ਹਮਸਾਇਆਂ ਦੀ ਅਪਣੱਤ
ਪਿਛਲੇ ਦਿਨੀਂ ਜਦ ਭਾਰਤੀਆਂ ਵੱਲੋਂ ਆਜ਼ਾਦੀ ਤੇ ਪਾਕਿਸਤਾਨੀਆਂ ਵੱਲੋਂ ‘ਆਪਣੇ ਦੇਸ਼’ ਦੀ ਹੋਂਦ ਬੱਝਣ ਦੀ 80ਵੀਂ ਵਰ੍ਹੇਗੰਢ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਕਈ ਪਰਵਾਰਾਂ ’ਚ ਵੰਡ ਦੀਆਂ ਯਾਦਾਂ ’ਚੋਂ ਉਸ ਵਹਿਸ਼ੀ ਕਤਲੇਆਮ ਦੇ ਦ੍ਰਿਸ਼ ਵੀ ਉਭਰੇ, ਜੋ ਉਨ੍ਹਾਂ...
ਪਿਛਲੇ ਦਿਨੀਂ ਜਦ ਭਾਰਤੀਆਂ ਵੱਲੋਂ ਆਜ਼ਾਦੀ ਤੇ ਪਾਕਿਸਤਾਨੀਆਂ ਵੱਲੋਂ ‘ਆਪਣੇ ਦੇਸ਼’ ਦੀ ਹੋਂਦ ਬੱਝਣ ਦੀ 80ਵੀਂ ਵਰ੍ਹੇਗੰਢ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਕਈ ਪਰਵਾਰਾਂ ’ਚ ਵੰਡ ਦੀਆਂ ਯਾਦਾਂ ’ਚੋਂ ਉਸ ਵਹਿਸ਼ੀ ਕਤਲੇਆਮ ਦੇ ਦ੍ਰਿਸ਼ ਵੀ ਉਭਰੇ, ਜੋ ਉਨ੍ਹਾਂ ਦੇ ਵਡੇਰਿਆਂ ਨੇ ਆਪਣੇ ਪਿੰਡਿਆਂ ’ਤੇ ਹੰਢਾਇਆ ਸੀ। ਇਹੋ ਜਿਹੇ ਮੌਕਿਆਂ ’ਤੇ ਮੇਰੇ ਦਿਮਾਗ ’ਚ ਵੀ ਦਾਦੀ ਅਤੇ ਪਿਤਾ ਵੱਲੋਂ ਰੌਲਿਆਂ ਵੇਲੇ ਦੀ ਗੱਲ ਕਰਦਿਆਂ ਪਿੰਡਿਆਂ ’ਤੇ ਹੰਢਾਏ ਦਰਦ ਦੀ ਯਾਦ ਤਾਜ਼ੀ ਹੋ ਜਾਂਦੀ, ਪਰ ਹੁਣ ਕੁਝ ਸਾਲਾਂ ਤੋਂ ਉਂਜ ਨਹੀਂ ਹੁੰਦਾ। 10 ਕੁ ਸਾਲ ਪਹਿਲਾਂ ਕੈਨੇਡਾ ’ਚ ਵਾਪਰੀ ਇੱਕ ਘਟਨਾ ਨੇ ਮੇਰੇ ਸਾਹਮਣੇ ਪ੍ਰਤੱਖ ਰੂਪ ਵਿੱਚ ਸਾਬਿਤ ਕਰ ਦਿੱਤਾ ਕਿ ਵੰਡ ਵੇਲੇ ਜੋ ਕੁਝ ਹੋਇਆ, ਉਸ ਪਿੱਛੇ ਸਿਰਫ਼ ਰਾਜਸੀ ਸ਼ਕਤੀ ਹੀ ਕੰਮ ਕਰ ਰਹੀ ਸੀ, ਜੋ ਲੋਕਾਂ ਨੂੰ ਲੜਾ ਕੇ ਆਪਣੀਆਂ ਕੁਰਸੀਆਂ ਲਈ ਥਾਂ ਪੱਕਾ ਕਰ ਰਹੀ ਸੀ। ਅਚਾਨਕ ਮੇਰੇ ਮਨ ਨੂੰ ਹਮਸਾਇਆਂ ਦੀ ਉਸ ਵੇਲੇ ਦੀ ਨਫ਼ਰਤ ਨੂੰ ਪਾਸੇ ਕਰਕੇ ਉਨ੍ਹਾਂ ਦੀ ਅਪਣੱਤ ਨੇ ਘੇਰ ਲਿਆ।
