ਬਲਵਿੰਦਰ ਗਰੇਵਾਲ
ਪੰਜਾਬ ਵਿਚ ‘ਦਰਵੇਸ਼’ ਵਿਸ਼ੇਸ਼ਣ ਬਣ ਗਿਆ ਹੈ। ‘ਦਰਵੇਸ਼ ਸਿਆਸਤਦਾਨ’। ਪੜ੍ਹਨ ਸੁਣਨ ਵਾਲੇ ਹੱਸ ਪੈਂਦੇ ਹਨ ਕਿਉਂਕਿ ਉਸ ਸਿਆਸਤਦਾਨ ਦਾ ਦਰਵੇਸ਼ੀ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੁੰਦਾ। ਸ਼ਬਦ ਬਦਨਾਮ ਹੋ ਗਿਆ। ਫਿਰ ਵੀ ਕੁਝ ਬੰਦੇ ਇਸ ਸ਼ਬਦ ਵਿਚਲੇ ਭਾਵ ਦੇ ਭਰੋਸੇ ਜ਼ਿੰਦਗੀ ਜਿਓ ਜਾਂਦੇ ਨੇ। ਅਜਿਹੇ ਵਿਰਲਿਆਂ ਵਿਚੋਂ ਇਕ ‘ਸਿਆਸੀ ਬੰਦਾ’ ਸੀ, ਰਾਜਿੰਦਰ ਸਿੰਘ ਪੱਪੂ। ਸਹੁੰ ਖਾਣ ਜੋਗੇ ਬਚੇ ‘ਅਸਲੀ’ ਅਕਾਲੀਆਂ ਵਿਚੋਂ ਇਕ ਜਿਸ ਨੇ ਸਾਰੀ ਉਮਰ ਕੋਈ ਸਮਾਜਿਕ, ਧਾਰਮਿਕ ਜਾਂ ਸਿਆਸੀ ਅਹੁਦਾ ਨਹੀਂ ਕਬੂਲਿਆ, ਨਾ ਚਾਹਿਆ ਪਰ ਹਰ ਜਾਨਣ ਵਾਲਾ ਉਹਨੂੰ ‘ਪ੍ਰਧਾਨ ਜੀ’ ਕਹਿੰਦਾ। ਮੰਨਦਾ। ਉਹਨੂੰ ਦੇਖਦਿਆਂ ਹੀ ਪੰਜਾਬੀ ਫਿਲਮ ‘ਭਗਤ ਪੂਰਨ ਸਿੰਘ’ ਦਾ ਸੀਨ ਯਾਦ ਆ ਜਾਂਦਾ:
ਕੋਈ ਅਫਸਰ ਭਗਤ ਜੀ ਨੂੰ ਕਹਿੰਦੈ ਕਿ ਉਹ ਆਪਣੇ, ‘ਲੂਲ੍ਹੇ-ਲੰਗੜੇ’ ਸਰਕਾਰੀ ਇਮਾਰਤ ਵਿਚੋਂ ਲੈ ਜਾਵੇ, ਸਰਕਾਰ ਨੇ ਇਨ੍ਹਾਂ ਦਾ ਠੇਕਾ ਨਹੀਂ ਲਿਆ ਹੋਇਆ!… ਭਗਤ ਜੀ ਕਹਿੰਦੇ, “ਪਰ ਮੈਂ ਤਾਂ ਲਿਆ ਹੋਇਐ!” ਪੱਪੂ ਨੇ ਕਦੇ ਇਹ ਕਿਹਾ ਨਹੀਂ ਸੀ ਪਰ ਉਹਨੂੰ ਜਾਨਣ ਵਾਲੇ ਹਰ ਲੋੜਵੰਦ ਦਾ ਠੇਕਾ ਉਹਨੇ ਲਿਆ ਹੋਇਆ ਸੀ। ਉਹਦੇ ਜਾਣੂਆਂ ਦੀ ਗਿਣਤੀ ਦਾ ਅੰਦਾਜ਼ਾ ਇਹ ਹੈ ਕਿ ਪੰਜ ਸੱਤ ਹਜ਼ਾਰ ਅਜਿਹੇ ਬੰਦਿਆਂ ਦੇ ਨਾਂ ਤਾਂ ਉਹ ਉਂਗਲ਼ੀਆਂ ਤੇ ਗਿਣਾ ਸਕਦਾ ਸੀ ਜਿਨ੍ਹਾਂ ਬਾਰੇ ਉਹਨੂੰ ਹਮੇਸ਼ਾ ਪਤਾ ਹੁੰਦਾ ਸੀ ਕਿ ਕਿਸ ਦੀ ਜ਼ਿੰਦਗੀ ਵਿਚ ਇਸ ਵੇਲੇ ਕੀ ਚੱਲ ਰਿਹਾ ਹੈ। ਉਸ ਦਾ ਕੋਈ ਖਾਂਦਾ-ਪੀਂਦਾ ਜਾਣੂ ਨਹੀਂ ਜਿਸ ਤੋਂ ਉਹਨੇ ਕਦੇ ਨਾ ਕਦੇ ਕਿਸੇ ਲਈ ਮਦਦ ਨਾ ਲਈ ਹੋਵੇ, ਤੇ ਉਸ ਨੂੰ ਜਾਨਣ ਵਾਲਾ ਕੋਈ ਲੋੜਵੰਦ ਅਜਿਹਾ ਨਹੀਂ ਜਿਸ ਨੂੰ ‘ਕਿਵੇਂ ਨਾ ਕਿਵੇਂ ਕਰਕੇ’ ਪੱਪੂ ਨੇ ਉਹਦੀ ਗਰਜ ਨਾ ਸਾਰੀ ਹੋਵੇ। ਕਮਾਲ ਇਹ ਕਿ ਉਹਨੇ ਕਦੇ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਕਿਸ ਦੀ ਮਦਦ ਕੀਤੀ ਜਾ ਰਹੀ ਹੈ। ਤੁਹਾਡੇ ਨਾਲ ਤੁਰਿਆ ਜਾਂਦਾ ਦੁਕਾਨ ਤੋਂ ਸੌਦਾ ਖਰੀਦਦਾ ‘ਹੁਣੇ ਆਇਆ’ ਕਹਿ ਕੇ ਤੁਰਦਾ ਤੇ ਮੁੜ ਕੇ ਤੁਹਾਨੂੰ ਖਾਲੀ ਹੱਥ ਘਰ ਨੂੰ ਜਾਂਦਾ ਮਿਲਦਾ। ਘਰੋਂ ਕਿਸੇ ਮਿੱਤਰ ਦੇ ਓਪਰੇਸ਼ਨ ਵਿਚ ਮਦਦ ਦੇਣ ਲਈ ਦੋ ਹਜ਼ਾਰ ਲੈ ਕੇ ਤੁਰਿਆ। ਰਾਹ ਵਿਚ ‘ਫਲਾਣਾ’ ਮਿਲ ਗਿਆ- “ਪ੍ਰਧਾਨ ਤੇਰੇ ਕੋਲ਼ੇ ਚੱਲਿਆ ਤੀ, ਦੋ ਹਜ਼ਾਰ ਕੰਨੀਓਂ ਕੰਮ ਅੜ ਗਿਆ। ਕਿਵੇਂ ਨਾ ਕਿਵੇਂ ਕਰ!” ਪੱਪੂ ਨੇ ਜੇਬ ਵਿਚਲਾ ਦੋ ਹਜ਼ਾਰ ਕੱਢਿਆ, ਉਹਨੂੰ ਫੜਾ ਦਿੱਤਾ, “ਤੂੰ ਸਾਰ ਕੰਮ! ਮੈਂ ਤਾਂ ਕਿਸੇ ਤੋਂ ਪੰਜ ਹਜ਼ਾਰ ਪੁੱਛਣਾ ਸੀ, ਹੁਣ ਸੱਤ ਕਰ ਲੂੰ ਕਿਤੋਂ।”
