ਕਾਦਰ ਦੀ ਕਾਇਨਾਤ

ਕਾਦਰ ਦੀ ਕਾਇਨਾਤ

ਨੰਦ ਸਿੰਘ ਮਹਿਤਾ

ਰੋਜ਼ ਸਵੇਰੇ ਸੈਰ ਕਰਨ ਜਾਈਦੈ। ਅਸੀਂ ਸੁਭਾਗੇ ਹਾਂ ਕਿ ਮਹੱਲੇ ਵਿਚੋਂ ਬਾਹਰ ਨਿਕਲਦਿਆਂ ਹੀ ਕੁਦਰਤੀ ਨਜ਼ਾਰੇ ਸ਼ੁਰੂ ਹੋ ਜਾਂਦੇ ਹਨ। ਪਹਿਲਾਂ ਰੇਲ ਪਟੜੀ ਆਉਂਦੀ ਹੈ, ਫਿਰ ਬੇਅਬਾਦ ਟਿੱਬੇ ਤੇ ਨਾਲ ਹੀ ਖੇਤ। ਖੇਤਾਂ ਵਿਚੋਂ ਗੁਜ਼ਰਦਾ ਵੱਡਾ ਸੂਆ। ਸੂਏ ਦੇ ਨਾਲ ਨਾਲ ਝਾੜੀਆਂ, ਝਾੜੀਆਂ ਵਿਚ ਹਰ ਕਿਸਮ ਦੇ ਪੰਛੀ ਤੇ ਕੀੜੇ-ਮਕੌੜੇ। ਸੂਏ ਦੀਆਂ ਪੱਟੜੀਆਂ ਤੇ ਤਰ੍ਹਾਂ ਤਰ੍ਹਾਂ ਦੀ ਬਨਸਪਤੀ। ਬਨਸਪਤੀ ਹੇਠਾਂ ਗੰਡੋਇਆਂ ਦੀਆਂ ਕਿਰਿਆਵਾਂ ਦੀਆਂ ਨਿਸ਼ਾਨੀਆਂ, ਭਾਵ ਮਿੱਟੀ ਦੀਆਂ ਬਰੀਕ ਗੋਲੀਆਂ ਦੇ ਢੇਰ। ਪੱਟੜੀ ਤੇ ਖੜ੍ਹ ਕੇ ਜਦੋਂ ਸ਼ਹਿਰ ਵੱਲ ਦੇਖੀਦੈ ਤਾਂ ਪਹਿਲਾਂ ਝੋਨੇ ਦੇ ਥੋੜ੍ਹੇ ਜਿਹੇ ਖੇਤ, ਖੇਤਾਂ ਦੇ ਬਿਲਕੁਲ ਨਾਲ ਖੁਸ਼ਕ ਪਹਾੜੀਆਂ ਵਰਗੇ ਟਿੱਬੇ ਤੇ ਅਗਾਂਹ ਸ਼ਹਿਰ ਦੀਆਂ ਇਮਾਰਤਾਂ।

ਇਸ ਇਲਾਕੇ ਦੇ ਬਿਲਕੁਲ ਨਾਲ ਛਾਉਣੀ ਲੱਗਦੀ ਹੋਣ ਕਰ ਕੇ ਇੱਥੇ ਇਮਾਰਤਾਂ ਬਣਾਉਣ ਦੀ ਮਨਾਹੀ ਹੈ। ਕਾਦਰ ਦੀ ਕਾਇਨਤ ਨਾਲ ਇੱਥੇ ਗੱਲਾਂ ਕੀਤੀਆਂ ਜਾ ਸਕਦੀਆਂ ਹੋਣ ਕਰ ਕੇ ਹੀ ਇਸ ਇਲਾਕੇ ਨੂੰ ਮੇਰੇ ਸਾਥੀ ਤੇ ਮਿੱਤਰ ਨੇ ਸੈਰ ਲਈ ਚੁਣਿਆ ਹੈ। ਉਹਦਾ ਮੰਨਣਾ ਹੈ ਕਿ ਸੈਰ ਦਾ ਮਤਲਬ ਸਰੀਰਕ ਨਾਲੋਂ ਮਨ ਦੀ ਕਸਰਤ ਜ਼ਿਆਦਾ ਹੈ। ਇਸੇ ਲਈ ਉਹ ਸਵੇਰੇ ਮਨ ਨੂੰ ਦੂਸਰੀ ਦੁਨੀਆਂਦਾਰੀ ਤੋਂ ਵਿਹਲਾ ਕਰ ਕੇ ਕੁਦਰਤ ਦੇ ਅੰਗ-ਸੰਗ ਹੋ ਜਾਂਦਾ ਹੈ। ਉਹ ਟਿੱਬਿਆਂ ਤੇ ਕੀੜਿਆਂ ਦੇ ਭੌਣਾਂ ਕੋਲ ਖੜ੍ਹ ਕੇ ਇਨ੍ਹਾਂ ਦੀ ਮਿਹਨਤ ਨੂੰ ਸਲਾਮ ਕਰਦਾ ਹੈ, ਉਨ੍ਹਾਂ ਦੀਆਂ ਬਣਾਈਆਂ ਡੰਡੀਆਂ ਦੀ ਦਾਦ ਦਿੰਦਾ ਹੈ। ਸੂਏ ਦੀ ਪਟੜੀ ਤੇ ਉੱਗੀ ਕੁਦਰਤੀ ਬਨਸਪਤੀ ਦੇ ਬਹੁਤ ਨੇੜੇ ਹੋ ਕੇ ਉਸ ਨਾਲ ਗੱਲਾਂ ਕਰਦਿਆਂ ਦੇਖ ਕੇ ਮੈਂ ਹੈਰਾਨ ਹੋ ਜਾਂਦਾ ਹਾਂ: “ਸੁਣਾ ਬਈ ਗੁੱਤ ਪੱਟਣਿਆਂ, ਕੀ ਹਾਲ ਐ ਤੇਰਾ, ... ਉਹ ਵਾਹ ਬਈ ਭੱਖੜਿਆ, ਬੜੇ ਚਿਰਾਂ ਬਾਅਦ ਦਰਸ਼ਨ ਹੋਏ ਨੇ ਯਾਰ ਤੇਰੇ ਤਾਂ, ... ਤੇ ਚੂੜ੍ਹੀਸਲੋਟੇ, ਤੈਨੂੰ ਤਾਂ ਕਦੇ ਨਿੱਕੇ ਹੁੰਦਿਆਂ ਦੇਖਿਆ ਹੋਊ। ... ਓਏ ਕਬੂਤਰੋ! ਤੁਸੀਂ ਇੱਥੇ ਕੀ ਚੁਗੀ ਜਾਨੇ ਓਂ ...!” ਫਿਰ ਉਹ ਇੱਕ ਪਾਸੇ ਮੈਦਾਨ ਜਿਹੇ ਵਿਚ ਦਰਜਨਾਂ ਦੀ ਗਿਣਤੀ ਵਿਚ ਚੁਗ ਰਹੇ ਕਬੂਤਰਾਂ ਵੱਲ ਭੱਜ ਜਾਂਦੈ। ਮੈਂ ਵੀ ਉਸ ਦੇ ਮਗਰ ਹਾਂ। ਕਬੂਤਰ ਭੱਖੜੇ ਦੇ ਬੀਜ ਚੁਗ ਰਹੇ ਹੁੰਦੇ। ਨੇੜਿਓਂ ਹੀ ਤੋਤੇ ਉਡ ਜਾਂਦੇ ਨੇ। “ਅਹੁ ਬਾਈ ਦੇਖ, ਤੋਤੇ ਕੌੜ ਤੁੱਮੇ ਈ ਖਾਈ ਜਾਂਦੇ ਨੇ...!” ਪਿੱਦੀਆਂ, ਪਪੀਹੇ, ਗਰੜਪੱਖ, ਤਿੱਤਰ, ਚੱਕੀਰਾਹੇ ਅਤੇ ਹੋਰ ਅਨੇਕਾਂ ਪੰਛੀਆਂ ਦੀਆਂ ਆਵਾਜਾਂ ਉਹ ਪਛਾਣ ਲੈਂਦਾ ਹੈ। ਕਈਆਂ ਦੀਆਂ ਆਵਾਜ਼ਾਂ ਤਾਂ ਉਹ ਆਪ ਵੀ ਕੱਢ ਲੈਂਦਾ। ਮੋਰਾਂ ਨੂੰ ਬੋਲਦਿਆਂ ਅਤੇ ਪੈਲਾਂ ਪਾਉਂਦਿਆਂ ਦੇਖ ਕੇ ਤਾਂ ਉਹਦੇ ਚਿਹਰੇ ਤੇ ਨੂਰ ਦੀਆਂ ਘਟਾਵਾਂ ਚੜ੍ਹ ਆਉਂਦੀਆਂ। ਟਟੀਹਰੀ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਵਲੋਂ ਸਾਡੇ ਆਉਣ ਦੇ ਖ਼ਤਰੇ ਤੋਂ ਸੁਚੇਤ ਕਰਨ ਦਾ ਢੰਗ ਦੇਖ ਕੇ ਉਹ ਅਸ਼ ਅਸ਼ ਕਰ ਉੱਠਦਾ। ਸੱਪਾਂ ਦੀਆਂ ਲੀਹਾਂ ਦੇਖ ਕੇ ਉਹ ਅੰਦਾਜ਼ਾ ਆਉਣ ਲੱਗਦਾ ਕਿ ਸੱਪ ਕਿਹੜੇ ਪਾਸਿਓਂ ਆਇਆ ਤੇ ਕਿਧਰ ਗਿਆ ਹੋਵੇਗਾ।

ਇੱਕ ਦਿਨ ਉਹਨੇ ਪਿੱਦੀ ਦਾ ਘਰ ਦਿਖਾਇਆ। ਗੁੱਤਪੱਟਣੇ ਦੇ ਪੱਤੇ ਜੋੜ ਕੇ ਇੱਕ ਪਾਸੇ ਆਪਣੇ ਅੰਦਰ ਜਾਣ ਜਿੰਨਾ ਦਰਵਾਜ਼ਾ ਰੱਖਿਆ ਹੋਇਆ ਸੀ। ਹੇਠਾਂ ਫਰਸ਼ ਤੇ ਅੱਕ-ਕੁਕੜੀਆਂ ਵਿਚੋਂ ਰੂੰ ਲਿਆ ਕੇ ਗਦੈਲਾ ਬਣਾਇਆ ਹੋਇਆ ਸੀ। ਉਹ ਆਪ-ਮੁਹਾਰੇ ਹੀ ਬੋਲ ਰਿਹਾ ਸੀ, “ਵਾਹ! ਕਿਆ ਕਾਰੀਗਰੀ ਐ ਯਾਰ।”

“ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਇੱਥੇ ਪਿੱਦਿਆਂ ਦਾ ਘਰ ਐ?”

“ਬਾਈ, ਜੇ ਕੁਦਰਤ ਨਾਲ ਜੁੜ ਜਾਓ ਤਾਂ ਸਭ ਕੁਛ ਆਪੇ ਪਤਾ ਲੱਗਣ ਲੱਗ ਜਾਂਦੈ। ਹਰ ਵੇਲੇ ਪੈਸੇ ਹੀ ਗਿਣੀ ਜਾਓ ਤਾਂ ਕੁਛ ਸਮਝ ਨ੍ਹੀਂ ਲੱਗਣੀ। ਬੰਦੇ ਦੀ ਇਹੀ ਤਰਾਸਦੀ ਐ, ਇਹ ਆਪਣੀ ਛੋਟੀ ਜਿਹੀ ਦੁਨੀਆਂ ’ਚੋਂ ਬਾਹਰਨਹੀਂ ਨਿਕਲਦਾ।”

