ਥਰਮਲ ਵਾਲੀ ਵਿਰਾਸਤ

ਥਰਮਲ ਵਾਲੀ ਵਿਰਾਸਤ

ਡਾ. ਲਾਭ ਸਿੰਘ ਖੀਵਾ

ਪੰਜਾਬ ਦਾ ਪਹਿਲ-ਪਲੇਠਾ ਬਠਿੰਡੇ ਵਾਲਾ ਥਰਮਲ ਪਲਾਂਟ ਮੇਰੇ ਨਾਲ ਹੀ ਜਵਾਨ ਹੋਇਆ ਤੇ ਮੇਰੇ ਨਾਲ ਹੀ ਬੁੱਢਾ| ਮੈਂ ਜਵਾਨੀ ਦੇ ਰਾਹੇ ਤੁਰਦਿਆਂ 1969 ਵਿਚ ਦਸਵੀਂ ਕੀਤੀ ਅਤੇ ਸਾਰੀ ਪੜ੍ਹਾਈ ਲਾਲਟੈਣ ਦੀ ਰੋਸ਼ਨੀ ਵਿਚ| ਇਸੇ ਸਾਲ ਹੀ ਦੋ ਪ੍ਰਾਜੈਕਟਾਂ ਦਾ ਐਲਾਨ ਹੋਇਆ - ਇੱਕ ਹਰ ਘਰ ਰੋਸ਼ਨ ਕਰਨ ਦਾ ਤੇ ਦੂਜਾ ਦਿਮਾਗ; ਭਾਵ ਬਠਿੰਡੇ ਦਾ ਥਰਮਲ ਪਲਾਂਟ ਅਤੇ ਰਾਮਪੁਰਾ ਫੂਲ ਦਾ ਮਾਲਵਾ ਕਾਲਜ| ਦੋਵੇਂ ਅਦਾਰੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪੁਰਬ ਨੂੰ ਸਮਰਪਿਤ ਸਨ| ਮਾਲਵੇ ਦਾ ਦਿਹਾਤੀ ਜੀਵਨ ਇਨ੍ਹਾਂ ਦੋਵੇਂ ਰੋਸ਼ਨੀਆਂ ਤੋਂ ਵਾਂਝਾ ਸੀ| ਫੂਲ ਟਊਨ ਵਿਚ ਬਿਜਲੀ ਦੇ ਲਾਟੂ ਜਗਦੇ ਦੇਖਣ ਲਈ ਮੈਂ ਬਚਪਨ ਵਿਚ ਫਸਲ ਵੇਚਣ ਮੂੰਹ-ਹਨੇਰੇ ਸਵਖਤੇ ਤੁਰਦੇ ਗੱਡਿਆਂ ਉੱਤੇ ਜ਼ਿੱਦ ਕਰ ਕੇ ਬੈਠ ਜਾਂਦਾ ਸੀ| ਉਚੇਰੀ ਸਿੱਖਿਆ ਲਈ ਰਾਮਪੁਰੇ ਕਾਲਜ ਦਾਖਲ ਹੋ ਗਿਆ ਤੇ ਘਰ ਵਿਚ ਬਲਬ ਦੀ ਰੋਸ਼ਨੀ ਥੱਲੇ ਪੜ੍ਹਨ ਦੀ ਇੰਤਜ਼ਾਰ ਹੋਣ ਲੱਗੀ| ਪਿੰਡ ਦੇ ਬਾਜ਼ਾਰ ਵਿਚ ਬਿਜਲੀ ਫਿਟਿੰਗ ਦੀਆਂ ਦੁਕਾਨਾਂ ਖੁੱਲ੍ਹ ਗਈਆਂ|

ਕਾਲਜ ਤੋਂ ਘਰ ਆ ਕੇ ਸਭ ਤੋਂ ਪਹਿਲਾਂ ਮੀਟਰ ਲੱਗਣ ਬਾਰੇ ਪੁੱਛਦਾ| ਆਖਰ ਬੀਏ ਫਾਈਨਲ ਵਿਚ ਘਰ ਲੱਗੇ ਲਾਟੂ ਜਗ ਪਏ, ਮਾਂ ਕਹੇ, “ਲੈ ਕੁੜੇ, ਭਾਮੇਂ ਵਿਹੜੇ ਵਿਚ ਕੀੜੀ ਤੁਰਦੀ ਦੇਖ ਲਓ, ਇੰਨਾ ਚਨੈਣ ਐ।”

