ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਂਦੇ ਚੋਰ ਦੀ ਲੰਗੋਟੀ ਹੀ ਸਹੀ...!

ਸਾਲ 2015 ਵਿੱਚ ਮੇਰੀ ਡਿਊਟੀ ਲੇਹ-ਲੱਦਾਖ਼ ਦੀਆਂ ਬਰਫ਼ੀਲੀਆਂ ਪਹਾੜੀਆਂ ’ਤੇ ਸੀ। ਅਸੀਂ ਤਰਕੀਬਨ ਦੋ ਕੁ ਸਾਲ ਦਾ ਸਮਾਂ ਉੱਥੋਂ ਦੇ ਲੋਕਾਂ ਵਿੱਚ ਬਿਤਾਇਆ। ਲੇਹ-ਲੱਦਾਖ਼ ਜਾਣ ਲਈ ਸੜਕੀ-ਮਾਰਗ ਬਹੁਤ ਲੰਮਾ ਤੇ ਜੋਖ਼ਮ ਭਰਿਆ ਹੈ। ਇਸ ਲਈ ਮੈਂ ਦੋਵੇਂ ਸਾਲ ਜ਼ਿਆਦਾਤਰ ਸਫ਼ਰ...
Advertisement

ਸਾਲ 2015 ਵਿੱਚ ਮੇਰੀ ਡਿਊਟੀ ਲੇਹ-ਲੱਦਾਖ਼ ਦੀਆਂ ਬਰਫ਼ੀਲੀਆਂ ਪਹਾੜੀਆਂ ’ਤੇ ਸੀ। ਅਸੀਂ ਤਰਕੀਬਨ ਦੋ ਕੁ ਸਾਲ ਦਾ ਸਮਾਂ ਉੱਥੋਂ ਦੇ ਲੋਕਾਂ ਵਿੱਚ ਬਿਤਾਇਆ। ਲੇਹ-ਲੱਦਾਖ਼ ਜਾਣ ਲਈ ਸੜਕੀ-ਮਾਰਗ ਬਹੁਤ ਲੰਮਾ ਤੇ ਜੋਖ਼ਮ ਭਰਿਆ ਹੈ। ਇਸ ਲਈ ਮੈਂ ਦੋਵੇਂ ਸਾਲ ਜ਼ਿਆਦਾਤਰ ਸਫ਼ਰ ਹਵਾਈ ਜਹਾਜ਼ ਰਾਹੀਂ ਹੀ ਕੀਤਾ। ਚੰਡੀਗੜ੍ਹ ਤੋਂ ਲੇਹ ਦਾ ਹਵਾਈ ਸਫ਼ਰ ਤਕਰੀਬਨ ਇੱਕ ਘੰਟੇ ਦਾ ਹੈ। ਅਸੀਂ ਚੰਡੀਗੜ੍ਹ ਤੋਂ ਸਵੇਰੇ ਛੇ ਕੁ ਵਜੇ ਉਡਾਣ ਭਰਨੀ ਅਤੇ ਸੱਤ ਵਜੇ ਤੋਂ ਪਹਿਲਾਂ ਬਰਫ਼ੀਲੀਆਂ ਪਹਾੜੀਆਂ ’ਚ ਪਹੁੰਚ ਜਾਣਾ। ਦਸੰਬਰ 2015 ’ਚ ਇੱਕ ਵਾਰ ਛੁੱਟੀ ਆਉਂਦਿਆਂ ਮੇਰਾ ਮੋਬਾਈਲ ਫੋਨ ਚੋਰੀ ਹੋ ਗਿਆ। ਮੈਂ ਉੱਥੇ ਹਵਾਈ ਅੱਡੇ ’ਤੇ ਬੈਠਾ ਸਾਂ ਕਿ ਠੰਢ ਕਰਕੇ ਪਾਏ ਭਾਰੇ ਕੱਪੜਿਆਂ ’ਚ ਮੈਨੂੰ ਰਤਾ ਇਲਮ ਨਾ ਹੋਇਆ। ਕੁਝ ਚਿਰ ਮਗ਼ਰੋਂ ਜਦੋਂ ਮੈਂ ਘਰ ਗੱਲ ਕਰਨ ਲਈ ਜੇਬ੍ਹ ’ਚ ਹੱਥ ਮਾਰਿਆ ਤਾਂ ਮੋਬਾਈਲ ਫੋਨ ਗਾਇਬ ਸੀ। ਮੈਂ ਕਾਫ਼ੀ ਚਿਰ ਇੱਧਰ-ਉੱਧਰ ਦੇਖਿਆ ਪਰ ਮੋਬਾਈਲ ਫੋਨ ਦਾ ਕੁਝ ਪਤਾ ਨਾ ਲੱਗਿਆ। ਮੈਂ ਪਾਇਲਟ ਕੋਲ ਗਿਆ ਅਤੇ ਦੱਸਿਆ ਕਿ ਮੇਰਾ ਮੋਬਾਈਲ ਫੋਨ ਗੁਆਚ ਗਿਆ ਹੈ। ਉਸ ਨੇ ਯਾਤਰੀਆਂ ਨੂੰ ਕਿਹਾ ਕਿ ਜੇ ਕਿਸੇ ਮੁਸਾਫ਼ਰ ਕੋਲ ਗ਼ਲਤੀ ਨਾਲ ਮੋਬਾਈਲ ਫੋਨ ਆ ਗਿਆ ਹੋਵੇ ਤਾਂ ਉਹ ਵਾਪਸ ਕਰ ਦੇਣ। ਪਰ ਮੈਨੂੰ ਮੋਬਾਈਲ ਫੋਨ ਨਾ ਮਿਲਿਆ।

