ਸੜਦੇ ਪੱਤਿਆਂ ਦੀ ਦਾਸਤਾਨ
ਮੈਂ ਆਪਣੀ ਮਾਂ ਨੂੰ ਸਾਰੀ ਉਮਰ ਕੰਮ ਕਰਦਿਆਂ ਹੀ ਦੇਖਿਆ ਸੀ। ਸਵੇਰੇ ਸੁਵੱਖਤੇ ਉੱਠਣ ਤੋਂ ਲੈ ਕੇ ਦੇਰ ਰਾਤ ਤੱਕ ਉਹ ਨਿਰੰਤਰ ਕੰਮ ਕਰਦੇ ਰਹਿੰਦੇ; ਨਾ ਗਰਮੀ ਦੇਖਦੇ ਅਤੇ ਨਾ ਸਰਦੀ। ਘਰ ਵਿੱਚ ਹੀ ਦੁਕਾਨ ਹੋਣ ਕਾਰਨ ਉਹ ਘਰ ਅਤੇ...
ਮੈਂ ਆਪਣੀ ਮਾਂ ਨੂੰ ਸਾਰੀ ਉਮਰ ਕੰਮ ਕਰਦਿਆਂ ਹੀ ਦੇਖਿਆ ਸੀ। ਸਵੇਰੇ ਸੁਵੱਖਤੇ ਉੱਠਣ ਤੋਂ ਲੈ ਕੇ ਦੇਰ ਰਾਤ ਤੱਕ ਉਹ ਨਿਰੰਤਰ ਕੰਮ ਕਰਦੇ ਰਹਿੰਦੇ; ਨਾ ਗਰਮੀ ਦੇਖਦੇ ਅਤੇ ਨਾ ਸਰਦੀ। ਘਰ ਵਿੱਚ ਹੀ ਦੁਕਾਨ ਹੋਣ ਕਾਰਨ ਉਹ ਘਰ ਅਤੇ ਦੁਕਾਨ ਦੋਵਾਂ ਦੀ ਜ਼ਿੰਮੇਵਾਰੀ ਬਰਾਬਰ ਨਿਭਾਉਂਦੇ ਸਨ। ਜਦੋਂ ਦੁਕਾਨ ’ਤੇ ਬੈਠਦੇ ਤਾਂ ਗਾਹਕਾਂ ਦੇ ਵਿਚਕਾਰਲੇ ਵਿਹਲੇ ਸਮੇਂ ਵਿੱਚ ਸਿਲਾਈ-ਕਢਾਈ ਕਰਦੇ ਜਾਂ ਕੁਝ ਬੁਣਦੇ ਰਹਿੰਦੇ ਅਤੇ ਨਾਲ-ਨਾਲ ਘਰ ਦਾ ਵੀ ਖ਼ਿਆਲ ਰੱਖਦੇ। ਜਦੋਂ ਉਹ ਘਰ ਦੇ ਕੰਮ ਕਰ ਰਹੇ ਹੁੰਦੇ ਤਾਂ ਦੁਕਾਨ ਵੱਲ ਖੁੱਲ੍ਹਦੀ ਖਿੜਕੀ ਵਿੱਚੋਂ ਗਾਹਕਾਂ ਦੀਆਂ ਚਲਾਕੀਆਂ ਨੂੰ ਬੇਪਰਦ ਕਰ ਦਿੰਦੇ ਅਤੇ ਸਾਡੀਆਂ ਗ਼ਲਤੀਆਂ ਤੋਂ ਸਾਨੂੰ ਚੌਕਸ ਕਰਦੇ ਰਹਿੰਦੇ। ਉਹ ਸਾਂਝੇ ਪੰਜਾਬ ਵੇਲੇ ਦੀਆਂ ਤਿੰਨ ਕੁ ਜਮਾਤਾਂ ਪਾਸ ਸਨ। ਦੇਸ਼ ਵੰਡ ਤੋਂ ਬਾਅਦ ਅੱਗੇ ਪੜ੍ਹਾਈ ਨਾ ਕਰ ਸਕਣ ਦੀ ਅਧੂਰੀ ਰੀਝ ਦਾ ਜ਼ਿਕਰ ਉਹ ਅਕਸਰ ਹੀ ਕਰਦੇ ਸਨ, ਪਰ ਫਿਰ ਵੀ ਉਹ ‘ਦਿੱਤੇ ਗਏ ਉਧਾਰ’ ਦਾ ਹਿਸਾਬ-ਕਿਤਾਬ ਬਾਖ਼ੂਬੀ ਲਿਖ ਲੈਂਦੇ ਸਨ। ਹਿਸਾਬ ਦਾ ਉਨ੍ਹਾਂ ਦਾ ਆਪਣਾ ਇੱਕ ਸਿੱਧਾ ਜਿਹਾ ਫਾਰਮੂਲਾ ਸੀ ‘ਜਿੰਨੇ ਰੁਪੱਈਆਂ ਦੀ ਮਣ (ਚਾਲੀ ਕਿਲੋ) ਕੋਈ ਚੀਜ਼, ਓਨੇ ਆਨਿਆਂ ਦੀ ਢਾਈ ਕਿਲੋ’। ਉਹ ਗਾਹਕਾਂ ਦੀ ਭੀੜ ਤੋਂ ਕਦੇ ਖਿਝਦੇ ਨਹੀਂ ਸਨ, ਸਗੋਂ ਲੋੜ ਅਨੁਸਾਰ ਗੱਲਾਂ-ਬਾਤਾਂ ਲਾ ਕੇ ਉਨ੍ਹਾਂ ਦੇ ਉਡੀਕ ਦੇ ਸਮੇਂ ਨੂੰ ਸੁਖਾਲਾ ਕਰ ਦਿੰਦੇ। ਬੱਚਿਆਂ ਨੂੰ (ਸੌਦੇ ਦੇ ਨਾਲ) ਖਾਣ ਲਈ ਕੁਝ ਨਾ ਕੁਝ ਭਾਵ ‘ਰੂੰਗਾ’ ਦੇ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ। ਦੂਜੇ ਪਾਸੇ ਵਿਹਾਰ ਪੱਖੋਂ ਠੀਕ ਨਾ ਹੋਣ ਵਾਲੇ ਲੋਕਾਂ ਨੂੰ ਉਧਾਰ ਦੇਣ ਤੋਂ ਨਾਂਹ ਕਰਨ ਦੀ ਜੁਰਅੱਤ ਵੀ ਉਹ ਰੱਖਦੇ ਸਨ। ਉਹ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਗੁਰਬਾਣੀ ਤੋਂ ਲੈਂਦੇ ਸਨ। ਸਾਡੇ ਘਰ ਦੀ ਚਾਰਦੀਵਾਰੀ ਨੀਵੀਂ ਹੋਣ ਕਾਰਨ ਰਾਤ ਨੂੰ ਅਸੀਂ ਬੱਚੇ ਅਕਸਰ ਡਰ ਜਾਂਦੇ ਸਾਂ। ਸਾਡਾ ਇਹ ਡਰ ਦੂਰ ਕਰਨ ਲਈ ਉਹ ਆਖਦੇ ‘ਕੀਰਤਨ ਸੋਹਿਲਾ ਦਾ ਪਾਠ ਕਰਨ ਨਾਲ ਘਰ ਦੁਆਲੇ (ਸੁਰੱਖਿਆ ਦਾ) ਕਿਲ੍ਹਾ ਉੱਸਰ ਜਾਂਦਾ ਹੈ।’ ਉਨ੍ਹਾਂ ਦੇ ਮੁਖਾਰਬਿੰਦ ਤੋਂ ਪਾਠ ਸੁਣਦੇ-ਸੁਣਦੇ ਅਸੀਂ ਬੇਖ਼ੌਫ ਹੋ ਕੇ ਸੌਂ ਜਾਂਦੇ। ਜੇਕਰ ਕੋਈ ਗਾਹਕ ਪਿੰਡ ਦੇ ਕਿਸੇ ਮਰਦ ਜਾਂ ਔਰਤ ਦੇ ਚਰਿੱਤਰ ’ਤੇ ਉਂਗਲ ਚੁੱਕਦਾ ਤਾਂ ਉਹ ਕਦੇ ਵੀ ਉਸ ਦੀ ਹਾਮੀ ਨਾ ਭਰਦੇ; ਜਾਂ ਤਾਂ ਆਪਣੀ ਅਗਿਆਨਤਾ ਪ੍ਰਗਟਾ ਦਿੰਦੇ ਜਾਂ ਕਹਿ ਦਿੰਦੇ ਕਿ ਉਨ੍ਹਾਂ ਨੂੰ ਤਾਂ ਉਸ ਵਿੱਚ ਕੋਈ ਖੋਟ ਨਜ਼ਰ ਨਹੀਂ ਆਉਂਦੀ।
ਕਦੇ-ਕਦੇ ਮਾਂ-ਬਾਪ ਦੀ ਲੜਾਈ ਭਿਅੰਕਰ ਰੂਪ ਵੀ ਧਾਰ ਲੈਂਦੀ ਸੀ। ਜਦੋਂ ਅਸੀਂ ਬਾਪੂ ਜੀ ਦੇ ਗੁੱਸੇਖ਼ੋਰ ਸੁਭਾਅ ਬਾਬਤ ਗਿਲਾ ਕਰਦੇ ਤਾਂ ਮਾਂ ਬੜੇ ਸਹਿਜ ਨਾਲ ਗੱਲ ਟਾਲ ਦਿੰਦੀ, “ਇਨ੍ਹਾਂ ਦਾ ਕੋਈ ਕਸੂਰ ਨਹੀਂ, ਬਚਪਨ ਵਿੱਚ ਮਾਂ ਦੀ ਮੌਤ ਅਤੇ ਘਰ ਵਿੱਚ ਅਤਿ ਦੀ ਗ਼ਰੀਬੀ ਹੋਣ ਕਰਕੇ ਅਜਿਹਾ ਸੁਭਾਅ ਹੋਣਾ ਸੁਭਾਵਿਕ ਹੀ ਸੀ।” ਦੂਜਾ ਕਾਰਨ ਇਹ ਸੀ ਕਿ ਭਾਪਾ ਜੀ ਨੇ ਫ਼ਿਰੋਜ਼ਪੁਰ ਤੋਂ ਪਟਵਾਰ ਦਾ ਕੋਰਸ ਕੀਤਾ ਸੀ, ਪਰ ਇੱਕ ਪੇਪਰ ਰਹਿ ਜਾਣ ਤੇ ਦੁਬਾਰਾ ਦਾਖ਼ਲਾ ਫ਼ੀਸ ਨਾ ਭਰ ਸਕਣ ਦੀ ਮਜਬੂਰੀ ਕਾਰਨ ਉਹ ਪਟਵਾਰੀ ਬਣਨ ਤੋਂ ਵਾਂਝੇ ਰਹਿ ਗਏ ਸਨ। ਤੰਗੀਆਂ-ਤੁਰਸ਼ੀਆਂ ਦੇ ਦਿਨਾਂ ਵਿੱਚ ਅਸੀਂ ਮਾਂ ਨੂੰ ਆਖਦੇ, “ਜੇਕਰ ਉਹ ਪਟਵਾਰੀ ਲੱਗੇ ਹੁੰਦੇ ਤਾਂ ਹੁਣ ਨੂੰ ਤਹਿਸੀਲਦਾਰ ਹੋਣਾ ਸੀ ਤੇ ਆਪਣੇ ਵਾਰੇ-ਨਿਆਰੇ ਹੋ ਜਾਣੇ ਸਨ।” ਪਰ ਮਾਂ ਇਸ ਗੱਲ ’ਤੇ ਵੀ ਤਸੱਲੀ ਜ਼ਾਹਿਰ ਕਰਦਿਆਂ ਕਹਿੰਦੀ, “ਚੰਗਾ ਹੋਇਆ ਜੋ ਇਹ ਪਟਵਾਰੀ ਨਹੀਂ ਬਣੇ, ਇਹ ਤਾਂ ਹੁਣੇ ਹੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਦੋਂ ਤਾਂ ਪਤਾ ਨਹੀਂ ਕੀ ਕਰਦੇ।” ਮਾਂ ਨੇ ਸਾਨੂੰ ਲਾਡ-ਪਿਆਰ ਨਾਲ ਕਦੇ ਵਿਗੜਨ ਨਹੀਂ ਦਿੱਤਾ। ਇੱਕ ਵਾਰ ਮੇਰੇ ਛੋਟੇ ਭਰਾ ਨੇ ਸਹਿਪਾਠੀ ਦੀ ਦੇਖਾ-ਦੇਖੀ ਜ਼ਿੱਦ ਕੀਤੀ, ‘ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਦਿਓ, ਨਹੀਂ ਤਾਂ ਮੈਂ ਸਕੂਲ ਨਹੀਂ ਜਾਵਾਂਗਾ।” ਜਦੋਂ ਮੈਂ ਸਕੂਲ ਦੇ ਪਹਿਲੇ ਹੀ ਦਿਨ ਅੱਧੀ ਛੁੱਟੀ ਵੇਲੇ ਮੁੜ ਆਏ ਗੁਆਂਢੀ ਸਾਥੀ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਆਖਿਆ, “ਮੈਂ ਅਧਿਆਪਕਾਂ ਦੀ ਕੁੱਟ ਦੇ ਡਰੋਂ ਸਕੂਲ ਨਹੀਂ ਜਾਵਾਂਗਾ” ਤਾਂ ਦੋਵੇਂ ਵਾਰੀ ਮਾਂ ਦਾ ਇੱਕੋ ਜਿਹਾ ਕਰੜਾ ਜਵਾਬ ਸੀ, “ਜੇ ਨਾ ਗਏ ਤਾਂ ਛਿੱਤਰਾਂ ਨਾਲ ਘੱਲੂੰਗੀ।” ਇਸ ਤਰ੍ਹਾਂ ਲਾਡ ਨਾਲ ਵਿਗਾੜ ਦੀ ਜਿਹੜੀ ਜੜ੍ਹ ਫੁੱਟਣੀ ਸੀ, ਉਹ ਪਹਿਲੇ ਹੀ ਦਿਨ ਖ਼ਤਮ ਹੋ ਗਈ। ਮਾਂ ਦਾ ਬਿੱਲੀਆਂ ਨਾਲ ਵੀ ਬਹੁਤ ਮੋਹ ਸੀ। ਦੋ-ਤਿੰਨ ਬਿੱਲੀਆਂ ਪੂਛਾਂ ਹਿਲਾਉਂਦੀਆਂ ਹਮੇਸ਼ਾ ਮਾਂ ਦੀਆਂ ਲੱਤਾਂ ਨਾਲ ਖਹਿੰਦੀਆਂ ਰਹਿੰਦੀਆਂ ਸਨ, ਪਰ ਉਨ੍ਹਾਂ ਨੇ ਕਦੇ ਵੀ ਘਰ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮੂੰਹ ਨਹੀਂ ਸੀ ਮਾਰਿਆ। ਜਦੋਂ ਕਦੇ ਵੀ ਮੈਂ ਮਾਂ ਨੂੰ ਰੋਂਦੇ ਦੇਖਦਾ ਤਾਂ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਆਪ ਮੁਹਾਰੇ ਵਗਣ ਲੱਗਦੇ ਅਤੇ ਉਦੋਂ ਤੱਕ ਨਾ ਰੁਕਦੇ ਜਦੋਂ ਤੱਕ ਮਾਂ ਸਹਿਜ ਨਾ ਹੋ ਜਾਂਦੀ। ਫਿਰ 3 ਨਵੰਬਰ 2004 ਦੀ ਰਾਤ ਨੂੰ ਕਰੀਬ ਇੱਕ ਵਜੇ ਮਾਂ ਦੀ ਮੌਤ ਹੋ ਗਈ। ਮੈਂ ਮਾਂ ਦੇ ਮੰਜੇ ਦੁਆਲੇ ਉਸ ਬੱਚੇ ਵਾਂਗ ਘੁੰਮ ਰਿਹਾ ਸਾਂ, ਜਿਹੜਾ ਮੇਲੇ ਵਿੱਚ ਆਪਣੀ ਮਾਂ ਕੋਲੋਂ ਵਿੱਛੜ ਗਿਆ ਹੋਵੇ। ਮੈਂ ਮਾਂ ਦੀ ਹਿੱਕ ’ਤੇ ਸਿਰ ਧਰ ਕੇ ਸਾਹਾਂ ਦੇ ਚੱਲਣ ਨੂੰ ਮਹਿਸੂਸ ਕਰਨ ਦਾ ਯਤਨ ਕਰਦਾ ਪਰ ਸਾਹ ਕਿੱਥੇ, ਮੇਰਾ ਰੋਣ ਨਿਕਲ ਜਾਂਦਾ। ਮਾਂ ਨਾਲ ਸਾਂਝ ਦੀ ਤੰਦ ਕਿਹੋ ਜਿਹੀ ਹੁੰਦੀ ਹੈ ਜੋ ਟੁੱਟ ਕੇ ਵੀ ਉਮਰ ਭਰ ਨਾਲ-ਨਾਲ ਤੁਰੀ ਰਹਿੰਦੀ ਹੈ, ਇਸ ਗੱਲ ਦਾ ਅਹਿਸਾਸ ਮੈਨੂੰ ਮਾਂ ਦੇ ਤੁਰ ਜਾਣ ’ਤੇ ਹੀ ਹੋਇਆ। ਮੇਰੀ ਮਾਂ ਦੀ ਦਾਸਤਾਨ ਅਸਲ ਵਿੱਚ ‘ਧੁੱਪ ਵਿੱਚ ਸੜਦੇ ਪੱਤਿਆਂ ਦੀ ਦਾਸਤਾਨ’ ਹੈ, ਜੋ ਬਹੁਤ ਲੰਮੀ ਹੈ। ਬੱਸ! ਮੈਂ ਤਾਂ ਉਨ੍ਹਾਂ ਵਿੱਚੋਂ ਕੁਝ ਕੁ ਪੱਤਿਆਂ ਨੂੰ ਹੀ ਫਰੋਲਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ।
ਸੰਪਰਕ: 98760-64576
