DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਹ ਆਵਾਜ਼ ਜੋ ਸਦਾ ਗੂੰਜਦੀ ਰਹੇਗੀ ...

ਜਦੋਂ ਟੈਲੀਵਿਜ਼ਨ ਦੀ ਸਕਰੀਨ ਅਜੇ ਬਲੈਕ ਐਂਡ ਵ੍ਹਾਈਟ ਸੀ ਅਤੇ ਖ਼ਬਰਾਂ ਦਾ ਮਤਲਬ ਸਿਰਫ਼ ਜਾਣਕਾਰੀ ਹੁੰਦਾ ਸੀ, ਉਦੋਂ ਇੱਕ ਅਜਿਹੀ ਆਵਾਜ਼ ਉੱਭਰੀ ਜਿਸ ਨੇ ਮਿਠਾਸ ਅਤੇ ਗੰਭੀਰਤਾ ਸਦਕਾ ਭਾਰਤੀ ਘਰਾਂ ਵਿੱਚ ਆਪਣੀ ਥਾਂ ਬਣਾਈ। ਦੂਰਦਰਸ਼ਨ ਦੀ ਉੱਘੀ ਨਿਊਜ਼ ਐਂਕਰ...

  • fb
  • twitter
  • whatsapp
  • whatsapp
Advertisement

ਜਦੋਂ ਟੈਲੀਵਿਜ਼ਨ ਦੀ ਸਕਰੀਨ ਅਜੇ ਬਲੈਕ ਐਂਡ ਵ੍ਹਾਈਟ ਸੀ ਅਤੇ ਖ਼ਬਰਾਂ ਦਾ ਮਤਲਬ ਸਿਰਫ਼ ਜਾਣਕਾਰੀ ਹੁੰਦਾ ਸੀ, ਉਦੋਂ ਇੱਕ ਅਜਿਹੀ ਆਵਾਜ਼ ਉੱਭਰੀ ਜਿਸ ਨੇ ਮਿਠਾਸ ਅਤੇ ਗੰਭੀਰਤਾ ਸਦਕਾ ਭਾਰਤੀ ਘਰਾਂ ਵਿੱਚ ਆਪਣੀ ਥਾਂ ਬਣਾਈ। ਦੂਰਦਰਸ਼ਨ ਦੀ ਉੱਘੀ ਨਿਊਜ਼ ਐਂਕਰ ਸਰਲਾ ਮਹੇਸ਼ਵਰੀ, ਜੋ ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਪੱਤਰਕਾਰੀ ਦਾ ਇੱਕ ਅਹਿਮ ਹਿੱਸਾ ਸੀ, ਵੀਰਵਾਰ ਨੂੰ 71 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਉਸ ਦਾ ਜਾਣਾ ਸਿਰਫ਼ ਇੱਕ ਐਂਕਰ ਦਾ ਜਾਣਾ ਨਹੀਂ, ਸਗੋਂ ਪੱਤਰਕਾਰੀ ਦੇ ਉਸ ਸੁਹਿਰਦ ਯੁੱਗ ਦਾ ਅੰਤ ਹੈ ਜਿੱਥੇ ਖ਼ਬਰ ਸ਼ੋਰ ਨਹੀਂ, ਸਗੋਂ ਸੰਵਾਦ ਹੁੰਦੀ ਸੀ।
Advertisement

ਸਰਲਾ ਮਹੇਸ਼ਵਰੀ ਉਸ ਦੌਰ ਦੀ ਉਪਜ ਸੀ ਜਦੋਂ ਮਹਿਲਾ ਪੱਤਰਕਾਰਾਂ ਲਈ ਰਾਹ ਇੰਨੇ ਪੱਧਰੇ ਨਹੀਂ ਸਨ। ਦਿੱਲੀ ਯੂਨੀਵਰਸਿਟੀ ਤੋਂ ਪੀਐੱਚ.ਡੀ. ਕਰਦਿਆਂ ਜਦੋਂ ਉਸ ਨੇ ਦੂਰਦਰਸ਼ਨ ਦੇ ਵਿਹੜੇ ਪੈਰ ਰੱਖਿਆ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸ਼ਾਂਤ ਜਿਹਾ ਚਿਹਰਾ ਇੱਕ ਦਿਨ ਕੌਮੀ ਨਿਊਜ਼ ਬੁਲੇਟਿਨ ਦੀ ਪਛਾਣ ਬਣ ਜਾਵੇਗਾ। ਉਸ ਦੀ ਪੇਸ਼ਕਾਰੀ ਵਿੱਚ ਠਹਿਰਾਅ ਸੀ- ਨਿਰਪੱਖ, ਨਪੀ-ਤੁਲੀ ਆਵਾਜ਼ ਅਤੇ ਚਿਹਰੇ ’ਤੇ ਹਮੇਸ਼ਾ ਰਹਿਣ ਵਾਲੀ ਇੱਕ ਨਿੰਮੀ ਜਿਹੀ ਮੁਸਕੁਰਾਹਟ। 1980ਵਿਆਂ ਅਤੇ 1990ਵਿਆਂ ਦੇ ਦਰਸ਼ਕਾਂ ਲਈ ਸਰਲਾ ਸਿਰਫ਼ ਖ਼ਬਰਾਂ ਪੜ੍ਹਨ ਵਾਲਾ ਇੱਕ ਚਿਹਰਾ ਨਹੀਂ, ਸਗੋਂ ਭਰੋਸੇ ਦਾ ਦੂਜਾ ਨਾਂ ਸੀ।