1969-75 ਦੇ ਅਰਸੇ ਦੌਰਾਨ 1500 ਕਰੋੜ ਰੁਪਏ ਨਾਲ ਤਾਮੀਰ ਹੋਏ ਥਰਮਲ ਪਲਾਂਟ ਦੀਆਂ ਗੱਲਾਂ ਹੌਲੀ ਹੌਲੀ ਸੱਥਾਂ ਵਿਚ ਗੱਲਾਂ ਹੋਣ ਲੱਗੀਆਂ| ਘਰ ਘਰ ਬਿਜਲੀ ਆਉਣ ਕਰ ਕੇ ਆਥਣੇ ਔਰਤਾਂ ਨੇ ਰੋਟੀ ਬਣਾਉਣੀ ਲੇਟ ਕਰ ਦਿੱਤੀ| ਭੁੱਖ ਲੱਗਣ ਤੇ ਸੱਥ ਵਿਚ ਬੁੜ੍ਹਿਆਂ ਨੇ ਬੁੜ ਬੁੜ ਕਰਨਾ| ਬਿਜਲੀ ਵਾਲੀਆਂ ਮਧਾਣੀਆਂ ਆ ਗਈਆਂ| ਹੱਥੀਂ ਝੱਲਣ ਵਾਲੀਆਂ ਪੱਖੀਆਂ ਦੀ ਥਾਂ ਫਰਾਟੇ ਮਾਰਦੇ ਪੱਖੇ ਆ ਗਏ| ਥਰਮਲ ਵਿਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ| ਪੰਜਾਬ ਵਿਚ ਬਠਿੰਡਾ ਇਸ ਥਰਮਲ ਪਲਾਂਟ ਕਰ ਕੇ ਮਸ਼ਹੂਰ ਹੋ ਗਿਆ, ਫਿਰ ਕਾਲ਼ੀਆਂ-ਬੋਲ਼ੀਆਂ ਹਨੇਰੀਆਂ ਝੱਲਦਾ ਇਹ ਝੀਲਾਂ ਵਾਲਾ ਸ਼ਹਿਰ ਬਣ ਗਿਆ| ਮੈਨੂੰ ਅਜੇ ਵੀ ਯਾਦ ਹੈ, ਜਦੋਂ ਇਨ੍ਹਾਂ ਝੀਲਾਂ ਵਿਚ ਕਿਸ਼ਤੀਆਂ ਉਤਾਰੀਆਂ ਗਈਆਂ, ਪਲੇਠੇ ਝੂਟੇ ਦੀ ਫੋਟੋ ਅਖਬਾਰਾਂ ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੀ ਪਤਨੀ ਦੀ ਲੱਗੀ ਸੀ| ਬਠਿੰਡੇ ਜਾ ਕੇ ਪਰਤਿਆ ਬੰਦਾ ਸੱਥ ਵਿਚ ਉੱਥੇ ਦੇਖੇ ਥਰਮਲ ਦੀਆਂ ਕਹਾਣੀਆਂ ਵਧਾ-ਚੜ੍ਹਾ ਕੇ ਸੁਣਾਉਂਦਾ| ਚਾਰ ਉੱਚੇ ਉੱਚੇ ਕੂਲਿੰਗ ਟਾਵਰਜ਼ ਦੀ ਬਣਤਰ ਗਹੀਰਿਆਂ ਵਰਗੀ ਦੱਸ ਕੇ ਸਮਝਾਉਂਦਾ ਤੇ ਉਚਾਈ ਇਉਂ ਦੱਸਦਾ, “ਦੇਖਦਿਆਂ ਪੱਗ ਲਹਿੰਦੀ ਆ।” ਕੋਈ ਨਘੋਚੀ ਉਸ ਦੇ ਸਿਰਜੇ ਬਿਰਤਾਂਤ ਨੂੰ ਇਹ ਕਹਿ ਕੇ ਕਿਰਕਰਾ ਵੀ ਕਰ ਦਿੰਦਾ, “ਯਾਰ ਸੁਣਿਐ ਸ਼ਹਿਰੀਆਂ ਦੇ ਸਿਰ ਸਵਾਹ ਨਾਲ ਭਰੇ ਰਹਿੰਦੇ ਐ!”

