ਰਾਮ ਸਵਰਨ ਲੱਖੇਵਾਲੀ
ਸਵੇਰੇ ਸਵਖਤੇ ਫ਼ਬੀ ਸਜੀ ਬੱਸ ਅੱਡੇ ਵਿਚੋਂ ਨਿਕਲੀ। ਮੰਜ਼ਿਲ ਤੇ ਪਹੁੰਚਣ ਨੂੰ ਬੇਤਾਬ। ਸਵਾਰੀਆਂ ਨਾਲ ਜਮਾਤ ਦੇ ਕਮਰੇ ਵਾਂਗ ਭਰੀ ਹੋਈ। ਬਹੁਤੀਆਂ ਸੀਟਾਂ ਤੇ ਔਰਤ ਬੀਬੀਆਂ ਬਿਰਾਜਮਾਨ ਸਨ। ਚਿਹਰਿਆਂ ਤੇ ਆਪੋ-ਆਪਣੇ ਟਿਕਾਣਿਆਂ ਤੇ ਪਹੁੰਚਣ ਦੀ ਖ਼ੁਸ਼ੀ ਭਰੀ ਝਲਕ। ਪਹਿਰਾਵੇ ਸਵਾਰੀਆਂ ਦੀ ਪਛਾਣ ਕਰਾਉਂਦੇ ਨਜ਼ਰ ਆਏ। ਪੇਂਡੂ ਬੀਬੀਆਂ ਦੇ ਹੱਥ ਫੜਿਆ ਛੋਟਾ ਥੈਲਾ। ਮੁਲਾਜ਼ਮ, ਅਧਿਆਪਕ ਬੀਬੀਆਂ ਕੋਲ ਪਹਿਨੇ ਸੂਟਾਂ ਦੇ ਰੰਗਾਂ ਨਾਲ ਦੇ ਪਰਸ। ਮਹਿੰਗੇ ਮੋਬਾਈਲ। ਬੈਠੀਆਂ ਸਵਾਰੀਆਂ ਆਪੋ-ਆਪਣੇ ਕੰਮ ਵਿਚ ਮਗਨ। ਆਪਸ ਵਿਚ ਕੋਈ ਗੱਲਬਾਤ ਨਹੀਂ। ਪੇਂਡੂ ਔਰਤਾਂ ਨੂੰ ਛੱਡ ਮੋਬਾਈਲ ਦੀ ਮਾਰ ਸਾਰਿਆਂ ਸਿਰ ਚੜ੍ਹੀ ਨਜ਼ਰ ਆਈ। ਪੜ੍ਹੀਆਂ ਲਿਖੀਆਂ ਬੀਬੀਆਂ ਦੀਆਂ ਉਂਗਲਾਂ ਸਕਰੀਨ ’ਤੇ ਥਿਰਕਣ ਲੱਗੀਆਂ। ਫੇਸਬੁੱਕ, ਵ੍ਹੱਟਸਐਪ ਚੱਲਣ ਲੱਗੇ। ਸੁਨੇਹਿਆਂ ਦਾ ਦੇਣ-ਲੈਣ ਸ਼ੁਰੂ ਹੋਇਆ। ਚਿਹਰਿਆਂ ’ਤੇ ਨਜ਼ਰ ਆਉਂਦੀ ਰਸਮੀ ਮੁਸਕਾਨ। ਕੰਨਾਂ ਵਿਚ ਲੱਗੇ ਹੈੱਡ ਫੋਨ ਮਨਪਸੰਦ ਸੰਗੀਤ ਸੁਣਨ ਦੀ ਚਾਹਤ ਪੂਰੀ ਕਰ ਰਹੇ ਜਾਪੇ। ਸਾਂਝ, ਸਨੇਹ ਤੋਂ ਸੱਖਣਾ ਸਫ਼ਰ। ਬੱਸ ਵਿਚ ਖੜ੍ਹੀ ਕਿਸੇ ਬੀਬੀ ਦਾ ਕੁੱਛੜ ਚੁੱਕਿਆ ਰੋਂਦਾ ਬਾਲ, ਖੂੰਡੀ ਵਾਲ਼ੀ ਖੜ੍ਹਨ ਤੋਂ ਅਸਮਰਥ ਬਜ਼ੁਰਗ ਮਾਤਾ ਕਿਸੇ ਦੇ ਧਿਆਨ ਵਿਚ ਨਹੀਂ। ਹਰ ਸਵਾਰੀ ਬੇਖ਼ਬਰ ਆਪਣੇ ਆਪ ਤੱਕ ਸੀਮਤ ਨਜ਼ਰ ਆਈ।
