ਲਾਲ ਸਿੰਘ
ਜਦੋਂ ਅੰਗਰੇਜ਼ੀ ਹਕੂਮਤ ਦੀ ਸਮੁੰਦਰਾਂ ਵਿਚ ਸਰਦਾਰੀ ਨੂੰ ਨਿੱਕੀ ਜਿਹੀ ਨਵੀਂ ਨਵੀਂ ਕੰਪਨੀ ਸਿੰਦੀਆ ਸਟੀਮ ਨੈਵਿਗੇਸ਼ਨ ਨੇ ਚੁਣੌਤੀ ਦਿੱਤੀ, ਉਹ ਦਿਨ, 5 ਅਪਰੈਲ 1919 ਦਾ ਦਿਨ ਭਾਰਤੀ ਸਾਗਰੀ ਇਤਿਹਾਸ ਦਾ ਬੁਨਿਆਦੀ ਦਿਨ ਬਣ ਗਿਆ। ਇਸ ਤੋਂ ਪਹਿਲਾਂ ਵਾਲੀਆਂ ਕੰਪਨੀਆਂ ਫੇਲ੍ਹ ਹੋ ਚੁੱਕੀਆਂ ਸਨ, ਕਿਉਂਕਿ ਅੰਗਰੇਜ਼ ਜਿਨ੍ਹਾਂ ਦੀ ਇਜਾਰੇਦਾਰੀ ਸੀ, ਬਿਲਕੁਲ ਨਹੀਂ ਸਨ ਚਾਹੁੰਦੇ ਕਿ ਕੋਈ ਭਾਰਤੀ ਉੱਦਮ ਏਸ ਖੇਤਰ ਵਿਚ ਯਤਨਸ਼ੀਲ ਹੋਵੇ। ਉਂਝ, ਗੁਜਰਾਤ ਦੇ ਸਿਰਕੱਢ ਵਪਾਰੀ ਵਾਲ ਚੰਦ ਹੀਰਾ ਚੰਦ, ਨਰੋਤਮ ਮੋਰਾਰਜੀ ਅਤੇ ਕਿਲਾ ਚੰਦ ਦੇਵ ਚੰਦ, ਤਿੰਨਾਂ ਨੇ ਰਲ ਕੇ ਇਸ ਮੈਦਾਨ ਵਿਚ ਛਾਲ ਮਾਰੀ ਅਤੇ ਕੰਪਨੀ ਸ਼ੁਰੂ ਕਰ ਦਿੱਤੀ ਜਿਸ ਕੋਲ ਕੇਵਲ ਇੱਕ ਹੀ ਜਹਾਜ਼ ਸੀ। ਇਹੋ ਜਹਾਜ਼ ਪਹਿਲਾਂ ਕੈਨੇਡਾ ਦੀ ਪੈਸਿਫਿਕ ਰੇਲਵੇ ਕੰਪਨੀ ਦੀ ਮਲਕੀਅਤ ਆਰਐੱਮਐੱਸ ਐੱਮਪ੍ਰੈੱਸ ਦੇ ਨਾਉਂ ਹੇਠ ਪਹਿਲੀ ਆਲਮੀ ਜੰਗ ਦੌਰਾਨ ਤੁਰਦੇ-ਫਿਰਦੇ ਹਸਪਤਾਲ ਵਜੋਂ ਵਰਤਿਆ ਜਾ ਰਿਹਾ ਸੀ। ਇਸੇ ਜਹਾਜ਼ ਨੂੰ ਕੰਪਨੀ ਨੇ ਖਰੀਦ ਕੇ ਕੁਝ ਅਦਲਾ ਬਦਲੀ ਕਰ ਕੇ ਨਵੇਂ ਨਾਉਂ ਐੱਸਐੱਸ ਲੌਇਲਟੀ ਨਾਲ ਕੰਮ ਸ਼ੁਰੂ ਕੀਤਾ।
