DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆਨ ਦਾ ਦੀਵਾ ਬਾਲਣ ਵਾਲੇ

ਸਕੂਲ ਵੇਲੇ ਮੈਂ ਸਿਰੇ ਦਾ ਨਾਲਾਇਕ ਹੁੰਦਾ ਸੀ। ਅੱਜਕੱਲ੍ਹ ‘ਨਾਲਾਇਕ’ ਸ਼ਬਦ ਦੀ ਵਰਤੋਂ ਵਰਜਿਤ ਹੈ, ਪਰ ਉਦੋਂ ਅਧਿਆਪਕ ਆਮ ਇਹ ਸ਼ਬਦ ਵਰਤਦੇ ਸਨ। ਕਲਾਸ ਵਿੱਚ ਟਾਟ ਵਿਛੇ ਹੁੰਦੇ, ਦੋ ਕਤਾਰਾਂ ਮੁੰਡਿਆਂ ਦੀਆਂ, ਦੋ ਕੁੜੀਆਂ ਦੀਆਂ ਹੁੰਦੀਆਂ ਸਨ। ਮੈਂ ਮੁੰਡਿਆਂ ਵਾਲੀ...

  • fb
  • twitter
  • whatsapp
  • whatsapp
Advertisement

ਸਕੂਲ ਵੇਲੇ ਮੈਂ ਸਿਰੇ ਦਾ ਨਾਲਾਇਕ ਹੁੰਦਾ ਸੀ। ਅੱਜਕੱਲ੍ਹ ‘ਨਾਲਾਇਕ’ ਸ਼ਬਦ ਦੀ ਵਰਤੋਂ ਵਰਜਿਤ ਹੈ, ਪਰ ਉਦੋਂ ਅਧਿਆਪਕ ਆਮ ਇਹ ਸ਼ਬਦ ਵਰਤਦੇ ਸਨ। ਕਲਾਸ ਵਿੱਚ ਟਾਟ ਵਿਛੇ ਹੁੰਦੇ, ਦੋ ਕਤਾਰਾਂ ਮੁੰਡਿਆਂ ਦੀਆਂ, ਦੋ ਕੁੜੀਆਂ ਦੀਆਂ ਹੁੰਦੀਆਂ ਸਨ। ਮੈਂ ਮੁੰਡਿਆਂ ਵਾਲੀ ਲਾਈਨ ’ਚ ਸਭ ਤੋਂ ਪਿੱਛੇ ਬੈਠਦਾ ਤਾਂ ਕਿ ਅਧਿਆਪਕ ਦੀ ਨਜ਼ਰ ਨਾ ਪਵੇ, ਪਰ ਹੁੰਦਾ ਇਸ ਦੇ ਐਨ ਉਲਟ। ਹਰ ਅਧਿਆਪਕ ਦੀ ਨਜ਼ਰ ਸਭ ਤੋਂ ਪਹਿਲਾਂ ਮੇਰੇ ’ਤੇ ਹੀ ਪੈਂਦੀ। ਮੈਂ ਆਪਣੀ ਜਗ੍ਹਾ ਵੀ ਬਦਲ ਕੇ ਦੇਖੀ, ਪਰ ਕੋਈ ਫ਼ਰਕ ਨਾ ਪਿਆ। ਪਹਿਲੇ ਪੀਰੀਅਡ ਤੋਂ ਹੀ ਝਿੜਕਾਂ ਜਾਂ ਡੰਡੇ ਪੈਣੇ ਸ਼ੁਰੂ ਹੋ ਜਾਂਦੇ। ਮਕਸਦ ਤਾਂ ਅਧਿਆਪਕਾਂ ਦਾ ਮੈਨੂੰ ਪੜ੍ਹਾਉਣਾ ਹੀ ਹੁੰਦਾ, ਪਰ ਮੇਰਾ ਦਿਮਾਗ਼ ਪੜ੍ਹਾਈ ’ਚ ਨਹੀਂ ਸੀ ਚੱਲਦਾ। ਖ਼ੈਰ, ਮੈਂ ਕਦੇ ਕੋਸ਼ਿਸ਼ ਵੀ ਨਹੀਂ ਸੀ ਕੀਤੀ ਪੜ੍ਹਨ ਦੀ। ਪੜ੍ਹਾਈ ਜਾਂ ਪੜ੍ਹਨ ਸ਼ਬਦ ਤੋਂ ਮੈਨੂੰ ਬਹੁਤ ਨਫ਼ਰਤ ਸੀ। ਪੂਰੀ ਕਲਾਸ ਦੇ ਸਾਹਮਣੇ ਕੁੱਟ ਖਾਂਦਿਆਂ ਬੜੀ ਹੀਣਤਾ ਮਹਿਸੂਸ ਹੁੰਦੀ। ਕੁਝ ਦਿਨਾਂ ਬਾਅਦ ਸਭ ਕੁਝ ਭੁੱਲ-ਭੁਲਾ ਜਾਂਦਾ।

ਇੱਕ ਦਿਨ ਨਲਕੇ ਤੋਂ ਪਾਣੀ ਪੀ ਰਿਹਾ ਸਾਂ ਕਿ ਪਿੱਛੇ ਮੁੜ ਕੇ ਦੇਖਿਆ ਤਾਂ ਸਕੂਲ ਦੇ ਡੀ ਪੀ ਈ ਮਾਸਟਰ ਖੜ੍ਹੇ ਸਨ। ‘‘ਕਿਸ ਨੂੰ ਪੁੱਛ ਕੇ ਪਾਣੀ ਪੀਣ ਆਇਐਂ?’’ ਇਹ ਗੱਲ ਪੁੱਛਦੇ ਪੁੱਛਦੇ ਉਨ੍ਹਾਂ ਦੋ ਡੰਡੇ ਮੇਰੀ ਪਿੱਠ ’ਤੇ ਧਰ ਦਿੱਤੇ। ਫਿਰ ਕੰਨ ਫੜਨ ਨੂੰ ਕਿਹਾ। ਅੱਧਾ ਘੰਟਾ ਕੰਨ ਫੜਾਉਣ ਤੋਂ ਬਾਅਦ ਲਗਪਗ ਵੀਹ ਡੰਡੇ ਪਿੱਠ ’ਤੇ ਲਾਏ। ਸਾਰਾ ਸਰੀਰ ਸੁੰਨ ਹੋ ਗਿਆ। ਭਾਵੇਂ ਮੈਂ ਕਲਾਸ ਅਧਿਆਪਕ ਤੋਂ ਪੁੱਛ ਕੇ ਹੀ ਗਿਆ ਸਾਂ, ਪਰ ਡੀ ਪੀ ਈ ਸਰ ਦੇ ਥਾਣੇਦਾਰੀ ਰੂਪ ਅੱਗੇ ਮੈਂ ਬੋਲ ਕੁਝ ਨਾ ਸਕਿਆ। ਵੈਸੇ ਵੀ ਕਿਸੇ ਵਿਦਿਆਰਥੀ ਦੀ ਉਨ੍ਹਾਂ ਅੱਗੇ ਬੋਲਣ ਦੀ ਹਿੰਮਤ ਨਹੀਂ ਸੀ ਹੁੰਦੀ। ਇੱਕ ਦਿਨ ਪੰਜਾਬੀ ਦੇ ਅਧਿਆਪਕ, ਬਾਬਾ ਫਰੀਦ ਦੇ ਸਲੋਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਸੁਣ ਰਹੇ ਸਨ।