Advertisement

ਸਰਲਾ ਮਹੇਸ਼ਵਰੀ ਦੇ ਤਿੰਨ ਦਹਾਕਿਆਂ ਦੇ ਪੇਸ਼ੇਵਰ ਜੀਵਨ ਨੇ ਟੈਲੀਵਿਜ਼ਨ ਦੇ ਇਤਿਹਾਸ ਨੂੰ ਬਦਲਦਿਆਂ ਦੇਖਿਆ। ਉਸ ਨੇ ਉਸ ਦੌਰ ਵਿੱਚ ਕੰਮ ਕੀਤਾ ਜਦੋਂ ਖ਼ਬਰਾਂ ਦੇ ਪ੍ਰਸਾਰਣ ਵਿੱਚ ਤਕਨੀਕੀ ਕਮੀਆਂ ਆਮ ਸਨ, ਪਰ ਉਸ ਦਾ ਸੰਜਮ ਕਦੇ ਨਹੀਂ ਡੋਲਿਆ। ਭਾਸ਼ਾ ’ਤੇ ਉਸ ਦੀ ਪਕੜ ਅਤੇ ਗਿਆਨ ਦਾ ਭੰਡਾਰ ਉਸ ਨੂੰ ਬਾਕੀਆਂ ਨਾਲੋਂ ਵਖਰਿਆਉਂਦਾ ਸੀ।

ਸਰਲਾ ਵੱਲੋਂ ਅਕਸਰ ਇੱਕ ਕਿੱਸਾ ਬੜੀ ਜ਼ਿੰਦਾਦਿਲੀ ਨਾਲ ਸੁਣਾਇਆ ਜਾਂਦਾ ਸੀ। ਇੱਕ ਵਾਰ ਲਾਈਵ ਨਿਊਜ਼ ਪ੍ਰਸਾਰਣ ਦੌਰਾਨ ਸਟੂਡੀਓ ਵਿੱਚ ਇੱਕ ਕਿਰਲੀ ਆ ਗਈ। ਉਹ ਕਿਰਲੀਆਂ ਤੋਂ ਬੇਹੱਦ ਡਰਦੀ ਸੀ। ਉਸ ਨੇ ਹੱਸਦਿਆਂ ਦੱਸਿਆ ਸੀ ਕਿ ਉਹ ਤਕਨੀਕੀ ਖ਼ਰਾਬੀ ਵੇਲੇ ਤਾਂ ਸ਼ਾਂਤ ਰਹਿ ਸਕਦੀ ਸੀ, ਪਰ ਉਸ ਦਿਨ ਉਸ ਨੂੰ ਡਰ ਸੀ ਕਿ ਕਿਤੇ ਉਹ ਲਾਈਵ ਪ੍ਰਸਾਰਣ ਦੌਰਾਨ ਹੀ ਸੀਟ ਤੋਂ ਉਛਲ ਨਾ ਪਵੇ। ਉਸ ਦੀ ਇਹ ਸਾਦਗੀ ਹੀ ਸੀ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਵੀ ਹਾਸੇ ਵਿੱਚ ਬਿਆਨ ਕਰ ਦਿੰਦੀ ਸੀ।

ਸਰਲਾ ਮਹੇਸ਼ਵਰੀ ਸਿਰਫ਼ ਖ਼ਬਰਾਂ ਪੜ੍ਹਨ ਵਾਲਾ ਇੱਕ ਚਿਹਰਾ ਨਹੀਂ ਸੀ, ਸਗੋਂ ਉਹ ਉਸ ਮਹਿਲਾ ਪੱਤਰਕਾਰੀ ਦੇ ਸੁਨਹਿਰੀ ਯੁੱਗ ਦੀ ਪਹਿਲੀ ਦਸਤਕ ਸੀ, ਜਦੋਂ ਨਿਊਜ਼ਰੂਮ ਦੀ ਦੁਨੀਆ ’ਚ ਪੁਰਸ਼ਾਂ ਦਾ ਹੀ ਦਬਦਬਾ ਸੀ। ਉਸ ਨੇ ਉਸ ਸਮੇਂ ਕੈਮਰੇ ਦਾ ਸਾਹਮਣਾ ਕੀਤਾ ਜਦੋਂ ਔਰਤਾਂ ਲਈ ਘਰ ਦੀ ਦਹਿਲੀਜ਼ ਪਾਰ ਕਰਨਾ ਵੀ ਇੱਕ ਚੁਣੌਤੀ ਸੀ।