ਭਰੀ ਬੱਸ ਵਿਚ ਕੰਡਕਟਰ ਟਿਕਟਾਂ ਕੱਟਣ ਲੱਗਾ। ਔਰਤਾਂ ਤੋਂ ਆਧਾਰ ਕਾਰਡ ਫੜ ਜਾਣ ਵਾਲੇ ਪਿੰਡ, ਸ਼ਹਿਰ ਦਾ ਨਾਂ ਪੁੱਛਦਾ ਹੈ। ਟਿਕਟ ਫੜਾ ਅਗਾਂਹ ਤੁਰਦਾ ਹੈ। ਉਸ ਦਾ ਥੈਲਾ ਖਾਲੀ ਹੈ। ਪੈਸੇ ਦੇ ਕੇ ਟਿਕਟ ਲੈਣ ਵਾਲੀ ਸਵਾਰੀ ਟਾਵੀਂ ਹੈ। “ਮਾਤਾ, ਆਹ ਫੋਟੋ ਸਟੇਟ ਕਾਰਡ ਨਹੀਂ ਚਲਦਾ, ਅਸਲੀ ਦਿਖਾ।” ਨੌਕਰੀ ਕਰਦੀ ਜਾਪਦੀ ਮੈਡਮ ਆਧਾਰ ਕਾਰਡ ਫੜਾ ਆਖਦੀ ਹੈ, “ਬੈਂਕ ਮੂਹਰੇ ਬਾਜ਼ਾਰ ਵਿਚ ਉਤਾਰ ਦੇਣਾ।” “ਮੈਡਮ ਜੀ, ਇਹ ਲੋਕਲ ਬੱਸ ਨਹੀਂ। ਕਮਾਲ ਹੋ ਗਈ, ਹੁਣ ਸਰਕਾਰ ਔਰਤਾਂ ਨੂੰ ਬੈਂਕਾਂ, ਸਕੂਲਾਂ ਵਿਚ ਪਹੁੰਚਾਉਣ ਲਈ ਰਿਕਸਿ਼ਆਂ ਦੇ ਪੈਸੇ ਤਾਂ ਦੇਣੋਂ ਰਹੀ?” ਬੋਲਦਾ ਅਗਲੀ ਸਵਾਰੀ ਤੋਂ ਟਿਕਟ ਪੁਛਦਾ ਹੈ। ਟਿਕਟਾਂ ਕੱਟਣ ਤੋਂ ਵਿਹਲਾ ਹੋ ਡਰਾਈਵਰ ਕੋਲ ਜਾ ਬੈਠਦਾ ਹੈ। ਬੈਗ ਸਾਂਭ, ਬਿਖਰੇ ਸੁਪਨਿਆਂ ਦੀ ਗੱਲ ਛੋਂਹਦਾ ਹੈ, “ਜੀਅ ਜਾਨ ਲਾ ਕੇ ਪੜ੍ਹੇ, ਮਿਹਨਤ ਕੀਤੀ, ਇਸ ਆਸ ਨਾਲ ਕਿ ਜਿ਼ੰਦਗੀ ਸੁੱਖ ਦੀ ਬੀਤੂ ਪਰ ਮਿਲਿਆ ਕੀ, ਆਹ ਧੱਕੇ? ਠੇਕੇ ’ਤੇ ਨੌਕਰੀ। ਨਾ ਕੋਈ ਆਸ, ਨਾ ਭਵਿੱਖ।”
ਪੱਕੀ ਉਮਰ ਦਾ ਡਰਾਈਵਰ ਉਸ ਦੇ ਫਿ਼ਕਰ ਦੀ ਬਾਂਹ ਫੜਦਾ, ਜੁਆਬ ਵਿਚ ਆਖਦਾ ਹੈ, “ਠੀਕ ਹੈ ਤੇਰੀ ਗੱਲ ਪਰ ਇਹ ਮਾਰ ਸਾਰਿਆਂ ਤੇ ਹੈ। ਆਪਾਂ ’ਕੱਲੇ ’ਕੱਲੇ ਕਲਪਦੇ ਹਾਂ। ਤੇਰੇ ਸਾਹਮਣੇ ਆਪਣੇ ਮਾਈ, ਬਾਪ ਕਿਸਾਨਾਂ ਨੇ ਦੇਸ਼, ਦੁਨੀਆ ਨੂੰ ਸਾਬਤ ਕਰਕੇ ਦਿਖਾਇਆ- ’ਕੱਠੇ ਹੋ ਕੇ ਤਾਕਤਵਰਾਂ ਨੂੰ ਵੀ ਧੂੜ ਚਟਾਈ ਜਾ ਸਕਦੀ ਹੈ।” ਡਰਾਈਵਰ ਸਾਹਮਣੇ ਸ਼ੀਸ਼ੇ ’ਤੇ ਲੱਗੀ ਸ਼ਹੀਦ-ਏ-ਆਜ਼ਮ ਦੀ ਤਸਵੀਰ ਵੱਲ ਇਸ਼ਾਰਾ ਕਰਦਾ ਹੈ- “ਆਹ ਨਾਇਕ ਦੱਸਦਾ ਜਿੱਤ ਦਾ ਰਾਹ। ਅਸੀਂ ਕਿਹੜਾ ਉਸ ’ਤੇ ਤੁਰਦੇ ਆਂ? ਤੁਰਨ ਵਾਲੇ ਜਿੱਤਦੇ ਵੀ ਆ ਤੇ ਦੂਜਿਆਂ ਲਈ ਰਾਹ ਬਣਾਉਂਦੇ ਆ।” ਕੰਡਕਟਰ ਮੂਕ ਸਹਿਮਤੀ ਨਾਲ ਚਲਦੀ ਬੱਸ ਵਿਚ ਸਵਾਰੀਆਂ ਵੱਲ ਨਜ਼ਰ ਮਾਰਦਾ ਹੈ।
ਸਵਾਰੀਆਂ ਦੇ ਹੱਥ ਅਖਬਾਰ, ਮੈਗਜ਼ੀਨ ਅਤੇ ਪੁਸਤਕ ਤੋਂ ਸੱਖਣੇ ਹਨ। ਸੋਸ਼ਲ ਮੀਡੀਆ ਦਾ ਜ਼ਮਾਨਾ ਜੁ ਹੋਇਆ? ਬਣਿਆ ਬਣਾਇਆ ਸਭ ਕੁਝ ਮਿਲਦਾ। ਭਲਾ ਪੜ੍ਹਨ ਦੀ ਕੀ ਲੋੜ ਰਹੀ? ਜੀਵਨ ਦੇ ਰਾਹ ’ਤੇ ਅਧਿਆਪਕਾਂ ਦੀ ਜਾਣਨ, ਸਿੱਖਣ ਦੀ ਇੱਛਾ ਦਾ ਹਨੇਰਾ ਰੜਕਦਾ ਹੈ। ਜਿਨ੍ਹਾਂ ਨੇ ਗਿਆਨ ਦੀ ਗੰਗਾ ਵਹਾਉਣੀ ਹੈ, ਉਨ੍ਹਾਂ ਦੇ ਪੁਸਤਕਾਂ ਤੋਂ ਸੱਖਣੇ ਗਹਿਣਿਆਂ ਨਾਲ ਭਰੇ ਹੱਥ ‘ਅਪਾਹਜ’ ਨਜ਼ਰ ਆਉਂਦੇ ਹਨ। ਤੁਰਦੀ, ਰੁਕਦੀ, ਸਵਾਰੀਆਂ ਚੜ੍ਹਾਉਂਦੀ, ਉਤਾਰਦੀ ਬੱਸ ਜੀਵਨ ਸਫ਼ਰ ਵਾਂਗ ਜਾਪਦੀ ਹੈ। ਬੱਸ ਅੱਡੇ ’ਤੇ ਰੁਕਣ ਮਗਰੋਂ ਕੰਡਕਟਰ ਨਵੀਆਂ ਚੜ੍ਹੀਆਂ ਸਵਾਰੀਆਂ ਵੱਲ ਅਹੁਲਦਾ ਹੈ। ਉਹ ਬਸੰਤੀ ਚੁੰਨੀ ਵਾਲੀ ਬੀਬੀ ਤੋਂ ਟਿਕਟ ਪੁੱਛਦਾ ਹੈ। ਬੀਬੀ ਆਪਣੇ ਝੋਲੇ ਵਿਚੋਂ ਆਧਾਰ ਕਾਰਡ ਦੀ ਬਜਾਇ ਸੌ ਦਾ ਨੋਟ ਦਿੰਦੀ ਹੈ, “ਪੁੱਤ ਬਰਨਾਲੇ ਦੀ ਟਿਕਟ।” ਕੰਡਕਟਰ ਹੈਰਾਨ ਹੁੰਦਾ ਆਖਦਾ ਹੈ, “ਬੀਬੀ, ਆਧਾਰ ਕਾਰਡ ਹੈ ਨਹੀਂ ਤੇਰੇ ਕੋਲ?” “ਹੈਗਾ ਪੁੱਤ ਉਹ ਵੀ ਪਰ ਤੂੰ ਮੇਰੀ ਪੈਸਿਆਂ ਦੀ ਟਿਕਟ ਕੱਟ। ਖੇਤਾਂ ਦੀ ਜਾਈ ਹਾਂ। ਸੁੱਖ ਨਾਲ ਮੇਰਾ ਪਤੀ ਤੇ ਪੁੱਤ ਕਮਾਉਂਦੇ ਨੇ। ਹੱਕ ਦੀ ਖਾਂਦੇ ਆਂ। ਸਰਕਾਰਾਂ ਤਾਂ ਭਿਖਾਰੀ ਬਣਾ ਰਹੀਆਂ ਸਾਨੂੰ। ਆਹ ਮੁਫ਼ਤ, ਅਹੁ ਮੁਫ਼ਤ। ਭਲਿਓ ਮਾਣਸੋ, ਅਸੀਂ ਅੰਨ ਦਾਤੇ ਹੁੰਨੇ ਆਂ; ਅਸੀਂ ਕਿਸਾਨਾਂ, ਮਜ਼ਦੂਰਾਂ ਨੇ ਖੂਨ ਪਸੀਨਾ ਵਹਾ ਕੇ ਆਹ ਸਾਰਾ ਕੁਛ ਬਣਾਇਆ। ਸਾਨੂੰ ਚੂਰ ਭੂਰ ਦਾ ਲਾਲਚ ਦੇ ਕੇ ਸਾਰਾ ਕੁਛ ਲੁੱਟਣਾ ਚਾਹੁੰਦੇ ਓ? ਤੁਸੀਂ ਸਾਡੇ ਧੀਆਂ ਪੁੱਤਾਂ ਨੂੰ ਨੌਕਰੀ ਦਿਓ। ਸਾਨੂੰ ਮੁਫਤ ਕੁਛ ਨਹੀਂ ਚਾਹੀਦਾ, ਕੰਮ ਤੇ ਰੁਜ਼ਗਾਰ ਚਾਹੀਦਾ।” ਬੀਬੀ ਦੇ ਬੋਲ ਸੁਣ ਮਹਿੰਗੇ ਕੱਪੜੇ ਪਹਿਨੀ ਮੁਫ਼ਤ ਸਫ਼ਰ ਕਰ ਰਹੀਆਂ ਬੀਬੀਆਂ ਮੂੰਹ ਲੁਕਾਉਦੀਆਂ ਨਜ਼ਰ ਆਈਆਂ।
ਕਿਸਾਨ ਬੀਬੀ ਦੀ ਦਲੀਲ ਮਨ ਲਗਦੀ ਹੈ। ਅੱਖਾਂ ਸਾਹਵੇਂ ਦ੍ਰਿਸ਼ ਉਜਾਗਰ ਹੋਣ ਲਗਦੇ ਹਨ। ਰੁਜ਼ਗਾਰ ਮੰਗਦੇ ਅਧਿਆਪਕਾਂ, ਬੇਰੁਜ਼ਗਾਰ ਲਾਈਨਮੈਨਾਂ, ਨਿਗੂਣੀਆਂ ਤਨਖਾਹਾਂ ਉੱਪਰ ਕੰਮ ਕਰਦੇ ਸਿਹਤ, ਰੋਡਵੇਜ਼ ਕਾਮਿਆਂ ਦੇ ਤਣੇ ਮੁੱਕੇ ਨਜ਼ਰ ਆਉਂਦੇ ਹਨ। ਹੱਕਾਂ ਹਿਤਾਂ ਲਈ ਸੜਕਾਂ ਤੇ ਨਿੱਤਰੇ ਜਿਊਣਾ ਲੋਚਦੇ ਖੇਤ ਮਜ਼ਦੂਰ ਧਿਆਨ ਖਿੱਚਦੇ ਹਨ। ਸਕੂਲਾਂ ਵਿਚ ਦਹਾਕਿਆਂ ਤੋਂ ‘ਮੁਫ਼ਤ ਵਾਂਗ’ ਕੰਮ ਕਰਦੇ ਸਿੱਖਿਆ ਕਰਮੀ ਤੇ ਵਾਲੰਟੀਅਰ ਜੂਝਦੇ ਦਿਸਦੇ ਹਨ। ਪਿੰਡਾਂ, ਸ਼ਹਿਰਾਂ ਦੇ ਸੀਵਰੇਜ ਸਾਫ਼ ਕਰਦਿਆਂ ਜਾਨਾਂ ਤੋਂ ਹੱਥ ਧੋਂਦੇ ਦਿਹਾੜੀਦਾਰ ਸਫ਼ਾਈ ਕਾਮੇ ਆਪਣਾ ਕਸੂਰ ਪੁੱਛਦੇ ਹਨ। ਲਾਲ ਪਗੜੀਆਂ ਅਤੇ ਕਾਲੀ ਵਰਦੀਆਂ ਵਾਲੇ ਅਮਨ ਕਾਨੂੰਨ ਦੇ ਰਾਖਿਆਂ ਵੱਲੋਂ ਵਰ੍ਹਾਈਆਂ ਜਾਂਦੀਆਂ ਅੰਨ੍ਹੇਵਾਹ ਲਾਠੀਆਂ ਸਰਕਾਰੀ ਮਨਸ਼ਿਆਂ ਦਾ ਸ਼ੀਸ਼ਾ ਦਿਖਾਉਂਦੀਆਂ ਹਨ।
ਕਿਸਾਨ ਬੀਬੀ ਦੇ ਬੋਲਾਂ ਨੇ ਧਿਆਨ ਮੋੜਿਆ, “ਪੁੱਤ, ਦਿੱਲੀ ਦੇ ਬਾਰਡਰਾਂ ਨੇ ਪੜ੍ਹਾਇਆ, ਸਿਖਾਇਆ ਸਾਨੂੰ। ਇਹ ਮੁਫ਼ਤ ਮੁਫ਼ਤ ਕਰਨ ਆਲੇ ਸਾਡੇ ਖੇਤ, ਨੌਕਰੀਆਂ ਖੋਹ ਕੇ ਸਾਨੂੰ ਧਨਾਢਾਂ ਦੀ ਝੋਲੀ ਪਾਉਣਾ ਚਾਹੁੰਦੇ ਆ। ਹੁਣ ਨਹੀਂ ਚੱਲਣ ਦੇਣੀਆਂ ਇਨ੍ਹਾਂ ਦੀਆਂ ਮੋਮੋ-ਠਗਣੀਆਂ।” ਬੀਬੀ ਦੇ ਮੋਢੇ ’ਤੇ ਚਮਕਦਾ ਕਿਸਾਨੀ ਬੈਜ ਉਸ ਦੇ ਜਗਦੇ ਬੋਲਾਂ ਦੀ ਗਵਾਹੀ ਭਰ ਰਿਹਾ ਸੀ। ਬਰਨਾਲਾ ਆਉਣ ’ਤੇ ਉਹ ਬੱਸ ਵਿਚੋਂ ਉੱਤਰੀ। ਉਸ ਦੇ ਸਵੈਮਾਣ ਭਰੇ ਕਦਮਾਂ ਵਿਚੋਂ ਭਵਿੱਖ ਦੇ ਪਹੁ ਫੁਟਾਲੇ ਦੀ ਝਲਕ ਦਿਸ ਰਹੀ ਸੀ।
ਸੰਪਰਕ: 95010-06626