ਸ਼ਰਧਾਂਜਲੀ
ਹਰਜੀਤ ਸਿੰਘ ਗਿੱਲ
31 ਦਸੰਬਰ। ਅੱਜ ਇੱਕ ਵਰ੍ਹਾ ਹੋ ਗਿਆ ਹੈ ਦਲੀਪ ਕੌਰ ਟਿਵਾਣਾ ਨੂੰ ਸਾਥੋਂ ਵਿਛੜਿਆਂ ਪਰ ਉਹ ਅਜੇ ਵੀ ਸਾਡੇ ਨਾਲ ਨੇ, ਸਾਡੇ ਦੁੱਖ-ਸੁੱਖ ਵਿਚ ਭਾਈਵਾਲ ਨੇ।
ਦਲੀਪ ਕੌਰ ਜਿਊਂਦੀ ਜਾਗਦੀ, ਪੰਜਾਬ ਦੀ ਆਵਾਜ਼ ਸੀ। ਕੁਝ ਸਾਲ ਪਹਿਲਾਂ ਸਰਕਾਰੀ ਵਧੀਕੀਆਂ ਦੇ ਵਿਰੋਧ ਵਿਚ ਉਹਨੇ ਪਦਮਸ੍ਰੀ ਮੋੜ ਦਿੱਤਾ ਸੀ। ਦਲੀਪ ਕੌਰ ਟਿਵਾਣਾ ਦੇ ਮਿਲਣ-ਗਿਲਣ ਵਾਲਿਆਂ ਵਿਚ ਸੱਤਰਵੇਂ ਤੇ ਅੱਸੀਵੇਂ ਵਾਲੇ ਦਹਾਕਿਆਂ ਵਿਚ ਬਹੁਤੇ ‘ਕ੍ਰਾਂਤੀਕਾਰੀ ਤੇ ਬੁੱਧੀਜੀਵੀ’ ਸਨ ਪਰ ਉਹ ਆਪ ਨਾ ਹੀ ਉਨ੍ਹਾਂ ਵਰਗੀ ਮਖੌਟਾਧਾਰੀ ਕ੍ਰਾਂਤੀਕਾਰੀ ਸੀ ਤੇ ਨਾ ਹੀ ਮਖੌਟਾਧਾਰੀ ਬੁੱਧੀਜੀਵੀ। ਉਸ ਦੇ ਪਾਤਰ ਜਿਹੋ-ਜਿਹੋ ਪੰਜਾਬੀ ਵਹਿਮਾਂ ਭਰਮਾਂ ਵਿਚ ਗ੍ਰਸੇ, ਮਿਹਨਤੀ ਤੇ ਦਿਆਨਤਦਾਰ ਸਿੱਧੇ ਸਾਦੇ ਹੁੰਦੇ ਨੇ, ਉਹ ਉਸ ਤਰ੍ਹਾਂ ਹੀ ਉਨ੍ਹਾਂ ਨੂੰ ਚਿਤਰ ਦਿੰਦੀ ਸੀ। ਉਹ ਅਗਾਂਹਵਧੂ, ਪਿਛਾਂਹਖਿੱਚੂ ਚੱਕਰਾਂ ਵਿਚ ਨਹੀਂ ਸੀ ਪੈਂਦੀ।
ਦਲੀਪ ਕੌਰ ਦੀ ਪਟਿਆਲਾ ਦੇ ਭੂਤਵਾੜੇ ਦੇ ਬੁੱਧੀਜੀਵੀਆਂ ਨਾਲ ਹਮਦਰਦੀ ਸੀ ਪਰ ਸ਼ੁਕਰ ਹੈ ਕਿ ਉਸ ਨੇ ਉਨ੍ਹਾਂ ਦੇ ਹਰ ਵਰ੍ਹਿਆਈ ਸਿਆਸੀ ਬਦਲ ਨਾਲ ਕਦੀ ਵੀ ਕੋਈ ਨਾਤਾ ਨਹੀਂ ਸੀ ਰੱਖਿਆ। ਉਹ ਪੰਜਾਬ ਦੇ ਕਿਸਾਨਾਂ ਦੀ ਧੀ ਸੀ। ਉਸ ਨੂੰ ਸਾਹਿਤਕ ਰਚਨਾ ਵਾਸਤੇ ਉਨ੍ਹਾਂ ਦੇ ਜੀਵਨ ਵਿਚੋਂ ਸਾਰੀ ਸਮੱਗਰੀ ਮਿਲ ਜਾਂਦੀ ਸੀ। ਉਸ ਨੇ ਛੋਟੀ ਕਿਸਾਨੀ ਨੂੰ ਵੀ ਚਿਤਰਿਆ, ਉਨ੍ਹਾਂ ਦੀਆਂ ਧੀਆਂ ਨਾਲ ਧੀ ਹੋ ਕੇ ਉਨ੍ਹਾਂ ਦੇ ਦੁੱਖ-ਸੁੱਖ, ਉਨ੍ਹਾਂ ਦੇ ਤਾਹਨੇ-ਮਿਹਣੇ ਆਪਣੇ ਸਿਰ ਲਏ। ਉਨ੍ਹਾਂ ਵਿਚ ਰਹਿ ਕੇ ਉਨ੍ਹਾਂ ਨਾਲ ਖਾਣਾ-ਪਾਣੀ ਇੱਕ ਕਰ ਕੇ, ਉਨ੍ਹਾਂ ਦੀਆਂ ਪੀੜਾਂ ਨੂੰ ਆਪਣੀ ਪੀੜ ਸਮਝਿਆ ਹੀ ਨਹੀਂ ਸਗੋਂ ਉਨ੍ਹਾਂ ਦੀ ਚੱਕੀ ਵੀ ਝੋਈ।
ਦਲੀਪ ਕੌਰ ਟਿਵਾਣਾ ਵਿਚ ਸਲੀਕਾ ਸੀ। ਸੰਕੋਚ ਸੀ। ਮੇਰੇ ਲਈ ਟਿਵਾਣਾ ਦੀ ਸਭ ਤੋਂ ਵੱਧ ਵਿਲੱਖਣਤਾ ਇਸ ਪੱਖ ਵਿਚ ਹੀ ਹੈ ਜਿਸ ਵਿਚ ਪੰਜਾਬੀ ਦਾ ਤਾਂ ਕੀ, ਸੰਸਾਰ ਭਰ ਦਾ ਕੋਈ ਵੀ ਲਿਖਾਰੀ ਸ਼ਾਇਦ ਇਸ ਸੰਕੋਚ ਅਤੇ ਇਸ ਸਲੀਕੇ ਨਾਲ ਮਾਨਸਿਕ ਗੁੰਝਲਾਂ ਖੋਲ੍ਹ ਸਕਦਾ ਹੋਵੇ।
ਦਲੀਪ ਕੌਰ ਨੇ ਛੋਟੀ ਕਿਸਾਨੀ ਨਾਲ ਵੀ ਨਿਭਾਈ। ਪੰਜਾਬੀ ਸਾਹਿਤ ਵਿਚ ਪੰਜਾਬੀ ਕਿਸਾਨ ਦੀਆਂ ਧੀਆਂ ਨੂੰ ਅਮਰ ਕੀਤਾ। ਇਸ ਦੇ ਨਾਲ ਉਸ ਦੀ ਕਲਮ ਰਜਵਾੜਿਆਂ ਦੇ ਵਿਹੜੇ ਵੀ ਜਾ ਵੜੀ ਤੇ ਉਨ੍ਹਾਂ ਦੇ ਸਾਰੇ ਚੰਗੇ ਮਾੜੇ ਪੱਖ ਉਜਾਗਰ ਕੀਤੇ। ਇਸ ਤਰ੍ਹਾਂ ਉਸ ਦੀ ਰਚਨਾ ਵਿਚ ਚਾਨਣ, ਹਨੇਰ, ਧੁੰਦਲੇਪਣ; ਸਭ ਤਰ੍ਹਾਂ ਦੇ ਆਕਾਸ਼ ਨੇ ਸਾਹਿਤਕ ਸੰਸਾਰ ਸਿਰਜਿਆ।
ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ: ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ॥ ਦਲੀਪ ਕੌਰ ਟਿਵਾਣਾ ਦੀ ਸਾਹਿਤਕ ਸਿਰਜਣਾ ਪੰਜਾਬੀ ਜੀਵਨ ਦੇ ਸੁਚੇਤ ਨਾਲੋਂ ਅਚੇਤ ਦੀ ਸਦੀਵੀ ਸੱਚਾਈ ਦੀ ਵੱਧ ਹਾਮੀ ਭਰਦੀ ਹੈ।
