ਪੋਸਟ ਕਾਰਡ ਦਾ ਕਮਾਲ: ਕੁਝ ਘੰਟਿਆ ’ਚ ਮੀਲਾਂ ਦਾ ਸਫ਼ਰ
ਅੱਜ ਤਕਨਾਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਵੀ ਕੁੱਝ ਘੰਟਿਆਂ ਵਿੱਚ ਸੰਭਵ ਹੋ ਗਿਆ ਹੈ। ਹਜ਼ਾਰਾਂ ਮੀਲ ਦੂਰ ਬੈਠੇ ਸਾਥੀ ਨਾਲ ਅਸੀਂ ਵੀਡੀਓ ਕਾਲ ਰਾਹੀਂ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰ ਸਕਦੇ ਹਾਂ। ਜਿਥੇ ਇੱਕ...
ਅੱਜ ਤਕਨਾਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਵੀ ਕੁੱਝ ਘੰਟਿਆਂ ਵਿੱਚ ਸੰਭਵ ਹੋ ਗਿਆ ਹੈ। ਹਜ਼ਾਰਾਂ ਮੀਲ ਦੂਰ ਬੈਠੇ ਸਾਥੀ ਨਾਲ ਅਸੀਂ ਵੀਡੀਓ ਕਾਲ ਰਾਹੀਂ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰ ਸਕਦੇ ਹਾਂ। ਜਿਥੇ ਇੱਕ ਪਾਸੇ ਇਸ ਤਕਨੀਕੀ ਤਰੱਕੀ ਨੇ ਸਾਡੇ ਲਈ ਕਈ ਸਹੂਲਤਾਂ ਪੈਦਾ ਕੀਤੀਆਂ ਹਨ, ਉਥੇ ਹੀ ਤਕਨੀਕ ਆਉਣ ਮਗਰੋਂ ਕੁਝ ਅਜਿਹੀਆਂ ਚੀਜ਼ਾਂ ਵੀ ਹੌਲੀ ਹੌਲੀ ਸਾਡੇ ਜੀਵਨ ’ਚੋਂ ਖਤਮ ਹੋ ਗਈਆਂ ਹਨ, ਜਿਨ੍ਹਾਂ ਦੀ ਕਿਸੇ ਵੇਲੇ ਪੂਰੀ ਚੜ੍ਹਤ ਹੁੰਦੀ ਸੀ।
ਮੋਬਾਈਲ ਫੋਨ ਆਉਣ ਤੋਂ ਪਹਿਲਾਂ ਸਕੇ-ਸਬੰਧੀਆਂ ਨੂੰ ਸੁਖ-ਦੁੱਖ ਦਾ ਸੁਨੇਹਾ ਪਹੁੰਚਾਉਣ ਲਈ ਜਾਂ ਸਰਕਾਰੀ ਕੰਮਕਾਜ ਲਈ ਚਿੱਠੀਆਂ ਭੇਜੀਆਂ ਜਾਂਦੀਆਂ ਸਨ। ਚਿੱਠੀਆਂ ਵਾਸਤੇ ਵੱਖ-ਵੱਖ ਤਰ੍ਹਾਂ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਸਭ ਤੋਂ ਸਸਤਾ ਹੁੰਦਾ ਸੀ ਪੋਸਟ ਕਾਰਡ, ਜੋ ਵੱਡੀ ਗਿਣਤੀ ਲੋਕਾਂ ਵੱਲੋਂ ਵਰਤਿਆ ਜਾਂਂਦਾ ਸੀ। ਇਸ ਕਾਰਡ ਦੀ ਮੁੱਖ ਕਮੀ ਇਹ ਸੀ ਕਿ ਇਸ ’ਤੇ ਲਿਖੇ ਸੁਨੇਹੇ ਦੀ ਕੋਈ ਗੱਲ ਗੁੱਝੀ ਨਹੀਂ ਸੀ ਰਹਿੰਦੀ, ਪਰ ਫਿਰ ਵੀ 21ਵੀਂ ਸਦੀ ਤੱਕ ਇਸ ਦੀ ਵਰਤੋਂ ਹੁੰਦੀ ਰਹੀ ਹੈ।
