DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਵੇ ਵਾਲੀ ਚੋਈ

ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਚੋਆਂ ਲਈ ਮਸ਼ਹੂਰ ਹੈ। ਕੋਈ ਵੇਲਾ ਸੀ ਕਿ ਇਨ੍ਹਾਂ ਚੋਆਂ ਵਿੱਚ ਜ਼ਿੰਦਗੀ ਧੜਕਦੀ ਸੀ। ਸਾਰਾ ਸਾਲ ਵਗਣ ਵਾਲੇ ਚੋਅ ਹੁਣ ਬਰਸਾਤੀ ਹੋ ਗਏ ਹਨ। ਇਨ੍ਹਾਂ ਦੀ ਹਿੱਕ ’ਤੇ ਮਨੁੱਖੀ ਪੈਰਾਂ ਰਾਹੀਂ ਪਈਆਂ ਪਗਡੰਡੀਆਂ ਝਾੜਾਂ-ਬੂਟੀਆਂ ਨੇ ਆਪਣੀ ਬੁੱਕਲ...

  • fb
  • twitter
  • whatsapp
  • whatsapp
Advertisement

ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਚੋਆਂ ਲਈ ਮਸ਼ਹੂਰ ਹੈ। ਕੋਈ ਵੇਲਾ ਸੀ ਕਿ ਇਨ੍ਹਾਂ ਚੋਆਂ ਵਿੱਚ ਜ਼ਿੰਦਗੀ ਧੜਕਦੀ ਸੀ। ਸਾਰਾ ਸਾਲ ਵਗਣ ਵਾਲੇ ਚੋਅ ਹੁਣ ਬਰਸਾਤੀ ਹੋ ਗਏ ਹਨ। ਇਨ੍ਹਾਂ ਦੀ ਹਿੱਕ ’ਤੇ ਮਨੁੱਖੀ ਪੈਰਾਂ ਰਾਹੀਂ ਪਈਆਂ ਪਗਡੰਡੀਆਂ ਝਾੜਾਂ-ਬੂਟੀਆਂ ਨੇ ਆਪਣੀ ਬੁੱਕਲ ਵਿੱਚ ਲੈ ਲਈਆਂ ਹਨ। ਇਸ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਦੇ ਬੀਤ ਇਲਾਕੇ ਨੂੰ ਕੁਦਰਤ ਨੇ ਇੱਕ ਖ਼ਾਸ ਢੰਗ ਨਾਲ ਸ਼ਿੰਗਾਰਿਆ ਹੈ। ਨੀਮ ਪਹਾੜੀ ਇਲਾਕੇ ਦੇ ਪੱਧਰੇ ਸ਼ਿਖਰ ’ਤੇ ਵਸੇ ਕਰੀਬ ਹਰ ਪਿੰਡ ਦੇ ਨੇੜੇ ਵੱਡੇ-ਛੋਟੇ ਚੋਅ ਹਨ। ਪਛਾਣ ਲਈ ਨਾਂ ਰੱਖਣਾ ਵੀ ਸੁਭਾਵਿਕ ਹੀ ਹੈ। ਸਾਡੇ ਪਿੰਡ ਦੇ ਲਹਿੰਦੇ ਵੱਲ ਛੋਟਾ ਚੋਅ ਹੈ, ਜੋ ਸਾਡੇ ਬਚਪਨ ਦੇ ਸਮੇਂ ਤੋਂ, ਬਲਕਿ ਉਸ ਤੋਂ ਵੀ ਪਹਿਲਾਂ ਤੋਂ ‘ਬਾਵੇ ਵਾਲੀ ਚੋਈ’ ਦੇ ਨਾਂ ਨਾਲ ਮਸ਼ਹੂਰ ਹੈ। ਛੋਟਾ ਚੋਅ ਹੋਣ ਕਰਕੇ ਸ਼ਾਇਦ ਇਸ ਦਾ ਨਾਂ ਚੋਈ ਪੈ ਗਿਆ ਹੋਵੇ।