ਪ੍ਰਗਤੀਵਾਦੀ ਸਾਹਿਤ ਵਿਚ ਸੁਚੇਤ ਤੇ ਅਚੇਤ ਦਾ ਦਵੰਦ ਬਹੁਤਾ ਘੱਟ ਮਿਲਦਾ ਹੈ। ਇਸ ਦਾ ਝੁਕਾਅ ਸਿਆਸੀ ਪ੍ਰਚਾਰ ਵੱਲ ਵੱਧ ਹੁੰਦਾ ਹੈ। ਇਸੇ ਕਰ ਕੇ ਸਾਅਦਤ ਹਸਨ ਮੰਟੋ ਨੇ ਪੰਜਾਬ ਵਿਚ ਅਤੇ ਰਿਤਵਿਕ ਘਟਕ ਨੇ ਬੰਗਾਲ ਵਿਚ ਪ੍ਰਗਤੀਵਾਦ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਇਹ ਫ਼ਰਕ ਸਾਨੂੰ ਮੁਨਸ਼ੀ ਪ੍ਰੇਮ ਚੰਦ ਅਤੇ ਮੰਟੋ ਵਿਚਕਾਰ ਸਾਫ਼ ਜ਼ਾਹਿਰ ਹੁੰਦਾ ਹੈ। ਪ੍ਰੇਮ ਚੰਦ ਵਿਚ ਸਿਆਸੀ ਪ੍ਰਚਾਰ ਦੀ ਵਧੀਕੀ ਹੈ। ਪ੍ਰਗਤੀਵਾਦ ਦੇ ਅਸਰ ਹੇਠਾਂ ਸਾਰੇ ਲਿਖਾਰੀ, ਸਹਿਤਕਾਰ ਘੱਟ ਹੰੁਦੇ ਹਨ ਤੇ ਪ੍ਰਚਾਰਕ ਵੱਧ। ਇਨ੍ਹਾਂ ਵਿਚੋਂ ਕਈਆਂ ਦੀ ਗੁੱਡੀ ਬਹੁਤ ਚੜ੍ਹ ਗਈ ਪਰ ਹੁਣ ਸਾਹਿਤਕ ਆਲੋਚਨਾ ਦਾ ਫ਼ਰਜ਼ ਹੈ ਕਿ ਇਨ੍ਹਾਂ ਦੀ ਡੋਰ ਕੱਟੀ ਜਾਵੇ। ਇਸ ਦਾ ਭਾਵ ਇਹ ਨਹੀਂ ਕਿ ਉਨ੍ਹਾਂ ਨੂੰ ਸਾਹਿਤ ਦੇ ਖੇਤਰ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਇਨ੍ਹਾਂ ਲਿਖਾਰੀਆਂ ਵਿਚ ਪ੍ਰਚਾਰ ਕਿੰਨਾ ਸੀ ਤੇ ਹੈ, ਅਤੇ ਸਾਹਿਤਕ ਸਾਹਿਤ ਕਿੰਨਾ।
ਦਲੀਪ ਕੌਰ ਟਿਵਾਣਾ ਇਨ੍ਹਾਂ ਪ੍ਰਗਤੀਵਾਦੀ ਪ੍ਰਚਾਰਕਾਂ ਦੀ ਕਤਾਰ ਵਿਚ ਖੜ੍ਹੀ ਨਹੀਂ ਹੁੰਦੀ। ਉਸ ਦੀ ਸਾਹਿਤਕ ਸਮੱਗਰੀ ਪੰਜਾਬੀ ਜੀਵਨ, ਪੰਜਾਬੀ ਕਾਰ-ਵਿਹਾਰ ਵਿਚ ਹੀ ਹੈ। ਇੱਕ ਪਾਸੇ ਉਹ ਦੇਖਦੀ ਹੈ ਕਿ ਪੰਜਾਬੀ ਧੀਆਂ ਨੂੰ ਪੇਕੇ ਸਹੁਰੇ ਕੀ ਭੁਗਤਣਾ ਪੈਂਦਾ ਹੈ, ਪੰਜਾਬੀ ਪੁਰਖ ਤੇ ਨਾਰੀ ਦੇ ਕੀ ਤੇ ਕਿਸ ਤਰ੍ਹਾਂ ਦੇ ਸੰਬੰਧ ਹਨ, ਪੰਜਾਬੀ ਕਿਸਾਨੀ ਕੀ ਹੈ? ਦੂਜੇ ਪਾਸੇ ਸੁਕਰਾਤ ਵਰਗੇ ਸਵਾਲ ਹਨ: ਮਨੁੱਖ ਕੀ ਹੈ? ਜੀਵਨ ਕੀ ਹੈ? ਮੌਤ ਕੀ ਹੈ? ਸੱਚ ਕੀ ਹੈ? ਕੂੜ ਕੀ ਹੈ? ਆਉਣਾ ਜਾਣਾ ਕੀ ਹੈ? ਵਿਚਾਰਾਂ ਦਾ ਸੰਸਾਰ ਕਿੰਨਾ ਕੁ ਹਨੇਰੇ ਵਿਚ ਹੈ। ਕਿੰਨਾ ਕੁ ਚਾਨਣ ਵਿਚ ਹੈ। ਇਨ੍ਹਾਂ ਸਵਾਲਾਂ ਦੇ ਉੱਤਰ ਨਾ ਸੁਕਰਾਤ ਨੂੰ ਮਿਲੇ ਸਨ ਤੇ ਨਾ ਹੀ ਦਲੀਪ ਕੌਰ ਟਿਵਾਣਾ ਨੂੰ ਪਰ ਇਹ ਸਵਾਲ ਕਰਨੇ ਹੀ ਬਹੁਤ ਅਹਿਮੀਅਤ ਰੱਖਦੇ ਹਨ। “ਕੂਝ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥”
ਕਿਸਾਨ ਸੰਘਰਸ਼ ਦੇ ਪ੍ਰਸੰਗ ਵਿਚ ਸਟਾਈਨਬੈੱਕ ਦੇ ਨਾਵਲ ‘ਦਿ ਗ੍ਰੇਪਸ ਆਫ ਰੈਥ’ ਦੀ ਯਾਦ ਆਉਂਦੀ ਹੈ। ਮੇਰੀ ਇੱਕ ਵਿਦਿਆਰਥਣ ਨੇ ਇਸ ਨਾਵਲ ਤੇ ਥੀਸਿਸ ਲਿਖਿਆ ਸੀ। ਪਟਿਆਲਾ ਵਿਚ ਮੇਰੇ ਵਿਦਿਆਰਥੀਆਂ ਵਿਚ ਬਹੁਤੇ ਪੁਰਾਣੇ ਭੂਤਵਾੜੀਏ ਸਨ। ਦਿੱਲ ਜੇਐੱਨਯੂ ਜਾ ਕੇ ਇਹ ਦਾਇਰਾ ਹੋਰ ਵਿਸ਼ਾਲ ਹੋ ਗਿਆ। ਹੁਣ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਤੇ ਜਮੁਨਾ ਤੋਂ ਬ੍ਰਹਮਪੁੱਤਰ ਤੱਕ ਸਭ ਚੋਣਵੀਆਂ ਯੂਨੀਵਰਸਿਟੀਆਂ ਵਿਚ ਸਾਡੀ ਨਵ-ਅਲੋਚਨਾ ਦੀ ਵਿਧੀ ਪ੍ਰਚਲਤ ਹੈ।
ਮੇਰੇ ਲਈ ਦਲੀਪ ਕੌਰ ਟਿਵਾਣਾ ਮਹਾਨ ਲਿਖਾਰੀ ਸੀ, ਸੋਹਣੀ ਤੇ ਸੁਲੱਖਣੀ ਦੋਸਤ ਸੀ। ਮੇਰੀ ਸਾਥਣ ਦਾਨੀਅਲ ਦੀ ਉਹ ਪੱਕੀ ਸਹੇਲੀ ਸੀ। ਹੁਣ ਉਹ ਦੋਵੇਂ ਨਹੀਂ ਰਹੀਆਂ। ਜੋ ਆਇਆ ਸੋ ਚਲਸੀ।
*ਪ੍ਰੋਫੈਸਰ ਅਮੈਰਿਟਸ, ਜਵਾਹਰਲਾਲ ਨਹਿਰੂ
ਯੂਨੀਵਰਸਿਟੀ, ਨਵੀਂ ਦਿੱਲੀ।