ਜਿ਼ੰਦਗੀ ਦੀ ਸੁਰ

ਜਿ਼ੰਦਗੀ ਦੀ ਸੁਰ

ਬਲਜੀਤ ਪਰਮਾਰ

ਗਜੀਤ ਸਿੰਘ ਨਾਲ ਮੇਰੀ ਚਿਰਾਂ ਦੀ ਸਾਂਝ ਸੀ। ਪੰਜਾਬੀ ਸਾਹਿਤ ’ਚ ਮੇਰੀ ਦਿਲਚਸਪੀ ਅਤੇ ਪੱਤਰਕਾਰ ਹੋਣਾ ਸਾਂਝ ਦੇ ਸਬੱਬ ਸਨ। ਸਾਡੇ ਕਈ ਸਾਂਝੇ ਦੋਸਤ ਸਨ, ਇਸ ਤੋਂ ਬਿਨਾਂ ਸੁਹਜ-ਸੁਆਦ ਸਾਂਝੇ ਸਨ। ਸਾਂਝ ਦੀ ਸਭ ਤੋਂ ਅਹਿਮ ਤੰਦ ਸਾਡਾ ਪੰਜਾਬੀ ਹੋਣਾ ਸੀ।

ਮੁੰਬਈ ਦੇ ਚਰਚ ਗੇਟ ਸਟੇਸ਼ਨ ਦੇ ਲਾਗੇ ਗੇਅਲੌਰਡ ਰੈਸਟੋਰੈਂਟ ਵਿਚ ਇੱਕ ਨੁਕਰੇ ਜਗਜੀਤ ਦਾ ਅੱਡਾ ਸੀ ਅਤੇ ਮੇਰਾ ਅੱਡਾ ਸੜਕ ਦੇ ਦੂਜੇ ਪਾਸੇ ਬੇਰੀ’ਜ਼ ਰੈਸਟੋਰੈਂਟ ਵਿਚ ਸੀ। ਬੇਰੀ’ਜ਼ ਦਾ ਮਾਲਕ ਨਾਸੀਰ ਭਾਈ ਮੇਰਾ ਯਾਰ ਹੈ। ਅਸੀਂ ਰਾਤ ਨੂੰ ਜਾਮ ਛਲਕਾਉਣ ਅਤੇ ਖਾਣਾ ਖਾਣ ਤੋਂ ਬਾਅਦ ਤਕਰੀਬਨ ਰੋਜ਼ ਮਿਲਦੇ ਸਾਂ। ਸਾਨੂੰ ਦੋਵਾਂ ਨੂੰ ਸਮੁੰਦਰ ਬਹੁਤ ਪਸੰਦ ਸੀ। ਇਸ ਸੜਕ ਤੇ ਮੈਰੀਨ ਡਰਾਇਵ ਵਾਲੇ ਪਾਸੇ ਜਗਜੀਤ ਸਿੰਘ ਐਮਬੈਸਡਰ ਹੋਟਲ ਦੇ ਬਾਹਰ ਫੜ੍ਹੀ ਵਾਲੇ ਤੋਂ ਆਪਣਾ ਪਸੰਦੀਦਾ ‘ਪਾਨ’ ਖਾਣ ਆਉਂਦੇ ਸਨ।

ਇਸ ਤੋਂ ਅੱਗੇ ਅਸੀਂ ਸਮੁੰਦਰ ਵਾਲੇ ਪਾਸੇ ਗਈ ਰਾਤ ਤੱਕ ਚੁਟਕਲੇ ਸੁਣਾਉਂਦੇ ਸੈਰ ਕਰਦੇ ਸਾਂ ਅਤੇ ਰਾਹਗੀਰਾਂ ਉੱਤੇ ਬੋਲੇ ਕੱਸਦੇ ਸਾਂ। ਜਗਜੀਤ ਚੁਸਤ ਫ਼ਿਕਰਿਆਂ ਦਾ ਧਨੀ ਸੀ, ਮੈਂ ਵੀ ਜੁਆਬੀ ਫ਼ਿਕਰਿਆਂ ਦਾ ਮਾਹਿਰ ਸਾਂ। ਰਾਤ ਦੀਆਂ ਇਹ ਤਫ਼ਰੀਆਂ ਮੇਰੀਆਂ ਖ਼ੁਸ਼ਗਵਾਰ ਸਦੀਵੀ ਯਾਦਾਂ ਹਨ।

ਜਗਜੀਤ ਅਤੇ ਚਿਤਰਾ ਦੀ ਜ਼ਿੰਦਗੀ ਵਿਚ ਵਾਪਰੇ ਹਾਦਸੇ ਦੀ ਯਾਦ ਨਾਲ ਮੇਰਾ ਹੁਣ ਵੀ ਗੱਚ ਭਰ ਆਉਂਦਾ ਹੈ। ਅਪਰੈਲ 1990 ਵਿਚ ਸੜਕ ਹਾਦਸੇ ਚ ਉਨ੍ਹਾਂ ਦੇ ਇਕਲੌਤੇ ਪੁੱਤਰ ਵਿਵੇਕ ਸਿੰਘ ਦੀ ਮੌਤ ਹੋ ਗਈ ਸੀ। ਦੱਖਣੀ ਮੁੰਬਈ ਦੀ ਮੈਰਿਨ ਡਰਾਈਵ ਵਾਲੀ ਵਲ਼ ਖਾਂਦੀ ਸੜਕ ਉੱਤੇ ਵਾਪਰੇ ਹਾਦਸੇ ਦੀ ਯਾਦ ਸਦਾ ਸੱਜਰੀ ਰਹਿੰਦੀ ਹੈ। ਵੀਹ ਸਾਲਾਂ ਦੇ ਪੁੱਤਰ ਦੀ ਮੌਤ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਖਲਾਅ ਪੈਦਾ ਕਰ ਦਿੱਤਾ ਸੀ। ਪੈਡਰ ਰੋਡ ਤੇ ਉਨ੍ਹਾਂ ਦੇ ਫਲੈਟ ਅੰਦਰ ਮਾਤਮਾਨਾ ਚੁੱਪ ਪਸਰ ਗਈ ਸੀ। ਬਾਜਾ, ਢੋਲਕ ਅਤੇ ਤਬਲਾ ਸੁੰਨ ਹੋ ਗਏ ਸਨ। ਕੁਝ ਦਿਨਾਂ ਵਿਚ ਮਾਤਮ ਵਿਚ ਸ਼ਰੀਕ ਹੋਣ ਆਉਣ ਵਾਲਿਆਂ ਦਾ ਆਉਣ-ਜਾਣ ਵੀ ਘਟ ਗਿਆ ਸੀ। ਪਹਿਲਾਂ ਤੈਅ ਕੀਤੇ ਗਾਉਣ ਦੇ ਪ੍ਰੋਗਰਾਮ ਇਸ ਜੋੜੇ ਨੇ ਰੱਦ ਕਰ ਦਿੱਤੇ ਸਨ। ਉਨ੍ਹਾਂ ਦੀਆਂ ਦਿਲ ਨੂੰ ਧੂਹ ਪਾਉਣ ਵਾਲੀਆਂ ਸ਼ਾਹਕਾਰ ਨਜ਼ਮਾਂ ਦੇ ਬੋਲ ਥੰਮ ਗਏ ਸਨ। ਉਨ੍ਹਾਂ ਦੇ ਗਲੇ ਸਾਜ਼ਾਂ ਨਾਲ ਸੁਰ ਮਿਲਾਉਣ ਤੋਂ ਇਨਕਾਰੀ ਸਨ। ਦੋ ਕੁ ਮਹੀਨਿਆਂ ਬਾਅਦ ਜਗਜੀਤ ਨੇ ਵਿਚਕਾਰ ਪਏ ਆਪਣੇ ਕੰਮਾਂ ਨੂੰ ਅੱਗੇ ਤੋਰਨ ਦਾ ਆਹਰ ਸ਼ੁਰੂ ਕਰ ਦਿੱਤਾ ਪਰ ਚਿਤਰਾ ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹੀਂ ਦਿਨੀਂ ਐੱਚਐੱਮਵੀ ਸਟੂਡੀਓ ਵਿਚ ਕੋਈ ਰਿਕਾਰਡਿੰਗ ਹੋਣ ਵਾਲੀ ਸੀ ਜਿਸ ਵਿਚ ਮੇਰੇ ਦੋਸਤ ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਨੇ ਵੀ ਗਾਉਣਾ ਸੀ। ਰਿਕਾਰਡਿੰਗ ਤੋਂ ਪਹਿਲਾਂ ਪੰਮੀ ਤਿਆਰੀ ਦੇ ਸਿਲਸਿਲੇ ਵਿਚ ਜਗਜੀਤ ਦੇ ਘਰ ਗਿਆ ਹੋਇਆ ਸੀ। ਆਪਣੇ ਸਰੋਤਿਆਂ ਦੀਆਂ ਸਿਫ਼ਾਰਿਸ਼ਾਂ ਅਤੇ ਮਨਾਉਣ ਦੇ ਹਰ ਉਪਰਾਲੇ ਦੇ ਬਾਵਜੂਦ ਚਿਤਰਾ ਨੇ ਇਨਕਾਰ ਕਰ ਦਿੱਤਾ, ਤੇ ਕਦੇ ਨਾ ਗਾਉਣ ਦਾ ਤਹਈਆ ਕਰ ਲਿਆ।