ਚੰਡੀਗੜ੍ਹ ਪਹੁੰਚ ਕੇ ਅਗਲੇ ਦਿਨ ਮੈਂ ਥਾਣੇ ਜਾ ਕੇ ਮੋਬਾਈਲ ਫੋਨ ਚੋਰੀ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਉਹ ਮੇਰਾ ਮੋਬਾਈਲ ਨੰਬਰ ਸਰਵਰ ’ਤੇ ਲਾ ਦੇਣਗੇ ਤੇ ਜਦੋਂ ਵੀ ਕੋਈ ਮੋਬਾਈਲ ਸਵਿੱਚ ਔਨ ਕਰੇਗਾ ਤਾਂ ਪਤਾ ਲੱਗ ਜਾਵੇਗਾ ਕਿ ਫੋਨ ਕਿੱਥੇ ਹੈ। ਰਿਪੋਰਟ ਦਰਜ ਕਰਵਾ ਕੇ ਮੈਂ ਆਪਣੇ ਘਰ ਆ ਗਿਆ ਅਤੇ ਨਵਾਂ ਫੋਨ ਖ਼ਰੀਦ ਲਿਆ। ਕਈ ਦਿਨਾਂ ਬਾਅਦ ਵੀ ਮੇਰੇ ਗੁਆਚੇ ਮੋਬਾਈਲ ਫੋਨ ਦਾ ਕੁਝ ਪਤਾ ਨਾ ਲੱਗਿਆ। ਮੈਂ ਆਪਣੇ ਇੱਕ ਥਾਣੇਦਾਰ ਮਿੱਤਰ ਨੂੰ ਦੱਸਿਆ ਜਿਹੜਾ ਪੁਲੀਸ ਵਿਭਾਗ ’ਚ ਆਈ.ਟੀ ਸੈੱਲ ਦਾ ਇੰਚਾਰਜ ਤੇ ਤਕਨੀਕੀ ਖ਼ੇਤਰ ਦਾ ਕਾਫ਼ੀ ਮਾਹਿਰ ਸੀ।

Advertisement

ਉਸ ਨੇ ਆਪਣੇ ਪੱਧਰ ’ਤੇ ਮੇਰਾ ਫੋਨ ਸਰਚ ’ਤੇ ਲਗਾ ਦਿੱਤਾ ਅਤੇ ਹਫ਼ਤੇ ਕੁ ਬਾਅਦ ਹੀ ਉਸ ਦਾ ਫੋਨ ਆ ਗਿਆ ਕਿ ਮੇਰਾ ਮੋਬਾਈਲ ਫੋਨ ਸਵਿੱਚ ਔਨ ਹੋ ਗਿਆ ਹੈ। ਮੈਂ ਪੁੱਛਿਆ, ‘‘ਕਿਹੜੀ ਥਾਂ ’ਤੇ?’’

