DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ਇੰਝ ਛੱਡਿਆ ਫਿਰੋਜ਼ਪੁਰ

ਮੇਰੀ ਬੇਕਾਰੀ ਦੇ ਦਿਨ ਸਨ। ਪੜ੍ਹਾਈ ਮੁਕੰਮਲ ਕਰਨ ਉਪਰੰਤ ਨੌਕਰੀ ਲਈ ਭੱਜ-ਦੌੜ ਕਰਨ ਦੇ ਦਿਨ। ਕਵਿਤਾਵਾਂ ਉਦੋਂ ਲਿਖਣ ਲੱਗ ਪਿਆ ਸਾਂ। ਕਵਿਤਾਵਾਂ ਵਿੱਚ ਬੇਰੁਜ਼ਗਾਰੀ ਸ਼ਬਦ ਵੀ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਂਦਾ ਸੀ। ਸੰਘਰਸ਼ ਤੁਹਾਡੇ ਅੰਦਰਲੀ ਸਿਰਜਣਾ ਨੂੰ ਹੁਲਾਰਾ...

  • fb
  • twitter
  • whatsapp
  • whatsapp
Advertisement

ਮੇਰੀ ਬੇਕਾਰੀ ਦੇ ਦਿਨ ਸਨ। ਪੜ੍ਹਾਈ ਮੁਕੰਮਲ ਕਰਨ ਉਪਰੰਤ ਨੌਕਰੀ ਲਈ ਭੱਜ-ਦੌੜ ਕਰਨ ਦੇ ਦਿਨ। ਕਵਿਤਾਵਾਂ ਉਦੋਂ ਲਿਖਣ ਲੱਗ ਪਿਆ ਸਾਂ। ਕਵਿਤਾਵਾਂ ਵਿੱਚ ਬੇਰੁਜ਼ਗਾਰੀ ਸ਼ਬਦ ਵੀ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਂਦਾ ਸੀ। ਸੰਘਰਸ਼ ਤੁਹਾਡੇ ਅੰਦਰਲੀ ਸਿਰਜਣਾ ਨੂੰ ਹੁਲਾਰਾ ਦਿੰਦਾ ਹੈ। ਬੀ.ਐੱਸ ਸੀ, ਬੀ.ਐੱਡ. ਕਰਨ ਉਪਰੰਤ ਪਹਿਲੀ ਨੌਕਰੀ ਮੈਨੂੰ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਵਿਖੇ ਮਿਲੀ। ਇਸ ਸਕੂਲ ਨਾਲ਼ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਜੁੜੀਆਂ ਹਨ। ਪਰਮਜੀਤ ਇਸ ਸਕੂਲ ਵਿੱਚ ਹੀ ਮੇਰਾ ਦੋਸਤ ਬਣਿਆ ਤੇ ਅੱਜ ਵੀ ਦੋਸਤ ਹੈ। ਦਸਵੀਂ ਜਮਾਤ ਵਿੱਚ ਪੜ੍ਹਦਾ ਅਸ਼ੋਕ ਕੁਮਾਰ ਹੁਣ ਵੀ ਕਦੇ ਕਦੇ ਫੋਨ ਕਰਕੇ ਯਾਦ ਕਰ ਲੈਂਦਾ ਹੈ। ਡੇਢ ਕੁ ਸਾਲ ਉੱਥੇ ਨੌਕਰੀ ਕੀਤੀ। ਕੁਝ ਕਾਰਨਾਂ ਕਰਕੇ ਇਹ ਨੌਕਰੀ ਮੈਨੂੰ ਛੱਡਣੀ ਪਈ। ਇਸ ਅਰਸੇ ਦੌਰਾਨ ਮਹਿਕਮੇ ਵੱਲੋਂ ਮੇਰੀ ਨਿਯੁਕਤੀ ਦੀ ਪ੍ਰਵਾਨਗੀ ਵੀ ਨਾ ਆਈ। ਇੰਝ ਇਹ ਡੇਢ ਸਾਲ ਮੈਨੂੰ ਬਿਨਾਂ ਤਨਖ਼ਾਹ ਤੋਂ ਕੰਮ ਕਰਨਾ ਪਿਆ। ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਘਰੋਂ ਪੈਸੇ ਲਿਆ ਕੇ ਆਪਣਾ ਗੁਜ਼ਾਰਾ ਕਰ ਸਕਦਾ। ਮੈਂ ਨੌਕਰੀ ਛੱਡ ਵਾਪਸ ਆਪਣੇ ਪਿੰਡ ਆ ਗਿਆ, ਪਰ ਇਸ ਅਰਸੇ ਦੌਰਾਨ ਮੈਂ ਰੁਜ਼ਗਾਰ ਦਫ਼ਤਰ, ਫਿਰੋਜ਼ਪੁਰ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ ਸੀ। ਥੋੜ੍ਹੇ ਸਮੇਂ ਬਾਅਦ ਮੈਨੂੰ ਫਿਰੋਜ਼ਪੁਰ ਦੇ ਰੁਜ਼ਗਾਰ ਦਫ਼ਤਰ ਤੋਂ ਇੰਟਰਵਿਊ ਲਈ ਪੱਤਰ ਮਿਲਿਆ। ਇਹ ਪੱਤਰ ਕੇਂਦਰੀ ਵਿਦਿਆਲਿਆ, ਫਿਰੋਜ਼ਪੁਰ ਕੈਂਟ ਵਿੱਚ ਸਾਇੰਸ ਅਧਿਆਪਕ ਵਜੋਂ ਐਡਹੌਕ ਨਿਯੁਕਤੀ ਲਈ ਸੀ। ਉਸ ਸਕੂਲ ਦੇ ਪ੍ਰਿੰਸੀਪਲ ਯੂ ਪੀ ਤੋਂ ਸਨ। ਬੜੇ ਭਲੇ ਪੁਰਸ਼ ਸਨ। ਬਾਰਾਂ-ਤੇਰਾਂ ਉਮੀਦਵਾਰ ਇੰਟਰਵਿਊ ਲਈ ਪਹੁੰਚੇ ਸਨ। ਦਫ਼ਤਰ ਵਿੱਚ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਹੋਈ ਇੰਟਰਵਿਊ ਵਿੱਚ ਮੇਰੀ ਚੋਣ ਹੋ ਗਈ।