ਉਸੇ ਦਿਨ ਸ਼ਾਮ ਨੂੰ ਪੰਮੀ ਬਾਈ ਕੋਲਾਬਾ ਵਿਚ ਮੇਰੇ ਦਫ਼ਤਰ ਆਇਆ ਜਿੱਥੇ ਮੈਂ ‘ਦਿ ਡੇਲੀ’ ਅਖ਼ਬਾਰ ਵਿਚ ਸਪੈਸ਼ਲ ਕੌਰਸਪੌਂਡੈਂਟ ਵਜੋਂ ਕੰਮ ਕਰਦਾ ਸਾਂ। ਉਹ ਬਹੁਤ ਦਿਲਗੀਰ ਹੋਇਆ ਹੋਇਆ ਸੀ। ਉਹਨੇ ਦੁਖੀ ਹਿਰਦੇ ਨਾਲ ਮੈਨੂੰ ਸਾਰੀ ਹੋਈ-ਬੀਤੀ ਸੁਣਾ ਦਿੱਤੀ। ਪੱਤਰਕਾਰ ਹੋਣ ਦੇ ਨਾਤੇ ਮੇਰੇ ਲਈ ਚਿਤਰਾ ਸਿੰਘ ਦਾ ਨਾ ਗਾਉਣ ਦਾ ਤਹਈਆ ਮਨੁੱਖੀ ਦਿਲਚਸਪੀ ਦੀ ਵੱਡੀ ਖ਼ਬਰ ਸੀ। ਪੰਮੀ ਬਾਈ ਦੇ ਜਾਣ ਤੋਂ ਬਾਅਦ ਮੈਂ ਆਪਣੇ ਸੰਪਾਦਕ ਨਾਲ ਗੱਲ ਕੀਤੀ ਅਤੇ ਅਸੀਂ ਇਹ ਖ਼ਬਰ ਪਹਿਲੇ ਪੰਨੇ ਉੱਤੇ ਛਾਪਣ ਦਾ ਫ਼ੈਸਲਾ ਕੀਤਾ। ਸੰਗੀਤ ਦੀ ਦੁਨੀਆ ਲਈ ਇਹ ਖ਼ਬਰ ਝਟਕੇ ਵਰਗੀ ਸੀ। ਸਰੋਤਿਆਂ ਲਈ ਇਹ ਸਗਮੇ ਵਰਗਾ ਸੀ।

