ਸੁਪਿੰਦਰ ਸਿੰਘ ਰਾਣਾ
ਸੜਕ ’ਤੇ ਛੋਟਾ ਜਿਹਾ ਪੱਥਰ ਆਉਣ ਕਾਰਨ ਪਿਤਾ ਜੀ ਸਕੂਟਰ ਦਾ ਸੰਤੁਲਨ ਗੁਆ ਬੈਠੇ। ਉਹ ਸੜਕ ਦੇ ਵਿਚਕਾਰ ਡਿੱਗ ਪਏ। ਥੋੜ੍ਹੇ ਜਿਹੇ ਫ਼ਰਕ ਨਾਲ ਮੈਂ ਪਿੱਛੇ ਸਾਈਕਲ ’ਤੇ ਆ ਰਿਹਾ ਸੀ। ਸਾਈਕਲ ਸਟੈਂਡ ’ਤੇ ਲਾ, ਉਨ੍ਹਾਂ ਦੀ ਮੱਦਦ ਲਈ ਦੌੜਿਆ। ਇੰਨੇ ਨੂੰ ਕਈ ਹੋਰ ਰਾਹਗੀਰ ਆ ਗਏ। ਪਿਤਾ ਜੀ ਦੇ ਗੋਡੇ ਤੇ ਕੂਹਣੀਆਂ ਛਿੱਲੀਆਂ ਗਈਆਂ। ਉਨ੍ਹਾਂ ਦੀ ਬਾਂਹ ਨਹੀਂ ਹਿੱਲ ਰਹੀ ਸੀ। ਇੱਕ ਰਾਹਗੀਰ ਦੇ ਸਹਾਰੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਥੋੜ੍ਹੀ ਦੇਰ ਬਾਅਦ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਸੱਜੀ ਬਾਂਹ ਦੋ ਥਾਂ ਤੋਂ ਟੁੱਟ ਗਈ ਤੇ ਪਲੱਸਤਰ ਲਗਾਉਣਾ ਪਵੇਗਾ। ਪਲੱਸਤਰ ਲਵਾ ਕੇ ਅਸੀਂ ਘਰ ਆ ਗਏ। ਪਿਤਾ ਜੀ ਨੂੰ ਦੇਖ ਕੇ ਮਾਂ ਘਬਰਾ ਗਈ। ਦੋ ਦਿਨ ਤਾਂ ਪਿਤਾ ਜੀ ਤੁਰ ਕੇ ਹੀ ਦਫ਼ਤਰ ਜਾਂਦੇ ਰਹੇ ਜੋ ਪਿੰਡ ਪਲਸੌਰਾ ਵਿੱਚ ਘਰ ਤੋਂ ਮਸਾਂ ਪੌਣਾ ਕੁ ਕਿਲੋਮੀਟਰ ਦੀ ਦੂਰੀ ’ਤੇ ਸੀ। ਦਫ਼ਤਰ ਵਿੱਚ ਉਨ੍ਹਾਂ ਦਾ ਸਹਾਇਕ ਰਮੇਸ਼ ਪਸ਼ੂਆਂ ਦਾ ਇਲਾਜ ਕਰੀ ਜਾਂਦਾ ਸੀ। ਘਰ ਆ ਕੇ ਪਿਤਾ ਜੀ ਥੋੜ੍ਹੇ ਤੰਗ ਹੁੰਦੇ। ਰਮੇਸ਼ ਨੂੰ ਸਕੂਟਰ ਚਲਾਉਣਾ ਨਹੀਂ ਸੀ ਆਉਂਦਾ। ਕੰਮ-ਕਾਰ ਵਾਲੇ ਨੂੰ ਘਰ ਵਿਹਲੇ ਬੈਠਣਾ ਔਖਾ ਜਾਪਦਾ। ਕਈ ਵਾਰ ਕਿਸੇ ਦਾ ਪਸ਼ੂ ਢਿੱਲਾ ਹੋਣਾ, ਉਹ ਸਾਡੇ ਘਰ ਪਹੁੰਚ ਜਾਂਦਾ। ਜੇ ਕਿਸੇ ਕੋਲ ਸਾਈਕਲ ਜਾਂ ਦੋਪਹੀਆ ਵਾਹਨ ਹੁੰਦਾ ਤਾਂ ਪਿਤਾ ਜੀ ਪਿੱਛੇ ਬੈਠ ਕੇ ਚਲੇ ਜਾਂਦੇ।
