ਸਮਝਦਾਰੀ, ਡੂੰਘਾਈ ਅਤੇ ਆਪਣੇ ਗੀਤਾਂ ਰਾਹੀਂ ਤਿੱਖੀ ਸੋਚ ਸਿਰਜਣ ਵਾਲੇ ਹਕਾਲੂ ਹੰਦੇਸਾ ਜੋ ਅਫਰੀਕਾ ਦੇ ਦੇਸ਼ ਇਥੋਪੀਆ ਦੇ ਅਰੋਮੋ ਸੂਬੇ ਦਾ ਵਸਨੀਕ ਸੀ, ਦਾ 29 ਜੂਨ 2020 ਨੂੰ ਇਥੋਪੀਆ ਦੀ ਰਾਜਧਾਨੀ ਆਦਿਸ ਆਭਾ ਵਿਚ ਕਤਲ ਕਰ ਦਿੱਤਾ ਗਿਆ ਸੀ। ਹਕਾਲੂ ਗੀਤਕਾਰ, ਗਾਇਕ ਅਤੇ ਸੰਗੀਤਕਾਰ ਹੋਣ ਦੇ ਨਾਤੇ ਅਰੋਮੋ ਲੋਕਾਂ ਦਾ ਕੌਮੀ ਨਾਇਕ ਸੀ। ਉਹ ਆਪਣੇ ਗੀਤਾਂ ਰਾਹੀਂ ਅਤੇ ਗੀਤਾਂ ਦੇ ਬੋਲਾਂ ਕਰ ਕੇ ਅਰੋਮਾਨੀਆ ਦੇ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਿਆ। ਉਹ ਅਜਿਹਾ ਗਾਇਕ ਅਤੇ ਗੀਤਕਾਰ ਸੀ ਜੋ ਇਥੋਪੀਆ ਅੰਦਰ ਅਰੋਮੋ ਲੋਕਾਂ ਦੀ ਸਵੈ-ਆਜ਼ਾਦੀ ਦਾ ਪ੍ਰਤੀਕ ਬਣਿਆ। ਇਸ ਲਈ ਉਸ ਨੂੰ ਆਪਣੀ ਜਾਨ ਵੀ ਗਵਾਉਣੀ ਪਈ, ਉਹ ਅਰੋਮੋ ਲੋਕਾਂ ਦੀ ਆਜ਼ਾਦੀ ਦਾ ਚਿੰਨ੍ਹ ਜੋ ਬਣ ਗਿਆ ਸੀ।
ਇਥੋਪੀਆ ਅਫਰੀਕਾ ਦੇ ਪੂਰਬੀ ਹਿੱਸੇ ਵਿਚ ਜਿੱਥੇ ਭਾਸ਼ਾਵਾਂ ਦੇ ਆਧਾਰ ‘ਤੇ ਬੇਸ਼ੁਮਾਰ ਕਬੀਲੇ ਹਨ। ਇਹ ਆਰਥਿਕ ਤੌਰ ‘ਤੇ ਪਛੜਿਆ ਹੋਇਆ ਮੁਲਕ ਹੈ ਅਤੇ ਅੰਤਰ-ਜਾਤੀ ਸ਼੍ਰੇਣੀਆਂ ਦੇ ਵਿਵਾਦ ਵਿਚ ਘਿਰਿਆ ਹੋਇਆ ਹੈ। ਇਹ ਭਾਵੇਂ ਪਹਿਲਾਂ ਈਸਾਈ ਮੁਲਕ ਸੀ ਪਰ ਹੁਣ ਇਹ ਈਸਾਈ ਅਤੇ ਮੁਸਲਿਮ ਦੇਸ਼ ਹੈ ਜਿਸ ਵਿਚ ਮੁਸਲਿਮ ਵਧੇਰੇ ਗਿਣਤੀ ਵਿਚ ਹਨ। ਅਰੋਮੋ ਜਾਤੀ ਦੇ ਲੋਕ ਇਸ ਵਿਚ ਸਭ ਤੋਂ ਵਧੇਰੇ ਹਨ ਜਿਨ੍ਹਾਂ ਕੋਲ ਸਦੀਆਂ ਪਹਿਲਾਂ ਆਪਣਾ ਰਾਜ ਸੀ ਪਰ ਹੁਣ ਉਹ ਕੇਂਦਰੀ ਸਰਕਾਰਾਂ ਦੇ ਅਧੀਨ ਲੰਮੇ ਸਮੇਂ ਤੋਂ ਕਾਰਨ ਆਪਣੀ ਸਵੈ-ਆਜ਼ਾਦੀ ਤੋਂ ਵਾਂਝੇ ਹਨ ਤੇ ਦਬੇ-ਕੁਚਲੇ ਲੋਕ ਹਨ। ਅਰੋਮੋ ਬਹੁ-ਗਿਣਤੀ ਵਿਚ ਮੁਸਲਮਾਨ ਹਨ ਪਰ ਕਾਫੀ ਲੋਕ ਈਸਾਈ ਵੀ ਹਨ। ਕੇਂਦਰੀ ਸਰਕਾਰਾਂ ਬਣਨ ਤੋਂ ਸਦੀਆਂ ਪਹਿਲਾਂ ਅਰੋਮੋ ਲੋਕ ਮੁੱਢ ਤੋਂ ਹੀ ਜਾਤੀ ਵਿਵਾਦ ਕਰ ਕੇ ਜ਼ੁਲਮ ਸਹਿੰਦੇ ਆਏ ਹਨ, ਇਨ੍ਹਾਂ ਨੂੰ ਲੱਖਾਂ ਦੀ ਤਾਦਾਦ ਵਿਚ ਮਾਰ ਦਿੱਤਾ ਗਿਆ। 1862 ਤੋਂ ਲੈ ਕੇ 1900 ਤੱਕ ਅਰੋਮੋ ਲੋਕਾਂ ਦੀ ਅੱਧੀ ਆਬਾਦੀ ਇੱਕ ਦੂਸਰੀ ਜਾਤੀ ਦੇ ਰਾਜੇ ਨੇ ਮਾਰ ਮੁਕਾਈ ਸੀ। ਇਥੋਂ ਤੱਕ ਕਿ ਸਿਹਤਮੰਦ ਬੰਦਿਆਂ ਦੇ ਸੱਜੇ ਹੱਥ ਵੱਢ ਕੇ ਉਨ੍ਹਾਂ ਦੇ ਗਲਾਂ ਵਿਚ ਲਟਕਾ ਦਿੱਤੇ ਗਏ ਸਨ। ਇਸੇ ਤਰ੍ਹਾਂ ਅਰੋਮੋ ਔਰਤਾਂ ਦੀਆਂ ਛਾਤੀਆਂ ਵੱਢ ਕੇ ਗਲਾਂ ਵਿਚ ਲਟਕਾ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਮਜ਼ਦੂਰ ਬਣ ਦਿੱਤਾ ਗਿਆ। ਸਮੇਂ ਨਾਲ ਇਥੋਪੀਆ ਦੀਆਂ ਹਕੂਮਤਾਂ ਬਦਲੀਆਂ ਅਤੇ 2001 ਤੱਕ ਕਿਸੇ ਨਾ ਕਿਸੇ ਜ਼ਰੀਏ ਇਹ ਆਪਣੀ ਸਵੈ-ਆਜ਼ਾਦੀ ਦੀ ਮੰਗ ਸਦਕਾ ਵੱਢੇ-ਚੀਰੇ ਅਤੇ ਨਜ਼ਰਬੰਦ ਕੀਤੇ ਜਾਂਦੇ ਰਹੇ ਪਰ ਅਰੋਮੋ ਲੋਕਾਂ ਤੇ ਇੰਨੇ ਜਬਰ-ਜ਼ੁਲਮ ਦੇ ਬਾਵਜੂਦ ਉਹ ਆਪਣੀ ਸਵੈ-ਆਜ਼ਾਦੀ ਦੀ ਮੰਗ ਤੋਂ ਪਿਛਾਂਹ ਨਹੀਂ ਹਟੇ।
ਆਜ਼ਾਦੀ ਦੇ ਇਸੇ ਘੋਲ ਵਿਚੋਂ ਅੰਬੋ ਸ਼ਹਿਰ ਦਾ ਨੌਜਵਾਨ ਹਕਾਲੂ ਹੰਦੇਸਾ ਇਸ ਸੰਘਰਸ਼ ਵਿਚ ਸ਼ਾਮਿਲ ਹੋਇਆ। ਉਹ ਵਿਦਿਆਰਥੀ ਗੁਟਾਂ ਵਿਚ ਸ਼ਾਮਿਲ ਹੋ ਕੇ ਅਰੋਮੋ ਲੋਕਾਂ ਲਈ ਆਜ਼ਾਦੀ ਅਤੇ ਹੱਕਾਂ ਦੀ ਮੰਗ ਉਠਾਉਣ ਲੱਗਿਆ। ਇਸੇ ਕਰ ਕੇ 2003 ਵਿਚ ਉਸ ਨੂੰ ਪੰਜ ਸਾਲ ਲਈ ਅੰਬੋ ਦੀ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ। ਫਿਰ ਵੀ ਉਹਨੇ ਹੌਸਲਾ ਨਹੀਂ ਹਾਰਿਆ ਅਤੇ ਨਾ ਹੀ ਆਪਣੀ ਸੋਚ ਤੋਂ ਪਿੱਛੇ ਹਟਿਆ ਸਗੋਂ ਉਸ ਨੇ ਆਪਣੀ ਸੋਚ ਨੂੰ ਪਰਪੱਕ ਕਰਨ ਲਈ ਆਪਣੇ ਅਰੋਮੋ ਲੋਕਾਂ ਦੇ ਪੁਰਾਤਨ ਸਾਹਿਤਕ ਇਤਿਹਾਸ ਦਾ ਅਧਿਐਨ ਕੀਤਾ ਤੇ ਨਾਲ ਹੀ ਆਪਣੀ ਸੰਗੀਤ ਦੀ ਵਿਦਿਆ ਵੀ ਪੂਰੀ ਕੀਤੀ ਜਿਸ ਦਾ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਸੀ। ਜੇਲ੍ਹ ਅੰਦਰ ਹੀ ਉਸ ਨੇ ਕ੍ਰਾਂਤੀਕਾਰੀ ਗੀਤ ਲਿਖੇ।
ਸਾਲ ਬਾਅਦ ਜੇਲ੍ਹ ਵਿਚੋਂ ਰਿਹਾਅ ਹੋ ਕੇ ਉਸ ਨੇ 2009 ਵਿਚ ਆਪਣੀ ਪਹਿਲੀ ਸੰਗੀਤ ਐਲਬਮ ‘Sanyimoti’ (ਰਾਜ ਦੀ ਦੌੜ) ਰਿਲੀਜ਼ ਕੀਤੀ। ਇਸ ਐਲਬਮ ਨਾਲ ਉਹ ਅਰੋਮੋ ਲੋਕਾਂ ਵਿਚ ਮਸ਼ਹੂਰ ਗਾਇਕ ਅਤੇ ਗੀਤਕਾਰ ਬਣ ਕੇ ਉਭਰਿਆ। ਉਸ ਨੇ ਆਪਣੇ ਗੀਤਾਂ ਰਾਹੀਂ ਅਰੋਮੋ ਲੋਕਾਂ ਅੰਦਰ ਆਜ਼ਾਦੀ ਦਾ ਉਤਸ਼ਾਹ ਭਰਿਆ ਤੇ ਉਨ੍ਹਾਂ ਨੂੰ ਇੱਕਠਿਆਂ ਕਰ ਕੇ ਸੰਗੀਤ ਰਾਹੀਂ ਸਰਕਾਰ ਦੇ ਜਬਰ-ਜ਼ੁਲਮਾਂ ਵਿਰੁੱਧ ਲਾਮਬੰਦ ਕੀਤਾ। ਇਸੇ ਦੌਰਾਨ ਉਸ ਨੇ 2011 ਵਿਚ ਆਪਣੀ ਦੂਜੀ ਐਲਬਮ ਜਿਸ ਦਾ ਸਿਰਲੇਖ ‘ਅਰੋਮੋ ਲੋਕ ਕੌਣ ਹਨ’ ਜਾਰੀ ਕੀਤੀ ਜੋ ਇਥੋਪੀਆ ਅਤੇ ਅਫਰੀਕਾ ਦੇ ਵਿਚ ਥਾਂ ਥਾਂ ਵਸੇ ਹੋਣੇ ਹਨ। ਉਹ ਅਰੋਮਾਨੀਆਂ ਦੇ ਲੋਕਾਂ ਲਈ ਪ੍ਰੇਰਨਾ ਵਾਲਾ ਗੀਤਕਾਰ ਬਣਿਆ। ਇਹ ਗੀਤ ਹੀ ਅਰੋਮੋ ਦੇ ਲੋਕਾਂ ਵਿਚ ਕੇਂਦਰੀ ਸਰਕਾਰ ਵਿਰੁੱਧ ਉਠੀ ਬਗਾਵਤ ਦਾ ਸਬੱਬ ਬਣੇ ਜਿਸ ਨਾਲ ਕੇਂਦਰੀ ਸਰਕਾਰ ਤਾਂ ਬਦਲ ਗਈ ਪਰ ਪਹਿਲੀਆਂ ਸਰਕਾਰਾਂ ਵਾਂਗ ਇਹ ਸਰਕਾਰ ਵੀ ਅਰੋਮੋ ਲੋਕਾਂ ਲਈ ਜਬਰ-ਜ਼ੁਲਮ ਦਾ ਕਾਰਨ ਬਣੀ। ਇਨ੍ਹਾਂ ਦੇ ਹਜ਼ਾਰਾਂ ਲੋਕ, ਬੁਧੀਜੀਵੀ ਅਤੇ ਪ੍ਰੋਫੈਸਰ ਨਜ਼ਰਬੰਦ ਕਰ ਦਿੱਤੇ ਗਏ। ਮਾੜੇ ਮਨੁੱਖੀ ਅਧਿਕਾਰਾਂ ਅਤੇ ਕਾਰਜਸ਼ੀਲ ਸਿਆਸੀ ਲੋਕਾਂ ਤੇ ਦਬਾਅ ਹੋਣ ਦੇ ਬਾਵਜੂਦ ਅਮਰੀਕਾ ਸਰਕਾਰ ਨੇ ਇਸ ਨੂੰ ਆਪਣਾ ਅਤਿਵਾਦ ਖ਼ਿਲਾਫ਼ ਸਾਂਝੀਦਾਰ ਬਣਾਇਆ।