ਦੁਪਹਿਰੇ ਜਿਹੇ ਚਿਤਰਾ ਸਿੰਘ ਦਾ ਫੋਨ ਆਇਆ। ਉਹ ਬਹੁਤ ਖ਼ਫ਼ਾ ਸੀ। “ਬਲਜੀਤ, ਤੈਨੂੰ ਮੇਰੇ ਘਰ ਦੀ ਗੱਲ ਨੂੰ ਇਸ ਤਰ੍ਹਾਂ ਨਸ਼ਰ ਨਹੀਂ ਕਰਨਾ ਚਾਹੀਦਾ ਸੀ।” ਉਸ ਨੇ ਕੰਬਦੀ ਆਵਾਜ਼ ਵਿਚ ਇੰਨਾ ਕਹਿ ਕੇ ਫ਼ੋਨ ਰੱਖ ਦਿੱਤਾ। ਮੈਂ ਮੁਆਫ਼ੀ ਮੰਗੀ ਪਰ ਫ਼ੋਨ ਬੰਦ ਹੋ ਚੁਕੱਾ ਸੀ। ਆਥਣੇ ਜਗਜੀਤ ਨੂੰ ਫੋਨ ਕੀਤਾ ਅਤੇ ਇਸ ਤਰ੍ਹਾਂ ਦੀ ਬੇਸੁਆਦੀ ਪੈਦਾ ਕਰਨ ਲਈ ਮੁਆਫ਼ੀ ਮੰਗੀ। ਜਗਜੀਤ ਨੇ ਆਪਣੇ ਮਿਹਰਬਾਨ ਦੋਸਤਾਨਾ ਲਹਿਜ਼ੇ ਵਿਚ ਇਸ ਘਟਨਾ ਨੂੰ ਜ਼ਿਆਦਾ ਤੂਲ ਨਾ ਦੇਣ ਅਤੇ ਕੁਝ ਦਿਨ ਚਿਤਰਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਸ ਤੋਂ ਬਾਅਦ ਅਨੇਕ ਸੰਗਰਾਂਦਾਂ ਲੰਘ ਗਈਆਂ।

ਇੱਕ ਦਿਨ ਨਾਟਕ ਤੇ ਫ਼ਿਲਮ ਅਦਾਕਾਰ ਇੰਦਰਜੀਤ ਸਚਦੇਵ ਦਾ ਫ਼ੋਨ ਆਇਆ ਕਿ ਅੰਮ੍ਰਿਤਾ ਪ੍ਰੀਤਮ ਬਾਬਤ ਕਿਸੇ ਕੰਮ ਦੇ ਸਿਲਸਿਲੇ ’ਚ ਦੀਪਤੀ ਨਵਲ ਮੈਨੂੰ ਮਿਲਣਾ ਚਾਹੁੰਦੀ ਹੈ। ਵਰਸੋਵਾ ’ਚ ਇੰਦਰਜੀਤ ਤੇ ਦੀਪਤੀ ਗੁਆਂਢੀ ਸਨ। ਇੰਦਰਜੀਤ ਨਾਲ ਦੀਪਤੀ ਨੂੰ ਮਿਲਣ ਲਈ ਮੈਂ ਉਸ ਦੇ ਸਿਖ਼ਰਲੀ ਮੰਜ਼ਿਲ ਵਾਲੇ ਫਲੈਟ ’ਚ ਗਿਆ ਜੋ ਓਸ਼ਿਆਨਿਕ ਬਿਲਡਿੰਗ ਵਿਚ ਸੀ। ਦੀਪਤੀ ਨੇ ਅੰਮ੍ਰਿਤਾ ਦੀਆਂ ਤਕਰੀਬਨ ਸਾਰੀਆਂ ਕਿਤਾਬਾਂ ਮੰਗਵਾ ਲਈਆਂ ਸਨ ਪਰ ਉਸ ਨੂੰ ਗੁਰਮੁਖੀ ਪੜ੍ਹਨ ’ਚ ਔਖ ਆਉਂਦੀ ਸੀ ਤੇ ਠੇਠ ਲਫ਼ਜ਼ਾਂ ਦੀਆਂ ਰਮਜ਼ਾਂ ਸਮਝ ਨਹੀਂ ਆਉਂਦੀਆਂ ਸਨ। ਅਸੀਂ ਤਕਰੀਬਨ ਦੋ ਘੰਟੇ ਗੱਲਾਂ ਕਰਦੇ ਰਹੇ ਤੇ ਦੁਬਾਰਾ ਮਿਲਣ ਦੇ ਵਾਅਦੇ ਨਾਲ ਵਿਦਾ ਹੋਏ।

ਕੁਝ ਦਿਨਾਂ ਬਾਅਦ ਦੀਪਤੀ ਨੇ ਮੈਨੂੰ ਫੋਨ ਕਰ ਕੇ ਘਰ ਰਾਤ ਦੇ ਖਾਣੇ ਉੱਤੇ ਬੁਲਾਇਆ। ਮੈਂ ਪਹੁੰਚਿਆ ਤਾਂ ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਨਾਲ ਨਾਨਾ ਪਾਟੇਕਰ ਅਤੇ ਇੰਦਰਜੀਤ ਹਮਪਿਆਲਾ ਸਨ। ਦੀਪਤੀ ਨੇ ਆਪਣੇ ਮਨਸੂਬੇ ਦਾ ਮਰਕਜ਼ੀ ਖ਼ਿਆਲ ਸੁਣਾ ਦਿੱਤਾ ਜਿਸ ਵਿਚ ਉਹ ਸੂਤਰਧਾਰ ਦੀ ਭੂਮਿਕਾ ਅਦਾ ਕਰਨੀ ਚਾਹੁੰਦੀ ਸੀ। ਜਗਜੀਤ ਸਿੰਘ ਨੇ ਅੰਮ੍ਰਿਤਾ ਦੀਆਂ ਨਜ਼ਮਾਂ ਗਾਉਣੀਆਂ ਸਨ ਅਤੇ ਮੈਥੋਂ ਕੁਝ ਨਜ਼ਮਾਂ ਅਤੇ ਵਾਰਤਕ ਦੇ ਪਾਠ ਦੀ ਤਵੱਕੋ ਕੀਤੀ ਜਾਂਦੀ ਸੀ। ਅੱਧੀ ਰਾਤ ਤੋਂ ਬਾਅਦ ਤੱਕ ਚਰਚਾ ਹੁੰਦੀ ਰਹੀ। ਅੰਤ ਨੂੰ ਜਗਜੀਤ ਸਿੰਘ ਨੇ ਮੈਨੂੰ ਮੇਰੀ ਰਿਹਾਇਸ਼ ਉੱਤੇ ਜੂਹੂ ਵਿਚ ਉਤਾਰ ਦਿੱਤਾ। ਰਾਹ ਵਿਚ ਹੀ ਉਸ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਉਸ ਨੂੰ ਇਹ ਖ਼ਿਆਲ ਜ਼ਿਆਦਾ ਜਚਦਾ ਨਹੀਂ। ਮੈਨੂੰ ਨਹੀਂ ਪਤਾ ਕਿ ਬਾਅਦ ਵਿਚ ਕੀ ਹੋਇਆ ਪਰ ਜਗਜੀਤ ਦੀ ਇਸ ਵਿਚ ਦਿਲਚਸਪੀ ਨਹੀਂ ਸੀ।

ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਨੇ 2006 ਵਿਚ ਜਗਜੀਤ ਸਿੰਘ ਨੂੰ ਵੱਕਾਰੀ ਧਾਰਮਿਕ ਸਮਾਗਮ ਦੇ ਜਸ਼ਨਾਂ ਵਿਚ ਸ਼ਾਮਿਲ ਕਰ ਲਿਆ। ਮੇਰਾ ਦੋਸਤ ਜਸਬੀਰ ਸਿੰਘ ਧਾਮ ਤਾਲਮੇਲ ਦਾ ਕੰਮ ਕਰ ਰਿਹਾ ਸੀ ਅਤੇ ਗੁਲਜ਼ਾਰ, ਸੁਰਜੀਤ ਪਾਤਰ ਅਤੇ ਗੁਰਦਾਸ ਮਾਨ ਵਰਗੀਆਂ ਸ਼ਖ਼ਸੀਅਤਾਂ ਇਸ ਵਿਚ ਸ਼ਾਮਿਲ ਸਨ। ਜਗਜੀਤ ਨੇ ਉਸ ਪ੍ਰਾਜੈਕਟ ਵਿਚ ਚਾਰ ਸਾਲ ਕੰਮ ਕੀਤਾ ਅਤੇ ਧੇਲਾ ਨਹੀਂ ਲਿਆ।