ਥਰਮਲ ਦੇਖਣ ਲਈ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਟੂਰ ਬਣਾ ਕੇ ਆਉਣ ਲੱਗ ਪਏ| ਪਹਿਲਾਂ ਥਰਮਲ ਪਲਾਂਟ ਵਲੋਂ ਪੈਦਾ ਹੁੰਦੀ ਬਿਜਲੀ ਦੀ ਜਾਣਕਾਰੀ ਲੈਂਦੇ ਤੇ ਫਿਰ ਝੀਲ ਦੀਆਂ ਕਿਸ਼ਤੀਆਂ ਦੀ ਸੈਰ| ਬਠਿੰਡਾ ਹੁਣ ਬਲਵੰਤ ਗਾਰਗੀ ਦੇ ਕੱਕੇ ਰੇਤ ਵਾਲਾ ਸ਼ਹਿਰ ਨਹੀਂ ਸੀ ਰਿਹਾ| ਪਲਾਂਟ ਦੇ ਕੂਲਿੰਗ ਟਾਵਰਾਂ ਨੂੰ ਨੇੜਲੀ ਸਰਹਿੰਦ ਨਹਿਰ ਰਜਾਈ ਰੱਖਦੀ ਤੇ ਬੁਆਇਲਰਾਂ ਨੂੰ ਇਤਿਹਾਸਕ ਰੇਲਵੇ ਜੰਕਸ਼ਨ ਝਾਰਖੰਡ ਦੀ 1500 ਕਿਲੋਮੀਟਰ ਦੂਰੀ ਤੋਂ ਰੋਜ਼ਾਨਾ ਖਪਤ ਦਾ 7400 ਮੀਟ੍ਰਿਕ ਟਨ ਕੋਲਾ ਢੋਅ ਕੇ ਮਘਾਈ ਰੱਖਦਾ| ਇਸ ਪਲਾਂਟ ਨੇ ਸ਼ਾਨਦਾਰ ਬਿਜਲੀ ਉਤਪਾਦਨ ਪੱਖੋਂ ਕੌਮੀ ਇਨਾਮ ਜਿੱਤੇ| ਇਸ ਦੀਆਂ ਚਾਰੇ ਯੂਨਿਟਾਂ ਦੀ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਪੂਰੀ ਸਮਰੱਥਾ ਸੀ| ਕੋਲਾ ਖਪਤ ਵਿਚੋਂ ਨਿਕਲੀ ਸੁਆਹ ਤੋਂ ਸੀਮਿੰਟ ਬਣਾਉਣ ਲਈ ਅੰਬੂਜਾ ਕੰਪਨੀ ਨੇ ਨਾਲ ਫੈਕਟਰੀ ਵੀ ਲਾਈ| ਸੈਂਕੜੇ ਏਕੜ ਵਿਚ ਫੈਲੀ ਵਿਸ਼ਾਲ ਥਰਮਲ ਕਾਲੋਨੀ ਬਣੀ| ਪਲਾਂਟ ਦੇ ਦਫਤਰ ਮੈਂ ਨੌਕਰੀ ਵੀ ਕੀਤੀ ਤੇ ਕਾਲੋਨੀ ਵਿਚ ਵੀ ਰਿਹਾ|

