ਗੁਰਬਿੰਦਰ ਸਿੰਘ ਮਾਣਕ
ਬਹੁਤ ਛੋਟੇ ਹੁੰਦਿਆਂ ਮੈਂ ਤੇ ਮੇਰਾ ਛੋਟਾ ਭਰਾ ਅੱਗੜ-ਪਿੱਛੜ ਪੜ੍ਹਦੇ ਸਾਂ। ਸਕੂਲ ਪੜ੍ਹਦੇ ਸਮੇਂ ਸ਼ਨਿੱਚਰਵਾਰ ਨੂੰ ਅੱਧੀ ਛੁੱਟੀ ਸਾਰੀ ਹੋਣ ਦੀ ਖ਼ੁਸ਼ੀ ਹੀ ਨਹੀਂ ਸੰਭਾਲੀ ਜਾਂਦੀ ਸੀ, ਐਤਵਾਰ ਦੀ ਪੂਰੀ ਛੁੱਟੀ ਨਾਲ ਤਾਂ ਮਨ ਖਿੜ ਉਠੱਦਾ ਸੀ। ਬਹੁਤ ਚਾਅ ਨਾਲ ਮਾਂ ਕੋਲ ਬੈਠ ਕੇ ਆਪਣੀ ਖ਼ੁਸ਼ੀ ਸਾਂਝੀ ਕਰਦੇ ਕਿ ਕੱਲ੍ਹ ਅਸੀਂ ਸਕੂਲ ਜਾਣਾ ਹੀ ਨਹੀਂ। ਮਾਂ ਪਿਆਰ ਨਾਲ ਮੱਥੇ ਚੁੰਮਦੀ ਤਾਂ ਸਾਡੀ ਖ਼ੁਸ਼ੀ ਦੂਣ ਸਵਾਈ ਹੋ ਜਾਂਦੀ। ਉਹ ਆਪਣੇ ਕੋਲ ਬਿਠਾ ਕੇ ਦੁੱਧ ਪਿਲਾਉਂਦੀ। ਧਤੂਨੇ ਵਿਚੋਂ ਮਲਾਈ ਕੱਢ ਕੇ ਬੇਹੀ ਰੋਟੀ ’ਤੇ ਰੱਖ ਕੇ, ਉੱਤੇ ਸ਼ੱਕਰ ਪਾ ਕੇ ਖਾਣ ਲਈ ਦਿੰਦੀ। ਨਾਲ ਨਾਲ ਗੱਲਾਂ ਵੀ ਕਰੀ ਜਾਂਦੀ। ਜਾਪਦਾ ਜਿਵੇਂ ਸਕੂਲ ਛੁੱਟੀ ਹੋਣ ਦੀ ਉਸ ਨੂੰ ਵੀ ਅੰਤਾਂ ਦੀ ਖ਼ੁਸ਼ੀ ਹੋਈ ਹੋਵੇ। ਸ਼ਾਮ ਪਏ ਖੇਤਾਂ ਵਿਚੋਂ ਪਿਤਾ ਜੀ ਆਉਂਦੇ ਤਾਂ ਅਸੀਂ ਦੋਵੇਂ ਦੌੜ ਕੇ ਉਨ੍ਹਾਂ ਦੀਆਂ ਲੱਤਾਂ ਨਾਲ ਚਿੰਬੜ ਜਾਂਦੇ ਤੇ ਉਨ੍ਹਾਂ ਨਾਲ ਵੀ ਅਗਲੇ ਦਿਨ ਦੀ ਛੁੱਟੀ ਦੀ ਖ਼ੁਸ਼ੀ ਸਾਂਝੀ ਕਰਦੇ। ਖੇਤੀ ਦੇ ਕੰੰਮ ਵਿਚ ਥੱਕੇ ਹਾਰੇ ਹੋਣ ਦੇ ਬਾਵਜੂਦ ਉਹ ਸਾਨੂੰ ਗਲਵਕੜੀ ’ਚ ਲੈ ਕੇ ਪਿਆਰ ਕਰਦੇ। ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰੀ ਜਾਂਦੇ। ਸਾਡੀ ਪੜ੍ਹਾਈ ਸਬੰਧੀ ਜਾਣਕਾਰੀ ਲੈਂਦੇ।
ਅਸੀਂ ਸਕੂਲ ਵਿਚ ਵਾਪਰਿਆ ਸਭ ਕੁਝ ਦੱਸ ਦਿੰਦੇ। ਨਾਲ ਹੀ ਇਕ ਦੂਜੇ ਦੀਆਂ ਸ਼ਿਕਾਇਤਾਂ ਵੀ ਲਾਈ ਜਾਂਦੇ। ਪਿਤਾ ਜੀ ਸਾਡੀਆਂ ਗੱਲਾਂ ਸੁਣਦੇ ਖ਼ੁਸ਼ ਵੀ ਹੁੰਦੇ ਤੇ ਵਿਚ ਵਿਚ ਸਾਡੇ ਕੰਨ ਵੀ ਮਰੋੜੀ ਜਾਂਦੇ। ਮਾਂ ਤੇ ਵੱਡੀ ਭੈਣ ਵਾਰ ਵਾਰ ਆ ਕੇ ਟੋਕਦੀਆਂ, ‘‘ਚਲੋ ਹੁਣ ਬੱਸ ਕਰੋ, ਪਿਤਾ ਜੀ ਨੂੰ ਨਹਾ ਲੈਣ ਦਿਉ।’’ ਪਿਤਾ ਜੀ ਨਹਾ ਕੇ ਰਹਿਰਾਸ ਦਾ ਪਾਠ ਕਰਦੇ। ਅਰਦਾਸ ਉਪਰੰਤ ਅਸੀਂ ਦੋਵੇਂ ਫਿਰ ਉਨ੍ਹਾਂ ਦੇ ਮੰਜੇ ’ਤੇ ਜਾ ਕੇ ਬੈਠਦੇ। ਉਹ ਸਾਨੂੰ ਸਿੱਖ ਇਤਿਹਾਸ ਦੀਆਂ ਕਈ ਸਾਖੀਆਂ ਸੁਣਾਉਂਦੇ। ਜੇ ਸਾਡਾ ਹੁੰਗਾਰਾ ਮੱਠਾ ਹੁੰਦਾ ਤਾਂ ਉਨ੍ਹਾਂ ਤੋਂ ਝਿੜਕਾਂ ਵੀ ਪੈਂਦੀਆਂ। ਰੋਟੀ ਖਾਣ ਉਪਰੰਤ ਪਤਾ ਹੀ ਨਾ ਲੱਗਦਾ ਕਿ ਕਦੋਂ ਨੀਂਦ ਦੇ ਘੋੜੇ ’ਤੇ ਸਵਾਰ ਹੋ ਗਏ। ਪਹਿਲਾਂ ਜਾਗਦਿਆਂ ਦੋਵਾਂ ਵਿਚ ਇਹ ਲੜਾਈ ਹੁੰਦੀ ਕਿ ਪਿਤਾ ਜੀ ਨਾਲ ਕੌਣ ਸੌਵੇਂਗਾ। ਕਈ ਵਾਰ ਸਾਡੀ ਜ਼ਿੱਦ ਅੱਗੇ ਹਾਰਦਿਆਂ ਪਿਤਾ ਜੀ ਇਕ ਨੂੰ ਇਕ ਪਾਸੇ ਪਾ ਲੈਂਦੇ ਦੂਜੇ ਨੂੰ ਦੂਜੇ ਪਾਸੇ।
