ਵਰਚੁਅਲ ਵਰਲਡ ’ਚ ਵੀ ਕੋਈ ਸੁਣਵਾਈ ਨਹੀਂ !
ਸਰਕਾਰਾਂ ਵੱਲੋਂ ਔਨਲਾਈਨ ਸ਼ਿਕਾਇਤਾਂ ਬਾਰੇ ਬਹੁਤ ਢਿੰਡੋਰਾ ਪਿੱਟਿਆ ਜਾਂਦਾ ਹੈ ਕਿ ਘਰ ਬੈਠੇ ਤੁਹਾਡੀਆਂ ਸ਼ਿਕਾਇਤਾਂ ਅਤੇ ਮਸਲਿਆਂ ਦਾ ਹੱਲ ਹੋ ਜਾਵੇਗਾ ਪਰ ਅਸਲ ਵਿੱਚ ਇਹ ਢੰਗ ਓਨਾ ਵੀ ਕਾਰਗਰ ਨਹੀਂ, ਜਿੰਨਾ ਇਨ੍ਹਾਂ ਬਾਰੇ ਪ੍ਰਚਾਰਿਆ ਜਾਂਦਾ ਹੈ। ਮਾਰਚ ਮਹੀਨੇ ਦੇ ਅੱਧ...
ਸਰਕਾਰਾਂ ਵੱਲੋਂ ਔਨਲਾਈਨ ਸ਼ਿਕਾਇਤਾਂ ਬਾਰੇ ਬਹੁਤ ਢਿੰਡੋਰਾ ਪਿੱਟਿਆ ਜਾਂਦਾ ਹੈ ਕਿ ਘਰ ਬੈਠੇ ਤੁਹਾਡੀਆਂ ਸ਼ਿਕਾਇਤਾਂ ਅਤੇ ਮਸਲਿਆਂ ਦਾ ਹੱਲ ਹੋ ਜਾਵੇਗਾ ਪਰ ਅਸਲ ਵਿੱਚ ਇਹ ਢੰਗ ਓਨਾ ਵੀ ਕਾਰਗਰ ਨਹੀਂ, ਜਿੰਨਾ ਇਨ੍ਹਾਂ ਬਾਰੇ ਪ੍ਰਚਾਰਿਆ ਜਾਂਦਾ ਹੈ।
ਮਾਰਚ ਮਹੀਨੇ ਦੇ ਅੱਧ ਦੀ ਗੱਲ ਹੈ। ਰਾਤ ਸਾਢੇ ਅੱਠ ਵਜੇ ਮਾਮੂਲੀ ਮੀਂਹ ਅਤੇ ਹਨੇਰੀ ਕਾਰਨ ਸਾਡੇ ਪਿੰਡ ਦੀ ਬਿਜਲੀ ਚਲੀ ਗਈ। ਸਵੇਰੇ ਬਾਹਰ ਜਾਣ ਦੇ ਪ੍ਰੋਗਰਾਮ ਕਾਰਨ ਮੈਂ ਕੱਪੜਿਆਂ ਨੂੰ ਪ੍ਰੈੱਸ ਆਦਿ ਕਰਨੀ ਸੀ, ਇਸ ਲਈ ਘੰਟੇ ਕੁ ਦੀ ਉਡੀਕ ਕਰਨ ਤੋਂ ਬਾਅਦ 1912 ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ। ਫੋਨ ’ਤੇ ਸ਼ਿਕਾਇਤ ਦਰਜ ਹੋਣ, ਫਿਰ ਕੰਮ ਚੱਲ ਰਿਹਾ ਹੋਣ ਅਤੇ ਕੁਝ ਸਮੇਂ ਬਾਅਦ ਸ਼ਿਕਾਇਤ ਹੱਲ ਹੋਣ ਦਾ ਸੁਨੇਹਾ ਵੀ ਆ ਗਿਆ ਪਰ ਬਿਜਲੀ ਨਾ ਆਈ। ਦੁਬਾਰਾ ਬੇਨਤੀ ਕਰਨ ’ਤੇ ਸਬੰਧਤ ਬਿਜਲੀ ਗਰਿੱਡ ਦੇ ਸ਼ਿਕਾਇਤ ਕੇਂਦਰ ਨਾਲ ਗੱਲ ਕਰਨ ਲਈ ਮੋਬਾਈਲ ਨੰਬਰ ਮੈਸੇਜ ਰਾਹੀਂ ਭੇਜ ਦਿੱਤਾ ਗਿਆ। ਉਸ ਨੰਬਰ ’ਤੇ ਗੱਲ ਕਰਨ ’ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ ਕਿ ਫਲਾਣੇ ਪਿੰਡ ਵਿੱਚ ਪਿਛਲੇ ਤਿੰਨ ਘੰਟਿਆਂ ਤੋਂ ਬਿਜਲੀ ਗੁੱਲ ਹੈ। ਮੇਰੇ ਪੂਰੀ ਗੱਲ ਦੱਸਣ ’ਤੇ ਉਨ੍ਹਾਂ ਸਬੰਧਤ ਕਰਮਚਾਰੀਆਂ ਨਾਲ ਗੱਲ ਕਰ ਕੇ ਦੱਸਣ ਲਈ ਕਿਹਾ ਪਰ ਉਨ੍ਹਾਂ ਆਪਣੇ-ਆਪ ਕੋਈ ਜਾਣਕਾਰੀ ਨਾ ਦਿੱਤੀ। ਦੁਬਾਰਾ ਫੋਨ ਕਰਨ ’ਤੇ ਉਨ੍ਹਾਂ ਦੱਸਿਆ ਕਿ ਡਿਊਟੀ ਕਰਮਚਾਰੀਆਂ ਨੇ ਫੋਨ ਹੀ ਨਹੀਂ ਚੁੱਕਿਆ। ਇਨਵਰਟਰ ’ਤੇ ਪੱਖਾ ਚੱਲਦਾ ਹੋਣ ਕਾਰਨ ਮੈਂ ਇਹ ਸੋਚ ਕੇ ਸੌਂ ਗਿਆ ਕਿ ਸਵੇਰ ਤੱਕ ਤਾਂ ਲਾਈਟ ਆ ਹੀ ਜਾਵੇਗੀ, ਕੱਪੜੇ ਪ੍ਰੈੱਸ ਸਵੇਰੇ ਕਰ ਲਵਾਂਗਾ। ਹੱਦ ਉਦੋਂ ਹੋ ਗਈ ਜਦੋਂ ਸਵੇਰ ਤੱਕ ਬਿਜਲੀ ਨਾ ਆਈ ਅਤੇ ਦੁਬਾਰਾ ਸ਼ਿਕਾਇਤ ਕਰਨ ਤੋਂ ਬਾਅਦ ਪਹਿਲਾਂ ਕੱਟ ਤੋਂ ਬਾਅਦ ਬਹਾਲ (restored after shutdown) ਦਾ ਸੁਨੇਹਾ ਆਇਆ ਅਤੇ ਦੁਬਾਰਾ ਸਵਾ ਸੱਤ ਵਜੇ ਫਿਰ ਹੱਲ (resolved) ਦਾ ਮੈਸੇਜ ਆ ਗਿਆ। ਰਾਤ (ਸੌਣ ਤੋਂ ਬਾਅਦ) ਨੂੰ ਆਏ ਸੁਨੇਹੇ ਚੈੱਕ ਕਰਨ ’ਤੇ ਦੇਖਿਆ ਕਿ ਦੋ ਹੋਰ ਸੁਨੇਹੇ; ਸ਼ਿਕਾਇਤ ਸਬੰਧਤ ਐੱਸ ਡੀ ਓ ਨੂੰ ਭੇਜਣ ਅਤੇ ਸ਼ਿਕਾਇਤ ਸਬੰਧਤ ਸੀਨੀਅਰ ਐਕਸੀਅਨ ਨੂੰ ਭੇਜਣ ਦੇ ਵੀ ਮੈਸੇਜ ਆਏ ਹੋਏ ਸਨ ਪਰ ਨਾ ਕਿਸੇ ਦੀ ਮਿਸਡ ਕਾਲ, ਨਾ ਕਾਲ ਅਤੇ ਨਾ ਹੀ ਬਿਜਲੀ ਆਉਣ ਜਾਂ ਨਾ ਆਉਣ ਸਬੰਧੀ ਕੋਈ ਹੋਰ ਜਾਣਕਾਰੀ ਮੁਹੱਈਆ ਕਰਵਾਈ ਗਈ, ਜਦਕਿ ਬਿਜਲੀ ਸਵੇਰੇ ਨੌਂ ਵਜੇ ਆਈ।
ਸਵੇਰੇ ਇੱਕ ਜਾਣਕਾਰ ਮੁਲਾਜ਼ਮ ਰਾਹੀਂ ਸਬੰਧਤ ਬਿਜਲੀ ਸੈਂਟਰ ’ਚੋਂ ਪਤਾ ਲੱਗਿਆ ਕਿ ਰਾਤ ਸਾਢੇ ਅੱਠ ਵਜੇ ਫਾਲਟ ਪਿਆ ਸੀ ਅਤੇ ਪਿੰਡ ਵਿੱਚ ਰਾਤ ਦੀ ਡਿਊਟੀ ਲਈ ਮੁਲਾਜ਼ਮ ਨਾ ਹੋਣ ਕਾਰਨ ਇਹ ਸਵੇਰੇ ਠੀਕ ਕੀਤਾ ਗਿਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸ਼ਿਕਾਇਤ ਦਾ ਹੱਲ ਕਰਨਾ ਦੂਰ ਦੀ ਗੱਲ, ‘ਵਰਤੋਂਕਾਰ’ ਨੂੰ ਸਹੀ ਜਾਣਕਾਰੀ ਵੀ ਨਹੀਂ ਦਿੱਤੀ ਗਈ। ਕੰਪਿਊਟਰਾਈਜ਼ਡ ਸੁਨੇਹਿਆਂ ਰਾਹੀਂ ਗੁਮਰਾਹਕੁਨ ਜਾਣਕਾਰੀ ਦਿੱਤੀ ਜਾਂਦੀ ਰਹੀ।
ਇਸੇ ਤਰ੍ਹਾਂ ਅੱਜ-ਕੱਲ੍ਹ ਇਰਾਨ-ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਪੈਦਾ ਹੋਈ ਗੈਸ ਕਿੱਲਤ ਦੇ ਸਬੰਧ ਵਿੱਚ ਹੋ ਰਿਹਾ ਹੈ। ਸਿਲੰਡਰ ਬੁਕਿੰਗ ਵਾਲੇ ਔਨਲਾਈਨ ਨੰਬਰ ਜ਼ਿਆਦਾਤਰ ਰੁੱਝੇ ਹੀ ਰਹਿੰਦੇ ਹਨ ਅਤੇ ਸ਼ਿਕਾਇਤ ਵਾਲੇ ਨੰਬਰ ਤਾਂ ਮਿਲਦੇ ਹੀ ਨਹੀਂ। ਕੀ ਔਨਲਾਈਨ ਸ਼ਿਕਾਇਤ ਨੰਬਰ ਸਿਰਫ਼ ਟਾਈਮ ਪਾਸ ਲਈ ਹੀ ਹਨ? ਇਉਂ ਜਾਪਦੈ ਜਿਵੇਂ ਵਰਚੁਅਲ ਵਰਲਡ ’ਚ ਵੀ ਸ਼ਿਕਾਇਤਾਂ ਦੀ ਕੋਈ ਸੁਣਵਾਈ ਨਹੀਂ।
ਸੰਪਰਕ: 98156-80980