ਸਰਕਾਰ ਕਹਿੰਦੀ ਹੁਣ ਇਹ ਪਲਾਟ ਬਿਰਧ ਹੋ ਗਿਆ ਹੈ| ਮਾਹਿਰ ਕਹਿੰਦੇ, ਨਹੀਂ ਇਹ ਅਜੇ ਵੀ ਕਮਾਊ ਬੌਲਦ ਹੈ ਪਰ ਕੈਪਟਨ ਵਜ਼ਾਰਤ ਨੇ ਇਹਦਾ ਰੱਸਾ ਲਾਹ ਦਿੱਤਾ ਹੈ| ਕੁਝ ਦਹਾਕੇ ਪਹਿਲਾਂ ਪੰਜਾਬੀ ਕਿਸਾਨ ਬਿਰਧ ਬਲਦ ਦਾ ਇਉਂ ਨਿਰਾਦਰ ਨਹੀਂ ਸੀ ਕਰਦਾ ਹੁੰਦਾ| ਮਰਦੇ ਦਮ ਤੱਕ ਉਸ ਦੀ ਕੀਤੀ ਕਮਾਈ ਸਦਕਾ ਕਿੱਲੇ ਖੜ੍ਹੇ ਦੀ ਸੇਵਾ ਕੀਤੀ ਜਾਂਦੀ| ਉਂਜ, ਇਸ ਪਲਾਂਟ ਦਾ ਮੱਥਾ ਉਸ ਸਮੇਂ ਹੀ ਠਣਕ ਪਿਆ ਸੀ, ਜਦੋਂ ਪ੍ਰਾਈਵੇਟ ਥਰਮਲ ਪਲਾਂਟ ਲੱਗਣੇ ਸ਼ੁਰੂ ਹੋ ਗਏ ਸੀ; ਜਿਵੇਂ ਲਿਮਟ ਬੰਨ੍ਹਵਾ ਕੇ ਕਿਸਾਨ ਦੇ ਵਿਹੜੇ ਟਰੈਕਟਰ ਆ ਕੇ ਖੜ੍ਹ ਗਏ ਤੇ ਕਿੱਲੇ ਬੱਝੇ ਬਲਦ ਵਿਹੜਿਓਂ ਬਾਹਰ ਹੋ ਗਏ| ਦਰਅਸਲ, ਸਰਕਾਰ ਦੀ ਮੈਲੀ ਅੱਖ ਪਲਾਂਟ ਦੀ ਅੱਜ ਦੇ ਭਾਅ ਮਹਿੰਗੀ ਜਾਇਦਾਦ ਉੱਤੇ ਹੈ| ਕੈਪਟਨ ਸਰਕਾਰ ਦੇ ਇਸ ਫੈਸਲੇ ਉੱਤੇ ਉਹ ਸਿਆਸੀ ਧਿਰ ਵੀ ਮੋਰਚਾ ਲਾਉਣ ਦਾ ਐਲਾਨ ਕਰ ਰਹੀ ਹੈ ਜਿਸ ਨੇ ਸੱਤਾ ਵਿਚ ਰਹਿੰਦਿਆਂ ਇਸ ਨੂੰ ਬਿਰਧ, ਬੇਕਾਰ ਤੇ ਪੈਸੇ-ਖਾਊ ਕਹਿਣ ਦਾ ਮੁੱਢ ਬੰਨ੍ਹਿਆ ਸੀ| ਸਰਕਾਰ ਬਦਲਣ ਨਾਲ ਵਪਾਰੀ ਹੀ ਬਦਲੇ ਹਨ| ਸਿਤਮਜ਼ਰੀਫ਼ੀ ਇਹ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਪੰਜ ਸੌ ਸਾਲਾ ਪੁਰਬ ਤੇ ਇਹ ਪਲਾਂਟ ਬਣਾਇਆ ਗਿਆ ਸੀ, ਉਨ੍ਹਾਂ ਦੇ ਹੀ ਸਾਢੇ ਪੰਜ ਸੌ ਸਾਲਾ ਪੁਰਬ ਤੇ ਇਸ ਨੂੰ ਢਾਹਿਆ ਜਾ ਰਿਹਾ ਹੈ|

ਲਗਦਾ ਹੈ, ਪੰਜਾਬੀ ਕੌਮ ਅਜੇ ਵੀ ਇਸ ਧਾਰਨਾ ਨੂੰ ਮੇਟ ਨਹੀਂ ਸਕੀ ਕਿ ਇਹ ਐਗਰੀਕਲਚਰ ਲਈ ਤਾਂ ਜਨੂਨੀ ਹੈ ਪਰ ਕਲਚਰ ਲਈ ਨਹੀਂ| ਅਸੀਂ ਆਪਣਾ ਇਤਿਹਾਸ, ਵਿਰਸਾ ਸਿਰਜ ਸਕਦੇ ਹਾਂ ਪਰ ਸੰਭਾਲ ਪੱਖੋਂ ਉਦਾਸੀਨ ਤੇ ਸੰਵੇਦਨਾਹੀਣ ਹਾਂ| ਅੱਗਾ ਦੌੜ, ਪਿੱਛਾ ਚੌੜ|