Advertisement

ਮੇਰੀ ਵਾਰੀ ਆਈ ਤਾਂ ਮੈਨੂੰ ‘ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ।। ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ।।’ ਸਲੋਕ ਦੀ ਵਿਆਖਿਆ ਕਰਨ ਲਈ ਕਿਹਾ ਗਿਆ। ਨਾ ਮੇਰਾ ਧਿਆਨ ਸਲੋਕ ਵਿੱਚ ਸੀ ਤੇ ਨਾ ਵਿਆਖਿਆ ਵਿੱਚ। ਸਲੋਕ ਇੰਨੇ ਸੌਖੇ ਸਨ ਕਿ ਮੇਰੇ ਤੋਂ ਬਿਨਾਂ ਲਗਪਗ ਸਾਰੀ ਕਲਾਸ ਨੇ ਵਿਆਖਿਆ ਦੱਸ ਦਿੱਤੀ। ਮੈਨੂੰ ਆਪਣੇ ਕੰਨ ਫੜਨ ਲਈ ਆਖ ਕੇ ਪੰਜਾਬੀ ਦੇ ਅਧਿਆਪਕ ਨੇ ਮੇਰੀ ਐਸੀ ਤਾਉਣੀ ਲਾਈ ਕਿ ਅੱਜ ਤੱਕ ਇਹ ਕੁੱਟ ਯਾਦ ਹੈ। ਮੈਂ ਸਕੂਲ ’ਚੋਂ ਜਿੰਨੀ ਵੀ ਕੁੱਟ ਖਾਧੀ, ਕਦੇ ਘਰੇ ਜਾ ਕੇ ਨਹੀਂ ਦੱਸਿਆ। ਮੈਨੂੰ ਡਰ ਹੁੰਦਾ ਸੀ ਕਿ ਘਰੇ ਜਾ ਕੇ ਦੱਸ ਦਿੱਤਾ ਤਾਂ ਘਰੋਂ ਵੀ ਕੁੱਟ ਪਵੇਗੀ। ਘਰੋਂ ਮੈਨੂੰ ਜ਼ਬਰਦਸਤੀ ਸਕੂਲ ਭੇਜਿਆ ਜਾਂਦਾ ਸੀ। ਮੈਂ ਨਾਨਕੇ ਰਹਿੰਦਾ ਸਾਂ। ਮੇਰੇ ਇੱਕ ਮਾਮੇ ਦਾ ਸੁਭਾਅ ਬਹੁਤ ਸਖ਼ਤ ਸੀ। ਉਹਦੇ ਡਰ ਕਰ ਕੇ ਮੈਂ ਸਕੂਲੋਂ ਛੁੱਟੀ ਨਹੀਂ ਸਾਂ ਕਰਦਾ। ਹਾਂ, ਕਈ ਵਾਰੀ ਇੱਧਰ-ਉੱਧਰ ਲੁਕ-ਛੁਪ ਕੇ ਬੈਠ ਜਾਂਦਾ ਸਾਂ। ਵਾਪਸੀ ਸਮੇਂ ਸਕੂਲ ਦੇ ਟਾਈਮ ’ਤੇ ਘਰ ਆ ਜਾਂਦਾ ਸਾਂ। ਮੇਰੇ ਘਰਦਿਆਂ ਨੂੰ ਇੰਨੀ ਗੱਲ ਦਾ ਤਾਂ ਇਲਮ ਹੋ ਗਿਆ ਸੀ ਕਿ ਇਹਦਾ ਦਿਮਾਗ਼ ਪੜ੍ਹਾਈ ਵਾਲਾ ਨਹੀਂ ਹੈ। ਖ਼ੈਰ, ਕਿਸੇ ਤਰ੍ਹਾਂ ਮੈਂ ਦਸਵੀਂ ਪਾਸ ਕਰ ਲਈ। ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਾ ਮਿਲ ਗਿਆ। ਆਰਟਸ ਵਿਸ਼ੇ ਪੜ੍ਹਨ ਲੱਗਾ। ਪੰਜ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਮੇਰੇ ਕੋਲ ਰਾਜਨੀਤੀ ਸ਼ਾਸਤਰ ਸੀ। ਇਹ ਵਿਸ਼ਾ ਸਰਦਾਰ ਜਰਨੈਲ ਸਿੰਘ ਪੜ੍ਹਾਇਆ ਕਰਦੇ ਸਨ। ਉਹ ਸੁਭਾਅ ਦੇ ਬੜੇ ਮਿੱਠੇ ਸਨ। ਉੱਚੇ ਲੰਮੇ, ਖੁੱਲ੍ਹੀ ਛੱਡਵੀਂ ਦਾੜ੍ਹੀ, ਸਿੱਖੀ ਸਰੂਪ ਵਾਲੇ। ਇੱਕ ਦਿਨ ਉਹ ਸਾਨੂੰ ਸਮਝਾ ਰਹੇ ਸਨ ਕਿ ਮਾਰਕਸ ਧਰਮ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦਾ। ਉਨ੍ਹਾਂ ਸਾਨੂੰ ਸੰਬੋਧਨ ਹੋ ਕੇ ਕਿਹਾ, ‘‘ਪਤੈ ਕਿਸੇ ਨੂੰ ਮਾਰਕਸ ਧਰਮ ਨੂੰ ਕੀ ਕਹਿੰਦਾ ਸੀ ?’’ ਮੈਂ ਆਪਣੇ ਮੂੰਹ ’ਚ ਹੀ ਬੁੜਬੁੜਾਇਆ, ‘‘ਅਫੀਮ ਕਹਿੰਦੈ।’’ ਇਹ ਗੱਲ ਮੈਂ ਕਿਸੇ ਕਿਤਾਬ ਵਿੱਚੋਂ ਨਹੀਂ ਪੜ੍ਹੀ ਸੀ, ਇਹ ਤਾਂ ਮੈਂ ਪਿੰਡ ਦੇ ਕਾਮਰੇਡ ਮੁੰਡੇ ਕੋਲੋਂ ਹੀ ਸੁਣੀ ਸੀ। ਬੋਲਿਆ ਤਾਂ ਮੈਂ ਬਿਲਕੁਲ ਹੌਲੀ ਸਾਂ, ਪਰ ਅਧਿਆਪਕ ਤੱਕ ਮੇਰੀ ਆਵਾਜ਼ ਪਹੁੰਚ ਗਈ। ਮੈਨੂੰ ਉਨ੍ਹਾਂ ਨੇ ਖੜ੍ਹਾ ਕਰ ਲਿਆ। ‘‘ਸ਼ਾਬਾਸ਼! ਸ਼ਾਬਾਸ਼ ਪੁੱਤਰਾ। ਮੈਨੂੰ ਲੱਗਦੈ ਇਹ ’ਕੱਲਾ ਮੁੰਡਾ ਐ, ਜਿਹੜਾ ਘਰੇ ਜਾ ਕੇ ਪੜ੍ਹਦੈ। ਇਹ ਪਾਠ ਤਾਂ ਅਜੇ ਆਪਾਂ ਪੜਿ੍ਹਆ ਹੀ ਨਹੀਂ, ਇਹਨੂੰ ਪਹਿਲਾਂ ਹੀ ਪਤੈ। ਇਹਦਾ ਮਤਲਬ, ਇਹ ਘਰੇ ਜਾ ਕੇ ਪੜ੍ਹਦੈ।’’ ਸ਼ਾਬਾਸ਼ ਕਹਿੰਦਿਆਂ ਉਨ੍ਹਾਂ ਖੜ੍ਹੇ ਹੋ ਕੇ ਮੇਰੇ ਮੋਢੇ ’ਤੇ ਆਪਣਾ ਹੱਥ ਰੱਖ ਲਿਆ। ਉਨ੍ਹਾਂ ਮੈਨੂੰ ਬਹੁਤ ਪਿਆਰ ਦਿੱਤਾ। ਉਹ ਜਦੋਂ ਮੇਰੇ ਮੋਢੇ ’ਤੇ ਹੱਥ ਰੱਖ ਕੇ ਇਹ ਗੱਲਾਂ ਕਹਿ ਰਹੇ ਸਨ ਤਾਂ ਮੈਨੂੰ ਅਜੀਬ ਅਹਿਸਾਸ ਹੋ ਰਿਹਾ ਸੀ। ਇੰਨਾ ਮਾਣ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤਾ। ਜਿਵੇਂ ਮੇਰਾ ਕੋਈ ਕਿਵਾੜ ਖੁੱਲ੍ਹ ਗਿਆ ਹੋਵੇ। ਉਸ ਦਿਨ ਘਰ ਆ ਕੇ ਮੈਂ ਪਹਿਲੀ ਵਾਰ ਬਸਤਾ ਖੋਲ੍ਹਿਆ। ਉਸ ਵਿਸ਼ੇ ਦੀ ਕਿਤਾਬ ਕੱਢੀ ਤੇ ਪੜ੍ਹਨ ਬੈਠ ਗਿਆ। ਹੌਲੀ-ਹੌਲੀ ਦੂਜੇ ਵਿਸ਼ਿਆਂ ਨੂੰ ਵੀ ਆਪਣੇ ਆਪ ਪੜ੍ਹਨ ਲੱਗ ਗਿਆ। ਇਹ ਮੇਰਾ ਨਿੱਤ ਦਾ ਕੰਮ ਬਣ ਗਿਆ। ਮੈਂ ਕਲਾਸਾਂ ਵਿੱਚ ਵੀ ਸਵਾਲ ਪੁੱਛਣ ਲੱਗ ਪਿਆ। ਗਿਆਰ੍ਹਵੀਂ ਜਮਾਤ ਵਿੱਚੋਂ ਮੈਂ ਤੀਜੇ ਸਥਾਨ ’ਤੇ ਆਇਆ। ਬਾਰ੍ਹਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ। ਪੜ੍ਹਾਈ ਵਿੱਚ ਇੰਨੀ ਲਗਨ ਪੈਦਾ ਹੋ ਗਈ ਕਿ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੀ ਏ, ਬੀ ਐੱਡ, ਐੱਮ ਏ, ਐੱਮ ਫਿਲ, ਪੀਐੱਚ ਡੀ ਤੱਕ ਕਰ ਲਈ। ਹੁਣ ਖ਼ੁਦ ਅਧਿਆਪਨ ਕਾਰਜ ਵਿੱਚ ਹਾਂ। ਮੈਨੂੰ ਪਤਾ ਹੈ ਕਿ ਹਰ ਵਿਦਿਆਰਥੀ ਅੰਦਰ ਅਥਾਹ ਸਮਰੱਥਾ ਲੁਕੀ ਹੁੰਦੀ ਹੈ। ਜੇਕਰ ਕੋਈ ਅਧਿਆਪਕ ਬੱਚੇ ਅੰਦਰੋਂ ਅਜਿਹੀਆਂ ਸਮਰੱਥਾਵਾਂ ਪਛਾਣ ਲਵੇ ਤਾਂ ਉਸ ਦਾ ਅਧਿਆਪਨ ਕਾਰਜ ਸਫ਼ਲ ਹੈ। ਜਰਨੈਲ ਸਿੰਘ ਵਰਗੇ ਅਧਿਆਪਕਾਂ ਦੀ ਹਰ ਵਿਦਿਆਰਥੀ ਨੂੰ ਲੋੜ ਹੁੰਦੀ ਹੈ, ਜਿਹੜੇ ਸੁੱਤੀ ਸ਼ਕਤੀ ਨੂੰ ਜਗਾ ਕੇ ਗਿਆਨ ਦਾ ਦੀਵਾ ਬਾਲ ਦਿੰਦੇ ਹਨ।

Advertisement

ਸੰਪਰਕ: 94633-44917

Advertisement
×