ਬਹੁਤੀ ਵਾਰ ਮਾਤਾ ਜੀ ਨੇ ਕਹਿਣਾ ਕਿ ਡੇਢ ਮਹੀਨੇ ਦੀ ਗੱਲ ਹੈ, ਤੁਸੀਂ ਘਰ ਬੈਠ ਕੇ ਆਰਾਮ ਕਰ ਲਓ, ਜੇ ਬਾਂਹ ਹਿੱਲ ਗਈ ਤਾਂ ਹੋਰ ਕੰਮ ਵਧ ਜਾਣੈ। ਕੁਝ ਦਿਨਾਂ ਬਾਅਦ ਮੈਨੂੰ ਸਕੂਲੋਂ ਛੁੱਟੀਆਂ ਹੋ ਗਈਆਂ। ਮੈਂ ਪਿਤਾ ਜੀ ਨੂੰ ਸਕੂਟਰ ’ਤੇ ਬਿਠਾ ਕੇ ਲੈ ਜਾਣਾ। ਜਿਵੇਂ ਉਨ੍ਹਾਂ ਨੇ ਕਹਿਣਾ ਮੈਂ ਸਰਿੰਜ ਵਿੱਚ ਦਵਾਈ ਭਰ ਦੇਣੀ। ਉਨ੍ਹਾਂ ਨੇ ਮਾਲਕ ਤੋਂ ਪਸ਼ੂ ਨੂੰ ਚੰਗੀ ਤਰ੍ਹਾਂ ਬੰਨ੍ਹਾ ਦੇਣਾ ਤਾਂ ਜੋ ਉਨ੍ਹਾਂ ਦੀ ਬਾਂਹ ਨਾ ਹਿੱਲ ਜਾਵੇ।। ਮੈਨੂੰ ਉਨ੍ਹਾਂ ’ਤੇ ਕਈ ਵਾਰ ਤਰਸ ਆਉਣਾ। ਇੱਕ ਦੋ ਵਾਰੀ ਮੈਂ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਮੈਨੂੰ ਦੱਸੋ। ਮੈਂ ਕੋਸ਼ਿਸ਼ ਕਰਦਾਂ।’’ ਉਨ੍ਹਾਂ ਕਹਿਣਾ, ‘‘ਮੈਂ ਤੁਹਾਨੂੰ ਅਜਿਹੇ ਕੰਮ ਵਿੱਚ ਲਗਾਉਣਾ ਨਹੀਂ ਚਾਹੁੰਦਾ ਸਗੋਂ ਕੋਈ ਸਾਫ਼ ਕੱਪੜੇ ਪਾਉਣ ਵਾਲੀ ਨੌਕਰੀ ’ਤੇ ਲੱਗਿਆ ਦੇਖਣਾ ਚਾਹੁੰਦਾ ਹਾਂ।’’ ਇੱਕ ਦੋ ਦਿਨਾਂ ਬਾਅਦ ਮੈਥੋਂ ਰਿਹਾ ਨਾ ਗਿਆ। ਮੈਂ ਕਿਹਾ, ‘‘ਲਿਆਓ ਪਿਤਾ ਜੀ, ਮੈਂ ਲਗਾਉਂਦਾ ਹਾਂ ਟੀਕਾ।’’ ਉਨ੍ਹਾਂ ਦੇ ਹੱਥ ਵਿੱਚੋਂ ਭਰੀ ਹੋਈ ਸਰਿੰਜ ਫੜ ਲਈ। ਪਿਤਾ ਜੀ ਵਾਂਗ ਪਹਿਲਾਂ ਮੱਝ ਦੀ ਗਰਦਨ ਵਿੱਚ ਸੂਈ ਲਾਈ, ਫੇਰ ਸਰਿੰਜ ਨਾਲ ਹੌਲੀ-ਹੌਲੀ ਦਵਾਈ ਅੰਦਰ ਧੱਕ ਦਿੱਤੀ। ਹੁਣ ਮੈਂ ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਿਆ।
ਮੇਰੀ ਰੁਚੀ ਦੇਖ ਕੇ ਪਿਤਾ ਜੀ ਨੇ ਨਾ ਚਾਹੁੰਦਿਆਂ ਵੀ ਮੈਨੂੰ ਇਹ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਸਕੂਲ ਖੁੱਲ੍ਹ ਗਏ ਤੇ ਮੈਂ ਸਕੂਲ ਜਾਣ ਲੱਗਿਆ। ਪਿਤਾ ਜੀ ਦੀ ਬਾਂਹ ਦਾ ਪਲੱਸਤਰ ਖੁੱਲ੍ਹ ਗਿਆ, ਪਰ ਅਜੇ ਉਨ੍ਹਾਂ ਨੂੰ ਸਕੂਟਰ ਚਲਾਉਣ ਵਿਚ ਦਿੱਕਤ ਆਉਂਦੀ ਸੀ। ਸਕੂਲੋਂ ਆ ਕੇ ਮੈਂ ਫੇਰ ਉਨ੍ਹਾਂ ਨਾਲ ਜਾਣ ਲਈ ਉਤਾਵਲਾ ਹੁੰਦਾ। ਮੈਨੂੰ ਪੜ੍ਹਾਈ ਨਾਲੋਂ ਇਹ ਕੰਮ ਚੰਗਾ ਲੱਗਦਾ। ਪਿਤਾ ਜੀ ਬੇਸ਼ੱਕ ਮੇਰੇ ਨਾਲ ਸਕੂਟਰ ’ਤੇ ਬੈਠ ਕੇ ਚਲੇ ਜਾਂਦੇ, ਪਰ ਪਸ਼ੂਆਂ ਦਾ ਇਲਾਜ ਉਹ ਖ਼ੁਦ ਹੀ ਕਰਦੇ। ਉਨ੍ਹਾਂ ਨੂੰ ਕੰਮ ਕਰਦਿਆਂ ਦੇਖ ਕੇ ਵੱਖ ਵੱਖ ਮਰਜ਼ਾਂ ਦੀਆਂ ਦਵਾਈਆਂ ਦੇ ਨਾਂ ਨਾਲ ਲਿਆਂਦੀ ਡਾਇਰੀ ਵਿੱਚ ਨੋਟ ਕਰੀ ਜਾਂਦਾ। ਕਈ ਵਾਰ ਉਨ੍ਹਾਂ ਨੂੰ ਪਸ਼ੂ ਦੇ ਕੈਲਸ਼ੀਅਮ ਲਾਉਣ ਲਈ ਗਰਦਨ ਵਿੱਚ ਖ਼ੂਨ ਵਾਲੀ ਨਸ ਦੱਬਣ ਵੇਲੇ ਦਿੱਕਤ ਆਉਂਦੀ। ਇਸ ਕੰਮ ਲਈ ਦੋਵੇਂ ਹੱਥਾਂ ਦੀਆਂ ਲੋੜ ਪੈਂਦੀ ਸੀ। ਉਨ੍ਹਾਂ ਦੀ ਇੱਕ ਬਾਂਹ ਅਜੇ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਸੀ। ਅਜਿਹਾ ਕੰਮ ਮੈਂ ਕਰ ਦਿੰਦਾ।