ਮੈਂ ਤੇ ਸ਼ੁਭ ਪ੍ਰੇਮ ਕਈ ਸਾਲਾਂ ਤੋਂ ਇਕੱਠੇ ਸਵੇਰੇ ਸੈਰ ਕਰਨ ਜਾਂਦੇ ਹਾਂ। ਹੁਣ ਮੈਂ ਵੀ ਥੋੜ੍ਹਾ ਥੋੜ੍ਹਾ ਉਸ ਵਰਗਾ ਹੋ ਗਿਆ ਹਾਂ। ਪੰਛਿਆਂ ਨਾਲ ਮੈਨੂੰ ਵੀ ਮੋਹ ਜਿਹਾ ਹੋ ਗਿਆ ਹੈ। ਸਾਡੇ ਘਰ ਦੇ ਪਿਛਲੇ ਪਾਸੇ ਮਾਈਕਰੋਵੇਵ ਸਟੇਸ਼ਨ ਹੈ। ਉਸ ਦੇ ਵਿਹੜੇ ਵਿਚ ਬਹੁਤ ਸਾਰੇ ਦਰੱਖਤ ਹਨ। ਉਸ ਵਿਚ ਇੱਕ ਸੇਵਾਦਾਰ ਪਿਛਲੇ ਲੰਮੇ ਸਮੇਂ ਤੋਂ ਰਹਿੰਦਾ। ਉਸ ਨੂੰ ਵੀ ਕੁਦਰਤ ਨਾਲ ਥੋੜ੍ਹਾ ਬਹੁਤਾ ਲਗਾਓ ਹੋਣ ਕਰ ਕੇ ਉਸ ਨੇ ਉੱਥੇ ਹਰ ਕਿਸਮ ਦੇ ਦਰਖ਼ਤ ਲਾਏ ਨੇ। ਸਾਡੇ ਰਹਿਣ ਬਸੇਰੇ ਦੇ ਐਨ ਨਾਲ ਅੰਬਾਂ ਦੇ ਦਰੱਖ਼ਤਾਂ ਦੇ ਝੁੰਡ ਵਿਚੋਂ ਜਦੋਂ ਸਵੇਰੇ ਪੰਛੀ ਚਹਿਚਹਾਉਂਦੇ ਹਨ ਤਾਂ ਮੈਨੂੰ ਵੀ ਜਾਗ ਆ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਗ਼ਦ ਗ਼ਦ ਹੋ ਜਾਂਦਾ ਹਾਂ। ਸ਼ੁਭ ਪ੍ਰੇਮ ਨੇ ਤਾਂ ਖ਼ੈਰ ਆਪਣੇ ਘਰੇ ਦਰੱਖ਼ਤ ਲਾਏ ਹੋਏ ਹਨ। ਦਰਖ਼ਤਾਂ ਉੱਤੇ ਪੰਛਿਆਂ ਲਈ ਆਲ੍ਹਣੇ ਬਣਵਾ ਕੇ ਟੰਗੇ ਹੋਏ ਹਨ। ਕਈ ਕਿਸਮ ਦੇ ਪੰਛਿਆਂ ਦੇ ਜੋੜੇ ਉੱਥੇ ਪੱਕੇ ਬਸ਼ਿੰਦੇ ਹਨ।

ਇਉਂ ਅਸੀਂ ਰੋਜ਼ ਸਵੇਰੇ ਕੁਦਰਤ ਦੇ ਅੰਗ ਸੰਗ ਉਸ ਦਾ ਅਨੰਦ ਮਾਣਦੇ ਹਾਂ ਪਰ ਇੱਕ ਦਿਨ ਅਜਿਹੀ ਮਾੜੀ ਘਟਨਾ ਵਾਪਰੀ ਜਿਸ ਨੇ ਉਦਾਸ ਕਰ ਦਿੱਤਾ। ਸੈਰ ਕਰਦਿਆਂ ਅਸੀਂ ਕੁਦਰਤ ਦੇ ਨਾਲ ਨਾਲ ਸਮਾਜ ਬਾਰੇ ਵੀ ਗੱਲਾਂ ਕਰਦੇ ਹਾਂ।...

ਸੂਏ ਨਾਲ ਥੋੜ੍ਹੀ ਜਿਹੀ ਜ਼ਮੀਨ ਠੇਕੇ ਤੇ ਲੈ ਕੇ ਇੱਕ ਮਾਲੀ ਸਬਜ਼ੀਆਂ ਲਾਉਂਦਾ ਸੀ ਪਰ ਹੁਣ ਉਸ ਜ਼ਮੀਨ ਵਿਚੋਂ ਸੜਕ ਬਣਨੀ ਸ਼ੁਰੂ ਹੋਣ ਕਰ ਕੇ ਉਸ ਨੂੰ ਉੱਥੋਂ ਜਾਣਾ ਪੈਣਾ ਸੀ। ਮਾਲੀ ਅਤੇ ਉਸ ਦਾ ਪਰਿਵਾਰ ਬਹੁਤ ਉਦਾਸ ਸਨ। ਅਸੀਂ ਰੋਜ਼ ਉਨ੍ਹਾਂ ਦੇ ਘਰ ਕੋਲੋਂ ਲੰਘਦੇ ਅਤੇ ਸੁੱਖ ਸਾਂਦ ਪੁੱਛਦੇ। ਉਹ ਸੀਮਤ ਜਿਹਾ ਜਵਾਬ ਹੀ ਦਿੰਦੇ। ਹੁਣ ਉਨ੍ਹਾਂ ਕੋਲ ਹੋਰ ਕੋਈ ਸਬਜ਼ੀ ਤਾਂ ਹੈ ਨਹੀਂ ਸੀ ਪਰ ਹਾਂ, ਛੋਟੀ ਜਿਹੀ ਕਿਆਰੀ ਵਿਚ ਪਦੀਨਾ ਲਾਇਆ ਹੋਇਆ ਸੀ। ਮੈਂ ਕਦੇ ਕਦੇ ਉਨ੍ਹਾਂ ਤੋਂ ਪਦੀਨਾ ਲੈ ਆਉਂਦਾ ਸੀ। ਵੀਹ ਕੁ ਰੁਪਏ ਦੇ ਪਦੀਨੇ ਦੀ ਚਟਣੀ ਹਫ਼ਤਾ ਭਰ ਚੱਲ ਜਾਂਦੀ। ਅੱਜ ਘਰੋਂ ਫਿਰ ਪਦੀਨਾ ਲਿਆਉਣ ਦੀ ਹਦਾਇਤ ਸੀ ਪਰ ਜਦੋਂ ਅਸੀਂ ਉਨ੍ਹਾਂ ਦੇ ਘਰ ਕੋਲ ਪਹੁੰਚੇ ਤਾਂ ਉਹ ਉੱਥੋਂ ਜਾ ਚੁੱਕੇ ਸਨ। ਬਾਕੀ ਤਾਂ ਉਹ ਆਪਣਾ ਸਭ ਕੁਝ ਲੈ ਗਏ ਸਨ ਪਰ ਇੱਕ ਮੌਲਾ ਬਲਦ ਉੱਥੇ ਹੀ ਛੱਡ ਗਏ ਸਨ। ਬਲਦ ਵਿਚਾਰਾ ਓਦਰਿਆ ਬੈਠਾ ਸੀ। ਲੱਗਦਾ ਸੀ ਕਿ ਉਸ ਨੇ ਕੁਝ ਨਹੀਂ ਸੀ ਖਾਧਾ ਪੀਤਾ।

