਾਂ ਸੱਚ ਹੀ ਸੀ! ... ਤੇ ਫਿਰ ਉਹ ਆਪਣੇ ਰਾਹ ਪੈ ਗਏ ਸਨ, ਧੰਨਵਾਦ ਕਰਦੇ ਹੋਏ...। ਮੈਂ ਕਿੰਨੀ ਦੇਰ ਸੋਚਦੀ ਰਹੀ- ਕਿੰਨਾ ਚੰਗਾ ਹੋਵੇ ਜੇ ਹਰ ਵੋਟਰ, ਹਰ ਉਮੀਦਵਾਰ ਨੂੰ ਸੱਚੋ-ਸੱਚ ਆਖੇ; ਹੋ ਸਕਦਾ ਹੈ ਕਿ ਸੱਚ ਕਹਿਣ ਨਾਲ ਸਿਆਸੀ ਗੰਧਲਾਪਣ ਕੁਝ ਘਟ ਜਾਵੇ ਅਤੇ ਸੱਚ ਨਿੱਤਰ ਕੇ ਸਾਹਮਣੇ ਆ ਜਾਵੇ।

ਸੰਪਰਕ: 98728-98599

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All