ਇਹ ਉਹ ਦੌਰ ਸੀ ਜਦੋਂ ਟੈਲੀਵਿਜ਼ਨ ’ਤੇ ਮਹਿਲਾ ਐਂਕਰਾਂ ਨੂੰ ਸਿਰਫ਼ ਖ਼ੂਬਸੂਰਤੀ ਵਜੋਂ ਨਹੀਂ, ਸਗੋਂ ਬੌਧਿਕਤਾ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਸੀ। ਉਸ ਦੀ ਸਾੜ੍ਹੀ ਦਾ ਪੱਲਾ, ਮੱਥੇ ਦੀ ਬਿੰਦੀ ਅਤੇ ਬੋਲਾਂ ਦੀ ਸ਼ੁੱਧਤਾ- ਇਹ ਸਭ ਕੁਝ ਭਾਰਤੀ ਨਾਰੀ ਦੀ ਉਸ ਨਵੀਂ ਤਸਵੀਰ ਨੂੰ ਪੇਸ਼ ਕਰਦੇ ਸਨ, ਜੋ ਆਧੁਨਿਕ ਵੀ ਸੀ ਅਤੇ ਆਪਣੀਆਂ ਜੜ੍ਹਾਂ ਨਾਲ ਵੀ ਜੁੜੀ ਹੋਈ ਸੀ। ਉਸ ਨੇ ਨਿਊਜ਼ਰੂਮ ਵਿੱਚ ਅਜਿਹੀ ਲੀਹ ਪਾਈ, ਜਿਸ ’ਤੇ ਚੱਲ ਕੇ ਅੱਜ ਹਜ਼ਾਰਾਂ ਲੜਕੀਆਂ ਮੀਡੀਆ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾ ਰਹੀਆਂ ਹਨ।

ਅੱਜ ਜਦੋਂ ਅਸੀਂ ਪੱਤਰਕਾਰੀ ਨੂੰ ਚੀਕਾਂ ਅਤੇ ਸ਼ੋਰ ਵਿੱਚ ਘਿਰਿਆ ਦੇਖਦੇ ਹਾਂ ਤਾਂ ਸਰਲਾ ਮਹੇਸ਼ਵਰੀ ਦਾ ਸੰਜੀਦਾ ਚਿਹਰਾ ਸਾਨੂੰ ਵਾਰ-ਵਾਰ ਚੇਤੇ ਆਉਂਦਾ ਹੈ। ਉਸ ਆਵਾਜ਼ ਨੇ ਸਾਨੂੰ ਇਹ ਸਿਖਾਇਆ ਕਿ ਵੱਡੀ ਤੋਂ ਵੱਡੀ ਖ਼ਬਰ ਵੀ ਬਿਨਾਂ ਘਬਰਾਹਟ ਅਤੇ ਬਿਨਾਂ ਕਿਸੇ ਨਾਟਕੀ ਅੰਦਾਜ਼ ਦੇ ਸੁਣਾਈ ਜਾ ਸਕਦੀ ਹੈ।

ਅੱਜ ਸਰਲਾ ਮਹੇਸ਼ਵਰੀ ਭਾਵੇਂ ਸਾਡੇ ਦਰਮਿਆਨ ਨਹੀਂ ਰਹੀ, ਪਰ ਉਸ ਆਵਾਜ਼ ਦੀ ਗੂੰਜ ਦੂਰਦਰਸ਼ਨ ਦੇ ਗਲਿਆਰਿਆਂ ਵਿੱਚ ਹਮੇਸ਼ਾ ਮਹਿਸੂਸ ਕੀਤੀ ਜਾਂਦੀ ਰਹੇਗੀ। ਉਸ ਦਾ ਜਾਣਾ ਇੱਕ ਯੁੱਗ ਦਾ ਅੰਤ ਤਾਂ ਹੈ, ਪਰ ਉਸ ਵੱਲੋਂ ਬਾਲ਼ੇ ਗਏ ਮਹਿਲਾ ਪੱਤਰਕਾਰੀ ਦੇ ਚਿਰਾਗ਼ ਦੀ ਲੋਅ ਇਸ ਖੇਤਰ ’ਚ ਅੱਗੇ ਵਧਣ ਦੀਆਂ ਚਾਹਵਾਨ ਅਨੇਕਾਂ ਧੀਆਂ ਦੇ ਰਾਹ ਨੂੰ ਰੁਸ਼ਨਾਉਂਦੀ ਰਹੇਗੀ।

Advertisement
×