ਫਿਰ ਜਦੋਂ ਇੱਕ ਥੱਪੜ ਹੋਰ ਜੜਿਆ
ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਸੁਹਿਰਦ ਤੇ ਆਪਣੇ ਫਰਜ਼ ਪ੍ਰਤੀ ਪੂਰੇ ਸਮਰਪਿਤ ਸਨ ਪਰ ਸਾਡੇ ਅੰਗਰੇਜ਼ੀ ਦੇ ਮਾਸਟਰ ਰਾਮ ਲਾਲ ਦਾ ਅਕਸ ਅੱਜ ਵੀ ਮੇਰੇ ਜ਼ਿਹਨ ਵਿੱਚ ਬਿਲਕੁਲ ਉਸੇ ਤਰ੍ਹਾਂ ਉੱਭਰ ਆਉਂਦਾ ਹੈ ਜਿਵੇਂ ਸਾਨੂੰ ਪੜ੍ਹਾਉਂਦੇ ਸਮੇਂ ਹੁੰਦਾ ਸੀ।...
ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਸੁਹਿਰਦ ਤੇ ਆਪਣੇ ਫਰਜ਼ ਪ੍ਰਤੀ ਪੂਰੇ ਸਮਰਪਿਤ ਸਨ ਪਰ ਸਾਡੇ ਅੰਗਰੇਜ਼ੀ ਦੇ ਮਾਸਟਰ ਰਾਮ ਲਾਲ ਦਾ ਅਕਸ ਅੱਜ ਵੀ ਮੇਰੇ ਜ਼ਿਹਨ ਵਿੱਚ ਬਿਲਕੁਲ ਉਸੇ ਤਰ੍ਹਾਂ ਉੱਭਰ ਆਉਂਦਾ ਹੈ ਜਿਵੇਂ ਸਾਨੂੰ ਪੜ੍ਹਾਉਂਦੇ ਸਮੇਂ ਹੁੰਦਾ ਸੀ। ਦੂਰੋਂ ਆਉਂਦਿਆਂ ਨੂੰ ਦੇਖਦੇ ਹੀ ਸਾਰਿਆਂ ਦੇ ਸਾਹ ਸੁੱਕ ਜਾਂਦੇ ਤੇ ਅੰਦਰੋਂ ਕੰਬਣੀ ਛਿੜ ਜਾਂਦੀ। ਅਸੀਂ ਮਨ ਵਿੱਚ ਸੋਚਦੇ ਇਹ ਬੀਮਾਰ ਕਿਉਂ ਨਹੀਂ ਹੁੰਦੇ? ਕਦੇ ਛੁੱਟੀ ਹੀ ਨਹੀਂ ਕਰਦੇ। ਉਨ੍ਹਾਂ ਦਾ ਗਠਵਾਂ ਸਰੀਰ, ਸਾਂਵਲਾ ਰੰਗ, ਕੱਪੜਾ-ਲੀੜਾ ਸਮੇਂ ਦੀ ਤਰਜ਼ ਦਾ ਤੇ ਫੱਬਵਾਂ, ਚਿਣਵੇਂ ਲੜਾਂ ਵਾਲੀ ਪੱਗ, ਕੱਦ ਤਕਰੀਬਨ ਛੇ ਫੁੱਟ ਦੇ ਕਰੀਬ। ਮਾਸਟਰ ਰਾਮ ਲਾਲ ਹੋਰਾਂ ਨੇ ਕਦੇ ਵੀ ਆਪਣੇ ਪੀਰੀਅਡ ਖਾਲੀ ਨਹੀਂ ਸੀ ਛੱਡੇ। ਨਾ ਉਹ ਕਦੇ ਲੇਟ ਹੀ ਹੋਏ ਸਨ।
