ਫਿਰ ‘ਇੱਲ ਬਲਾਵਾਂ’ ਕਦੇ ਨਾ ਆਈਆਂ
ਜੀਵਨ ਦੇ ਹਰ ਮੋੜ ’ਤੇ ਨਵੀਂ ਸੋਚ ਤੇ ਨਵੇਂ ਖ਼ਿਆਲ ਜ਼ਿੰਦਗੀ ਦਾ ਰੁਖ਼ ਬਦਲਦੇ ਹਨ। ਲਗਪਗ ਸਾਢੇ ਤਿੰਨ ਦਹਾਕੇ ਪਹਿਲਾਂ ਮੈਂ ਸਰਕਾਰੀ ਅਧਿਆਪਕ ਵਜੋਂ ਨੌਕਰੀ ਜੁਆਇਨ ਕੀਤੀ। ਉਨ੍ਹਾਂ ਦਿਨਾਂ ਵਿੱਚ ਚਰਚਿਤ ਹੋਈ ਡਾ. ਅਬਰਾਹਮ ਟੀ ਕਾਵੂਰ ਦੀ ਪ੍ਰਸਿੱਧ ਪੁਸਤਕ ‘ਤੇ...
ਜੀਵਨ ਦੇ ਹਰ ਮੋੜ ’ਤੇ ਨਵੀਂ ਸੋਚ ਤੇ ਨਵੇਂ ਖ਼ਿਆਲ ਜ਼ਿੰਦਗੀ ਦਾ ਰੁਖ਼ ਬਦਲਦੇ ਹਨ। ਲਗਪਗ ਸਾਢੇ ਤਿੰਨ ਦਹਾਕੇ ਪਹਿਲਾਂ ਮੈਂ ਸਰਕਾਰੀ ਅਧਿਆਪਕ ਵਜੋਂ ਨੌਕਰੀ ਜੁਆਇਨ ਕੀਤੀ। ਉਨ੍ਹਾਂ ਦਿਨਾਂ ਵਿੱਚ ਚਰਚਿਤ ਹੋਈ ਡਾ. ਅਬਰਾਹਮ ਟੀ ਕਾਵੂਰ ਦੀ ਪ੍ਰਸਿੱਧ ਪੁਸਤਕ ‘ਤੇ ਦੇਵ ਪੁਰਸ਼ ਹਾਰ ਗਏ’ ਨੇ ਮੇਰਾ ਸੋਚਣ ਦਾ ਢੰਗ ਵੀ ਬਦਲਿਆ। ਪੁਰਾਤਨ ਮਿੱਥਾਂ, ਰਹੱਸਾਂ ਤੇ ਵਹਿਮਾਂ-ਭਰਮਾਂ ਦੀ ਅਸਲੀਅਤ ਜੱਗ ਜ਼ਾਹਿਰ ਕਰਨ ਵਾਲੀ ਇਹ ਪੁਸਤਕ ਅਸੀਂ ਨਵੇਂ ਅਧਿਆਪਕਾਂ ਨੇ ਉਤਸੁਕਤਾ ਪੜ੍ਹੀ। ਮਨ ਚੇਤਨਾ ਦੇ ਰੰਗ ਵਿੱਚ ਰੰਗੇ ਗਏ। ਜ਼ਿੰਦਗੀ ਨੂੰ ਰਾਹੋਂ ਭਟਕਾਉਣ ਵਾਲੇ ਅਗਿਆਨਤਾ ਤੇ ਅੰਧ-ਵਿਸ਼ਵਾਸਾਂ ਦੇ ਹਨੇਰੇ ਦੀ ਪਛਾਣ ਹੋ ਗਈ। ਸਮਾਜ ਵਿੱਚ ਵਾਪਰਦੀਆਂ ਰਹੱਸਮਈ ਘਟਨਾਵਾਂ ਨੂੰ ਸਮਝਣ ਦੀ ਸੂਝ ਮਿਲੀ।
ਅੱਧੀ ਛੁੱਟੀ ਵੇਲੇ ਖਾਣਾ ਖਾਂਦਿਆਂ ਪੁਰਾਣੇ ਅਧਿਆਪਕ ਸਾਨੂੰ ਸਾਡੀ ਰਿਹਾਇਸ਼ ਬਾਰੇ ਕਈ ਤਰ੍ਹਾਂ ਦੇ ਸੁਆਲ ਕਰਦੇ, ਜਿਸ ਨਾਲ ਸਾਡੇ ਮਨ ਵਿੱਚ ਸ਼ੰਕੇ ਤੇ ਸੁਆਲ ਖੜ੍ਹੇ ਹੁੰਦੇ। ਸਕੂਲ ਤੋਂ ਥੋੜ੍ਹੀ ਦੂਰ ਖੇਤਾਂ ਨੂੰ ਜਾਂਦੇ ਰਾਹ ’ਤੇ ਬਣੀ ਇਕੱਲੀ ਇਕਹਿਰੀ ਪੰਚਾਇਤੀ ਇਮਾਰਤ ਵਿੱਚ ਸਾਡੀ ਦੋ ਅਧਿਆਪਕਾਂ ਦੀ ਰਿਹਾਇਸ਼ ਸੀ। ਉੱਥੇ ਰਹਿਣ ਲਈ ਬਿਜਲੀ ਪਾਣੀ ਦੀ ਹਰ ਤਰ੍ਹਾਂ ਦੀ ਸਹੂਲਤ ਸੀ। ਕੁਝ ਸਮੇਂ ਬਾਅਦ ਹੀ ਸਾਡੇ ਕੋਲ ਸ਼ਾਮ ਨੂੰ ਸਕੂਲ ਦੇ ਬੱਚੇ ਪੜ੍ਹਨ ਆਉਣ ਲੱਗੇ। ਬੱਚਿਆਂ ਨੂੰ ਲੈਣ ਲਈ ਪਿੰਡੋਂ ਵਾਰੀ ਨਾਲ ਮਾਪਿਆਂ ਵਿੱਚੋਂ ਕੋਈ ਇੱਕ ਜਣਾ ਜ਼ਰੂਰ ਆਉਂਦਾ। ਸਾਡਾ ਚੰਗਾ ਵਕਤ ਗੁਜ਼ਰਨ ਲੱਗਾ। ਕੁਝ ਦਿਨਾਂ ਬਾਅਦ ਸਕੂਲ ਵਿੱਚ ਨਵਾਂ ਆਇਆ ਅਧਿਆਪਕ ਵੀ ਸਾਡੇ ਨਾਲ ਰਹਿਣ ਲੱਗਾ। ਉਹ ਸਾਡੇ ਨਾਲ ਬਹੁਤਾ ਘੁਲਦਾ-ਮਿਲਦਾ ਨਹੀਂ ਸੀ। ਆਪਣੇ ਕੰਮ ਨਾਲ ਮਤਲਬ ਰੱਖਦਾ ਸੀ।
ਇੱਕ ਰਾਤ ਉਸ ਨੇ ਘਬਰਾਈ ਆਵਾਜ਼ ਵਿੱਚ ਸਾਨੂੰ ਦੋਵਾਂ ਨੂੰ ਜਗਾਇਆ। ਕਹਿੰਦਾ, ‘‘ਮੈਨੂੰ ਬਾਹਰੋਂ ਡਰਾਉਣੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।’’ ਉੱਚੀ-ਉੱਚੀ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਅਸੀਂ ਵੀ ਸਾਫ਼ ਸੁਣੀਆਂ। ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ‘‘ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਡਰਨ ਵਾਲੀ ਕੋਈ ਗੱਲ ਨਹੀਂ ਹੈ। ਆਪਾਂ ਜਲਦ ਹੀ ਪੜਤਾਲ ਕਰ ਕੇ ਸਚਾਈ ਸਾਹਮਣੇ ਲੈ ਆਵਾਂਗੇ।’’ ਪਰ ਉਹ ਡਰੀ ਸਹਿਮੀ ਆਵਾਜ਼ ਵਿੱਚ ਇਹੋ ਆਖ ਰਿਹਾ ਸੀ, ‘‘ਇੱਥੇ ਤਾਂ ‘ਇੱਲ ਬਲਾਵਾਂ’ ਦਾ ਵਾਸਾ ਹੈ। ਇਸ ਸਕੂਲ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਸਾਡੇ ਨੇੜਲੇ ਰਿਸ਼ਤੇਦਾਰ ਨੇ ਦੱਸਿਆ ਸੀ। ਕੱਲ੍ਹ ਆਪਣੇ ਸਕੂਲ ਦੇ ਕਈ ਸਟਾਫ ਮੈਂਬਰ ਵੀ ਇਹੋ ਗੱਲ ਦੁਹਰਾ ਰਹੇ ਸਨ।’’ ਅਗਲੀ ਸਵੇਰ ਉਸ ਨੇ ਸਕੂਲ ਵਿੱਚ ਰਾਤ ਵਾਲੀ ਘਟਨਾ ਸਟਾਫ ਨਾਲ ਜਾ ਸਾਂਝੀ ਕੀਤੀ। ਛੁੱਟੀ ਹੋਣ ਤੱਕ ਇਹ ਖ਼ਬਰ ਸਕੂਲ ਦੇ ਹਰ ਬੱਚੇ ਤੱਕ ਪਹੁੰਚ ਗਈ। ਸ਼ਾਮ ਨੂੰ ਸਾਡੇ ਕੋਲ ਪੜ੍ਹਨ ਆਉਂਦੇ ਬੱਚਿਆਂ ਵਿੱਚੋਂ ਇੱਕ ਜਣਾ ਵੀ ਨਾ ਆਇਆ। ਬੱਚਿਆਂ ਨੂੰ ਛੱਡਣ ਲੈਣ ਆਉਂਦਾ ਪਿੰਡ ਦਾ ਇੱਕ ਵਿਅਕਤੀ ਜ਼ਰੂਰ ਆਇਆ, ਜਿਸ ਨੇ ਸਾਡੀ ਰਿਹਾਇਸ਼ ਵਾਲੀ ਥਾਂ ’ਤੇ ‘ਇੱਲ ਬਲਾਵਾਂ’ ਦੇ ਵਾਸੇ ਬਾਰੇ ਦੱਸਿਆ। ਇਹ ਵੀ ਦੱਸਿਆ ਕਿ ਪਹਿਲਾਂ ਕੋਈ ਵੀ ਮੁਲਾਜ਼ਮ ਇਸ ਪੰਚਾਇਤੀ ਇਮਾਰਤ ਵਿੱਚ ਰਹਿਣ ਦਾ ਹੌਸਲਾ ਨਹੀਂ ਸੀ ਕਰਦਾ। ਤੁਹਾਡੇ ਰਹਿਣ ਮਗਰੋਂ ਕੋਈ ਡਰ ਭੈਅ ਵਾਲੀ ਘਟਨਾ ਨਾ ਵਾਪਰਨ ਕਰ ਕੇ ਸਾਰੇ ਪਿੰਡ ਨੇ ਸੁੱਖ ਦਾ ਸਾਹ ਲਿਆ ਸੀ ਤਾਂ ਹੀ ਅਸੀਂ ਛੁੱਟੀ ਮਗਰੋਂ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਪੜ੍ਹਨ ਭੇਜਣ ਦਾ ਹੌਸਲਾ ਜੁਟਾਇਆ ਸੀ। ਅਸੀਂ ਮਨ ਹੀ ਮਨ ‘ਇੱਲ ਬਲਾਵਾਂ’ ਦਾ ਸੱਚ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ।
ਤਰਕਸ਼ੀਲਾਂ ਨਾਲ ਸੰਪਰਕ ਕਰ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਸੁਝਾਅ ਅਨੁਸਾਰ ਅਸੀਂ ਚੌਕੰਨੇ ਹੋ ਕੇ ਰਾਤ ਨੂੰ ਆਸ-ਪਾਸ ਦੀ ਸੂਹ ਰੱਖਣ ਲੱਗੇ। ਸਾਡੇ ਕਹਿਣ ’ਤੇ ਕਾਲਜ ਪੜ੍ਹਦੇ ਦੋ-ਚਾਰ ਮਿੱਤਰ ਬੇਲੀ ਵੀ ਅਕਸਰ ਸਾਡੇ ਕੋਲ ਠਹਿਰਨ ਲੱਗੇ। ਆਖ਼ਰ ਸਾਡੀ ਉਡੀਕ ਵਾਲੀ ਰਾਤ ਵੀ ਆ ਗਈ। ਦੇਰ ਰਾਤ ਅਸੀਂ ਡਰਾਉਣੀਆਂ ਆਵਾਜ਼ਾਂ ਮੁੜ ਸੁਣੀਆਂ। ਚਾਨਣੀ ਰਾਤ ਹੋਣ ਕਰ ਕੇ ਸਾਨੂੰ ਕੁਝ ਦੂਰੀ ਦੇ ਖੇਤ ਵਿਚਲੀ ਮੋਟਰ ਦੇ ਕਮਰੇ ਵਿੱਚ ਕਾਲੇ ਸਾਏ ਆਉਂਦੇ-ਜਾਂਦੇ ਦਿਖਾਈ ਦਿੱਤੇ। ਅਗਲੇ ਦਿਨ ਖੇਤ ਵਾਲੇ ਕਿਸਾਨ ਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਮੋਟਰ ’ਤੇ ਰਹਿੰਦੇ ਕਾਮੇ ਨੂੰ ਬੁਲਾਇਆ। ਖੇਤ ਦੇ ਮਾਲਕ ਤੇ ਪੰਚਾਇਤ ਮੂਹਰੇ ਕਾਮੇ ਨੇ ਸਥਿਤੀ ਨੂੰ ਭਾਂਪਦਿਆਂ ਸੱਚ ਬੋਲਣਾ ਹੀ ਮੁਨਾਸਿਬ ਸਮਝਿਆ।
‘‘ਉਹ ਸਾਰੇ ਆਪਣੇ ਪਿੰਡ ਦੇ ਹੀ ਜੂਆ ਖੇਡਣ ਤੇ ਨਸ਼ਾ ਪੱਤਾ ਕਰਨ ਵਾਲੇ ਵਿਗੜੇ ਹੋਏ ਮੁੰਡੇ ਹਨ। ਪਹਿਲਾਂ ਪੰਚਾਇਤੀ ਇਮਾਰਤ ਵਿੱਚ ਇਹ ਬੁਰੇ ਕੰਮ ਕਰਿਆ ਕਰਦੇ ਸਨ। ਮਾਸਟਰਾਂ ਦੇ ਰਹਿਣ ਕਾਰਨ ਉਨ੍ਹਾਂ ਦੇ ਬਹਿਣ ਉੱਠਣ ਤੇ ਮੌਜ ਮਸਤੀ ਵਾਲੀ ਥਾਂ ਖੁੱਸ ਗਈ। ਹੁਣ ਉਨ੍ਹਾਂ ਸਾਡੀ ਮੋਟਰ ਨੂੰ ਟਿਕਾਣਾ ਬਣਾ ਲਿਆ ਹੈ। ਨਸ਼ਾ ਪੱਤਾ ਕਰ ਕੇ ਉਹ ਡਰਾਉਣੀਆਂ ਆਵਾਜ਼ਾਂ ‘ਇੱਲ ਬਲਾਵਾਂ’ ਦੇ ਡਰ ਨੂੰ ਬਣਾਈ ਰੱਖਣ ਲਈ ਕੱਢਦੇ ਹਨ।’’ ਕਾਮੇ ਤੋਂ ਸੱਚ ਜਾਣ ਕੇ ਪੰਚਾਇਤ ਨੇ ਜਲਦ ਹੀ ‘ਇੱਲ ਬਲਾਵਾਂ’ ਦੀ ਜੁੰਡਲੀ ਨੂੰ ਦਬੋਚ ਲਿਆ। ਉਨ੍ਹਾਂ ਪੰਚਾਇਤ ਤੋਂ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ। ਉਸ ਦਿਨ ਤੋਂ ਬਾਅਦ ਫਿਰ ਇੱਲ ਬਲਾਵਾਂ ਕਦੇ ਨਹੀਂ ਆਈਆਂ। ਸਾਡੇ ਸਾਹਮਣੇ ਉਹ ਘਟਨਾ ਤਰਕਸ਼ੀਲ ਚੇਤਨਾ ਦੀ ਪਹਿਲੀ ਜਿੱਤ ਹੋ ਨਿੱਬੜੀ।
ਸੰਪਰਕ: 78140-77120