ਯਾਦ ਆ ਰਿਹਾ ਹੈ, ਬੰਗਲੌਰ (ਕਰਨਾਟਕ) ਦਾ ਸਨਅਤੀ ਤੇ ਤਕਨੀਕੀ ਅਜਾਇਬਘਰ; ਇਹ ਮੈਂ ਦੋ ਵਾਰ ਦੇਖਿਆ ਹੈ| ਪੁਰਾਣਾ ਰੂਪ ਵੀ ਤੇ ਨਵੀਨ ਵੀ| ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ 1962 ਵਿਚ ਇਸ ਦਾ ਉਦਘਾਟਨ ਕੀਤਾ ਸੀ| ਇਹ ਭਾਰਤ-ਰਤਨ ਸਰ ਵਿਸਵੇਸਵਰਿਆ ਨੂੰ ਸਮਰਪਿਤ ਹੈ| ਇਸ ਦੀ ਇੱਕ ਗੈਲਰੀ 1965 ਤੋਂ ਬਿਜਲੀ ਦੀ ਉਤਪਾਦਨ ਪ੍ਰਕਿਰਿਆ ਨੂੰ ਸਮਝਾਉਣ ਹਿਤ ਰਾਖਵੀਂ ਹੈ| ਥਰਮਲ ਪਲਾਂਟ ਬਠਿੰਡਾ ਪੰਜਾਬੀਆਂ ਲਈ ਅੱਧੀ ਸਦੀ ਦੀ ਆਧੁਨਿਕ ਵਿਰਾਸਤ ਹੈ| ਗੁਰੂ ਨਾਨਕ ਬਾਬੇ ਦੇ ਨਾਮ ਲੇਵਾ ਪੰਜਾਬੀਆਂ ਦੀਆਂ ਸਰਕਾਰਾਂ ਪਲਾਂਟ ਦੀਆਂ ਝੀਲਾਂ, ਕਾਲੋਨੀ ਤੇ ਹੋਰ ਥਾਵਾਂ ਵੇਚ ਕੇ ਖ਼ਜ਼ਾਨੇ ਭਰ ਲੈਂਦੀਆਂ ਪਰ ਘੱਟੋ-ਘੱਟ ਪਲਾਂਟ ਦਾ ਤਕਨੀਕੀ ਵਜੂਦ ਵਿਰਾਸਤ ਦੇ ਤੌਰ ਤੇ ਬਰਕਰਾਰ ਰੱਖਦੀਆਂ - ਗੁਰੂ ਨਾਨਕ ਦੇਵ ਥਰਮਲ ਪਲਾਂਟ ਅਜਾਇਬ ਘਰ। ਅਗਲੇਰੀਆਂ ਪੀੜ੍ਹੀਆਂ ਮਾਣ ਨਾਲ ਅਸਾਂ ਦੀ ਤਕਨੀਕੀ ਤਰੱਕੀ ਤੇ ਸੋਚ ਨੂੰ ਦੇਖ ਕੇ ਦਗ ਦਗ ਹੁੰਦੀ| ਅਧਿਆਪਕ ਬਿਜਲੀ ਦੇ ਉਤਪਾਦਨ ਅਮਲ ਨੂੰ ਸਮਝਾਉਣ ਵਿਦਿਆਰਥੀਆਂ ਦੇ ਟੋਲੇ ਲੈ ਕੇ ਆਉਂਦੇ| ਅਸੀਂ ਭੰਗੜੇ-ਗਿੱਧੇ, ਰੱਥ, ਬਲਦ, ਊਠ, ਭੱਤਾ ਲੈ ਕੇ ਜਾਂਦੀਆਂ ਸੁਆਣੀਆਂ, ਕਲੀਆਂ ਲਾਉਂਦੇ, ਹਲ ਵਾਹੁੰਦੇ ਗਭਰੂ, ਬੰਦੂਕ ਦਾ ਨਿਸ਼ਾਨਾ ਸੇਧੀ ਫੌਜੀ ਆਦਿ ਬਹੁਤ ਸੰਭਾਲੇ ਹੋਏ ਹਨ ਪਰ ਆਧੁਨਿਕ ਪੰਜਾਬ ਦੀਆਂ ਝਲਕਾਂ ਵੀ ਜੀਵਤ ਰੱਖਣੀਆਂ ਚਾਹੀਦੀਆਂ ਹਨ| ਅਸੀਂ ਪਦਾਰਥਕ ਤਰੱਕੀ ਪੱਖੋਂ ਬੜੇ ਅਗਾਂਹਵਧੂ ਹਾਂ ਪਰ ਸਭਿਆਚਾਰਕ ਪੱਖੋਂ ਬੜੇ ਦਕੀਆਨੂਸੀ| ਇਤਿਹਾਸ ਉਪਰੋਕਤ ਸੁਝਾਏ ਅਜਾਇਬ ਘਰ ਬਣਉਣ ਵਾਲੀ ਸਰਕਾਰ ਨੂੰ ਆਪਣੇ ਪੰਨਿਆਂ ਤੇ ਦਰਜ ਕਰੇਗਾ ਨਾ ਕਿ ਅਸਮਾਨ ਛੂੰਹਦੇ ਦਸ ਮੰਜ਼ਿਲੇ ਫਲੈਟਾਂ, ਬਿੱਗ ਬਾਜ਼ਾਰੀ ਮਾਲਜ਼ ਆਦਿ ਖੜ੍ਹੀਆਂ ਕਰਨ ਵਾਲੀ ਨੂੰ|

ਸੰਪਰਕ: 94171-78487

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All