DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਹ ਥਾਣੇਦਾਰ ਦਾ ਘਰ ਨਹੀਂ ਲੱਗਦਾ..!

ਗੱਲ ਸਾਲ 98-99 ਦੀ ਹੈ, ਮੈਂ ਉਸ ਵਕਤ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਮੇਰੇ ਪਿਤਾ ਜੀ ਉਦੋਂ ਸ੍ਰੀ ਇਕਬਾਲ ਸਿੰਘ ਪੰਜਾਬ ਪੁਲੀਸ ਵਿੱਚ ਸਬ-ਇੰਸਪੈਕਟਰ ਸਨ। ਪੰਜਾਬ ਪੁਲੀਸ ਬਾਰੇ ਜਿਵੇਂ ਕਿ ਅਕਸਰ ਲੋਕਾਂ ਦੀ ਇੱਕ ਧਾਰਨਾ ਬਣੀ ਹੋਈ ਹੈ, ਮੇਰੇ ਪਿਤਾ...

  • fb
  • twitter
  • whatsapp
  • whatsapp
Advertisement
ਗੱਲ ਸਾਲ 98-99 ਦੀ ਹੈ, ਮੈਂ ਉਸ ਵਕਤ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਮੇਰੇ ਪਿਤਾ ਜੀ ਉਦੋਂ ਸ੍ਰੀ ਇਕਬਾਲ ਸਿੰਘ ਪੰਜਾਬ ਪੁਲੀਸ ਵਿੱਚ ਸਬ-ਇੰਸਪੈਕਟਰ ਸਨ। ਪੰਜਾਬ ਪੁਲੀਸ ਬਾਰੇ ਜਿਵੇਂ ਕਿ ਅਕਸਰ ਲੋਕਾਂ ਦੀ ਇੱਕ ਧਾਰਨਾ ਬਣੀ ਹੋਈ ਹੈ, ਮੇਰੇ ਪਿਤਾ ਜੀ ਉਸ ਤੋਂ ਬਿਲਕੁਲ ਵੱਖਰੇ ਸਨ। ਉਨ੍ਹਾਂ ਨੇ ਸਾਨੂੰ ਹਮੇਸ਼ਾ ਹੱਕ ਅਤੇ ਸੱਚ ਦੇ ਰਾਹ ’ਤੇ ਤੁਰਨਾ ਸਿਖਾਇਆ, ਕੇਵਲ ਸਿਖਾਇਆ ਹੀ ਨਹੀਂ ਸਗੋਂ ਆਪਣੀ ਨੌਕਰੀ ਦੌਰਾਨ ਉਸ ਦੀ ਮਿਸਾਲ ਵੀ ਬਣੇ। ਦਰਅਸਲ, ਜਦੋਂ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਫਿਰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਮਨ ਦਾ ਸਹਿਜ ਅਤੇ ਅੰਦਰਲਾ ਸਕੂਨ ਹੀ ਸਭ ਤੋਂ ਵੱਡੀ ਦੌਲਤ ਬਣ ਜਾਂਦਾ ਹੈ।