ਸਾਡੇ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਵੱਖ-ਵੱਖ ਪਾਰਕ ਬਣੇ ਹੋਏ ਸਨ। ਗਰਮੀਆਂ ਵਿੱਚ ਇਨ੍ਹਾਂ ਪਾਰਕਾਂ ਵਿੱਚ ਸਾਡੀਆਂ ਜਮਾਤਾਂ ਲੱਗਦੀਆਂ ਸਨ। ਉਦੋਂ ਬਿਜਲੀ ਘੱਟ ਹੀ ਆਉਂਦੀ ਸੀ। ਰਿਹਾਇਸ਼ੀ ਤੇ ਖੇਤੀ ਖੇਤਰ ਦੀ ਬਿਜਲੀ ਲਾਈਨ ਇੱਕੋ ਹੀ ਹੁੰਦੀ ਸੀ। ਇੱਕ ਵਾਰ ਗਰਮੀਆਂ ਦੇ ਦਿਨਾਂ ਵਿੱਚ ਰੋਜ਼ ਦੀ ਤਰ੍ਹਾਂ ਬਾਹਰ ਪਾਰਕ ’ਚ ਮਾਸਟਰ ਰਾਮ ਲਾਲ ਨੇ ਅੰਗਰੇਜ਼ੀ ਦਾ ਪੀਰੀਅਡ ਲਿਆ। ਉਨ੍ਹਾਂ ਨੇ ਇੱਕ ਦੋ ਦਿਨ ਪਹਿਲਾਂ ਗਰਾਮਰ ਦਾ ਇੱਕ ਸਬਕ ਜੋ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਨਾਲ ਸਬੰਧਿਤ ਸੀ, ਦੇ ਨਿਯਮ ਸਮਝਾਏ ਸਨ। ਮੈਂ ਉਸ ਵੇਲੇ ਜਮਾਤ ਵਿੱਚ ਕੋਈ ਖ਼ਾਸ ਧਿਆਨ ਨਹੀਂ ਸੀ ਦਿੱਤਾ, ਜਿਸ ਕਰ ਕੇ ਇਹ ਨਿਯਮ ਮੈਨੂੰ ਉੱਕਾ ਹੀ ਸਮਝ ਨਹੀਂ ਸੀ ਪਏ। ਇਸ ਬਾਰੇ ਉਨ੍ਹਾਂ ਇੱਕ ਟੈਸਟ ਵੀ ਲਿਆ। ਉਨ੍ਹਾਂ ਕੁੱਝ ਵਾਕਾਂ ਦਾ ਅਨੁਵਾਦ ਕਰਨ ਲਈ ਕਿਹਾ। ਸਾਨੂੰ ਦਿੱਤੇ ਮਿਥੇ ਸਮੇਂ ਤੋਂ ਬਾਅਦ ਉਹ ਸਾਡੀਆਂ ਕਾਪੀਆਂ ਚੈੱਕ ਕਰਨ ਲੱਗੇ। ਸਾਰੇ ਵਾਰੋ-ਵਾਰੀ ਆਪਣੀਆਂ ਕਾਪੀਆਂ ਚੈੱਕ ਕਰਵਾ ਰਹੇ ਸੀ ਅਤੇ ਜਿਨ੍ਹਾਂ ਦੇ ਵਾਕ ਗ਼ਲਤ ਸਨ, ਉਨ੍ਹਾਂ ਦੀ ਨਾਲੋਂ ਨਾਲ ਛਿੱਤਰ ਪਰੇਡ ਵੀ ਹੋ ਰਹੀ ਸੀ। ਮੇਰੀ ਵੀ ਵਾਰੀ ਆ ਗਈ। ਜਿਉਂ ਹੀ ਉਨ੍ਹਾਂ ਨੇ ਕਾਪੀ ਦੇਖੀ ਤਾਂ ਕਾਟੇ ਤੇ ਕਾਟਾ ਵੱਜਣ ਲੱਗਿਆ। ਪੰਜ-ਛੇ ਵਾਕਾਂ ਵਿੱਚੋਂ ਸ਼ਾਇਦ ਮੇਰਾ ਇੱਕ ਅੱਧਾ ਹੀ ਠੀਕ ਸੀ।
