ਦਿਲਾਂ ’ਚ ਧੜਕਦੇ ਪਿੰਡ
ਸਾਲ 2024 ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮੇਰੀ ਡਿਊਟੀ ਪੁਲੀਸ ਪਾਰਟੀ ਨਾਲ ਪਿੰਡ ਕਿਲ੍ਹਾ ਰਾਏਪੁਰ ਵਿੱਚ ਲੱਗੀ ਹੋਈ ਸੀ। ਅਸੀਂ ਸਰਕਾਰੀ ਸਕੂਲ ਦੇ ਮੈਦਾਨ ਵਿੱਚ ਕੁਰਸੀਆਂ ’ਤੇ ਬੈਠੇ ਸਾਂ। ਸਕੂਲ ਦਾ ਚੌਕੀਦਾਰ ਚਾਹ-ਪਾਣੀ ਦੇ ਪ੍ਰਬੰਧ ਲਈ ਇੱਧਰ-ਉੱਧਰ ਭੱਜਿਆ ਫਿਰਦਾ ਸੀ।...
ਸਾਲ 2024 ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮੇਰੀ ਡਿਊਟੀ ਪੁਲੀਸ ਪਾਰਟੀ ਨਾਲ ਪਿੰਡ ਕਿਲ੍ਹਾ ਰਾਏਪੁਰ ਵਿੱਚ ਲੱਗੀ ਹੋਈ ਸੀ। ਅਸੀਂ ਸਰਕਾਰੀ ਸਕੂਲ ਦੇ ਮੈਦਾਨ ਵਿੱਚ ਕੁਰਸੀਆਂ ’ਤੇ ਬੈਠੇ ਸਾਂ। ਸਕੂਲ ਦਾ ਚੌਕੀਦਾਰ ਚਾਹ-ਪਾਣੀ ਦੇ ਪ੍ਰਬੰਧ ਲਈ ਇੱਧਰ-ਉੱਧਰ ਭੱਜਿਆ ਫਿਰਦਾ ਸੀ। ਪੋਲਿੰਗ ਸਟਾਫ ਆਪੋ-ਆਪਣੇ ਕਮਰਿਆਂ ਵਿੱਚ ਚੋਣ ਸਮੱਗਰੀ ਨੂੰ ਸੈੱਟ ਕਰਨ ਵਿੱਚ ਰੁੱਝਿਆ ਹੋਇਆ ਸੀ ਕਿਉਂਕਿ ਅਗਲੇ ਦਿਨ ਵੋਟਿੰਗ ਸੀ। ਕੁਝ ਦੇਰ ਬਾਅਦ ਪੋਲਿੰਗ ਪਾਰਟੀ ਦਾ ਇੱਕ ਕਰਮਚਾਰੀ ਬਾਹਰ ਆ ਕੇ ਸਾਡੇ ਕੋਲ ਬੈਠ ਗਿਆ। ਉਸ ਨੇ ਆਪਣਾ ਨਾਮ ਕਮਲ ਹੈਬੋਵਾਲ ਦੱਸਿਆ। ਮੈਂ ਸਹਿਜੇ ਹੀ ਪੁੱਛ ਬੈਠਾ, “ਵੀਰ ਜੀ, ਹੈਬੋਵਾਲ ਤਾਂ ਹੁਣ ਲੁਧਿਆਣਾ ਸ਼ਹਿਰ ਦਾ ਹਿੱਸਾ ਬਣ ਚੁੱਕਾ ਹੈ। ਫਿਰ ਆਪਣੇ ਨਾਮ ਨਾਲ ‘ਹੈਬੋਵਾਲ’ ਜੋੜਨ ਦੀ ਕੀ ਲੋੜ ਹੈ?” ਉਹ ਕੁਝ ਪਲ ਚੁੱਪ ਰਿਹਾ। ਉਸ ਦੇ ਚਿਹਰੇ ’ਤੇ ਉਦਾਸ ਮੁਸਕਰਾਹਟ ਸੀ। ਫਿਰ ਹੌਲੀ ਜਿਹੀ ਬੋਲਿਆ, “ਸ਼ਹਿਰ ਨੇ ਭਾਵੇਂ ਮੇਰੇ ਪਿੰਡ ਨੂੰ ਆਪਣੇ ਵਿੱਚ ਸਮੇਟ ਲਿਆ ਹੈ, ਪਰ ਮੇਰੇ ਦਿਲ ਵਿੱਚ ਮੇਰਾ ਪਿੰਡ ਅੱਜ ਵੀ ਵੱਸਦਾ ਹੈ। ਮੈਂ ਆਪਣੇ ਨਾਮ ਨਾਲ ‘ਹੈਬੋਵਾਲ’ ਇਸ ਲਈ ਲਿਖਦਾ ਹਾਂ ਤਾਂ ਜੋ ਮੇਰੀ ਪਛਾਣ ਦੇ ਨਾਲ-ਨਾਲ ਮੇਰੇ ਪਿੰਡ ਦਾ ਨਾਮ ਵੀ ਜਿਊਂਦਾ ਰਹੇ।” ਉਸ ਦਾ ਜਵਾਬ ਸੁਣ ਕੇ ਮੈਂ ਕੁਝ ਪਲਾਂ ਲਈ ਨਿਰੁੱਤਰ ਹੋ ਗਿਆ। ਇਹ ਉਸ ਪੀੜ੍ਹੀ ਦੀ ਹੂਕ ਸੀ, ਜਿਸ ਨੇ ਆਪਣੀਆਂ ਅੱਖਾਂ ਸਾਹਮਣੇ ਪਿੰਡ ਦੀ ਜ਼ਰਖ਼ੇਜ਼ ਮਿੱਟੀ ਨੂੰ ਸੀਮਿੰਟ ਵਿੱਚ ਬਦਲਦਿਆਂ ਦੇਖਿਆ ਹੈ; ਜਿਸ ਨੇ ਖੇਤਾਂ ਵਿੱਚ ਲਹਿਲਹਾਉਂਦੀਆਂ ਫ਼ਸਲਾਂ ਦੀ ਥਾਂ ਇਮਾਰਤਾਂ ਉਸਰਦੀਆਂ ਦੇਖੀਆਂ ਹਨ; ਜਿਸ ਨੇ ਸੱਥਾਂ ਦੀ ਰੌਣਕ ਨੂੰ ਖ਼ਾਮੋਸ਼ੀ ਵਿੱਚ ਬਦਲਦਿਆਂ ਅਤੇ ਚਿੜੀਆਂ ਦੇ ਗੀਤਾਂ ਨੂੰ ਹਾਰਨਾਂ ਦੇ ਸ਼ੋਰ ਵਿੱਚ ਗੁੰਮ ਹੁੰਦੇ ਦੇਖਿਆ ਹੈ। ਉਸ ਦੀਆਂ ਗੱਲਾਂ ਸੁਣਦਿਆਂ ਮੈਨੂੰ ਪਾਲੀ ਦੇਤਵਾਲੀਆ ਦੀ ਉਹ ਮਸ਼ਹੂਰ ਸਤਰ ਯਾਦ ਆ ਗਈ, ‘ਚਾਲ਼ੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ...!’ ਉਸ ਦਿਨ ਮੈਨੂੰ ਪਹਿਲੀ ਵਾਰ ਇਸ ਗੀਤ ਦੇ ਬੋਲਾਂ ਦਾ ਅਸਲ ਦਰਦ ਮਹਿਸੂਸ ਹੋਇਆ। ਇਹ ਸਿਰਫ਼ ਇੱਕ ਗੀਤ ਨਹੀਂ, ਸਗੋਂ ਪੰਜਾਬ ਦੇ ਬਦਲਦੇ ਭੂਗੋਲ ਅਤੇ ਸੁੰਗੜਦੇ ਜਾ ਰਹੇ ਸਮਾਜ ਦੀ ਤਸਵੀਰਕਸ਼ੀ ਹੈ। ਇਹ ਉਨ੍ਹਾਂ ਲੋਕਾਂ ਦੀ ਆਵਾਜ਼ ਹੈ, ਜਿਨ੍ਹਾਂ ਦੇ ਪਿੰਡ ਵਿਕਾਸ ਦੇ ਨਕਸ਼ਿਆਂ ਵਿੱਚ ਤਾਂ ਗਾਇਬ ਹੋ ਗਏ, ਪਰ ਉਨ੍ਹਾਂ ਦੇ ਦਿਲਾਂ ਵਿੱਚ ਅੱਜ ਵੀ ਧੜਕਦੇ ਹਨ। ਅਸੀਂ ਅਕਸਰ ਵਿਕਾਸ ਨੂੰ ਚੌੜੀਆਂ ਸੜਕਾਂ, ਫਲਾਈਓਵਰਾਂ, ਉੱਚੀਆਂ ਇਮਾਰਤਾਂ ਅਤੇ ਚਮਕਦਾਰ ਬਾਜ਼ਾਰਾਂ ਨਾਲ ਮਾਪਦੇ ਹਾਂ, ਪਰ ਵਿਕਾਸ ਦੀ ਕੀਮਤ ਵੀ ਤਾਰਨੀ ਪੈਂਦੀ ਹੈ। ਕਈ ਵਾਰ ਇਹ ਕੀਮਤ ਸਿਰਫ਼ ਜ਼ਮੀਨ ਹੀ ਨਹੀਂ ਹੁੰਦੀ ਸਗੋਂ ਇਸ ਨਾਲ ਪਿੰਡਾਂ ਦੀ ਪਛਾਣ, ਬੋਲੀਆਂ, ਰਿਸ਼ਤੇ, ਰਿਵਾਜ, ਮੇਲੇ, ਸੱਥ, ਖੂਹ, ਬੋਹੜ ਅਤੇ ਸਦੀਆਂ ਤੋਂ ਸਿਰਜਿਆ ਸੱਭਿਆਚਾਰ ਵੀ ਹੌਲੀ-ਹੌਲੀ ਲੋਪ ਹੋ ਜਾਂਦਾ ਹੈ। ਅੱਜ ਲੁਧਿਆਣਾ ਮਹਾਨਗਰ ਬਣ ਗਿਆ ਹੈ, ਪਰ ਇਸ ਦੀਆਂ ਚੌੜੀਆਂ ਸੜਕਾਂ ਹੇਠ ਕਿੰਨੀਆਂ ਪਗਡੰਡੀਆਂ ਦੱਬੀਆਂ ਪਈਆਂ ਹਨ, ਕਿੰਨੇ ਖੂਹਾਂ ਦੀਆਂ ਯਾਦਾਂ ਮਿੱਟੀ ਵਿੱਚ ਰਲ ਗਈਆਂ ਹਨ ਅਤੇ ਕਿੰਨੇ ਬੋਹੜਾਂ ਦੀਆਂ ਛਾਵਾਂ ਸਿਰਫ਼ ਕਹਾਣੀਆਂ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ। ਇਸ ਦਾ ਹਿਸਾਬ ਕਿਸੇ ਸਰਕਾਰੀ ਰਿਕਾਰਡ ਵਿੱਚ ਨਹੀਂ ਮਿਲਦਾ।
ਮੈਂ ਮਹਿਸੂਸ ਕੀਤਾ ਕਿ ਜਦੋਂ ਕੋਈ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਜੋੜਦਾ ਹੈ, ਉਹ ਸਿਰਫ਼ ਇੱਕ ਪਤਾ ਨਹੀਂ ਲਿਖਦਾ ਸਗੋਂ ਆਪਣੀਆਂ ਜੜ੍ਹਾਂ ਨਾਲ ਆਪਣਾ ਰਿਸ਼ਤਾ ਵੀ ਦਰਸਾਉਂਦਾ ਹੈ। ਉਹ ਇਹ ਐਲਾਨ ਕਰਦਾ ਹੈ ਕਿ ਭਾਵੇਂ ਉਸਦਾ ਪਿੰਡ ਨਕਸ਼ੇ ਤੋਂ ਮਿਟ ਗਿਆ ਹੋਵੇ, ਪਰ ਉਸ ਦੀ ਰੂਹ ਵਿੱਚ ਉਹ ਅੱਜ ਵੀ ਵੱਸਦਾ ਹੈ।
ਖ਼ੈਰ, ਕੁਝ ਸਮੇਂ ਬਾਅਦ ਉਹ ਕਰਮਚਾਰੀ ਆਪਣੀ ਡਿਊਟੀ ਨਿਭਾਉਣ ਲਈ ਉੱਠ ਕੇ ਚਲਾ ਗਿਆ, ਪਰ ਉਸ ਦੀ ਗੱਲ ਮੇਰੇ ਮਨ ’ਤੇ ਅਜਿਹੀ ਛਾਪ ਛੱਡ ਗਈ, ਜੋ ਅੱਜ ਤੱਕ ਮਿਟ ਨਹੀਂ ਸਕੀ। ਅੱਜ ਵੀ ਜਦੋਂ ਕਿਸੇ ਦੇ ਨਾਮ ਨਾਲ ਉਸ ਦੇ ਪਿੰਡ ਦਾ ਨਾਮ ਜੁੜਿਆ ਵੇਖਦਾ ਹਾਂ ਤਾਂ ਇੰਝ ਲੱਗਦਾ ਹੈ, ਜਿਵੇਂ ਉਹ ਆਪਣੇ ਪੁਰਖਿਆਂ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਤੁਰ ਰਿਹਾ ਹੋਵੇ। ਸੱਚ ਇਹ ਹੈ ਕਿ ਪਿੰਡ ਸਿਰਫ਼ ਨਕਸ਼ਿਆਂ ਵਿੱਚ ਹੀ ਨਹੀਂ ਵੱਸਦੇ ਸਗੋਂ ਆਪਣੇ ਲੋਕਾਂ ਦੀ ਬੋਲੀ ਵਿੱਚ ਵੱਸਦੇ ਹਨ, ਉਨ੍ਹਾਂ ਦੀਆਂ ਯਾਦਾਂ ਵਿੱਚ ਸਾਹ ਲੈਂਦੇ ਹਨ, ਉਨ੍ਹਾਂ ਦੇ ਸੱਭਿਆਚਾਰ ਵਿੱਚ ਖਿੜਦੇ ਹਨ ਅਤੇ ਉਨ੍ਹਾਂ ਦੇ ਨਾਵਾਂ ਵਿੱਚ ਅਮਰ ਹੋ ਜਾਂਦੇ ਹਨ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ, ‘ਜਿਸ ਦਿਨ ਪਿੰਡ ਮਰਦੇ ਹਨ, ਉਸ ਦਿਨ ਸਿਰਫ਼ ਜ਼ਮੀਨ ਨਹੀਂ ਉੱਜੜਦੀ, ਇੱਕ ਪੂਰਾ ਸੱਭਿਆਚਾਰ ਯਤੀਮ ਹੋ ਜਾਂਦਾ ਹੈ।’
ਸੰਪਰਕ: 98783-30324