ਪੱਪੂ ਨੇ ਕਿਸੇ ਘਰ ਦਾ ਸੌਦਾ ਕਰਵਾਇਆ। ਖਰੀਦਦਾਰ ਨੇ ਬਕਾਇਆ ਰਹਿੰਦੇ ਪੈਸੇ ਪੱਪੂ ਨੂੰ ਫੜਾ ਦਿੱਤੇ। ਖੰਨੇ ਪਤਾ ਨਹੀਂ ਕੌਣ, ਕਿੱਥੇ ਦਾ ਜਾਣੂ ਪੱਪੂ ਨੂੰ ਮਿਲ ਗਿਆ- “ਭਰਾ ਦੇ ਗੁਰਦੇ ਖਰਾਬ ਹੋ’ਗੇ। ਪੈਸਿਆਂ ਦਾ ਪ੍ਰਬੰੰਧ ਕਰਦੇ ਫਿਰਦੇ ਆਂ”, ਅਗਲੇ ਨੇ ਸੁਭਾਵਿਕ ਗੱਲ ਕੀਤੀ। ਪੱਪੂ ਨੇ ਉਨ੍ਹਾਂ ਪੈਸਿਆਂ ਨਾਲ ਆਪਣਾ ਵੀ ਪੰਜ ਚਾਰ ਸੌ ਉਹਨੂੰ ਫੜਾ ਦਿੱਤਾ। ਨਾਲ ਆਉਂਦੇ ਮਿੱਤਰ ਨੇ ਇਤਰਾਜ਼ ਕੀਤਾ ਤਾਂ ਪੱਪੂ ਨੇ ਹੱਸ ਕੇ ਕਹਿੰਦਾ, “ਉਹਦਾ ਵੀ ਦੇ’ਦਾਂਗੇ। ਦੋ ਕਰੋੜ ਦੀ ਲਾਟਰੀ ਨਿਕਲਣ ਵਾਲ਼ੀਓ ਐ। ਹਾਲ ਦੀ ਘੜੀ ਉਹ ਕੋਠੀ ਨੂੰ ਗੇਟ ਭੋਰਾ ਹੌਲ਼ਾ ਲੁਆ ਲੈਣਗੇ! ਓਧਰ ਬੰਦੇ ਦੀ ਜਾਨ ਬਚ ਜੂ।”
ਉਹਦਾ ਹਾਸਾ ਵੀ ਉਹਦੀਆਂ ਪਛਾਣਾਂ ਵਿਚੋਂ ਇਕ ਸੀ। ਸੁਹਣਾ ਸੁਨੱਖਾ, ਲੰਮਾ ਲੰਝਾ ਪੱਪੂ, ਬਹੁਤੀ ਵਾਰ ਗਾਤਰਾ ਉਪਰੋਂ ਦੀ ਪਾ ਕੇ ਰੱਖਦਾ। ਜਦੋਂ ਹੱਥ ਤੇ ਹੱਥ ਮਾਰ ਕੇ ਹੱਸਦਾ, ਸਾਹਮਣੇ ਵਾਲੇ ਦੀ ਰੂਹ ਖਿੜ ਜਾਂਦੀ। ਹੱਸਦਾ ਬੜਾ ਸੀ।
ਆਪਣੇ ਹਾਸੇ ਨਾਲ ਖਬਰੇ ਉਹ ਆਪਣੇ ਦੁੱਖਾਂ ਨੂੰ ਚਿੜਾਉਂਦਾ ਸੀ ਜਾਂ ਉਨ੍ਹਾਂ ਨੂੰ ਜਿਨ੍ਹਾਂ ਨੇ ਪੈਸੇ-ਧੇਲੇ ਵਿਚ ਉਹਦੇ ਨਾਲ ਦਗੇ ਕਮਾਏ ਜਾਂ ਉਹਦੀ ਸਾਰੀ ਸਿਆਸੀ ਕਮਾਈ ਖਾ ਗਏ। ਉਹ ਸਾਡੇ ਪਿੰਡ ਬੂਥਗੜ੍ਹ (ਖੰਨਾ) ਦਾ ਦੋਹਤਾ ਸੀ। ਲੈਂਡ ਮਾਰਗਿਜ ਬੈਂਕ ਦੇ ਸਾਬਕਾ ਚੇਅਰਮੈਨ, ਮਹਿਰੂਮ ਹਰਚੰਦ ਸਿੰਘ ਅਲੀਪੁਰ ਦਾ ਭਤੀਜਾ। ਮਾਨ ਸਿੰਘ ਦਾ ਪੁੱਤਰ। ਮਾਂ ਗੁਰਬਖਸ਼ ਕੌਰ ਅਧਿਆਪਕਾ। ਦਰਵੇਸ਼ੀ ਅਤੇ ਸਿਆਸਤ ਉਹਨੂੰ ਵਿਰਸੇ ਵਿਚ ਮਿਲੀਆਂ। ਹੋਣੀ ਨਾਲ ਉਹਦਾ ਪਹਿਲਾ ਆਢਾ ਐਨ ਉਦੋਂ ਲੱਗਿਆ ਜਦੋਂ ਸੱਤਾ ਦੇ ਡੰਡੇ ਨੂੰ ਉਹਦਾ ਹੱਥ ਪੈਣ ਹੀ ਵਾਲਾ ਸੀ। ਉਹਦਾ ਵੱਡਾ ਭਰਾ ਗੁਜ਼ਰ ਗਿਆ। ਭਰਜਾਈ ਉਹਦੇ ਸਿਰ ਧਰਨ ਦੀ ਗੱਲ ਤੁਰੀ। ਉਹ ਲੋਕ ਸੇਵਾ ਲਈ ਸਪਰਪਿਤ ਹੋਣ ਕਰਕੇ ਨਾਂਹ ਕਹਿ ਗਿਆ। ਜਦੋਂ ਤੱਕ ਉਹ ਸੋਗ ਵਿਚੋਂ ਨਿਕਲਿਆ, ਸਿਆਸੀ ਗੱਡੀ ਕੋਈ ਉਹਦਾ ‘ਮਿੱਤਰ’ ਚੜ੍ਹ ਗਿਆ। ਪੱਪੂ ਨਿਰਾ ਲੋਕ-ਸੇਵਕ ਹੋ ਗਿਆ। ਆਪਣੀ ਸਿਆਸੀ ਪਹੁੰਚ ਦਾ ਸਾਰਾ ਮੁੱਲ ਲੋੜਵੰਦਾਂ ਨੂੰ ਦੇ ਦਿੱਤਾ। ਕਦੇ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ। ਹੋਣੀ ਜ਼ੋਰਾਵਰੀ ਤੇ ਉਤਰੀ। ਉਹਦੇ ਮਾਮੇ ਮਨਜੀਤ ਸਿੰਘ ਦੇ ਦੋਵੇਂ ਵਿਆਹੇ ਵਰੇ, ਬੱਚਿਆਂ ਵਾਲੇ ਪੁੱਤਰ ਅਕਾਲ ਚਲਾਣਾ ਕਰ ਗਏ। ਡੋਲ ਗਈ ਕਬੀਲ਼ਦਾਰੀ ਨੱਗਰ ਨੇ ਪੱਪੂ ਨੂੰ ਸੰਭਾਲੀ। ਛੋਟੀ ਵਹੁਟੀ ਉਹਦੇ ਸਿਰ ਧਰੀ। ਸੁਰਤ ਸਿਰ ਹੋਣ ਤੋਂ ਪਹਿਲਾਂ ਹੀ ਛੋਟਾ ਭਰਾ ਚੜ੍ਹਾਈ ਕਰ ਗਿਆ। ਮਾਮਾ ਮਾਮੀ ਚੱਲ ਵਸੇ। ਦੋਵੇਂ ਸਕੇ ਭਾਣਜੇ ਇਕੋ ਐਕਸੀਡੈਂਟ ਵਿਚ ਮਾਰੇ ਗਏ। ਪੱਪੂ ਨੇ ਨਾ ਕਬੀਲਦਾਰੀ ਵੱਲੋਂ ਪਾਸਾ ਵੱਟਿਆ, ਨਾ ਲੋਕ ਸੇਵਾ ਛੱਡੀ। ਮਾਮੇ ਦਾ ਵੱਡਾ ਪੋਤਾ ਗੁਰਪ੍ਰੀਤ ਸਿੰਘ ਪਿੰਡ ਦਾ ਸਰਪੰਚ ਹੈ। ਮਾਮੇ ਨੇ ਦੋ ਏਕੜ ਜ਼ਮੀਨ ਨਾਂ ਲੁਆਉਣ ਦੀ ਗੱਲ ਕੀਤੀ, ਪੱਪੂ ਨਾਂਹ ਕਰ ਗਿਆ। ਪਤਾ ਲੱਗਿਆ, ਨੇਕੀ ਉਹਨੇ ‘ਆਪਣੇ ਘਰੋਂ’ ਸ਼ੁਰੂ ਕੀਤੀ ਸੀ। ਜੱਦੀ ਜ਼ਮੀਨ ਵਿਚੋਂ ਆਪਣੇ ਹਿੱਸੇ ਦੀ ਜ਼ਮੀਨ ਵੀ ਉਹ ਕਦੋਂ ਦਾ ਲੋੜਵੰਦਾਂ ਦੇ ਲੇਖੇ ਲਾ ਗਿਆ ਸੀ।
ਲੰਘੀ 19 ਤਰੀਕ ਨੂੰ ਨਾਨਕਸਰ ਗੁਰਦੁਆਰੇ ਚੱਲਿਆ ਸੀ। ਬੱਸ ਵਿਚ ਦਿਲ ਫੇਲ੍ਹ ਹੋ ਗਿਆ। ਲੋਕਾਂ ਕਿਹਾ, “ਦਿਲ ਫੇਲ੍ਹ ਹੋਣਾ ਈ ਸੀ। ਬੰਦਾ ਕਿਸੇ ਦਾ ਰੋਪੜ ਬਿਮਾਰ ਹੋਣੈ, ਟੈਂਸ਼ਨ ਪੱਪੂ ਨੂੰ। ਖਬਰੇ ਕੀਹਦੀ ਸੁੱਖ ਲਾਹੁਣ ਗਿਆ ਹੋਣੈ।” ਜੇਬ ਵਿਚੋਂ ਕਿਰਾਏ ਜੋਗੇ ਪੈਸੇ ਤੇ ਲਾਟਰੀ ਦੀਆਂ ਟਿਕਟਾਂ ਤੋਂ ਬਿਨਾ ਫੋਨ ਨੰਬਰਾਂ ਵਾਲੀ ਡਾਇਰੀ ਮਿਲੀ। ਘਰੋਂ ਪਤਾ ਲੱਗਿਆ ਕਿ ਜਦੋਂ ਗਿਆ, ਉਦੋਂ ਤਾਂ ਜੇਬ ਵਿਚ ਵੱਧ ਪੈਸੇ ਸੀ- “ਪੰਜ ਸੌ ਤਾਂ ‘ਫਲਾਣੇ’ ਨੂੰ ਦੇ ਗਿਆ ਮੁੰਡੇ ਦੇ ਇਲਾਜ ਖਾਤਰ”, ਕਿਸੇ ਨੇ ਦੱਸਿਆ। ਇਹ ਉਨ੍ਹਾਂ ਸੈਂਕੜੇ ਗੱਲਾਂ ਵਿਚੋਂ ਇਕ ਸੀ ਜਿਸ ਤਰ੍ਹਾਂ ਦੀਆਂ ਤਿੰਨ ਦਿਨ ਲਗਾਤਾਰ ਉਹਦੇ ਸੱਥਰ ਤੇ ਚੱਲਦੀਆਂ ਰਹੀਆਂ। ਪੱਪੂ ਨੇ ਜਦੋਂ ਮਿਲਣਾ ਤਾਂ ਉਹਦੇ ਤੁਰਨ ਵੇਲੇ ਹਮੇਸ਼ਾ ਮੇਰੇ ਮਨ ਵਿਚ ਇਹ ਗੱਲ ਉੱਠਣੀ- “ਇਹਦੇ ਤੁਰ ਜਾਣ ਪਿੱਛੋਂ ਪਤਾ ਲੱਗੂ ਬੂਥਗੜ੍ਹ ਨੂੰ ਕਿ ਉਹ ਅਜਿਹੇ ਵਿਸਮਾਦ ਦੇ ਗਵਾਹ ਰਹੇ ਨੇ ਜਿਸ ਨੂੰ ਜੱਗ ਵਿਸਾਰ ਹੀ ਬੈਠਿਆ ਹੈ। ਨੇਕੀ ਦਾ ਵਿਸਮਾਦ!
ਸੰਪਰਕ: 94644-18200