ਵਲੈਤ ਵਿਚ ਬਣੇ ਇਸ ਜਹਾਜ਼ ਵਿਚ 700 ਯਾਤਰੀ ਅਤੇ ਬਹੁਤ ਸਾਰਾ ਵਪਾਰੀ ਸਮਾਨ ਲੱਦਿਆ ਜਾ ਸਕਦਾ ਸੀ ਪਰ ਪੂਰੇ ਦਸ ਸਾਲ ਕੰਪਨੀ ਨੂੰ ਖਾਹਮਖਾਹ ਦੀਆਂ ਦਫ਼ਤਰੀ ਪ੍ਰੇਸ਼ਾਨੀਆਂ ਦਾ ਮੁਕਾਬਲਾ ਕਰਨਾ ਪਿਆ ਕਿ ਤੁਸੀਂ ਇਸ ਰਸਤੇ ਨਹੀਂ ਜਾ ਸਕਦੇ, ਤੁਹਾਡੇ ਲਈ ਇਹ ਸ਼ਰਤ ਹੈ, ਅਹੁ ਸ਼ਰਤ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੰਪਨੀ ਦੇ ਇਸ ਜਹਾਜ਼ ਦੇ ਪਹਿਲੇ ਫੇਰੇ ਲਈ ਹੀ ਸਭ ਟਿਕਟਾਂ ਵਿਕ ਗਈਆਂ ਅਤੇ ਲੌਇਲਟੀ ਨੇ ਬੜੀ ਸਫ਼ਲਤਾ ਨਾਲ ਆਪਣਾ ਆਉਣ-ਜਾਣ ਮੁਕੰਮਲ ਕੀਤਾ, ਆਉਂਦੀ ਵਾਰੀ ਬੇਸ਼ਕ ਇਸ ਬੇੜੇ ਨੂੰ ਨਾ ਕੋਈ ਸਵਾਰੀ ਤੇ ਨਾ ਸਮਾਨ ਮਿਲਿਆ। ਅੰਗਰੇਜ਼ਾਂ ਦੀਆਂ ਚਾਲਾਂ ਦੇ ਬਾਵਜੂਦ ਨਵੇਂ ਉੱਦਮੀਆਂ ਦਾ ਹੌਸਲਾ ਬੁਲੰਦ ਰਿਹਾ ਬਲਕਿ ਹੁਣ ਉਨ੍ਹਾਂ ਆਪਣਾ ਬੇੜਾ ਮੁਕੰਮਲ ਕਰ ਲਿਆ ਅਤੇ ਸਾਰਾ ਧਿਆਨ ਕੇਵਲ ਸਮਾਨ ਢੋਣ ਤੇ ਹੀ ਕੇਂਦਰਤ ਰੱਖਿਆ ਤਾਂ ਕਿ ਅੰਗਰੇਜ਼ਾਂ ਦੀ ਪੁਰਾਣੀ ਸਥਾਪਤ ਕੀਤੀ ਸਵਾਰੀਆਂ ਲਿਜਾਣ ਵਾਲੀ ਜਹਾਜ਼ੀ ਕੰਪਨੀ ਪੀ ਐਂਡ ਓ ਨਾਲ ਵਿਗਾੜ ਦੀ ਸੰਭਾਵਨਾ ਹੀ ਨਾ ਰਹੇ। ਇਸ ਤਰ੍ਹਾਂ ਕਰਨ ਨਾਲ ਕੰਪਨੀ ਉੱਤੇ ਆਰਥਿਕ ਬੋਝ ਵਧ ਗਿਆ ਅਤੇ ਕੰਪਨੀ ਸੰਕਟ ਵਿਚ ਆ ਗਈ। ਕੰਪਨੀ ਦੇ ਇੰਜੀਨੀਅਰਿੰਗ ਅਤੇ ਫਲੋਟਿੰਗ ਸਟਾਫ਼ ਦੇ ਮਿਲਵਰਤਨ ਅਤੇ ਆਪਣੇ ਦ੍ਰਿੜ੍ਹ ਇਰਾਦੇ ਕਾਰਨ ਕੰਪਨੀ ਕਾਮਯਾਬੀ ਦੀਆਂ ਸਿਖਰਾਂ ਛੋਹਣ ਲੱਗੀ।