ਕੇਂਦਰੀ ਵਿਦਿਆਲਿਆ ਵਿੱਚ ਐਡਹੌਕ ਆਧਾਰ ’ਤੇ ਕੰਮ ਕਰਨ ਦੀਆਂ ਆਪਣੀਆਂ ਚੁਣੌਤੀਆਂ ਹਨ। ਸੈਸ਼ਨ ਦੇ ਅਖੀਰ ਵਿੱਚ ਯਾਨੀ 31 ਮਾਰਚ ਨੂੰ ਐਡਹੌਕ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਜਾਂਦਾ ਹੈ। ਅਗਲੇ ਸੈਸ਼ਨ ਲਈ ਦੁਬਾਰਾ ਇੰਟਰਵਿਊ ਕੀਤੀ ਜਾਂਦੀ ਹੈ। ਸੈਸ਼ਨ ਦੇ ਚੱਲਦਿਆਂ ਜੇਕਰ ਕੋਈ ਰੈਗੂਲਰ ਆਰਡਰ ਲੈ ਕੇ ਆ ਜਾਂਦਾ ਹੈ ਤਾਂ ਐਡਹੌਕ ਮੁਲਾਜ਼ਮ ਨੂੰ ਰਿਲੀਵ ਕਰਕੇ ਉਸ ਨੂੰ ਦਫ਼ਤਰ ਵਿੱਚ ਬੁਲਾ ਕੇ ਸੂਚਿਤ ਕਰ ਦਿੱਤਾ ਜਾਂਦਾ ਹੈ। ਪਹਿਲੇ ਸਾਲ ਅਜਿਹਾ ਹੀ ਵਾਪਰਿਆ। ਐਡਹੌਕ ’ਤੇ ਕੰਮ ਕਰਦੇ ਅਸੀਂ ਦੋ ਅਧਿਆਪਕ ਸਾਂ। ਦੂਜੇ ਕੋਈ ਫਿਰੋਜ਼ਪੁਰ ਦੇ ਰਹਿਣ ਵਾਲੇ ਮੈਡਮ ਸਨ। ਉਸ ਸਾਲ ਮੈਡਮ ਨੂੰ ਫਾਰਗ ਕਰ ਦਿੱਤਾ ਗਿਆ। ਮੇਰਾ ਬਚਾਅ ਹੋ ਗਿਆ। ਅਗਲੇ ਸਾਲ ਵੀ ਅਜਿਹਾ ਹੀ ਵਾਪਰਿਆ। ਸਕੂਲ ਵਿੱਚ ਖੇਡਾਂ ਹੋ ਰਹੀਆਂ ਸਨ। ਸਾਰਾ ਸਟਾਫ, ਵਿਦਿਆਰਥੀ ਸਮੇਤ ਪ੍ਰਿੰਸੀਪਲ ਸਕੂਲ ਗਰਾਊਂਡ ਵਿੱਚ ਹਾਜ਼ਰ ਸਨ। ਉਹ ਲੜਕੀ, ਜਿਸ ਨੂੰ ਪਿਛਲੇ ਸਾਲ ਰੈਗੂਲਰ ਅਧਿਆਪਕ ਦੇ ਆਉਣ ਕਾਰਨ ਰਿਲੀਵ ਕਰ ਦਿੱਤਾ ਗਿਆ ਸੀ, ਪ੍ਰਿੰਸੀਪਲ ਕੋਲ਼ ਖਲੋਤੀ ਰੋ ਰਹੀ ਸੀ। ਮੈਂ ਕਿਸੇ ਨੂੰ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਕੋਈ ਰੈਗੂਲਰ ਆਰਡਰ ਲੈ ਕੇ ਆ ਗਿਆ ਹੈ। ਇਸ ਨੂੰ ਫਾਰਗ ਕਰ ਰਹੇ ਹਨ। ਉਦੋਂ ਤੱਕ ਮੇਰੀ ਨਿਯੁਕਤੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟਲਾ ਸੁਲਤਾਨ ਸਿੰਘ, ਜੋ ਕਿ ਮੁਹੰਮਦ ਰਫ਼ੀ ਦਾ ਪਿੰਡ ਹੈ, ਵਿਖੇ ਸ੍ਰੀ ਦਸ਼ਮੇਸ਼ ਪਬਲਿਕ ਸਕੂਲ ਵਿੱਚ ਹੋ ਗਈ ਸੀ। ਇਸ ਅਰਧ-ਸਰਕਾਰੀ ਸਕੂਲ ਦਾ ਚੇਅਰਮੈਨ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਜਨਰਲ ਸਕੱਤਰ ਜ਼ਿਲ੍ਹੇ ਦਾ ਡੀ ਡੀ ਓ ਹੁੰਦਾ ਹੈ। ਪੰਜਾਬ ਵਿੱਚ ਅਜਿਹੇ ਤਿੰਨ ਸਕੂਲ ਖੋਲ੍ਹੇ ਗਏ ਸਨ। ਇੱਕ ਬਾਦਲ ਪਿੰਡ ਵਿੱਚ, ਦੂਜਾ ਤਲਵੰਡੀ ਸਾਬੋ ਤੇ ਤੀਜਾ ਕੋਟਲਾ ਸੁਲਤਾਨ ਸਿੰਘ ਵਾਲਾ, ਜਿੱਥੇ ਮੇਰੀ ਚੋਣ ਹੋਈ ਸੀ। ਨਿਯੁਕਤੀ ਦੇ ਆਰਡਰ ਮੇਰੀ ਜੇਬ ਵਿੱਚ ਸਨ, ਪਰ ਮੇਰਾ ਫਿਰੋਜ਼ਪੁਰ ਛੱਡਣ ਨੂੰ ਮਨ ਨਹੀਂ ਸੀ ਕਰ ਰਿਹਾ। ਪ੍ਰਿੰਸੀਪਲ ਕੋਲ਼ ਖੜ੍ਹੀ ਰੋ ਰਹੀ ਉਸ ਲੜਕੀ ਨੂੰ ਵੇਖ ਕੇ ਮੇਰੇ ਮਨ ਨੇ ਤੁਰੰਤ ਫ਼ੈਸਲਾ ਕੀਤਾ ਤੇ ਮੈਂ ਗਰਾਊਂਡ ਦੇ ਦੂਜੇ ਕਿਨਾਰੇ ਬੈਠੇ ਪ੍ਰਿੰਸੀਪਲ ਕੋਲ਼ ਪਹੁੰਚ ਗਿਆ। ਮੈਂ ਪੁੱਛਿਆ, ‘‘ਸਰ, ਇਹ ਮੈਡਮ ਕਿਉਂ ਰੋ ਰਹੇ ਹਨ?’’ ਬੋਲੇ, ‘‘ਅਰੇ ਮਲਵਿੰਦਰ, ਕੋਈ ਟੀਚਰ ਰੈਗੂਲਰ ਆਰਡਰ ਲੇ ਕਰ ਆ ਗਿਆ ਹੈ, ਇਸ ਲੀਏ ਇਸ ਕੋ ਫਾਰਗ ਕਰਨਾ

Advertisement

ਪੜਾ ਹੈ।’’ ਮੇਰੇ ਕਹਿਣ ’ਤੇ ਕਿ ਮੈਨੂੰ ਫਾਰਗ ਕਰ ਦੇਵੋ, ਉਹ ਬੋਲੇ, ‘‘ਆਪ ਕਹਾਂ ਜਾ ਰਹੇ ਹੋ?’’ ਮੇਰੇ ਦੱਸਣ ’ਤੇ ਕਿ

Advertisement

ਮੇਰੀ ਨਿਯੁਕਤੀ ਆਪਣੇ ਜ਼ਿਲ੍ਹੇ ਦੇ ਕਿਸੇ ਸਕੂਲ ਵਿੱਚ ਹੋ ਗਈ ਹੈ, ਕਹਿਣ ਲੱਗੇ, ‘‘ਤੋ ਆਪ ਇਸਕੇ ਸਾਥ ਜਾਓ। ਇਸ ਕੀ ਫਾਰਗੀ ਟਾਈਪ ਹੋ ਰਹੀ ਹੈ। ਵੋ ਨਿਕਾਲ ਕਰ ਅਪਨੀ ਕਰਵਾ ਲੋ।’’

ਗਰਾਊਂਡ ਤੋਂ ਸਕੂਲ ਦੇ ਦਫ਼ਤਰ ਵੱਲ ਜਾਂਦਿਆਂ ਉਹ ਲੜਕੀ ਵਾਰ-ਵਾਰ ਮੇਰਾ ਧੰਨਵਾਦ ਕਰ ਰਹੀ ਸੀ। ਉਸ ਦੱਸਿਆ ਕਿ ਕੁਝ ਮਹੀਨਿਆਂ ਨੂੰ ਉਸ ਦਾ ਵਿਆਹ ਹੈ। ਕੁਝ ਬਚੇ ਮਹੀਨਿਆਂ ਦੀ ਤਨਖ਼ਾਹ ਉਸ ਦੇ ਵਿਆਹ ਵਿੱਚ ਕੰਮ ਆਵੇਗੀ। ਮੈਨੂੰ ਆਪਣੇ ਫ਼ੈਸਲੇ ਉਪਰ ਮਾਣ ਹੋ ਰਿਹਾ ਸੀ। ਮੈਂ ਆਪਣਾ ਪਿਆਰਾ ਸ਼ਹਿਰ ਫਿਰੋਜ਼ਪੁਰ ਛੱਡ ਕੇ ਜਾ ਰਿਹਾ ਸਾਂ।

ਸੰਪਰਕ: 97795-91344

Advertisement
×