“ਉਹ ਹੋ, ਇਹ ਤਾਂ ਵਿਚਾਰਾ ਇੱਥੇ ਤਿਹਾਇਆ ਹੀ ਮਰਜੂ।” ਸ਼ੁਭ ਨੇ ਹਉਕਾ ਭਰਿਆ।

ਬਲਦ ਭਾਵੇਂ ਖੁੱਲ੍ਹਾ ਸੀ ਅਤੇ ਪਾਣੀ ਵਾਲਾ ਖਾਲ ਵੀ ਕੋਲ ਹੀ ਵਗਦਾ ਸੀ ਪਰ ਖਾਲ ਡੂੰਘਾ ਹੋਣ ਕਰ ਕੇ ਉਸ ਵਿਚੋਂ ਤਾਂ ਉਹ ਪਾਣੀ ਪੀ ਨਹੀਂ ਸੀ ਸਕਦਾ। ਸਾਡੇ ਦੇਖਦਿਆਂ ਦੇਖਦਿਆਂ ਬਲਦ ਔਖਾ ਸੌਖਾ ਖੜ੍ਹਾ ਤਾਂ ਹੋ ਗਿਆ ਪਰ ਉਹ ਹੁਣ ਨਿਰਾ ਪਿੰਜਰ ਜਿਹਾ ਹੀ ਸੀ। ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ। ਸ਼ੁਭ ਉਸ ਵੱਲ ਕਿੰਨਾ ਹੀ ਚਿਰ ਦੇਖਦਾ ਰਿਹਾ।

“ਮੈਂ ਪਦੀਨਾ ਲੈ ਕੇ ਜਾਣਾ ਸੀ। ਹੁਣ ਮਾਲੀ ਤਾਂ ਇੱਥੇ ਹੈ ਨਹੀਂ, ਕੀ ਕਰੀਏ?” ਮੈਂ ਆਪਣੀਆਂ ਨਿੱਜੀ ਲੋੜਾਂ ਦੇ ਗੇੜ ਵਿਚ ਉਲਝਿਆ ਆਪਣੇ ਮਿੱਤਰ ਪ੍ਰੋਫੈਸਰ ਸ਼ੁਭ ਪ੍ਰੇਮ ਸਿੰਘ ਬਰਾੜ ਵੱਲ ਦੇਖਣ ਲੱਗ ਪਿਆ ਸਾਂ।