ਬਸ ਫੇਰ ਕੀ ਸੀ, ਉਨ੍ਹਾਂ ਮੇਰੀਆਂ ਗੱਲ੍ਹਾਂ ’ਤੇ ਇੱਕ ਦੋ ਜਚਾ ਕੇ ਧਰੇ। ਜ਼ੋਰ ਦੀ ਵੱਜੇ ਥੱਪੜਾਂ ਨਾਲ ਮੇਰੇ ਕੰਨ ਸੁੰਨ ਹੋ ਗਏ ਅਤੇ ਮੇਰਾ ਰੋਣਾ ਨਿਕਲ ਗਿਆ। ਮੈਂ ਰੋਂਦਾ ਰੋਂਦਾ ਆਪਣੀ ਕਾਪੀ ਲੈ ਕੇ ਜਿੱਥੇ ਦੂਜੇ ਹਮਜਮਾਤੀ ਖੜ੍ਹੇ ਸੀ ਉਨ੍ਹਾਂ ਕੋਲ ਜਾ ਖੜ੍ਹੋ ਗਿਆ। ਮੇਰੀਆਂ ਗੱਲ੍ਹਾਂ ਵਿੱਚੋਂ ਹਾਲੇ ਵੀ ਸੇਕ ਨਿਕਲ ਰਿਹਾ ਸੀ ਤੇ ਮੇਰਾ ਰੋਣਾ ਰੁਕ ਨਹੀਂ ਸੀ ਰਿਹਾ। ਜਿਉਂ ਹੀ ਮਾਸਟਰ ਜੀ ਦਾ ਧਿਆਨ ਮੇਰੇ ਵੱਲ ਪਿਆ ਤਾਂ ਉਨ੍ਹਾਂ ਮੈਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਥੱਪੜ ਫੇਰ ਮਾਰਿਆ। ਮੈਂ ਬਹੁਤ ਕਸੂਤੀਸਥਿਤੀ ਵਿੱਚ ਫਸ ਗਿਆ ਸਾਂ। ਚੁੱਪ ਹੋਇਆ ਨਹੀਂ ਸੀ ਜਾ ਰਿਹਾ ਤੇ ਹੋਰ ਰੋ ਨਹੀਂ ਸੀ ਸਕਦਾ। ਇਹ ਤਾਂ ਮੈਂ ਹੀ ਜਾਣਦਾ ਹਾਂ ਕਿ ਉਸ ਵੇਲੇ ਮੈਂ ਆਪਣੇ ਹਾਉਕੇ ਕਿਵੇਂ ਅੰਦਰ ਘੁੱਟੇ ਸਨ।
ਮਾਸਟਰ ਜੀ ਅਗਲੇ ਦਿਨ ਮੁੜ ਟੈਸਟ ਲੈਣ ਦਾ ਫ਼ਰਮਾਨ ਸੁਣਾ ਗਏ। ਮੋਨੀਟਰ ਪ੍ਰਵੀਨ ਕੁਮਾਰ ਸਾਡੀ ਜਮਾਤ ਵਿੱਚੋਂ ਸਭ ਤੋਂ ਹੁਸ਼ਿਆਰ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਵੀ ਇਹ ਗਰਾਮਰ ਦੇ ਨਿਯਮ ਸਮਝਾ ਦੇਵੇ। ਉਸ ਨੇ ਜਿੰਨੇ ਕੁ ਨਿਯਮ ਮੈਂ ਸਮਝ ਸਕਿਆ, ਸਮਝਾ ਦਿੱਤੇ। ਮੈਂ ਘਰ ਜਾ ਕੇ ਵੀ ਦੱਸੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਿਆ। ਅਗਲੇ ਦਿਨ ਮੇਰਾ ਟੈਸਟ ਬਹੁਤ ਵਧੀਆ ਗਿਆ। ਬਸ ਉਸ ਦਿਨ ਤੋਂ ਬਾਅਦ ਅਧਿਆਪਕਾਂ ਨੇ ਜੋ ਵੀ ਪੜ੍ਹਾਇਆ, ਮੈਂ ਬਹੁਤ ਧਿਆਨ ਨਾਲ ਸੁਣਿਆ, ਜੇ ਸਮਝ ਨਾ ਆਉਂਦਾ ਤਾਂ ਬਸ ਬੜੇ ਜ਼ਬਰਦਸਤ ਤਰੀਕੇ ਨਾਲ ਰੱਟਾ ਲਾ ਲੈਂਦਾ। ਉਸ ਤੋਂ ਬਾਅਦ ਫਿਰ ਕਦੇ ਵੀ ਛੇਤੀ ਕੀਤਿਆਂ ਕਿਸੇ ਅਧਿਆਪਕ ਤੋਂ ਥੱਪੜ ਨਹੀਂ ਸੀ ਖਾਧਾ। ਹੁਣ ਲਿਖਤੀ ਤੇ ਜ਼ੁਬਾਨੀ ਟੈਸਟ ਵਿੱਚ ਜ਼ਿਆਦਾਤਰ ਪ੍ਰਵੀਨ ਤੇ ਮੈਂ ਹੀ ਪਾਸ ਹੁੰਦੇ ਸਾਂ, ਬਾਕੀ ਤਕਰੀਬਨ ਸਾਰੀ ਜਮਾਤ ਖੜ੍ਹੀ ਹੀ ਹੁੰਦੀ ਸੀ। ਹੌਲੀ ਹੌਲੀ ਮੈਂ ਦੂਜੇ ਨੰਬਰ ਦਾ ਮੋਨੀਟਰ ਬਣ ਗਿਆ। ਰੋਜ਼ ਜਮਾਤ ਦੇ ਹਾਜ਼ਰ ਤੇ ਗੈਰਹਾਜ਼ਰ ਬੱਚਿਆਂ ਦੀ ਗਿਣਤੀ ਨੋਟ ਕਰਵਾਉਣਾ ਸਾਡਾ ਦੋਵਾਂ ਦਾ ਕੰਮ ਸੀ। ਅੱਜ ਜਦੋਂ ਮੈਂ ਖ਼ੁਦ ਵਿਦਿਆਰਥੀਆਂ ਦੇ ਸਾਹਮਣੇ ਪਈ ਕੁਰਸੀ ’ਤੇ ਬੈਠਦਾ ਹਾਂ ਅਤੇ ਉਹੀ ਵਿਸ਼ਾ ਪੜ੍ਹਾ ਰਿਹਾ ਹੁੰਦਾ ਹਾਂ ਤਾਂ ਬੁਹਤ ਵਾਰ ਉਹ ਸਤਿਕਾਰਤ ਸ਼ਖ਼ਸੀਅਤ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਰੂਪ ਵਿੱਚ ਉਭਰ ਆਉਂਦੀ ਹੈ। ਉਹ ਅੱਜ ਜਿੱਥੇ ਵੀ ਹਨ ਉਨ੍ਹਾਂ ਨੂੰ ਮੇਰਾ ਦੰਡਵਤ ਪ੍ਰਣਾਮ।
ਅਸਲ ਵਿੱਚ ਗੱਲ ਇਹ ਹੁੰਦੀ ਹੈ ਕਿ ਜਦੋਂ ਬੱਚੇ ਅਧਿਆਪਕ ਦੀ ਗੱਲ ਸੁਣਨ ਲੱਗ ਜਾਣ ਤੇ ਪ੍ਰੀਖਿਆਵਾਂ ਵਿੱਚ ਖ਼ਰੇ ਉਤਰਨ ਤਾਂ ਅਧਿਆਪਕ ਵੀ ਉਨ੍ਹਾਂ ਨੂੰ ਪਿਆਰ ਕਰਨ ਲੱਗਦੇ ਹਨ। ਚੰਗੇ ਨਤੀਜਿਆਂ ਦੇ ਰੂਪ ਵਿੱਚ ਅਧਿਆਪਕ ਨੂੰ ਵੀ ਨਵੀਂ ਊਰਜਾ ਮਿਲਦੀ ਹੈ। ਬਸ ਇਹ ਹੀ ਇੱਕ ਅਧਿਆਪਕ ਲਈ ਸਕੂਨ ਵਾਲੀ ਗੱਲ ਹੁੰਦੀ ਹੈ।
ਸੰਪਰਕ: 86995-35708

