ਕਰਨੈਲ ਸਿੰਘ ਸੋਮਲ
ਨਾਉਂ ਉਸ ਦਾ ਦੇਵ ਸੀ ਪਰ ਪਿੰਡ ਵਾਲੇ ਉਸ ਨੂੰ ਟੌਰ੍ਹੂ ਕਹਿੰਦੇ ਸਨ। ਵਿਆਹ ਹੁੰਦਾ ਜਾਂ ਮੇਲਾ ਮਸਾਵਾ, ਉਸ ਦੀ ਟੌਰ੍ਹ ਦੇਖਣ ਵਾਲ਼ੀ ਹੁੰਦੀ। ਉਸ ਦੀ ਮਾਵੇ ਵਾਲੀ ਪੱਗ ਟੌਅਰੇ (ਤੁਰ੍ਹਲਾ) ਵਾਲੀ ਤੇ ਪੈਰਾਂ ਤੱਕ ਧੂਹਵਾਂ ਚਾਦਰਾ ਬੰਨ੍ਹਿਆ ਹੁੰਦਾ। ਉਸ ਦੀ ਅਵਾਜ਼ ਵਿੱਚ ਗੜ੍ਹਕਾ ਹੁੰਦਾ। ਇਸੇ ਕਰਕੇ ਉਸ ਦਾ ਨਾਂ ਟੌਰ੍ਹੂ ਪੈ ਗਿਆ ਸੀ। ਉਸ ਦਾ ਪਿਤਾ-ਪੁਰਖੀ ਕੰਮ ਕਿਰਸਾਣਾਂ ਦੇ ਡੰਗਰਾਂ ਦਾ ਗੋਹਾ-ਕੂੜਾ ਚੁੱਕਣਾ ਸੀ। ਦੇਵ ਹੁਰੀਂ ਤਿੰਨ ਭਾਈ ਸਨ-ਦੇਵ, ਹਰੀ ਤੇ ਪ੍ਰੀਤਮ। ਦੇਵ ਅਤੇ ਉਸ ਦੇ ਭਾਈ ਹਰੀ ਨੇ ਬਹੁਤ ਥੋੜ੍ਹੀ ਦੇਰ ਗੋਹੇ-ਕੂੜੇ ਦੇ ਟੋਕਰੇ ਚੁੱਕੇ। ਫਿਰ ਉਹ ਕਹੀ ਦਾ ਕੰਮ ਕਰਨ ਲੱਗ ਪਏ। ਕਿਤੋਂ ਮਿੱਟੀ ਦੀ ਟਰਾਲੀ ਜਾਂ ਟਰੱਕ ਭਰਨਾ ਹੁੰਦਾ, ਉਹ ਦੋਵੇਂ ਆਪਣੀਆਂ ਚੌੜੇ ਫਾਲ਼ ਵਾਲ਼ੀਆਂ ਕਹੀਆਂ ਮੋਢੇ ਉੱਤੇ ਰੱਖ ਕੇ ਵਾਹੋ-ਦਾਹੀ ਤੁਰ ਪੈਂਦੇ। ਟੌਰ੍ਹੂ ਨੇ ਫਿਰ ਭੱਠਿਆਂ ਉੱਤੇ ਪਥੇਰ ਦਾ ਕੰਮ ਸ਼ੁਰੂ ਕਰ ਦਿੱਤਾ। ਗੋਹਾ-ਕੂੜਾ ਚੁੱਕਣ ਦਾ ਕੰਮ ਉਨ੍ਹਾਂ ਦੀਆਂ ਤੀਵੀਂਆਂ ਕਰਦੀਆਂ ਸਨ। ਫਿਰ ਉਹ ਵੀ ਇਹ ਕੰਮ ਛੱਡ ਕੇ ਭੱਠੇ ਉੱਤੇ ਇੱਟਾਂ ਪੱਥਣ ਦੇ ਕੰਮ ਵਿੱਚ ਘਰ ਦੇ ਜੀਆਂ ਨਾਲ ਲੱਗ ਗਈਆਂ। ਟੌਰ੍ਹੂ ਨੂੰ ਪਥੇਰ ਦਾ ਕੰਮ ਪਹਿਲੇ ਕੰਮਾਂ ਨਾਲੋਂ ਬਿਹਤਰ ਲੱਗਦਾ। ਇੱਕ ਤਾਂ ਡੰਗਰਾਂ ਦਾ ਮੁਤਰਾਲ ਚੁੱਕਦਿਆਂ ਜਿਹੜੀ ਕਚਿਆਣ ਮਹਿਸੂਸ ਹੁੰਦੀ, ਉਹ ਮਿੱਟੀ ਦੇ ਇਸ ਕੰਮ ਵਿੱਚ ਨਹੀਂ ਸੀ। ਨਾਲ਼ੇ ਇੱਟਾਂ ਪੱਥਣ ਦਾ ਇਹ ਕੰਮ ਠੇਕੇ ਦਾ ਹੁੰਦਾ। ਜਿੰਨਾ ਗੁੜ ਪਾਓ ਓਨਾ ਮਿੱਠਾ। ਨਾ ਕੋਈ ਟੋਕਣ ਵਾਲਾ ਤੇ ਨਾ ਕਿਸੇ ਦੀ ਕਿਚ-ਕਿਚ। ਗੋਹਾ-ਕੂੜਾ ਕਰਨ ਵਿੱਚ ਹੱਥ-ਪੈਰ ਤੇ ਕੱਪੜੇ ਤਾਂ ਗੰਦੇ ਹੁੰਦੇ ਹੀ, ਉੱਤੋਂ ਘਰ ਦੇ ਮਾਲਕ ਇਨ੍ਹਾਂ ਕਾਮਿਆਂ ਤੋਂ ਸੂੰਕ ਮੰਨਦੇ ਸਨ। ਜਾਤ-ਪਾਤ ਪੱਖੋਂ ਗੋਹਾ-ਕੂੜਾ ਚੁੱਕਣ ਵਾਲਿਆਂ ਨੂੰ ਸਭ ਤੋਂ ਨੀਵਾਂ ਮੰਨਿਆ ਜਾਂਦਾ। ਪਥੇਰ ਦਾ ਕੰਮ ਇਸ ਗਿਲਾਨੀ ਤੋਂ ਮੁਕਤ ਸੀ। ਉੱਥੇ ਕਿਸੇ ਦੀ ਪਛਾਣ ਕਿਸੇ ਜਾਤ ਨਾਲ ਨਹੀਂ, ਕਾਮੇ ਹੋਣ ਵਿੱਚ ਹੀ ਹੁੰਦੀ ਸੀ।
ਟੌਰ੍ਹੂ ਦਾ ਭਾਈ ਹਰੀ ਕਈ ਕਿਰਸਾਣਾਂ ਨਾਲ ਸਾਂਝੀ (ਸੀਰੀ) ਵੀ ਰਿਹਾ। ਉੱਥੇ ਵੀ ਮਾਲਕ ਦੀ ਮਰਜ਼ੀ ਮੁਤਾਬਿਕ ਕੰਮ ਕਰਨਾ ਪੈਂਦਾ। ਕੰਮ ਦੇ ਘੰਟੇ ਬੰਨ੍ਹੇ ਨਹੀਂ ਸਨ ਹੁੰਦੇ। ਸਵੇਰ ਤੋਂ ਦੇਰ ਰਾਤ ਤੱਕ ਭੱਜ ਭੱਜ ਕੰਮ ਕਰਨਾ। ਉਸ ਨੂੰ ਫਿਰ ਆਪਣੇ ਭਾਈ ਟੌਰ੍ਹੂ ਵਾਲਾ ਕੰਮ ਕੁਝ ਠੀਕ ਲੱਗਿਆ। ਗ਼ੁਲਾਮੀ ਉਂਜ ਇੱਥੇ ਵੀ ਸੀ ਪਰ ਜ਼ਰਾ ਲੁਕਵੀਂ ਸੀ। ਪਥੇਰ ਦੇ ਕੰਮ ਦਾ ਠੇਕਾ ਭੱਠਾ ਮਾਲਕ ਨੇ ਦੇਣਾ ਹੁੰਦਾ ਸੀ। ਮਾਲਕ ਵੇਖ ਲੈਂਦਾ ਸੀ ਕਿ ਇੱਕ ਤਕੜਾ ਕਾਮਾ ਪੂਰ ਜ਼ੋਰ ਲਾ ਕੇ ਕਿੰਨੀਆਂ ਕੁ ਇੱਟਾਂ ਪੱਥ ਲੈਂਦਾ ਹੈ। ਇੰਜ ਗਿਣਤੀ-ਮਿਣਤੀ ਕਰਕੇ ਉਹ ਕੰਮ ਦਾ ਭਾਅ ਘੱਟ ਰੱਖਦਾ ਸੀ। ਫਿਰ ਵੀ ਟੌਰ੍ਹੂ ਜਿਹੇ ਕਾਮੇ ਇਹ ਕੰਮ ਕਰਨਾ ਮੰਨ ਲੈਂਦੇ ਸਨ। ਹੋਰ ਕੋਈ ਬਦਲ ਸਾਹਮਣੇ ਜੁ ਨਹੀਂ ਸੀ ਹੁੰਦਾ। ਆਪਣੀ ਮਰਜ਼ੀ ਨਾਲ ਤੇ ਬਿਨਾ ਕਿਸੇ ਦੀ ਟੋਕ-ਟਕਾਈ ਦੇ ਕੰਮ ਕਰਨ ਵਿੱਚ ਕੁਝ ਤਸੱਲੀ ਹੁੰਦੀ। ਉਸ ਨੂੰ ਕੋਈ ਅਜਿਹਾ ਕੰਮ ਕਰਨਾ ਮਨਜ਼ੂਰ ਨਹੀਂ ਸੀ ਜਿਸ ਨੂੰ ਕਰਦਿਆਂ ਬੰਦੇ ਨੂੰ ਦਬਵਾਂ ਬੋਲਣਾ ਪਵੇ।