ਪਿਤਾ ਜੀ ਨੂੰ ਵੱਡੇ ਤੜਕੇ ਉੱਠਣ ਦੀ ਆਦਤ ਸੀ। ਉਹ ਇਸ਼ਨਾਨ ਕਰਨ ਉਪਰੰਤ ਸੁਖਮਣੀ ਸਾਹਿਬ ਸਮੇਤ ਨਿੱਤ-ਨੇਮ ਦੀਆਂ ਸਾਰੀਆਂ ਬਾਣੀਆਂ ਦਾ ਪਾਠ ਕਰਦੇ। ਉਹ ਸਾਰੇ ਪਰਿਵਾਰ ਨੂੰ ਵੀ ਇਹੀ ਕਹਿੰਦੇ ਕਿ ਸਾਰੇ ਵੇਲੇ ਸਿਰ ਉੱਠੋ। ਆਮ ਦਿਨਾਂ ਵਿਚ ਤਾਂ ਸਾਡੇ ਉੱਤੇ ਵੀ ਇਹੀ ਨਿਯਮ ਲਾਗੂ ਹੁੰਦਾ, ਪਰ ਛੁੱਟੀ ਵਾਲੇ ਦਿਨ ਸਾਨੂੰ ਥੋੜ੍ਹਾ ਚਿਰ ਹੋਰ ਸੌਣ ਦੀ ਛੋਟ ਮਿਲ ਜਾਂਦੀ। ਇਹ ਛੋਟ ਏਨੀ ਜ਼ਿਆਦਾ ਵੀ ਨਹੀਂ ਸੀ ਹੁੁੰਦੀ ਕਿ ਸਾਰਾ ਦਿਨ ਸੁੱਤੇ ਹੀ ਰਹੀਏ। ਐਤਵਾਰ ਨੂੰ ਸਭ ਤੋਂ ਵੱਡਾ ਤੇ ਮੁਸ਼ਕਲ ਕੰਮ ਸਿਰ ਨਹਾਉਣਾ ਹੁੰਦਾ। ਸਾਡੀ ਇੱਛਾ ਹੁੁੰਦੀ ਸੀ ਕਿ ਨਹਾਉਣ ਧੁਆਉਣ ਦਾ ਕੰਮ ਮਾਂ ਕਰੇ। ਮਾਂ ਪਿਆਰ ਨਾਲ ਦੁਲਾਰੀ ਵੀ ਜਾਂਦੀ ਤੇ ਸਾਡੇ ਗਿੱਟਿਆਂ ਗੋਡਿਆਂ ਨੂੰ ਰਗੜ ਰਗੜ ਕੇ ਮੈਲ ਵੀ ਲਾਹੀ ਜਾਂਦੀ। ਮੈਂ ਅੱਖਾਂ ’ਚ ਸਾਬਣ ਪੈਣ ਤੋਂ ਬਹੁਤ ਘਬਰਾਉਂਦਾ। ਮਾਂ ਸਾਹ਼ਮਣੇ ਤਾਂ ਅਸੀਂ ਰੋਣ ਵੀ ਲੱਗ ਜਾਂਦੇ। ਉਹ ਸਾਨੂੰ ਪੁਚਕਾਰ ਕੇ ਚੁੱਪ ਕਰਾ ਲੈਂਦੀ। ਸਾਨੂੰ ਮਾਂ ਦੇ ਹੱਥਾਂ ਦੀ ਛੋਹ ਨਾਲ ਛੇਤੀ ਹੀ ਸਭ ਕੁਝ ਭੁੱਲ ਜਾਂਦਾ। ਸਾਡੇ ਨਾ ਚਾਹੁੰਦਿਆਂ ਵੀ ਅਕਸਰ ਪਿਤਾ ਜੀ ਸਾਡਾ ਇਸ਼ਨਾਨ ਕਰਾਉਂਦੇ। ਉਨ੍ਹਾਂ ਦਿਨਾਂ ਵਿਚ ਘਰਾਂ ਵਿਚ ਪਾਣੀ ਲਈ ਨਲਕੇ ਹੀ ਹੁੰਦੇ ਸਨ। ਪਿਤਾ ਜੀ ਸਾਡੇ ਸਿਰਾਂ ਨੂੰ ਦੋ-ਦੋ ਵਾਰ ਸਾਬਣ ਲਾਉਂਦੇ। ਸਾਨੂੰ ਹਦਾਇਤ ਵੀ ਕਰੀ ਜਾਂਦੇ ਕਿ ਸਿਰ ਨੂੰ ਮਲੀ ਜਾਉ। ਅੱਖਾਂ ’ਚ ਸਾਬਣ ਪੈ ਕੇ ਸਾਡਾ ਬੁਰਾ ਹਾਲ ਹੋ ਜਾਂਦਾ।
ਪਿਤਾ ਜੀ ਦੇ ਦਬਕੇ ਕਾਰਨ ਅਸੀਂ ਚਾਹ ਕੇ ਵੀ ਰੋ ਨਾ ਸਕਦੇ। ਪਿਤਾ ਜੀ ਨਲਕਾ ਗੇੜੀ ਜਾਂਦੇ ਤੇ ਅਸੀਂ ਹਉਕੇ ਭਰਦੇ ਸਿਰ ਮਲੀ ਜਾਂਦੇ। ਇਸ ਉਪਰੰਤ ਸਾਡੇ ਸਿਰਾਂ ਵਿਚ ਦਹੀਂ ਮਲਿਆ ਜਾਂਦਾ। ਘੱਟੋ-ਘੱਟ ਅੱਧਾ ਘੰਟਾ ਪਿਤਾ ਜੀ ਸਾਡੇ ਸਿਰ ਨਹਾਉਣ ’ਤੇ ਹੀ ਲਾਉਂਦੇ। ਫਿਰ ਪਿੰਡਿਆਂ ਨੂੰ ਸਾਬਣ ਮਲਦੇ, ਨਾਲ ਨਾਲ ਸਾਨੂੰ ਹੱਥਾਂ ਪੈਰਾਂ ਤੇ ਗਿੱਟਿਆਂ ਗੋਡਿਆਂ ਨੂੰ ਮਲੀ ਜਾਣ ਦਾ ਆਦੇਸ਼ ਵੀ ਦਿੰਦੇ। ਕਦੇ ਸਾਡੇ ਕੋਲੋਂ ਵਾਰ ਵਾਰ ਨੱਕ ਸਾਫ਼ ਕਰਵਾਉਂਦੇ। ਗੱਲ ਕੀ ਅਸੀਂ ਰੋਣਹਾਕੇ ਮੂੰਹ ਬਣਾਈ ਥੱਕ ਹਾਰ ਜਾਂਦੇ ਕਿ ਪਿਤਾ ਜੀ ਹੁਣ ਬਸ ਕਰਨ, ਪਰ ਪਿਤਾ ਜੀ ਕਹੀ ਜਾਂਦੇ, ‘‘ਪੁੱਤ, ਦੋ-ਦੋ ਚੁੱਭੀਆਂ ਹੋਰ ਲਾ ਲਉ ਮੈਂ ਗੇੜਦਾਂ ਨਲਕਾ।’’ ਸਿਆਲਾਂ ਦੇ ਦਿਨਾਂ ਵਿਚ ਤਾਂ ਇਹ ਸਥਿਤੀ ਹੋਰ ਵੀ ਦੁਖਦਾਈ ਬਣ ਜਾਂਦੀ। ਅੱਜ ਵਾਂਗ ਗੀਜ਼ਰ ਤਾਂ ਘਰਾਂ ਵਿਚ ਹੁੰਦੇ ਨਹੀਂ ਸਨ। ਪਿਤਾ ਜੀ ਸਰ੍ਹੋਂ ਦਾ ਤੇਲ ਲੈ ਕੇ ਪਹਿਲਾਂ ਸਾਡੀ ਮਾਲਸ਼ ਕਰਦੇ। ਫਿਰ ਤਾਜ਼ੇ ਪਾਣੀ ਨਾਲ ਸਾਨੂੰ ਨੁਹਾ ਕੇ ਰਜਾਈ ਵਿਚ ਬਿਠਾ ਦਿੰਦੇ। ਪਿਤਾ ਜੀ ਪਾਸੇ ਹੁੰਦੇ ਤਾਂ ਅਸੀਂ ਮਾਂ ਦੇ ਕੋਲ ਆਉਂਦਿਆਂ ਹੀ ਰੋਣ ਲੱਗ ਜਾਂਦੇ। ਉਹ ਸਾਨੂੰ ਕਲਾਵੇ ’ਚ ਲੈ ਕੇ ਪਿਆਰ ਕਰਦੀ, ਸਾਡੇ ਪੀਣ ਲਈ ਦੁੱਧ ਲਿਆਉਂਦੀ। ਅਸੀਂ ਝੱਟ ਰੋਣਾ-ਧੋਣਾ ਭੁੱਲ ਕੇ ਮਾਂ ਨਾਲ ਗੱਲਾਂ ਕਰਨ ਲੱਗਦੇ। ਕਈ ਵਾਰ ਪਿਤਾ ਜੀ ਸਾਡੇ ਸਿਰਾਂ ਵਿਚ ਤੇਲ ਵੀ ਆਪ ਹੀ ਝੱਸਦੇ, ਪਰ ਸਾਡਾ ਮਨ ਕਰਦਾ ਤੇਲ ਵੀ ਮਾਂ ਹੀ ਲਾਵੇ ਤੇ ਸਿਰ ਵਾਹ ਕੇ ਜੂੜਾ ਵੀ ਉਹੀ ਕਰੇ। ਮਾਂ ਚੰਗੀ ਤਰ੍ਹਾਂ ਤੇਲ ਝੱਸ ਕੇ ਉਲਝੇ ਵਾਲਾਂ ਨੂੰ ਹੌਲੀ-ਹੌਲੀ ਵਾਹੁੰਦੀ।
ਵੱਡੇ ਹੋਇਆਂ ਸਿਰ ਭਾਵੇਂ ਆਪੇ ਨਹਾ ਲੈਂਦੇ, ਪਰ ਤੇਲ ਮਾਂ ਹੀ ਝੱਸਦੀ ਰਹੀ। ਵਿਆਹੇ ਜਾਣ ਤੋਂ ਕਿੰਨੇ ਸਾਲਾਂ ਤੱਕ ਤੇਲ ਮਾਂ ਹੀ ਝੱਸਦੀ ਰਹੀ। ਕਿੰਨਾ ਸਕੂਨ ਮਿਲਦਾ ਸੀ ਮਾਂ ਦੇ ਹੱਥਾਂ ਦੀ ਛੋਹ ਨਾਲ ਇਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਮਾਂ ਭਾਵੇਂ ਬਹੁਤ ਬਦਲ ਗਿਆ ਹੈ, ਪਰ ਮਾਂ ਦੀ ਮਮਤਾ ਨੂੰ ਸ਼ਾਇਦ ਕੋਈ ਫ਼ਰਕ ਨਹੀਂ ਪਿਆ। ਹੁਣ ਮੇਰਾ ਪੁੱਤਰ ਤੇ ਧੀ ਵੀ ਉਸੇ ਤਰ੍ਹਾਂ ਕਰਦੇ ਹਨ, ਭਾਵੇਂ ਸਾਰਾ ਦਿਨ ਸਿਰ ਖਿਲਾਰੀ ਬੈਠੇ ਰਹਿਣ, ਪਰ ਆਪਣੇ ਆਪ ਤੇਲ ਨਹੀਂ ਲਾਉਂਦੇ। ਉਹ ਵੀ ਮਾਂ ਦੇ ਹੱਥਾਂ ਦੀ ਛੋਹ ਲੈਣ ਲਈ ਹਮੇਸ਼ਾਂ ਬੇਤਾਬ ਰਹਿੰਦੇ ਹਨ। ਔਰਤ ਮਾਂ, ਪਤਨੀ, ਭੈਣ ਤੇ ਧੀ ਦੇ ਰੂਪ ਵਿਚ ਜ਼ਿੰਦਗੀ ਦੀ ਧਰੋਹਰ ਹੈ। ਇਸ ਦੀ ਨਿਰਛਲ ਤੇ ਆਪਾ ਵਾਰੂ ਭਾਵਨਾ ਦਾ ਕਰਜ਼ ਕਦੇ ਨਹੀਂ ਉਤਾਰਿਆ ਜਾ ਸਕਦਾ।
ਸੰਪਰਕ: 98153-56086