ਉਸ ਦਿਨ ਮੈਂ ਸਰਕਾਰੀ ਬੈਂਕ ਦੇ ਬਾਹਰ ਰਾਤ ਨੂੰ ਸਕਿਓਰਿਟੀ ਗਾਰਡ ਦੀ ਡਿਊਟੀ ਕਰ ਰਿਹਾ ਸੀ। ਉਹੀ ਬੈਂਕ, ਜਿਸ ਦੇ ਬਾਹਰੋਂ ਚੋਰ ਏ ਟੀ ਐੱਮ ਵਾਲੀ ਮਸ਼ੀਨ ਪੁੱਟ ਕੇ ਲੈ ਗਏ ਸੀ। ਰਾਤ 8 ਵਜੇ ਸ਼ੁਰੂ ਹੋਈ ਮੇਰੀ ਡਿਊਟੀ ਸਵੇਰੇ 8 ਵਜੇ ਤੱਕ ਸੀ। ਮੈਂ ਸਾਰੀ ਰਾਤ ਆਪਣੀ ਕਾਰ ’ਚ ਬੈਠ ਕੇ ਕੱਟਣੀ ਸੀ। ਮੈਨੂੰ ਆਇਆਂ ਹਾਲੇ ਅੱਧਾ ਕੁ ਘੰਟਾ ਹੋਇਆ ਹੋਵੇਗਾ ਕਿ ਸੈਰ ਕਰਦਾ ਅਧੇੜ ਉਮਰ ਦਾ ਇੱਕ ਜੋੜਾ ਮੈਨੂੰ ‘ਹਾਏ ਹੈਲੋ’ ਕਰਕੇ ਕੋਲੋਂ ਲੰਘ ਗਿਆ, ਪਰ ਥੋੜ੍ਹੀ ਅੱਗੇ ਜਾ ਕੇ ਉਹ ਦੋਵੇਂ ਵਾਪਸ ਮੁੜ ਆਏ। ਘੜੀਆਂ ਕਾਲੀਆਂ ਮੁੱਛਾਂ ਤੇ ਸੰਵਾਰੇ ਵਾਲਾਂ ਵਾਲੇ ਆਦਮੀ ਨੇ ਸਤਿਕਾਰ ਵਜੋਂ ਮੈਨੂੰ ‘ਆਦਾਬ’ ਕਿਹਾ ਤੇ ਔਰਤ ਨੇ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਬੁਲਾਈ। ਮੈਂ ਉਤਸ਼ਾਹ ਨਾਲ ਜਵਾਬ ਦਿੱਤਾ ਤੇ ਆਪਣੇ ਆਪ ਮੂੰਹੋਂ ਨਿਕਲ ਗਿਆ, ‘‘ਅੱਲਾ ਨਿਵਾਜ਼ ਪਾਕਿਸਤਾਨੀ ਪੰਜਾਬੀ?” ਉਸ ਆਦਮੀ ਨੇ ਮੁਸਕੁਰਾਉਂਦਿਆਂ ਅੱਗੇ ਵੱਧ ਕੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਘੁਟਦਿਆਂ ਆਖਿਆ, ‘‘ਹੈ ਤਾਂ ਅਸੀਂ ਇੱਕੋ ਈ, ਸਿਆਸੀ ਲੋਕਾਂ ਈ ਕੰਧ ਖੜ੍ਹੀ ਕਰ ਦਿੱਤੀ ਏ, ਭਾਈ ਜਾਨ ਜਦ ਕੋਈ ਹਮਸਾਇਆ ਮਿਲ ਜਾਏ, ਸਾਨੂੰ ਦੋਹਾਂ ਨੂੰ ਚਾਅ ਚੜ੍ਹ ਜਾਂਦੈ।” ਮੈਂ ਧਿਆਨ ਦਿੱਤਾ ਕਿ ਔਰਤ ਦੀ ਨਜ਼ਰ ਮੇਰੇ ਚਿਹਰੇ ’ਤੇ ਟਿਕੀ ਹੋਈ ਸੀ। ਪਤੀ ਦੀ ਗੱਲ ਖ਼ਤਮ ਹੁੰਦਿਆਂ ਹੀ ਉਹ ਬੋਲੀ, ‘‘ਭਾਈ ਸਾਹਿਬ ਤੁਸੀਂ ਚੜ੍ਹਦੇ ਪੰਜਾਬ ਤੋਂ ਕਿੱਥੋਂ?’’ ਮੈਂ ਆਪਣਾ ਜ਼ਿਲ੍ਹਾ ਦੱਸਿਆ ਤਾਂ ਉਸ ਪੁੱਛਿਆ, ‘‘ਉਦੋਂ ਵੱਡੇ ਕਿਥੋਂ ਉੱਜੜ ਕੇ ਗਏ ਸਨ ?’’ ਮੇਰੀ ਹੈਰਾਨੀ ਕੁਦਰਤੀ ਸੀ, ਇਸ ਨੂੰ ਕਿਵੇਂ ਪਤਾ ਲੱਗ ਗਿਐ ਅਸੀਂ ਬਾਰ ’ਚੋਂ ਆਏ ਸੀ। ਮੇਰੇ ਮੂੰਹੋਂ ਲਾਇਲਪੁਰ ਸੁਣਦਿਆਂ ਹੀ ਉਸ ਦੇ ਚਿਹਰੇ ਦਾ ਰੰਗ ਭਖ਼ ਗਿਆ। ਪਤੀ ਨੂੰ ਬੋਲੀ, ‘‘ਮੈਂ ਕਹਿੰਦੀ ਸੀ ਨਾ ਬਾਈ ਜੀ ਸਾਡੇ ਹਮਸਾਏ ਈ ਹੋਣਗੇ।’’
ਦੋਹਾਂ ਦੀਆਂ ਗੱਲਾਂ ਸੁਣਦਿਆਂ ਮੇਰੇ ਮਨ ’ਚ ਪਿਤਾ ਜੀ ਵਲੋਂ ਦੱਸੀਆਂ ਬਾਰ (ਹੁਣ ਪਾਕਿਸਤਾਨ) ਦੀਆਂ ਗੱਲਾਂ ਵਾਲੀ ਰੀਲ ਚੱਲਣ ਲੱਗ ਪਈ ਸੀ। ਮੈਂ ਵੀ ਗੱਡੀ ’ਚੋਂ ਬਾਹਰ ਆ ਖਲੋਤਾ ਤੇ ਮੈਂ ਪੁੱਛਿਆ, ‘‘ਤੁਸੀਂ ਕਿੰਜ ਪਛਾਣਿਆ ਮੈਨੂੰ? ‘‘ਲੈ ਇਹ ਕੁਝ ਤਾਂ ਮੱਥੇ ’ਤੇ ਲਿਖਿਆ ਹੁੰਦੈ, ਮੈਂ ਪੜ੍ਹ ਲਿਆ।’’ ਉਸ ਨੇ ਬਾਰ ਵਾਲਾ ਪਿੰਡ ਪੁੱਛਿਆ, ਮੈਂ ਦੱਸਿਆ ਕਿ ਪਿਤਾ ਜੀ ਚੱਕ ਨੰਬਰ 70 ਰੱਤੀ ਰੱਤਾ ਦੱਸਦੇ ਹੁੰਦੇ ਸੀ। ਸੁਣਦੇ ਈ ਬਿਨਾਂ ਕਿਸੇ ਝਿਜਕ ਉਸ ਨੇ ਮੈਨੂੰ ਜੱਫੀ ’ਚ ਲੈ ਲਿਆ। ‘‘ਵੀਰਿਆ ਮੈਂ ਉਸੇ ਪਿੰਡ ਜੰਮੀ ਪਲੀ ਤੇ ਵੱਡੀ ਹੋਈ ਆਂ। ਤੂੰ ਕਿਤੇ ਲੰਬੜਦਾਰਾਂ ਦੇ ਟੱਬਰ ’ਚੋਂ ਤੇ ਨਹੀਂ?’’ ਮੇਰੇ ਮਨ ਵਿੱਚ ਵੀ ਸਵਾਲ ਉੱਠਣ ਲੱਗ ਪਏ। ‘ਇਹ ਕਿਤੇ ਘਰਾਂ ’ਚੋਂ ਈ ਨਾ ਨਿਕਲ ਆਵੇ। ਸਵਾਲ ਇਹ ਵੀ ਉੱਠਿਆ ਕਿ ਕਿਤੇ ਇਹ ਉਨ੍ਹਾਂ ’ਚੋਂ ਨਾ ਹੋਵੇ, ਜਿਨ੍ਹਾਂ ਨੂੰ ਮਾਪਿਆਂ ਨੇ ਹੀ ਮਾਰ ਕੇ ਖੂਹ ’ਚ ਸੁੱਟ ਦਿੱਤਾ ਸੀ, ਪਰ ਫਿਰ ਯਾਦ ਆਇਆ ਕਿ ਉਨ੍ਹਾਂ ’ਚੋਂ ਜੇ ਕੋਈ ਬਚ ਗਈ ਹੁੰਦੀ ਤਾਂ ਇਸ ਵੇਲੇ 90-95 ਦੀ ਹੋਣੀ ਸੀ।