ਕਹਿੰਦਾ, ‘‘ਮੈਂ ਤੈਨੂੰ ਉਸ ਦਾ ਨਾਮ, ਪਤਾ ਤੇ ਟਿਕਾਣਾ ਭੇਜ ਦਿੰਦਾ ਹਾਂ।’’ ਹਾਲਾਂਕਿ ਪੁਲੀਸ ਵਿਭਾਗ ਇਸ ਤਰ੍ਹਾਂ ਦੀ ਜਾਣਕਾਰੀ ਸ਼ਿਕਾਇਤਕਰਤਾ ਨੂੰ ਮੁਹੱਈਆ ਨਹੀਂ ਕਰਵਾਉਂਦਾ, ਪਰ ਦੋਸਤੀ ਕਰਕੇ ਮੇਰੇ ਮਿੱਤਰ ਨੇ ਮੈਨੂੰ ਜਾਣਕਾਰੀ ਦੇ ਦਿੱਤੀ।

ਉਸ ਨੇ ਜਿਹੜੀ ਜਾਣਕਾਰੀ ਮੈਨੂੰ ਭੇਜੀ ਉਸ ਮੁਤਾਬਿਕ ਮੋਬਾਈਲ ਫੋਨ ਸਵਿੱਚ ਔਨ ਹੋਣ ਵਾਲੀ ਥਾਂ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੀ ਸੀ। ਮੈਂ ਉਹ ਸਾਰਾ ਵੇਰਵਾ ਲੈ ਕੇ ਦੁਬਾਰਾ ਥਾਣੇ ਗਿਆ। ਉੱਥੇ ਇੱਕ ਸਿਪਾਹੀ ਨੇ ਮੇਰੇ ਸਾਹਮਣੇ ਉਸ ਬੰਦੇ ਨੂੰ ਫੋਨ ਕੀਤਾ ਤੇ ਕਿਹਾ, ‘‘ਮੈਂ ਹਰਿਆਣਾ ਪੁਲੀਸ ਤੋਂ ਬੋਲ ਰਿਹਾ ਹਾਂ ਅਤੇ ਇਹ ਮੋਬਾਈਲ ਫੋਨ ਚੋਰੀ ਦਾ ਹੈ।’’

ਉਹ ਅੱਗਿਓਂ ਫੋਨ ਕੱਟ ਗਿਆ ਤੇ ਮੁੜ ਕੇ ਫੋਨ ਨਾ ਚੁੱਕਿਆ। ਮੈਂ ਇੱਕ ਮਹੀਨਾ ਛੁੱਟੀ ਕੱਟ ਕੇ ਦੁਬਾਰਾ ਡਿਊਟੀ ’ਤੇ ਲੇਹ-ਲੱਦਾਖ਼ ਪਰਤ ਗਿਆ। ਇਸ ਤਰ੍ਹਾਂ ਕਈ ਮਹੀਨੇ ਲੰਘ ਗਏ ਮੈਂ ਅਕਸਰ ਹੀ ਥਾਣੇ ਫੋਨ ਕਰਦਾ ਅਤੇ ਪੁੱਛਦਾ ਕਿ ਮੇਰਾ ਫੋਨ ਮਿਲਿਆ ਕਿ ਨਹੀਂ? ਉਹ ਅੱਗਿਓਂ ਕਹਿੰਦੇ, ‘‘ਸਰ, ਕੋਸ਼ਿਸ਼ ਕਰ ਰਹੇ ਹਾਂ।’’ ਪਰ ਇਹ ਕੋਸ਼ਿਸ਼ ਕਾਮਯਾਬ ਨਾ ਹੋਈ।

ਇੱਕ ਦਿਨ ਮੈਂ ਖ਼ੁਦ ਉਸ ਚੋਰ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਹਰਿਆਣਾ ਪੁਲੀਸ ਤੋਂ ਥਾਣੇਦਾਰ ਬੋਲ ਰਿਹਾ ਹਾਂ, ਉਹ ਇਹ ਫੋਨ ਤੁਰੰਤ ਵਾਪਸ ਕਰ ਦੇਵੇ। ਉਹ ਅੱਗਿਓਂ ਕਹਿੰਦਾ, ‘‘ਅਜੇ ਮੇਰੇ ਕੋਲ ਟਾਈਮ ਨਹੀਂ ਹੈ... ਫੇਰ ਦੇਖਾਂਗਾ।’’

ਅਸਲ ਵਿੱਚ ਉਸ ਨੂੰ ਪਤਾ ਸੀ ਕਿ ਹਰਿਆਣਾ ਪੁਲੀਸ ਦਾ ਕੋਈ ਮੁਲਾਜ਼ਮ ਇੱਕ ਮੋਬਾਈਲ ਫੋਨ ਲਈ ਇੰਨੀ ਦੂਰ ਮਹਾਰਾਸ਼ਟਰ ਨਹੀਂ ਆ ਸਕਦਾ। ਉਹ ਇਹ ਵੀ ਜਾਣਦਾ ਸੀ ਕਿ ਸਿਰਫ਼ ਫੋਨ ’ਤੇ ਗੱਲ ਕਰਕੇ ਹੀ ਦਬਾਓ ਬਣਾਇਆ ਜਾ ਸਕਦਾ ਹੈ, ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਮੈਂ ਕੁਝ ਦਿਨ ਫੋਨ ਨਾ ਕੀਤਾ। ਤਕਰੀਬਨ ਹਫ਼ਤੇ ਕੁ ਬਾਅਦ ਮੈਂ ਦੁਬਾਰਾ ਫੋਨ ਕੀਤਾ ਅਤੇ ਸਿੱਧਾ ਉਸ ਦਾ ਨਾਮ ਲੈ ਕੇ ਸੰਬੋਧਨ ਕੀਤਾ। ਉਹ ਅੱਗਿਓਂ ਕਹਿੰਦਾ, ‘‘ਹਾਂ, ਬੋਲ ਰਿਹਾ ਹਾਂ।’’

ਮੈਂ ਕਿਹਾ, ‘‘ਮੈਂ ਤੇਰੇ ਘਰ, ਸਤਾਰਾ ਜ਼ਿਲ੍ਹੇ ਦੀ ਲੋਕਲ ਪੁਲੀਸ ਦੇ ਕੁਝ ਮੁਲਾਜ਼ਮ ਭੇਜ ਰਿਹਾ ਹਾਂ। ਤੇਰੇ ਘਰ ਦਾ ਪਤਾ ਇਹੋ ਹੈ ਨਾ?’’ ਮੈਨੂੰ ਉਸ ਦੇ ਐਡਰੈੱਸ ਬਾਰੇ ਪਹਿਲਾਂ ਹੀ ਪਤਾ ਸੀ ਕਿਉਂਕਿ ਜਦੋਂ ਉਸ ਨੇ ਫੋਨ ਸਵਿੱਚ ਔਨ ਕੀਤਾ ਸੀ ਤਾਂ ਉਸ ਦਾ ਨਾਮ ਅਤੇ ਪਤਾ ਪੁਲੀਸ ਕੋਲ ਆ ਗਿਆ ਸੀ।

ਉਹ ਡਰ ਗਿਆ। ਕਹਿੰਦਾ, ‘‘ਸਰ, ਮੇਰੇ ਪਿੰਡ ਪੁਲੀਸ ਨਾ ਭੇਜਣਾ। ਪੂਰੇ ਪਿੰਡ ’ਚ ਸਾਡੀ ਨੱਕ ਵੱਢੀ ਜਾਵੇਗੀ।’’

ਮੈਂ ਕਿਹਾ, ‘‘ਪੁਲੀਸ ਪਾਰਟੀ ਤਾਂ ਨਿਕਲ ਚੁੱਕੀ ਹੈ, ਹੁਣ ਕੁਝ ਨਹੀਂ ਹੋ ਸਕਦਾ।’’