ਇੱਕ ਵਾਰ ਪਿਤਾ ਜੀ ਡਿਊਟੀ ’ਤੇ ਸਨ ਅਤੇ ਸਾਡੇ ਕੁਝ ਰਿਸ਼ਤੇਦਾਰ ਘਰ ਆਏ ਹੋਏ ਸਨ। ਮਾਤਾ ਜੀ ਉਨ੍ਹਾਂ ਲਈ ਚਾਹ-ਪਾਣੀ ਦੀ ਤਿਆਰੀ ਕਰ ਰਹੇ ਸਨ ਅਤੇ ਮੈਂ ਉਨ੍ਹਾਂ ਕੋਲ ਬੈਠਾ ਸੀ। ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ,‘‘ਅੱਜ-ਕੱਲ੍ਹ ਪਿਤਾ ਜੀ ਕਿੱਥੇ ਡਿਊਟੀ ਕਰਦੇ ਨੇ?” ਮੈਂ ਕਿਹਾ, ‘ਜਹਾਨਖੇਲਾ ਟ੍ਰੇਨਿੰਗ ਸੈਂਟਰ ਵਿੱਚ।’’ ਫਿਰ ਉਨ੍ਹਾਂ ਨੇ ਪੁੱਛਿਆ, “ਹੁਣ ਕਿਹੜੇ ਅਹੁਦੇ ’ਤੇ ਨੇ?” ਮੈਂ ਮਾਣ ਨਾਲ ਕਿਹਾ, ‘‘ਥਾਣੇਦਾਰ।’’ ਇਹ ਸੁਣ ਕੇ ਉਨ੍ਹਾਂ ਨੇ ਕਮਰੇ ਅਤੇ ਵਿਹੜੇ ਵੱਲ ਨਜ਼ਰ ਮਾਰੀ ਤੇ ਹੌਲੀ ਜਿਹੀ ਹੱਸਦੇ ਹੋਏ ਕਿਹਾ, ‘‘ਲੱਗਦਾ ਨਹੀਂ ਕਿ ਅਸੀਂ ਕਿਸੇ ਥਾਣੇਦਾਰ ਦੇ ਘਰ ਬੈਠੇ ਹਾਂ।’’ ਨਾਲ ਹੀ ਉਨ੍ਹਾਂ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ, “ਸਾਡਾ ਇੱਕ ਮੁੰਡਾ ਸਿਪਾਹੀ ਲੱਗਾ ਹੋਇਆ ਹੈ, ਉਸ ਨੇ ਤਾਂ ਘਰ ’ਤੇ ਬਹੁਤ ਪੈਸਾ ਲਾਇਆ ਹੋਇਆ ਹੈ, ਗੱਡੀ ਵੀ ਰੱਖੀ ਹੈ।” ਇਹ ਗੱਲ ਸੁਣਦੇ ਹੋਏ ਮਾਤਾ ਜੀ ਵੀ ਕੋਲ ਆ ਗਏ। ਉਨ੍ਹਾਂ ਨੇ ਮੇਰੇ ਸਿਰ ’ਤੇ ਹੱਥ ਫੇਰਦੇ ਹੋਏ ਬੜੀ ਸਹਿਜਤਾ ਨਾਲ ਕਿਹਾ,“ਸਾਡੀ ਕੋਠੀ ਤੇ ਕਾਰਾਂ ਸਾਡੇ ਬੱਚੇ ਹੀ ਹਨ। ਬਸ ਇਨ੍ਹਾਂ ਨੂੰ ਪੜ੍ਹਾ ਲਈਏ, ਬਾਕੀ ਸਭ ਕੁਝ ਵਾਹਿਗੁਰੂ ਆਪ ਹੀ ਬਣਾ ਦੇਵੇਗਾ। ਉਸ ਸਮੇਂ ਇਹ ਗੱਲ ਮੇਰੀ ਸਮਝ ਤੋਂ ਪਰ੍ਹੇ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਿਆ, ਮੈਂ ਸਮਝਿਆ ਕਿ ਇਸ ਦੁਨੀਆ ਵਿੱਚ ਬਹੁਤ ਲੋਕ ਪੈਸੇ ਨੂੰ ਹੀ ਸਭ ਕੁਝ ਸਮਝ ਬੈਠੇ ਹਨ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆ ਰਿਹਾ ਹੋਵੇ। ਭਲੇ ਇਨਸਾਨ ਦੀ ਲਿਆਕਤ ਅਤੇ ਇਮਾਨਦਾਰੀ ਦਾ ਮੁੱਲ ਉਨ੍ਹਾਂ ਸਾਹਮਣੇ ਕੁਝ ਵੀ ਨਹੀਂ। ਜਦੋਂ ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪੜ੍ਹਦਾ ਸੀ, ਪਿਤਾ ਜੀ ਪਿੰਡ ਤੋਂ ਮਾਹਿਲਪੁਰ ਤੱਕ ਸਾਈਕਲ ’ਤੇ ਹੀ ਆਉਂਦੇ-ਜਾਂਦੇ ਸਨ। ਮੇਰੇ ਦੋਸਤਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਸੀ। ਕੱਦ-ਕਾਠ ਵਿੱਚ ਇੱਕੋ ਜਿਹਾ ਹੋਣ ਕਰ ਕੇ ਮੈਂ ਅਕਸਰ ਕਾਲਜ ਪਿਤਾ ਜੀ ਦੀਆਂ ਕਮੀਜ਼ਾਂ ਅਤੇ ਬੂਟ ਪਾ ਕੇ ਜਾਇਆ ਕਰਦਾ ਸੀ ਜਿਸ ਦਾ ਮੈਨੂੰ ਹਮੇਸ਼ਾ ਫ਼ਖਰ ਵੀ ਰਿਹਾ, ਮੈਂ ਵੀ ਇੱਕ ਸਮੇਂ ਪੁਲੀਸ ਵਿੱਚ ਜਾਣਾ ਚਾਹੁੰਦਾ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ। ਬਾਰ੍ਹਵੀਂ ਤੋਂ ਬਾਅਦ ਮੈਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਸਰਕਾਰੀ ਸਕੂਲ ਵਿੱਚ ਕੰਪਿਊਟਰ ਅਧਿਆਪਕ ਬਣ ਗਿਆ।

Advertisement

ਜੀਵਨ ਵਿੱਚ ਕੁਝ ਅਜਿਹੇ ਸਬਕ ਹੁੰਦੇ ਹਨ ਜਿਹੜੇ ਤੁਹਾਨੂੰ ਆਪਣੇ ਪਰਿਵਾਰ ਵਿੱਚੋਂ ਮਿਲਦੇ ਹਨ, ਉਹ ਕਿਸੇ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਨਹੀਂ ਹੁੰਦੇ ਤੇ ਜਿਹੜੇ ਸਬਕ ਮੈਨੂੰ ਆਪਣੇ ਪਿਤਾ ਜੀ ਦੇ ਜੀਵਨ ਤੋਂ ਮਿਲੇ, ਉਹ ਹੀ ਅੱਜ ਮੇਰੇ ਅਧਿਆਪਨ ਸਫ਼ਰ ਅਤੇ ਲਿਖਤਾਂ ਲਈ ਆਦਰਸ਼ ਹਨ। ਪਿਤਾ ਜੀ ਨੇ ਆਪਣੀ ਨੌਕਰੀ ਦੇ ਮੁੱਢਲੇ ਸਮੇਂ ਦੌਰਾਨ ਪੰਜਾਬ ਦੇ ਇੱਕ ਮਰਹੂਮ ਮੁੱਖ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਰਹਿੰਦੇ ਹੋਏ ਸਿਆਸਤ ਅਤੇ ਸ਼ੋਹਰਤ ਨੂੰ ਬਹੁਤ ਹੀ ਨੇੜਿਓਂ ਦੇਖਿਆ ਪਰੰਤੂ ਆਪਣੇ ਅਸੂਲਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਮੌਜੂਦਾ ਸਮੇਂ ਤਾਂ ਇਹ ਪੈਸੇ ਕਮਾਉਣ ਦੀ ਅੰਨ੍ਹੀ ਦੌੜ ਹੋਰ ਵੀ ਤੇਜ਼ ਹੋ ਚੁੱਕੀ ਹੈ। ਨਤੀਜਨ ਨੈਤਿਕਤਾ ਦਾ ਹਰ ਪਲ ਕਤਲ ਹੋ ਰਿਹਾ ਹੈ, ਲੇਕਿਨ ਕੁਝ ਲੋਕ ਹਨ ਜਿਹੜੇ ਇਸ ਦੌੜ ਦਾ ਹਿੱਸਾ ਬਣਨ ਦੀ ਬਜਾਏ ਆਪਣੀ ਇਮਾਨਦਾਰੀ ਦੀ ਪਗਡੰਡੀ ਉੱਪਰ ਚੱਲਦਿਆਂ ਤੁਹਾਡੇ ਮਾਰਗ ਦਰਸ਼ਕ ਬਣ ਜਾਂਦੇ ਹਨ, ਜਿਸ ਦੀ ਬਦੌਲਤ ਤੁਸੀਂ ਇਸ ਸਮਾਜਿਕ ਤਾਣੇ-ਬਾਣੇ ਵਿੱਚ ਉਲਝਣ ਦੀ ਬਜਾਏ ਸੱਚ ਦਾ ਝੰਡਾ ਬੁਲੰਦ ਰੱਖਦੇ ਹੋ। ਆਪਣੇ ਪਿਤਾ ਜੀ ਦੀ ਪ੍ਰੇਰਨਾ ਨਾਲ ਅੱਜ ਤੱਕ ਕਦੇ ਵੀ ਕਿਸੇ ਵੱਡੇ ਅਹੁਦੇ ਜਾਂ ਪੈਸੇ ਵਾਲੇ ਦੀ ਜੀ ਹਜ਼ੂਰੀ ਕਰਨ ਦੀ ਬਜਾਏ ਅੱਖਾਂ ਵਿੱਚ ਅੱਖਾਂ ਪਾ ਕੇ ਸੱਚੀ ਗੱਲ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ। ਇਹ ਵੀ ਸੱਚ ਹੈ ਕਿ ਸਚਾਈ ਜਾਂ ਇਮਾਨਦਾਰੀ ਕਿਸੇ ਖ਼ਾਸ ਪੇਸ਼ੇ ਜਾਂ ਪਹਿਰਾਵੇ ਦੀ ਮੁਥਾਜ ਨਹੀਂ, ਬਲਕਿ ਇਹ ਰੱਬ ਦੀ ਰਹਿਮਤ ਹੈ, ਜੋ ਕਿਸੇ ਵੀ ਇਨਸਾਨ ਨੂੰ ਸਰਸ਼ਾਰ ਕਰ ਸਕਦੀ ਹੈ। ਮੇਰੇ ਪਿਤਾ ਜੀ ਮੇਰੇ ਜੀਵਨ ਦਾ ਸੱਚ ਹਨ ਤੇ ਮੈਨੂੰ ਇਸ ਗੱਲ ’ਤੇ ਹਮੇਸ਼ਾ ਮਾਣ ਰਹੇਗਾ ਕਿ ਉਨ੍ਹਾਂ ਦਾ ਅੰਦਰਲਾ ਸਕੂਨ ਇਨ੍ਹਾਂ ਸਭ ਪਦਾਰਥਵਾਦੀ ਸੁੱਖ-ਸਹੂਲਤਾਂ ਤੋਂ ਕਿਤੇ ਵੱਡਾ ਹੈ।

Advertisement

ਸੰਪਰਕ: 94655-76022

Advertisement
×