ਕਈ ਵਾਰ ਕਟਰੂ ਕੱਢਣ ਤੇ ਪਿੱਛਾ ਪਾਉਣ ਵੇਲੇ ਜ਼ੋਰ ਲਾਉਣਾ ਪੈਂਦਾ। ਫੇਰ ਉਨ੍ਹਾਂ ਦੀ ਅਗਵਾਈ ਤੇ ਦੱਸੇ ਨੁਕਤੇ ਵਰਤ ਕੇ ਅਸੀਂ ਮਿਲ ਕੇ ਪਸ਼ੂ ਦਾ ਇਲਾਜ ਕਰ ਦਿੰਦੇ। ਪਿਤਾ ਜੀ ਸਾਨੂੰ ਕਿਸੇ ਨੂੰ ਵੀ ਆਪਣੇ ਕੰਮ ਵਿੱਚ ਪਾਉਣਾ ਨਹੀਂ ਚਾਹੁੰਦੇ ਸਨ। ਮੈਂ ਛੁੱਟੀਆਂ ਵਿੱਚ ਕਿਤੇ ਜਾਣ ਨਾਲੋਂ ਉਨ੍ਹਾਂ ਕੋਲ ਰਹਿਣਾ ਵਧੇਰੇ ਮੁਨਾਸਬਿ ਸਮਝਿਆ। ਇਸ ਦੌਰਾਨ ਜਿੰਨਾ ਛੋਟਾ ਹੁੰਦਾ ਪਿਤਾ ਜੀ ਤੋਂ ਡਰਦਾ ਸੀ, ਓਨਾ ਉਨ੍ਹਾਂ ਨਾਲ ਦੋਸਤਾਨਾ ਸਬੰਧ ਬਣ ਗਏ। ਹੁਣ ਅਸੀਂ ਘਰੇਲੂ ਗੱਲਾਂ ਦੇ ਨਾਲ-ਨਾਲ ਘਰ ਦੀ ਆਰਥਿਕ ਸਥਿਤੀ ਵੀ ਸਾਂਝੀ ਕਰ ਲੈਂਦੇ। ਉਨ੍ਹਾਂ ਦੇ ਦੋਸਤ ਵੀ ਮੈਨੂੰ ਚੰਗੀ ਤਰ੍ਹਾਂ ਜਾਣਨ ਲੱਗੇ। ਪਹਿਲਾਂ ਅਸੀਂ ਘਰ ਆਏ ਪ੍ਰਹੁਣਿਆਂ ਕੋਲ ਸ਼ਰਮਾਉਂਦੇ ਬੈਠਦੇ ਤੱਕ ਨਹੀਂ ਸੀ, ਪਰ ਹੁਣ ਮੇਰਾ ਅਜਿਹਾ ਝਾਕਾ ਖੁੱਲ੍ਹਿਆ ਕਿ ਮੈਂ ਆਏ ਗਏ ਨਾਲ ਬੈਠ ਕੇ ਗੱਲਾਂ ਕਰਨ ਲੱਗਿਆ। ਕਈ ਵਾਰ ਪਿਤਾ ਜੀ ਦੀ ਗ਼ੈਰਹਾਜ਼ਰੀ ’ਚ ਪਸ਼ੂ ਦੇ ਇਲਾਜ ਲਈ ਸਾਡੇ ਘਰ ਕੋਈ ਆ ਜਾਂਦਾ ਤਾਂ ਮੈਨੂੰ ਆਖਦਾ ਕਿ ਹੁਣ ਤਾਂ ਤੂੰ ਵੀ ਛੋਟਾ ਡਾਕਟਰ ਬਣ ਗਿਆ, ਚਲ ਤੂੰ ਹੀ ਦੇਖ ਆ ਸਾਡੀ ਝੋਟੀ। ਪਿਤਾ ਜੀ ਆਪਣਾ ਸਾਮਾਨ ਆਪਣੇ ਸਕੂਟਰ ’ਤੇ ਰੱਖਦੇ। ਇਸ ਕਾਰਨ ਮੈਂ ਆਖ ਦਿੰਦਾ ਕਿ ਸਾਮਾਨ ਨਹੀਂ ਹੈ, ਨਹੀਂ ਤਾਂ ਚਲਦਾ ਤੁਹਾਡੇ ਨਾਲ। ਇਸ ਦੌਰਾਨ ਮੈਂ ਮਾਤਾ ਜੀ ਤੋਂ ਛੋਟਾ ਜਿਹਾ ਝੋਲਾ ਸਵਾ ਲਿਆ। ਘਰ ਪਈਆਂ ਦਵਾਈਆਂ ਦੀਆਂ ਸ਼ੀਸ਼ੀਆਂ ਮੈਂ ਆਪਣੇ ਝੋਲੇ ਵਿੱਚ ਪਾ ਲੈਂਦਾ। ਜੇ ਕਈ ਵਾਰ ਪਿਤਾ ਜੀ ਘਰ ਨਾ ਹੁੰਦੇ ਤਾਂ ਆਪਣੇ ਦੋਸਤਾਂ ਦੇ ਪਸ਼ੂਆਂ ਦਾ ਇਲਾਜ ਕਰ ਆਉਂਦਾ।