“ਬਾਈ, ਤੈਨੂੰ ਆਪਣੇ ਪਦੀਨੇ ਦੀ ਪਈ ਐ, ਉਨ੍ਹਾਂ ਵਿਚਾਰਿਆਂ ਨੂੰ ਇੱਥੋਂ ਉਜੜ ਕੇ ਜਾਣਾ ਪਿਐ। ਉਜੜਿਆ ਘਰ ਦੇਖ ਕੇ ਤੇਰੇ ਅੰਦਰ ਕੋਈ ਹਲਚਲ ਨਹੀਂ ਹੋਈ? ਤੈਨੂੰ ਬਸ ਪਦੀਨਾ ਹੀ ਦਿਸਦੈ?” ਉਹਦੇ ਤਾਹਨੇ ਨੇ ਮੈਨੂੰ ਤਾਂ ਹਿਲਾ ਕੇ ਰੱਖ ਦਿੱਤਾ। ਮੈਂ ਛਿੱਥਾ ਜਿਹਾ ਹੋਇਆ ਖੜ੍ਹਾ ਰਿਹਾ ਪਰ ਉਸ ਦੀ ਅੰਦਰਲੀ ਹਾਲਤ ਨੂੰ ਮੈਂ ਫਿਰ ਵੀ ਸਮਝ ਨਾ ਸਕਿਆ।

“ਇਹ ਚੋਰੀ ਹੋਊ?”

“ਚੋਰੀ ਨ੍ਹੀਂ, ਲੁੱਟ ਹੋਊ ਲੁੱਟ। ਸੰਤਾਲੀ ਵੇਲੇ ਐਂ ਈ ਦੋਹੀਂ ਪਾਸੀਂ ਸੁੰਨੇ ਘਰ ਲੁੱਟੇ ਗਏ ਸਨ। ਉਨ੍ਹਾਂ ਵਿਚਾਰਿਆਂ ਨੂੰ ਆਪਣੇ ਵਸਦੇ ਰਸਦੇ ਘਰ ਇਉਂ ਹੀ ਛੱਡ ਕੇ ਜਾਣਾ ਪਿਆ ਸੀ! ... ਪਤਾ ਨ੍ਹੀਂ ਕਿਹੜੇ ਜੀਅ ਜੰਜਾਲਾਂ ਨਾਲ ਇੱਥੇ ਆ ਕੇ ਇਹ ਘਰ ਬੰਨ੍ਹਿਆ ਹੋਊ। ਆਹ ਇੱਥੋਂ ਉੱਜੜ ਕੇ ਜਾ ਰਹੇ ਵਿਚਾਰੇ ਪਰਵਾਸੀ ਮਜ਼ਦੂਰ, ਹਜ਼ਾਰਾਂ ਮੀਲ ਲੰਮੇ ਪੈਂਡਿਆਂ ‘ਤੇ ਕਿਵੇਂ ਜਾ ਰਹੇ ਸਨ ਯਾਰ!” ਫਿਰ ਉਹ ਚੁੱਪ ਕਰ ਗਿਆ। ਉਸ ਦੀ ਚੁੱਪ ਮੈਥੋਂ ਸਹਾਰੀ ਨਹੀਂ ਸੀ ਜਾ ਰਹੀ। ਮੇਰੀ ਰੂਹ ਕੰਬ ਗਈ ਸੀ। ਮੈਂ ਆਪਣੇ ਆਪ ਨੂੰ ਕਟਹਿਰੇ ਵਿਚ ਖੜ੍ਹਾ ਮਹਿਸੂਸ ਕਰ ਰਿਹਾ ਸਾਂ। ਖ਼ੁਦ ਨੂੰ ਲਾਹਣਤਾਂ ਪਾਉਂਦਾ ਉਦਾਸ ਹੋ ਗਿਆ ਸਾਂ।

ਸ਼ੁਭ ਨੇ ਨਾ ਬਨਸਪਤੀ ਨਾਲ ਗੱਲਾਂ ਕੀਤੀਆਂ, ਨਾ ਕੀੜਿਆਂ-ਮਕੌੜਿਆਂ ਦਾ ਹਾਲ ਪੁੱਛਿਆ ਤੇ ਨਾ ਹੀ ਕਰਾਹੇ ਜਾ ਰਹੇ ਟਿੱਬਿਆਂ ਨਾਲ ਦੁੱਖ ਸਾਂਝੇ ਕੀਤੇ। ਸਾਰੇ ਰਾਹ ਉਹ ਸਿਰਫ ਇੱਕ ਵਾਰ ਹੀ ਬੋਲਿਆ ਸੀ: “ਸੁੰਨੇ ਘਰ ਨੇ ਮਨ ਉਦਾਸ ਕਰ’ਤਾ।”... ਤੇ ਅਸੀਂ ਉਦਾਸ ਹੋਏ ਆਪੋ-ਆਪਣੇ ਘਰ ਚਲੇ ਗਏ।

ਸੰਪਰਕ: 94170-35744

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All