ਉਹ ਅੱਗਿਓਂ ਹਾੜੇ ਕੱਢਣ ਲੱਗਾ, ‘‘ਸਰ, ਮੈਂ ਤੁਹਾਡਾ ਮੋਬਾਈਲ ਫੋਨ ਅੱਜ ਹੀ ਕੋਰੀਅਰ (ਡਾਕ) ਰਾਹੀਂ ਵਾਪਸ ਭੇਜ ਦਿੰਦਾ ਹਾਂ। ਪਰ ਬੇਨਤੀ ਹੈ ਕਿ ਪੁਲੀਸ ਵਾਲਿਆਂ ਨੂੰ ਮੇਰੇ ਘਰ ਜਾਣ ਤੋਂ ਰੋਕੋ।’’

ਮੈਂ ਕਿਹਾ, ‘‘ਚੱਲ, ਮੋਬਾਈਲ ਫੋਨ ਕੋਰੀਅਰ ਕਰਕੇ ਰਸੀਦ ਭੇਜ, ਮੈਂ ਪੁਲੀਸ ਮੁਲਾਜ਼ਮਾਂ ਨੂੰ ਫੋਨ ਕਰਕੇ ਰੋਕਦਾ ਹਾਂ। ਤੇਰੇ ਕੋਲ ਸਿਰਫ਼ ਅੱਧਾ ਘੰਟਾ ਹੈ।’’

ਤਕਰੀਬਨ 20 ਕੁ ਮਿੰਟਾਂ ਬਾਅਦ ਹੀ ਮੇਰੇ ਕੋਲ ਕੋਰੀਅਰ ਦੀ ਰਸੀਦ ਆ ਗਈ। ਮੈਂ ਫੋਨ ਕਰ ਕੇ ਉਸ ਨੂੰ ਚੰਗਾ ਝੰਬਿਆ। ਉਹ ਹਰਿਆਣਾ ਪੁਲੀਸ ਤੋਂ ਇਸ ਲਈ ਨਹੀਂ ਡਰ ਰਿਹਾ ਸੀ ਕਿ ਇੰਨੀ ਦੂਰ ਪੁਲੀਸ ਇੱਕ ਮੋਬਾਈਲ ਕਰਕੇ ਕਿੱਥੇ ਆਉਂਦੀ ਹੈ? ਪਰ ਜਦੋਂ ਉਸ ਨੂੰ ਲੋਕਲ ਪੁਲੀਸ ਦਾ ਡਰਾਵਾ ਦਿੱਤਾ ਗਿਆ ਤਾਂ ਉਸੇ ਦਿਨ ਮੋਬਾਈਲ ਵਾਪਸ ਭੇਜ ਦਿੱਤਾ। ਹਫ਼ਤੇ ਕੁ ਬਾਅਦ ਮੋਬਾਈਲ ਫੋਨ ਤਾਂ ਮੈਨੂੰ ਮਿਲ ਗਿਆ, ਪਰ ਉਸ ਨੇ ਮੋਬਾਈਲ ਦੀ ਟੱਚ ਸਕਰੀਨ ਤੋੜ ਦਿੱਤੀ ਸੀ। ਤਕਰੀਬਨ 27 ਹਜ਼ਾਰ ਰੁਪਏ ਦਾ ਮੋਬਾਈਲ ਫੋਨ ਮੈਨੂੰ ਸਿਰਫ਼ ਪੰਜ ਹਜ਼ਾਰ ਰੁਪਏ ਵਿੱਚ ਵੇਚਣਾ ਪਿਆ ਪਰ ਜਿਵੇਂ ਸਿਆਣੇ ਕਹਿੰਦੇ ਨੇ, ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਮੈਂ ਵੀ ਅਖੀਰ ਇਹ ਲੰਗੋਟੀ ਲੈ ਕੇ ਸੰਤੁਸ਼ਟੀ ਪਾਈ।

ਸੰਪਰਕ: 90414-98009

Advertisement
Show comments