ਕੰਪਨੀ ਦਾ ਚੇਅਰਮੈਨ ਵਾਲ ਚੰਦ ਬੜਾ ਦੂਰ-ਅੰਦੇਸ਼ ਸੀ ਅਤੇ ਸਮਝਦਾ ਸੀ ਕਿ ਸਮੁੰਦਰੀ ਢੋਆ-ਢੁਆਈ ਦੇ ਖੇਤਰ ਵਿਚ ਕਈ ਨਵੀਨਤਾਵਾਂ ਲਈ ਰਾਹ ਖੁੱਲ੍ਹਾ ਹੈ। ਇਸ ਦੀ ਮੰਗ ਵੀ ਆਉਣ ਵਾਲੇ ਸਮੇਂ ਵਿਚ ਵਧਣੀ ਯਕੀਨੀ ਸੀ। ਮੁਕਾਬਲਾ ਭਾਵੇਂ ਅੰਤਾਂ ਦਾ ਸੀ ਪਰ ਕੰਪਨੀ ਨੇ ਇਸ ਦਿਸ਼ਾ ਵਿਚ ਕਈ ਸੌਦਿਆਂ ਤੇ ਦਸਤਖ਼ਤ ਕਰ ਦਿੱਤੇ। ਇਉਂ ਦੇਸ਼ ਵਿਚ ਜਹਾਜ਼ਸਾਜ਼ੀ ਦੇ ਕੰਮ ਦੀਆਂ ਸੰਭਾਵਨਾਵਾਂ ਵਧ ਗਈਆਂ ਅਤੇ ਜਲਦੀ ਹੀ ਸਿੰਦੀਆ ਸ਼ਿਪਿੰਗ ਯਾਰਡ ਹੋਂਦ ਵਿਚ ਆ ਗਿਆ। ਇਹ ਬਾਅਦ ਵਿਚ ਹਿੰਦੋਸਤਾਨ ਸ਼ਿਪਿੰਗ ਯਾਰਡ ਬਣ ਗਿਆ ਅਤੇ ਦੇਸ਼ ਵਿਚ ਨਿਰਮਾਣ ਹੋਣ ਵਾਲਾ ਪਹਿਲਾ ਜਹਾਜ਼ ਜਲਉਸ਼ਾ ਯਾਰਡ ਤੋਂ ਸਮੁੰਦਰ ਵਿਚ ਠੇਲ੍ਹਿਆ ਗਿਆ। ਸਿੰਦੀਆ ਕੰਪਨੀ ਦੇ ਸਾਰੇ ਜਹਾਜ਼ਾਂ ਦੇ ਨਾਵਾਂ ਤੋਂ ਪਹਿਲਾਂ ‘ਜਲ’ ਅਗੇਤਰ ਜ਼ਰੂਰ ਹੁੰਦਾ ਸੀ।
ਸਿੰਦੀਆ ਦਾ ਝੰਡਾ ‘ਸਫ਼ੇਦ ਆਇਤ’ ਉੱਤੇ ਕੇਂਦਰ ’ਚ ਗਣੇਸ਼ ਦਾ ਨਿਸ਼ਾਨ ਲਾਲ ਸਵਾਸਤਿਕ ਚਿੰਨ੍ਹ ਹੁੰਦਾ ਸੀ। ਜਹਾਜ਼ੀ ਚਿਮਨੀਆਂ ਦੇ ਦੁਆਲੇ ਪੀਲੇ ਰੰਗ ਦੀ ਪੱਟੀ ਹੁੰਦੀ ਸੀ ਜੋ ਦੂਰੋਂ ਹੀ ਕੰਪਨੀ ਦੇ ਚਿੰਨ੍ਹ ਵਜੋਂ ਸਪੱਸ਼ਟ ਦਿਸ ਪੈਂਦੀ ਸੀ। ਦੂਸਰੀ ਆਲਮੀ ਜੰਗ ਸਮੇਂ ਸੁਰੱਖਿਆ ਵਜੋਂ ਜਹਾਜ਼ਾਂ ਲਈ ਸਮੁੰਦਰੀ ਰਸਤੇ ਬੰਦ ਹੋ ਗਏ। ਬਾਅਦ ਵਿਚ ਜਦੋਂ ਜਰਮਨੀ ਵੱਲ ਜਾਣ ਆਉਣ ਦਾ ਰਾਹ ਖੁੱਲ੍ਹਿਆ ਤਾਂ ਬੰਦਰਗਾਹਾਂ ਤੇ ਕਾਫੀ ਲੰਮੀ ਚੌੜੀ ਵਿਆਖਿਆ ਕਰਨੀ ਪੈਂਦੀ ਸੀ, ਕਿਉਂਕਿ ਕੰਪਨੀ ਦਾ ਲੋਗੋ ਹਿਟਲਰ ਦੀ ਨਾਜ਼ੀ ਪਾਰਟੀ ਦੇ ਨਿਸ਼ਾਨ ਨਾਲ ਮਿਲਦਾ ਸੀ ਜਿਸ ਤੋਂ ਜਰਮਨਾਂ ਨੇ ਬੜੀ ਮੁਸ਼ਕਿਲ ਖਹਿੜਾ ਛੁਡਾਇਆ ਸੀ।
ਦੇਸ਼ ਆਜ਼ਾਦ ਹੋਣ ਤੋਂ ਬਾਅਦ ਕੰਪਨੀ ਦਾ ਵਪਾਰ ਅਮਰੀਕਾ, ਯੂਰੋਪ, ਕੈਨੇਡਾ, ਅਸਟਰੇਲੀਆ ਦੇਸ਼ਾਂ ਤੱਕ ਫ਼ੈਲ ਗਿਆ ਅਤੇ ਕੰਪਨੀ ਦੀ ਸਮੇਂ ਦੀ ਪਾਬੰਦੀ ਦੇਖ ਕੇ ਚਾਰੇ ਪਾਸੇ ਧੁੰਮਾਂ ਪੈ ਗਈਆਂ। ਕੰਪਨੀ ਦਾ ਨਾਂ ਬਣ ਗਿਆ। ਕੋਲਕਾਤਾ ਤੋਂ ਲੈ ਕੇ ਅਮਰੀਕਾ ਦੀਆਂ ਮਹਾਨ ਝੀਲਾਂ (ਗਰੇਟ ਲੇਕਸ) ਤੱਕ ਦਾ ਰੂਟ ਸਭ ਤੋਂ ਵੱਧ ਲਾਭ ਦੇਣ ਵਾਲਾ ਬਣ ਗਿਆ, ਕਿਉਂਕਿ ਇਥੇ ਕੰਮ ਆਉਣ ਵਾਲਾ ਸਾਜ਼ੋ-ਸਮਾਨ ਤੇ ਹੁਨਰ ਬਾਕੀ ਕੰਪਨੀਆਂ ਪਾਸ ਅਜੇ ਨਹੀਂ ਸੀ। ਉਸ ਤੋਂ ਬਾਅਦ ਜਹਾਜ਼ੀ ਅਫ਼ਸਰਾਂ ਦੀ ਸਿੱਖਿਆ/ਸਿਖਲਾਈ ਨੂੰ ਲੈ ਕੇ ਟਰੇਨਿੰਗ ਸਟਾਫ਼ ਟੀਐੱਸ ਡਫ਼ਰਿਨ ਸਥਾਪਤ ਹੋਇਆ ਜੋ ਬਾਅਦ ਵਿਚ ਡੀਐੱਮਈਟੀ, ਭਾਵ ਸਮੁੰਦਰੀ ਸਿੱਖਿਆ ਦਾ ਡਾਇਰੈਕਟੋਰੇਟ ਬਣ ਗਿਆ। ਹੋਰ ਵੀ ਕਈ ਖੋਜ ਸੰਸਥਾਵਾਂ ਬਣ ਗਈਆਂ ਜਿਵੇਂ ਇੰਡੀਅਨ ਮੈਰਿਟਾਈਮ ਯੂਨੀਵਰਸਿਟੀ (ਚੇਨਈ) ਅਤੇ ਮੈਰਿਨ ਖੋਜ ਸੰਸਥਾ (ਐੱਮਈਆਰਈ ਕੋਲਕਾਤਾ)। ਦੁਨੀਆ ਦੀ ਸਰਵਉੱਚ ਮੁਲੰਕਣ ਸੰਸਥਾ ਲੋਇਡਜ਼ ਰਜਿਸਟਰ ਔਫ਼ ਸ਼ਿਪਸ ਅਤੇ ਹੋਰ ਕਈ ਸਰਕਾਰੀ ਸਰਵੇਖਣ ਸਿੰਦੀਆ ਕੰਪਨੀ ਨੂੰ ਬੜੀ ਅੱਛੀ ਨਜ਼ਰ ਨਾਲ ਦੇਖਦੇ ਸਨ। ਜਲਦੀ ਹੀ ਨਵੀਆਂ ਕੰਪਨੀਆਂ ਜਿਵੇਂ ਸ਼ਿਪਿੰਗ ਕਾਰਪੋਰੇਸ਼ਨ, ਗਰੇਟ ਈਸਟਰਨ, ਇੰਡੀਆ ਸਟੀਮਸ਼ਿਪ ਕੰਪਨੀ ਆਦਿ ਆ ਗਈਆਂ ਜਿਨ੍ਹਾਂ ਵਿਚ ਕੰਮ ਕਰਨ ਵਾਲੇ ਅਫ਼ਸਰ ਜ਼ਿਆਦਾਤਰ ਸਿੰਦੀਆ ਤੋਂ ਹੀ ਲਏ ਹੁੰਦੇ ਸਨ। ਇਸ ਤਰ੍ਹਾਂ ਇਹ ਵਪਾਰ ਸਿਖਰਾਂ ਤੇ ਪਹੁੰਚ ਗਿਆ।
ਮੁੰਬਈ ਵਿਚ ਸਥਿਤ ਸਿੰਦੀਆ ਹਾਊਸ (ਬੈਲਰਡ ਇਸਟੇਟ) ਉਸ ਪੁਰਾਣੇ ਸੁਨਹਿਰੀ ਸਮੇਂ ਦੀ ਯਾਦਗਾਰ ਹੈ ਜਦੋਂ ਇਸ ਕੰਪਨੀ ਨੇ ਆਪਣਾ ਬੇੜਾ ਵੇਚ ਦਿੱਤਾ ਅਤੇ ਕੰਮ ਸਮੇਟ ਦਿੱਤਾ। ਇਸੇ ਤਰ੍ਹਾਂ ਮੁੰਬਈ ਦਾ ਵਾਲ ਚੰਦ ਹੀਰਾ ਨੰਦ ਮਾਰਗ ਵੀ ਉਸ ਦੂਰ-ਅੰਦੇ ਸ਼ਖ਼ਸ ਦੀ ਯਾਦ ਦਿਵਾਉਂਦਾ ਹੈ।
ਕਿਸੇ ਵੇਲੇ ਇੱਕੋ ਜਹਾਜ਼ ਨਾਲ ਚੱਲਣ ਵਾਲੀ ਉਸ ਕੰਪਨੀ ਜਿਸ ਨੇ ਐੱਸਐੱਸ ਲੌਇਲਟੀ ਤੋਂ ਵਧ ਕੇ ਸੰਸਾਰ ਪੱਧਰ ਦੀ ਕੰਪਨੀ ਦੀ ਥਾਂ ਬਣਾ ਲਈ ਸੀ, ਦਾ ਰਿਟਾਇਰਡ ਅਫ਼ਸਰ ਹੋਣ ਕਾਰਨ ਮੇਰਾ ਮਨ ਕੁਝ ਹੇਰਵੇ ਨਾਲ ਯਾਦਾਂ ਵਿਚ ਲਬਰੇਜ਼ ਹੈ ਕਿ 5 ਅਪਰੈਲ ਕੌਮੀ ਸਾਗਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਸੰਪਰਕ: 98157-94319