ਇਸ ਬਾਰੇ ਸ਼ਾਮ ਨੂੰ ਪਿਤਾ ਜੀ ਨੂੰ ਜ਼ਰੂਰ ਦੱਸਦਾ। ਦੂਜੇ ਦਿਨ ਉਹ ਉੱਥੇ ਗੇੜਾ ਮਾਰ ਆਉਂਦੇ। ਗ਼ਲਤੀ ਕਰਨ ’ਤੇ ਮੈਨੂੰ ਤਾੜਦੇ। ਫੇਰ ਉਨ੍ਹਾਂ ਮੈਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ। ਸੇਵਾਮੁਕਤੀ ਮਗਰੋਂ ਪਿਤਾ ਜੀ ਨੂੰ ਅਧਰੰਗ ਹੋ ਗਿਆ। ਇਸ ਦੌਰਾਨ ਬਾਹਰੋਂ ਆਉਣ ਵਾਲੇ ਉਨ੍ਹਾਂ ਕੋਲ ਆਸ ਲੈ ਕੇ ਆਉਂਦੇ। ਕਈਆਂ ਨਾਲ ਤਾਂ ਸਾਡੇ ਪਰਿਵਾਰਕ ਸਬੰਧ ਬਣ ਗਏ। ਉਹ ਮੈਨੂੰ ਪਸ਼ੂਆਂ ਦੇ ਇਲਾਜ ਲਈ ਲੈ ਕੇ ਜਾਣਾ ਚਾਹੁੰਦੇ, ਪਰ ਮੈਂ ਅਸਮਰੱਥਾ ਜ਼ਾਹਿਰ ਕਰਦਾ। ਮੈਨੂੰ ਹੁਣ ਨੌਕਰੀ ਮਿਲ ਗਈ ਸੀ। ਘਰ ਵਿੱਚ ਵੱਡਾ ਹੋਣ ਨਾਤੇ ਤੇ ਮਾਤਾ ਦੇ ਦੇਹਾਂਤ ਅਤੇ ਪਿਤਾ ਜੀ ਨੂੰ ਅਧਰੰਗ ਹੋਣ ਕਾਰਨ ਘਰ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ’ਤੇ ਆ ਪਈ। ਹੁਣ ਜਦੋਂ ਪਿੰਡ ਜਾਈਦਾ ਤਾਂ ਕਈ ਸਾਥੀਆਂ ਨੂੰ ਆਪਣੇ ਮਾਪਿਆਂ ਨਾਲ ਮਿਹਣੋਂ-ਮਿਹਣੀਂ ਹੁੰਦੇ ਸੁਣੀਂਦਾ। ਕਈ ਆਪਣੇ ਮਾਪਿਆਂ ਨੂੰ ਆਖਦੇ, ‘‘ਕੀ ਕੀਤਾ ਤੁਸੀਂ ਸਾਰੀ ਉਮਰ ਸਾਡੇ ਲਈ?’’ ਇਸ ਵੇਲੇ ਪਿਤਾ ਜੀ ਦੀ ਘਰ ਨੂੰ ਉੱਚਾ ਚੁੱਕਣ ਲਈ ਕੀਤੀ ਘਾਲਣਾ ਚੇਤੇ ਆਉਂਦੀ ਹੈ। ਫੇਰ ਸੋਚਦਾ ਹਾਂ, ਜੇ ਪਿਤਾ ਜੀ ਦੇ ਇੰਨੇ ਨੇੜੇ ਜਾਣ ਦਾ ਸਬੱਬ ਨਾ ਮਿਲਦਾ ਤਾਂ ਸ਼ਾਇਦ ਉਨ੍ਹਾਂ ਦੀ ਮਿਹਨਤ ਦਾ ਅੰਦਾਜ਼ਾ ਨਾ ਲੱਗਦਾ।
ਸੰਪਰਕ: 98152-33232