ਪੋਸਟ ਕਾਰਡਾਂ ’ਚ ਲਿਖੀ ਗੱਲ ਗੁੱਝੀ ਨਾ ਰਹਿਣ ਦਾ ਮੈਨੂੰ ਇੱਕ ਵਾਰ ਲਾਭ ਜ਼ਰੂਰ ਹੋਇਆ ਸੀ। ਗੱਲ 1997 ਦੀ ਹੈ, ਮੈਂ ਆਪਣੇ ਐੱਨ ਸੀ ਸੀ ਦੇ ਕਮਿਸ਼ਨ ਵਾਸਤੇ ਤਿੰਨ ਮਹੀਨੇ ਦੇ ਕੋਰਸ ਲਈ ਨਾਗਪੁਰ (ਮਹਾਰਾਸ਼ਟਰ) ਗਿਆ ਹੋਇਆ ਸੀ। ਇਸ ਕੋਰਸ ਵਿੱਚ ਦੇਸ਼ ਭਰ ਤੋਂ ਅਧਿਆਪਕ ਹਿੱਸਾ ਲੈ ਰਹੇ ਸਨ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦਾ ਨਰਿੰਦਰ ਕੋਰਸ ਦੌਰਾਨ ਮੇਰਾ ਕਰੀਬੀ ਬਣ ਗਿਆ। ਐਤਵਾਰ ਵਾਲੇ ਦਿਨ ਅਸੀਂ ਬਾਹਰ ਘੁੰਮਣ ਵੀ ਇਕੱਠੇ ਜਾਣ ਲੱਗ ਪਏ। ਇਸ ਕਰੀਬੀ ਦਾ ਮੁੱਖ ਕਾਰਨ ਇਲਾਕੇ ਤੇ ਬੋਲੀ ਦੀ ਸਾਂਝ ਸੀ। ਅਖੀਰ ਕੋਰਸ ਵੀ ਮੁੱਕਣ ਕੰਢੇ ਸੀ ਅਤੇ ਸਾਡੀਆਂ ਜੇਬਾਂ ਵੀ ਖਾਲੀ ਹੋਣ ਵਾਲੀਆਂ ਸਨ। ਪਰ ਮੇਰੇ ਲਈ ਪੈਸਿਆਂ ਦੀ ਕਮੀ ਚਿੰਤਾ ਦਾ ਵਿਸ਼ਾ ਨਹੀਂ ਸੀ ਕਿਉਂਕਿ ਇੱਕ ਤਾਂ ਰੇਲਵੇ ਟਿਕਟਾਂ ਪਹਿਲਾਂ ਹੀ ਬੁੱਕ ਸਨ, ਦੂਸਰਾ ਤਿੰਨ ਮਹੀਨਿਆਂ ਦੀ ਸਖ਼ਤ ਟਰੇਨਿੰਗ ਮਗਰੋਂ ਘਰ ਜਾਣ ਦਾ ਚਾਅ ਹੀ ਇੰਨਾ ਸੀ ਕਿ ਜੇਕਰ ਭੁੱਖੇ-ਤਿਹਾਏ ਵੀ ਘਰ ਜਾਣਾ ਪੈਂਦਾ ਤਾਂ ਅਸੀਂ ਖੁਸ਼ੀ ਖੁਸ਼ੀ ਚਲੇ ਜਾਂਦੇ।
ਟਰੇਨਿੰਗ ਖਤਮ ਹੋਣ ਤੋਂ ਦੋ ਦਿਨ ਪਹਿਲਾਂ ਨਰਿੰਦਰ ਮੇਰੇ ਕੋਲ ਆਇਆ। ਉਸ ਮੈਨੂੰ ਪੁੱਛਿਆ ਕਿ ਮੇਰੇ ਕੋਲ ਪੈਸੇ ਕਿੰਨੇ ਹਨ ? ਮੈਂ ਆਪਣਾ ਪਰਸ ਵੇਖਿਆ ਤਾਂ ਉਸ ਵਿੱਚ ਲਗਭਗ 1100 ਰੁਪਏ ਸਨ। ਕਹਿਣ ਲੱਗਾ, ‘‘ਯਾਰ ਮੇਰੇ ਕੋਲ ਤਾਂ ਸਿਰਫ਼ 100 ਰੁਪਏ ਹੀ ਬਚੇ ਹਨ, ਤੂੰ ਮੈਨੂੰ 500 ਰੁਪਏ ਉਧਾਰੇ ਦੇ ਦੇ। ਮੈਂ ਘਰ ਪਹੁੰਚ ਕੇ ਤੈਨੂੰ ਮਨੀਆਰਡਰ ਰਾਹੀਂ ਭੇਜ ਦਿਆਂਗਾ।’’ ਮੈਂ ਵੀ ਸੋਚਿਆ ਟਿਕਟਾਂ ਤਾਂ ਬੁੱਕ ਹੀ ਹਨ, ਸੋ ਜ਼ਿਆਦਾ ਖਰਚ ਹੋਣਾ ਨਹੀਂ। ਇਸ ਲਈ ਮੈਂ 500 ਰੁਪਏ ਨਰਿੰਦਰ ਨੂੰ ਇਸ ਉਮੀਦ ਨਾਲ ਫੜਾ ਦਿੱਤੇ ਕਿ ਉਹ ਘਰ ਜਾਂਦਿਆਂ ਹੀ ਪੈਸੇ ਭੇਜ ਦੇਵੇਗਾ।
ਟਰੇਨਿੰਗ ਤੋਂ ਬਾਅਦ ਸਕੂਲ ਜੁਆਇਨ ਕਰ ਲਿਆ। ਉਨ੍ਹਾਂ ਦਿਨਾਂ ਵਿੱਚ ਨਾ ਤਾਂ ਆਨਲਾਈਨ ਪੇਮੈਂਟ ਹੁੰਦੀ ਸੀ ਅਤੇ ਨਾ ਹੀ ਬੈਂਕ ਟਰਾਂਸਫਰ। ਲੋਕ ਆਮ ਤੌਰ ’ਤੇ ਮਨੀਆਰਡਰ ਰਾਹੀਂ ਹੀ ਪੈਸੇ ਭੇਜਦੇ ਸਨ। ਜਦੋਂ ਵੀ ਡਾਕੀਆ ਸਕੂਲ ਡਾਕ ਲੈ ਕੇ ਆਉਂਦਾ ਤਾਂ ਮੈਂ ਵੀ ਆਪਣੇ ਮਨੀਆਰਡਰ ਦੀ ਉਮੀਦ ਵਿੱਚ ਉਸ ਕੋਲੋਂ ਲੰਘਦਾ ਅਤੇ ਕਈ ਵਾਰੀ ਆਪਣੇ ਮਨੀਆਰਡਰ ਬਾਰੇ ਪੁੱਛਗਿੱਛ ਵੀ ਕਰਦਾ, ਪਰ ਹਰ ਵਾਰ ਨਿਰਾਸ਼ਾ ਹੀ ਪੱਲੇ ਪੈਂਦੀ। ਦੋ ਮਹੀਨੇ ਬੀਤ ਗਏ। ਮਨੀਆਰਡਰ ਨਾ ਆਇਆ। ਆਖ਼ਰ ਤੰਗ ਆ ਕੇ ਨਰਿੰਦਰ ਨੂੰ ਪੈਸੇ ਵਾਪਸ ਕਰਨ ਲਈ ਬੰਦ ਲਿਫਾਫੇ ਵਿੱਚ ਚਿੱਠੀ ਲਿਖੀ, ਪਰ ਇਸ ਵਾਰ ਵੀ ਨਾ ਮਨੀਆਰਡਰ ਆਇਆ ਨਾ ਚਿੱਠੀ ਦਾ ਜਵਾਬ।
ਇੱਕ ਦਿਨ ਸਕੂਲ ਦੇ ਕਲਰਕ ਨਾਲ ਬੈਠਾ ਕੋਈ ਜ਼ਰੂਰੀ ਕਾਗਜ਼ਾਤ ਲੱਭ ਰਿਹਾ ਸੀ। ਇਸ ਦੌਰਾਨ ਦਰਾਜ ਵਿੱਚ ਮੈਨੂੰ ਪੀਲੇ ਰੰਗ ਦੇ ਪੋਸਟ ਕਾਰਡ ਨਜ਼ਰ ਆਏ। ਮੇਰੇ ਦਿਮਾਗ ਵਿੱਚ ਖ਼ਿਆਲ ਆਇਆ ਕਿ ਇਹ ਪੀਲਾ ਕਾਰਡ ਮੈਨੂੰ ਮੇਰੇ ਪੈਸੇ ਵਾਪਸ ਕਰਵਾ ਸਕਦਾ ਹੈ। ਫਿਰ ਕੀ ਸੀ, ਮੈਂ ਕਾਰਡ ਚੁੱਕਿਆ ਤੇ ਲਿਖਣਾ ਸ਼ੁਰੂ ਕੀਤਾ, ‘ਪਿਆਰੇ ਨਰਿੰਦਰ, ਉਮੀਦ ਹੈ ਤੂੰ ਠੀਕ-ਠਾਕ ਹੋਵੇਂਗਾ। ਯਾਰ ਤੂੰ ਛੇ ਮਹੀਨੇ ਪਹਿਲਾਂ ਮੇਰੇ ਕੋਲੋਂ 500 ਰੁਪਏ ਇਹ ਕਹਿ ਕੇ ਉਧਾਰ ਲਏ ਸੀ ਕਿ ਘਰ ਜਾਂਦਾ ਹੀ ਮਨੀਆਰਡਰ ਰਾਹੀਂ ਵਾਪਸ ਭੇਜ ਦਿਆਂਗਾ। ਯਾਰ ਹੁਣ ਤਾਂ ਡਾਕੀਆ ਵੀ ਮੇਰੇ ਪੁੱਛਣ ਤੋਂ ਪਹਿਲਾਂ ਹੀ ਕਹਿ ਦਿੰਦਾ ਹੈ ਕਿ ਮਾਸਟਰ ਜੀ ਤੁਹਾਡਾ ਕੋਈ ਮਨੀਆਰਡਰ ਨਹੀਂ ਆਇਆ। ਯਾਰ ਤੂੰ ਦੱਸ ਕਿ ਮੈਂ ਹੁਣ ਤੇਰੇ ਮਨੀਆਰਡਰ ਦਾ ਇੰਤਜ਼ਾਰ ਕਰਾਂ ਜਾਂ ਨਾ ਕਰਾਂ? ਯਾਰ ਗੱਲ 500 ਰੁਪਏ ਦੀ ਨਹੀ, ਗੱਲ ਇਹ ਹੈ ਕਿ ਤੂੰ ਮੇਰਾ ਵਿਸ਼ਵਾਸ ਤੋੜਿਆ ਹੈ। ਅਖ਼ੀਰ ਵਿੱਚ ਲਿਖਿਆ; ਤੇਰੇ ਧੋਖੇ ਦਾ ਸ਼ਿਕਾਰ -ਤਰਸੇਮ।’’
ਇਹ ਕਾਰਡ ਮੈਂ ਨਰਿੰਦਰ ਦੇ ਸਕੂਲ ਦੇ ਪਤੇ ’ਤੇ ਪੋਸਟ ਕਰ ਦਿੱਤਾ। ਮੈਂ ਬਾਕੀ ਬਚੇ ਸਾਰੇ ਪੀਲੇ ਕਾਰਡ ਆਪਣੇ ਕਲਰਕ ਤੋਂ ਲੈ ਲਏ। ਹਰ ਤੀਸਰੇ ਦਿਨ ਆਪਣੇ ਵਿਹਲੇ ਪੀਰਿਅਡ ਦੌਰਾਨ ਇਕ ਕਾਰਡ ਨਰਿੰਦਰ ਨੂੰ ਲਿਖਦਾ ਤੇ ਪੋਸਟ ਕਰ ਦਿੰਦਾ। ਅਜੇ ਪੰਜ-ਛੇ ਕਾਰਡ ਹੀ ਪੋਸਟ ਕੀਤੇ ਸਨ ਕਿ ਇੱਕ ਦਿਨ ਡਾਕੀਆ ਮੈਨੂੰ ਲੱਭਦਾ ਲੱਭਦਾ ਆਇਆ ਤੇ ਹੱਸਦਾ ਹੱਸਦਾ ਕਹਿਣ ਲੱਗਾ, ‘‘ਲਓ ਮਾਸਟਰ ਜੀ ਆਖਰ ਤੁਹਾਡਾ ਮਨੀਆਰਡਰ ਆ ਹੀ ਗਿਆ।’’ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਸਮਝ ਨਹੀਂ ਆ ਰਿਹਾ ਸੀ ਕਿ ਧੰਨਵਾਦ ਡਾਕੀਏ ਦਾ ਕਰਾਂ , ਨਰਿੰਦਰ ਦਾ ਜਾਂ ਪੋਸਟ ਕਾਰਡ ਦਾ।