ਸਾਡੇ ਬਚਪਨ ਦੇ ਸਮੇਂ ਪਿੰਡ ਦੇ ਸਾਰੇ ਲੋਕ ਸਵੇਰੇ ਜੰਗਲ-ਪਾਣੀ ਚੋਆਂ ਨੇੜਲੇ ਖੇਤਾਂ ਵੱਲ ਜਾਇਆ ਕਰਦੇ ਸਨ। ਘਰ-ਘਰ ਪਖਾਨੇ ਹਾਲੇ ਸੋਚ ਤੋਂ ਪਰ੍ਹੇ ਦੀਆਂ ਗੱਲਾਂ ਸਨ। ਔਰਤਾਂ ਅਤੇ ਮਰਦਾਂ ਦੇ ਜਾਣ ਲਈ ਵੱਖੋ-ਵੱਖਰੇ ਪਾਸੇ ਸਨ। ਬਾਵੇ ਵਾਲੀ ਚੋਈ ਵੱਲ ਦਾ ਪਾਸਾ ਔਰਤਾਂ ਲਈ ਅਤੇ ਦੂਜੇ ਪਾਸੇ ਦੇ ਚੋਆਂ ਵੱਲ ਦਾ ਪਾਸਾ ਇੱਕ ਤਰ੍ਹਾਂ ਨਾਲ ਮਰਦਾਂ ਲਈ ਰਾਖਵਾਂ ਹੋ ਗਿਆ ਸੀ। ਸਵੇਰੇ-ਸਵੇਰੇ ਇੱਕ-ਦੂਜੇ ਨਾਲ ਦੁਆ-ਸਲਾਮ ਹੋ ਜਾਂਦੀ ਅਤੇ ਨਵੀਂ ਪਤਾ ਲੱਗੀ ਕਿਸੇ ਜਾਣਕਾਰੀ ਦਾ ਆਦਾਨ-ਪ੍ਰਦਾਨ ਵੀ ਹੋ ਜਾਂਦਾ, ਜੋ ਅੱਜਕੱਲ੍ਹ ਵਟਸਐਪ ਗਰੁੱਪਾਂ ਜਾਂ ਅਨਾਊਂਸਮੈਂਟ ਰਾਹੀਂ ਪਤਾ ਲਗਦੀ ਹੈ।

Advertisement

ਉਸ ਵੇਲੇ ਇਹ ਗੱਲ ਮਸ਼ਹੂਰ ਸੀ ਕਿ ਬਾਵੇ ਵਾਲੀ ਚੋਈ ਬੜੀ ਕਰੜੀ ਥਾਂ ਹੈ। ਇੱਥੇ ਬਾਵਾ ਰਹਿੰਦਾ ਹੈ। ਸਾਡੇ ਲਈ ਬਾਵਾ ਅਜਿਹਾ ਕਾਲਪਨਿਕ ਨਾਂ ਸੀ ਜਿਸ ਕੋਲੋਂ ਅਸੀਂ ਸਾਰਾ ਬਚਪਨ ਹੀ ਡਰਦੇ ਰਹੇ। ਮਾਵਾਂ ਲਈ ਇੱਲਤਾਂ ਕਰਦੇ ਬੱਚਿਆਂ ਨੂੰ ਵਰਜਣ ਲਈ ਬਾਵੇ ਦਾ ਨਾਂ ਲੈ ਕੇ ਡਰਾਉਣਾ ਸੁਖਾਲਾ ਕੰਮ ਸੀ। ਜੇ ਕੋਈ ਬੱਚਾ ਕਿਸੇ ਗੱਲੋਂ ਅੜੀ ਕਰਦਾ ਜਾਂ ਗੱਲ ਨਾ ਮੰਨਦਾ ਤਾਂ ਮਾਂ ਝੱਟ ਡਰਾਵਾ ਦਿੰਦੀ ਕਿ ਤੈਨੂੰ ਬਾਵੇ ਕੋਲ ਫੜਾ ਦੇਣਾ। ਬੱਚੇ ਵੀ ਡਰਦੇ ਸਨ ਕਿ ਬਾਵਾ ਆਇਆ ਕਿ ਆਇਆ। ਸਾਡੇ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਵੀ ਡਰਦੀਆਂ ਰਹੀਆਂ ਹੋਣਗੀਆਂ। ਇਹ ਚੋਈ ਸਾਡੇ ਘਰ ਦੇ ਨਜ਼ਦੀਕ ਹੈ ਇਸ ਲਈ ਕਿਸੇ ਛੋਟੀ ਜਿਹੀ ਗ਼ਲਤੀ ’ਤੇ ਵੀ ਬਾਵੇ ਵੱਲੋਂ ਫੜ ਲਏ ਜਾਣ ਦਾ ਡਰਾਵਾ ਮਿਲਣਾ ਬਹੁਤ ਸੁਭਾਵਕ ਗੱਲ ਸੀ। ਸੂਰਜ ਛਿਪਣ ਤੋਂ ਬਾਅਦ ਕਿਸੇ ਵਿੱਚ ਵੀ ਓਧਰਲੇ ਪਾਸੇ ਇਕੱਲੇ ਜਾਣ ਦੀ ਹਿੰਮਤ ਨਹੀਂ ਸੀ ਹੁੰਦੀ। ਸਾਡੀ ਉਮਰ ਦੇ ਮੁੰਡੇ ਉੱਥੇ ਬੱਕਰੀ ਚਾਰਨ ਅਤੇ ਲੱਕੜਾਂ ਕੱਟਣ ਤੋਂ ਵੀ ਡਰਦੇ ਰਹਿੰਦੇ।

Advertisement

ਗਰਮੀਆਂ ਦੀ ਸਿਖਰ ਦੁਪਹਿਰ ਵੇਲੇ ਜਦੋਂ ਅੰਬਾਂ ਹੇਠ ਰੌਣਕਾਂ ਲਗਦੀਆਂ ਤਾਂ ਵੀ ਬਾਵੇ ਵਾਲੀ ਚੋਈ ਵਾਲਾ ਅੰਬ ਦਾ ਬੂਟਾ ਸੁੰਨਾ ਹੁੰਦਾ। ਬਾਵੇ ਦੇ ਡਰ ਵਾਲੀ ਗੱਲ ਨਿਆਣਿਆਂ ਦੇ ਮਨ ਵਿੱਚ ਡੂੰਘਾ ਘਰ ਕਰ ਗਈ ਸੀ। ਗਰਮੀਆਂ ਦੇ ਦਿਨਾਂ ਵਿੱਚ ਇੱਕ ਵਾਰ ਸਾਡੇ ਪਤੰਗ ਦੀ ਡੋਰ ਟੁੱਟ ਗਈ। ਪਤੰਗ ਉਡਦਾ-ਉਡਦਾ ਬਾਵੇ ਵਾਲੀ ਚੋਈ ਵੱਲ ਹੋ ਤੁਰਿਆ। ਮਗਰ-ਮਗਰ ਅਸੀਂ। ਤਿੰਨ-ਚਾਰ ਜਣੇ ਇਕੱਠੇ ਹੋਣ ਕਰਕੇ ਹੌਸਲੇ ਨਾਲ ਤੁਰ ਪਏ। ਉਨ੍ਹਾਂ ਦਿਨਾਂ ਵਿੱਚ ਪਤੰਗ ਰੈਡੀਮੇਡ ਨਹੀਂ ਸਨ ਮਿਲਦੇ, ਸਗੋਂ ਆਪ ਬਣਾਉਣੇ ਪੈਂਦੇ ਸਨ। ਇਹ ਉਹ ਸਮਾਂ ਸੀ ਜਦੋਂ ਗੂੰਦ ਦੀ ਥਾਂ ਬਿੱਲ ਜਾਂ ਲਸੂੜਾ ਤੋੜ ਕੇ ਕਾਗਜ਼ ਚਿਪਕਾਏ ਜਾਂਦੇ ਸਨ। ਕਿੱਕਰ ਤੇ ਕੱਕੜ ਦੇ ਦਰੱਖ਼ਤਾਂ ਦੇ ਮੁੱਢ ਨੂੰ ਕੁਹਾੜੇ ਨਾਲ ਟੱਕ ਲਾਏ ਜਾਂਦੇ ਤੇ ਉਨ੍ਹਾਂ ਵਿੱਚੋਂ ਨਿਕਲਿਆ ਤਰਲ ਕੁੱਝ ਦਿਨਾਂ ਵਿੱਚ ਗੂੰਦ ਦਾ ਰੂਪ ਧਾਰ ਲੈਂਦਾ। ਇਹ ਜੁਗਾੜ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਕਣਕ ਦੇ ਆਟੇ ਨੂੰ ਭਿਉਂ ਕੇ ਲੇਟੀ ਬਣਾ ਲਈ ਜਾਂਦੀ। ਵੈਸੇ ਜ਼ਿਆਦਾਤਰ ਲੇਟੀ ਤੋਂ ਗੁਰੇਜ਼ ਹੀ ਕੀਤਾ ਜਾਂਦਾ ਸੀ ਕਿਉਂਕਿ ਇਸ ਨਾਲ ਪਤੰਗ ਦਾ ਭਾਰ ਵਧ ਜਾਂਦਾ ਸੀ ਤੇ ਥੋੜ੍ਹੀ ਹਵਾ ਵਿੱਚ ਪਤੰਗ ਨਹੀਂ ਸੀ ਉੱਡਦਾ। ਖੈਰ, ਸਾਡਾ ਪਤੰਗ ਉੱਡਦਾ-ਉੱਡਦਾ ਬਾਵੇ ਵਾਲੀ ਚੋਈ ਵਿੱਚ ਜਾ ਵੜਿਆ। ਅਸੀਂ ਵੀ ਪਿੱਛਾ ਕਰਦੇ ਚੋਈ ’ਚ ਜਾ ਵੜੇ ਅਤੇ ਬਚਦੇ-ਬਚਾਉਂਦੇ ਕੰਡਿਆਲੀਆਂ ਝਾੜੀਆਂ ਵਿੱਚੋਂ ਪਤੰਗ ਨੂੰ ਸੁਰੱਖਿਅਤ ਕੱਢ ਲਿਆਏ। ਲੂ ਲੱਗਣ ਕਾਰਨ ਸਾਡੇ ਵਿੱਚੋਂ ਇੱਕ ਬੀਮਾਰ ਹੋ ਗਿਆ। ਉਸ ਦੀ ਬੇਬੇ ਲੱਗੀ ਛਾਣਬੀਣ ਕਰਨ। ਅੱਜ ਕਿੱਥੇ-ਕਿੱਥੇ ਘੁੰਮਿਆ? ਕੌਣ-ਕੌਣ ਨਾਲ ਸੀ? ਬਸ ਫਿਰ ਕੀ ਸੀ। ਬੇਬੇ ਲੱਗੀ ਝਾੜਾਂ ਪਾਉਣ, ‘ਬੀਮਾਰ ਤਾਂ ਹੋਣਾ ਈ ਸੀ। ਸਿਖਰ ਦੁਪਹਿਰੇ ਕਰੜੀ ਜਗ੍ਹਾ ਘੁੰਮਦੇ ਰਹੇ।’ ਇਹ ਗੱਲਾਂ ਹੁਣ ਸਮਾਂ ਵਿਹਾਅ ਚੁੱਕੀਆਂ ਹਨ। ਜੰਗਲ-ਪਾਣੀ ਸ਼ਬਦ ਵੀ ਨਵੀਂ ਪੀੜ੍ਹੀ ਲਈ ਓਪਰਾ ਹੈ। ਘਰ ਵਿੱਚ ਹੀ ਸਭ ਸੁੱਖ-ਸਹੂਲਤਾਂ ਉਪਲੱਬਧ ਹੋ ਗਈਆਂ ਹਨ। ਬਾਵਾ, ਜੋ ਸਾਡੀ ਪੀੜ੍ਹੀ ਲਈ ਡਰ ਦਾ ਪ੍ਰਤੀਕ ਹੁੰਦਾ ਸੀ, ਨਵੀਂ ਪੀੜ੍ਹੀ ਉਸ ਤੋਂ ਅਣਜਾਣ ਹੈ। ਬੱਚੇ ਦੁਕਾਨਾਂ ਤੋਂ ਰੈਡੀਮੇਡ ਪਤੰਗ ਖਰੀਦ ਕੇ ਪੱਕੀਆਂ ਛੱਤਾਂ ’ਤੇ ਉਡਾ ਲੈਂਦੇ ਹਨ। ਛੇਵੀਂ ਵਿੱਚ ਪੜ੍ਹਦੇ ਆਪਣੇ ਭਤੀਜੇ ਗੁਰਨਿਹਾਲ ਨੂੰ ਜਦੋਂ ਮੈਂ ਚੋਈ ਬਾਰੇ ਪੁੱਛਿਆ ਤਾਂ ਉਸ ਨੇ ਕਦੇ ਇਸ ਦਾ ਨਾਂ ਹੀ ਨਹੀਂ ਸੀ ਸੁਣਿਆ। ਚੋਈ ਤਾਂ ਅੱਜ ਵੀ ਮੌਜੂਦ ਹੈ ਪਰ ਬਾਵਾ ਗਾਇਬ ਹੈ। ਜੇ ਹੁੰਦਾ ਵੀ ਤਾਂ ਇਨ੍ਹਾਂ ਨੂੰ ਡਰ-ਭਉ ਕਿੱਥੇ ਹੋਣਾ ਸੀ।

ਸੰਪਰਕ: 94638-51568

Advertisement
×