ਤਿੰਨਾਂ ਭਾਈਆਂ ਵਿੱਚੋਂ ਸਭ ਤੋਂ ਛੋਟਾ ਪ੍ਰੀਤਮ ਸਕੂਲ ਪੜ੍ਹਨ ਲੱਗ ਪਿਆ। ਪੜ੍ਹਾਈ ਵਿੱਚ ਹੁਸ਼ਿਆਰ, ਅਧਿਆਪਕਾਂ ਦਾ ਚਹੇਤਾ, ਉਸ ਨੂੰ ਪੜ੍ਹਾਈ ਵਿੱਚ ਮੱਲਾਂ ਮਾਰਦੇ ਵੇਖ ਸਾਰਾ ਟੱਬਰ ਖ਼ੁਸ਼ ਹੁੰਦਾ। ਪ੍ਰੀਤਮ ਨੇ ਸਕੂਲ ਦੀ ਪੜ੍ਹਾਈ ਮੁੱਕਣ ’ਤੇ ਰੋਪੜ (ਹੁਣ ਰੂਪਨਗਰ) ਦੇ ਨੇੜੇ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਰਹਿਣ ਦਾ ਜੁਗਾੜ ਕਰ ਲਿਆ। ਇਸ ਨਾਲ ਉਸ ਨੂੰ ਰੋਪੜ ਦੇ ਸਰਕਾਰੀ ਕਾਲਜ ਵਿੱਚ ਪੜ੍ਹਨ ਦੀ ਸੌਖ ਹੋ ਗਈ। ਉਸ ਨੇ ਬੜੇ ਚਾਅ ਨਾਲ ਬੀਏ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਵਿੱਚ ਐਮਏ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਮੁਕਾਬਲੇ ਦੀ ਪਰੀਖਿਆ ਦੀ ਤਿਆਰੀ ਦਾ ਸੁਫ਼ਨਾ ਵੀ ਲੈ ਲਿਆ। ਉਨ੍ਹਾਂ ਦਿਨਾਂ ਵਿੱਚ ਉਹ ਮੈਨੂੰ ਮਿਲਿਆ ਤਾਂ ਸਿਵਲ ਸਰਵਿਸ ਦੀ ਪਰੀਖਿਆ ਲਈ ਤਿਆਰੀ ਦੀਆਂ ਹੀ ਗੱਲਾਂ ਕਰਦਾ ਰਿਹਾ। ਉਸ ਦਾ ਇਹ ਜਜ਼ਬਾ ਸਾਨੂੰ ਸਾਰਿਆਂ ਨੂੰ ਚੰਗਾ ਲਗਦਾ। ਹੋਰ ਵੀ ਵਧੀਆ ਲਗਦਾ ਜਦੋਂ ਉਸ ਦੇ ਭਰਾ, ਖ਼ਾਸ ਕਰਕੇ ਟੌਰ੍ਹੂ, ਬੜੀ ਟੌਰ੍ਹ ਨਾਲ ਆਖਦਾ ‘ਵੇਖਣਾ ਜਦੋਂ ਸਾਡਾ ਪ੍ਰੀਤਮ ਡੀਸੀ ਲੱਗ ਜਾਊ’। ਇਹ ਗੱਲ ਕਹਿੰਦਿਆਂ ਜਾਣੋ ਟੌਰ੍ਹੂ ਨੂੰ ਪੂਰਾ ਭਰੋਸਾ ਹੁੰਦਾ ਜਿਵੇਂ ਜਨਮਾਂ-ਜਨਮਾਤਰਾਂ ਦਾ ਦਲਿੱਦਰ, ਪੀੜ੍ਹੀ-ਦਰ-ਪੀੜ੍ਹੀ ਝੱਲਿਆ ਅਪਮਾਨ, ਹਰ ਤਰ੍ਹਾਂ ਦਾ ਪਛੜੇਵਾਂ ਅਤੇ ਹੋਰ ਤਕਲੀਫ਼ ਦਿੰਦਾ ਬਹੁਤ ਕੁਝ ਜਿਹੜਾ ਉਹ ਮਨੁੱਖੀ ਜਾਮੇ ਵਿੱਚ ਹੋ ਕੇ ਵੀ ਇਸ ਸਮਾਜ ਵਿੱਚ ਭੋਗਦੇ ਰਹੇ ਹਨ, ਇੱਕੋ ਵਾਰ ਧੋਤਾ ਜਾਊ। ਇਸ ਤਰ੍ਹਾਂ ਦੀ ਤਾਂਘ ਟੌਰ੍ਹੂ ਜਿਹੇ ਇਨਸਾਨ ਵਿੱਚ ਪੈਦਾ ਹੋਣੀ ਓਪਰੀ ਨਹੀਂ ਸੀ ਲੱਗਦੀ।
ਪ੍ਰੀਤਮ ਦਾ ਸੁਫ਼ਨਾ ਸੱਚਾ ਤੇ ਸੁੱਚਾ ਸੀ। ਉਸ ਦੇ ਭਾਈਆਂ ਦਾ ਦਾਈਆ ਵੀ ਮਸਨੂਈ ਨਹੀਂ ਸੀ। ਫਿਰ ਇੱਕ ਦਿਨ ਇਹ ਮਨਹੂਸ ਖ਼ਬਰ ਸੁਣੀ ਕਿ ਇੱਕ ਅੱਡੇ ਉੱਤੇ ਕਿਸੇ ਬਸ ਨੂੰ ਉਡੀਕਦਾ ਪ੍ਰੀਤਮ ਕਿਸੇ ਵਾਹਨ ਦੀ ਲਪੇਟ ਵਿੱਚ ਆ ਕੇ ਥਾਈਂ ਖ਼ਤਮ ਹੋ ਗਿਆ। ਟੌਰ੍ਹੂ ਨੂੰ ਇਸ ਹਾਦਸੇ ਨੇ ਝੰਜੋੜ ਕੇ ਰੱਖ ਦਿੱਤਾ। ਐਪਰ ਉਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ, ਉਹ ਇਸ ਸਦਮੇ ਤੋਂ ਛੇਤੀ ਹੀ ਸੰਭਲ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਹੁਣ ਪ੍ਰੀਤਮ ਜਿਹੇ ਹੋਰ ਕਈ ਅੱਗੇ ਆਉਣਗੇ। ਉਸ ਦੀ ਪਹਿਲਾਂ ਵਾਲ਼ੀ ਮੜਕ ਮੁੜ ਦਿੱਸਣ ਲੱਗੀ। ਟੌਰ੍ਹੂ ਕਿਸੇ ਦੀ ਟੈਂਅ ਨਹੀਂ ਸੀ ਮੰਨਦਾ, ਪਿਆਰ ਨਾਲ ਬੁਲਾਇਆ ਜਾਂਦਾ ਤਾਂ ਉਹ ਅਗਲੇ ਦੀ ਇੱਜ਼ਤ ਕਰਦਾ, ਪਰ ਕੌੜਾ ਬੋਲਣ ਵਾਲੇ ਨੂੰ ਅੱਗੋਂ ਲਲਕਾਰਦਾ। ਉਹ ਕਰੜੀ ਹੱਡੀ ਦਾ ਮਾਲਕ, ਅਣਥੱਕ ਕਾਮਾ ਸੀ। ਉਸ ਦਾ ਸਵੈਮਾਣ, ਉਸ ਦੀ ਗ਼ੈਰਤ ਤੇ ਉਸ ਦਾ ਕਿਰਦਾਰ ਉਸ ਨੂੰ ਉੱਚਾ ਕੱਦ ਬਖ਼ਸ਼ਦਾ ਸੀ।
ਸੰਪਰਕ: 88476-47101