ਖੈਰ, ਮੌਕਾ ਏਨਾ ਭਾਵੁਕ ਹੋ ਗਿਆ, ਜਿਵੇਂ ਇੱਕੋ ਟੱਬਰ ਦੇ ਵਿਛੜੇ ਜੀਅ ਦਹਾਕਿਆਂ ਬਾਅਦ ਮਿਲੇ ਹੋਈਏ। ਕੁਝ ਹੋਰ ਗੱਲਾਂ ਕਰਦੇ ਹੋਏ ਸਮਾਂ ਕਾਫੀ ਲੰਘ ਗਿਆ ਸੀ। ਅਸਾਂ ਇੱਕ ਦੂਜੇ ਨਾਲ ਫੋਨ ਨੰਬਰ ਵਟਾਏ। ਮਗਰੋਂ ਜਿੰਨੀ ਦੇਰ ਮੈਂ ਉਥੇ ਡਿਊਟੀ ਕੀਤੀ, ਦੋਵੇਂ ਜੀਅ ਸੈਰ ਕਰਨ ਆਉਂਦੇ ਤੇ ਕਿੰਨੀ ਕਿੰਨੀ ਦੇਰ ਗੱਲਾਂ ਮਾਰਦੇ ਰਹਿੰਦੇ। ਕਈ ਵਾਰ ਮੇਰੇ ਲਈ ਖ਼ਾਸ ਪਕਵਾਨ ਵੀ ਲੈ ਆਉਂਦੇ। ਡਿਊਟੀ ਉਥੋਂ ਹਟਣ ਮਗਰੋਂ ਮੇਰਾ ਉੱਧਰ ਜਾਣਾ ਬੰਦ ਹੋ ਗਿਆ। ਪਰ ਮਗਰੋਂ ਕਈ ਵਾਰ ਮੈਂ ਪਰਿਵਾਰ ਨਾਲ ਉਨ੍ਹਾਂ ਦੇ ਘਰ ਗਿਆ ਤੇ ਉਹ ਵੀ ਮਿਲਣ ਆਏ। ਉਨ੍ਹਾਂ ਦੇ ਬੱਚਿਆਂ ਨਾਲ ਵੀ ਸਾਡੀ ਗੂੜ੍ਹੀ ਸਾਂਝ ਬਣ ਗਈ, ਜੋ ਹੁਣ ਤੱਕ ਨਿਭ ਰਹੀ ਹੈ।
ਪਿਛਲੇ ਦਿਨੀਂ ਉਜਾੜੇ ਦੀਆਂ ਚੀਸਾਂ ਬਾਰੇ ਇੱਕ ਲੇਖ ਪੜ੍ਹ ਕੇ ਮੈਂ ਸੋਚ ਰਿਹਾ ਸੀ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਮਨ ਵਿੱਚ ਇੱਕ ਦੂਜੇ ਲਈ ਕਿੰਨਾ ਸਨੇਹ ਤੇ ਅਪਣੱਤ ਹੈ। ਇੰਨਾ ਕੁਝ ਹੋਣ ਬੀਤਣ ਦੇ ਬਾਵਜੂਦ ਬੋਲੀ, ਪਹਿਰਾਵੇ ਅਤੇ ਰੀਤੀ ਰਿਵਾਜਾਂ ਦੀ ਸਾਂਝ ਇੰਨੀ ਮਜ਼ਬੂਤ ਹੈ ਕਿ ਅਸੀਂ ਹਮਸਾਏ, ਪਰਦੇਸਾਂ ਵਿੱਚ ਵੀ ਇਕ ਦੂਜੇ ਨੂੰ ਧਾਅ ਕੇ ਮਿਲਦੇ ਹਾਂ।
ਸੰਪਰਕ: +16044427676