ਇਸੇ ਦੌਰਾਨ ਮੈਂ ਨਵਾਂ ਫਲੈਟ ਖ਼ਰੀਦ ਲਿਆ ਪਰ ਪੈਸੇ ਥੁੜ੍ਹ ਗਏ। ਜਸਬੀਰ ਤੋਂ ਕੁਝ ਉਧਾਰ ਮੰਗਿਆ ਤਾਂ ਉਸ ਨੇ ਸਟੂਡੀਓ ਤੋਂ ਆ ਕੇ ਰਕਮ ਲੈ ਜਾਣ ਲਈ ਸੱਦ ਲਿਆ। ਮੈਂ ਜਾ ਕੇ ਰਕਮ ਲੈ ਆਇਆ ਅਤੇ ਜਗਜੀਤ ਨੂੰ ਬਿਨਾਂ ਮਿਲੇ ਆ ਗਿਆ। ਉਸ ਨੂੰ ਭਿਣਕ ਲੱਗ ਗਈ ਤਾਂ ਉਸ ਨੇ ਮੈਨੂੰ ਗਈ ਰਾਤ ਫੋਨ ਕੀਤਾ। ਪੰਜਾਬੀ ’ਚ ਮਿੱਠੀਆਂ ਮਿੱਠੀਆਂ ਗਾਲ਼ਾਂ ਕੱਢੀਆਂ ਤੇ ਪੁੱਛਿਆ ਕਿ ਮੈਂ ਉਸ ਨੂੰ ਆਪਣੀ ਮੁਸ਼ਕਿਲ ਬਾਬਤ ਕਿਉਂ ਨਹੀਂ ਦੱਸਿਆ। ਉਸ ਨੇ ਧੜੱਲੇ ਨਾਲ ਕਿਹਾ, “ਕਿੰਨੇ ਪੈਸੇ ਚਾਹੀਦੇ ਨੇ ਮੁੰਡਿਆ? ਮੈਨੂੰ ਦੱਸ, ਮੈਂ ਭੇਜ ਦਿੰਨਾਂ।”

ਇਹ ਜਗਜੀਤ ਸਿੰਘ ਸੀ ਜੋ ਸਦਾ ਲੋੜਵੰਦਾਂ ਦੇ ਕੰਮ ਆਉਂਦਾ ਸੀ। ਉਸ ਨੇ ਕਿਸੇ ਤੋਂ ਕੋਈ ਜੁਆਬੀ ਤਵੱਕੋ ਨਹੀਂ ਕੀਤੀ। ਉਹ ਬਹੁਤ ਸਾਦਾ ਜਿਹਾ ਬੰਦਾ ਸੀ ਜਿਸ ਦੀਆਂ ਲੋੜਾਂ ਸੀਮਤ ਸਨ। ਸਾਦੇ ਕੱਪੜੇ ਪਾਉਂਦਾ ਸੀ। ਉਸ ਨੂੰ ਖਾਕੀ ਅਤੇ ਭੂਰੇ ਰੰਗ ਦੀਆਂ ਪਤਲੂਨਾਂ ਪਸੰਦ ਸਨ। ਸਾਦੇ ਕਮੀਜ਼। ਕੋਈ ਕੰਪਨੀ ਮਾਲ ਨਹੀਂ। ਪੱਕਾ ਦੇਸੀ। ਉਹ ਆਪਣੀ ਨਸਲ ਦਾ ਅਨਮੋਲ ਹੀਰਾ ਸੀ।

ਸੰਪਰਕ: 98701-31868

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All