ਇਸ ਤੋਂ ਬਾਅਦ ਇਥੋਪੀਆ ਦੀ ਸਰਕਾਰ ਨੇ ਅਰੋਮੋ ਮੁਸਲਮਾਨਾਂ ਤੇ ਬੇਤਹਾਸ਼ਾ ਜਬਰ-ਜ਼ੁਲਮ ਕੀਤਾ। ਇਸ ਸਭ ਦੇ ਬਾਵਜੂਦ ਹਕਾਲੂ ਹੰਦੇਸਾ ਭੱਜਿਆ ਨਹੀਂ ਸਗੋਂ ਆਪਣੀ ਇੱਕ ਹੋਰ ਐਲਬਮ ਜਿਸ ਦੇ ਬੋਲ ਸਨ- ‘ਅਸੀਂ ਇੱਥੇ ਹੀ ਹਾਂ’ ਜਾਰੀ ਕੀਤੀ। ਇਨ੍ਹਾਂ ਬੋਲਾਂ ਰਾਹੀਂ ਅਰੋਮੋ ਲੋਕਾਂ ਦੇ ਸੰਘਰਸ਼ ਨੇ ਬਲ ਫੜਿਆ ਅਤੇ ਇੱਕ ਵਾਰ ਫਿਰ ਕੇਂਦਰ ਵਿਚ ਪਹਿਲੀ ਵਾਰ ਅਰੋਮੋ ਜਾਤੀ ਦੇ ਬੰਦਿਆਂ ਅਤੇ ਲੀਡਰਾਂ ਦੀ ਸਰਕਾਰ ਬਣੀ। ਇਸ ਨੇ ਭਾਵੇਂ ਆਪਣੇ ਗੁਆਂਢੀ ਮੁਲਕਾਂ ਨਾਲ ਚਿਰਾਂ ਤੋਂ ਚਲਦੀ ਲੜਾਈ ਨੂੰ ਖਤਮ ਕਰ ਲਿਆ ਜਿਸ ਕਰ ਕੇ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਨੋਬੇਲ ਅਮਨ ਇਨਾਮ ਮਿਲਿਆ ਪਰ ਉਸ ਨੇ ਵੀ ਸਮੇਂ ਨਾਲ ਅਰੋਮੋ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਿਸ ਸਦਕਾ ਹੰਦੇਸਾ ਮੁੜ ਤੋਂ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਲਾਮਬੰਦ ਕਰਨ ਵਿਚ ਜੁਟ ਗਿਆ; ਆਖਰਕਾਰ ਉਸ ਦਾ 29 ਜੂਨ 2020 ਨੂੰ ਕਤਲ ਕਰ ਦਿੱਤਾ ਗਿਆ।
ਹਕਾਲੂ ਹੰਦੇਸਾ ਦੇ ਕਤਲ ਤੋਂ ਬਾਅਦ ਸਾਰੇ ਅਰੋਮੋ ਇਲਾਕੇ ਵਿਚ ਸਮੂਹਿਕ ਰੋਸ ਭੜਕ ਉੱਠਿਆ ਜਿਸ ਸਦਕਾ 250 ਲੋਕਾਂ ਤੋਂ ਵੀ ਉਪਰ ਲੋਕਾਂ ਦੀ ਮੌਤ ਹੋ ਗਈ। ਹੰਦੇਸਾ ਅਜਿਹਾ ਗਾਇਕ ਸਿੱਧ ਹੋਇਆ ਜੋ ਭਾਵੇਂ ਆਪਣੇ ਜੀਵਨ ਦੀ ਮੰਜ਼ਿਲ ਤੱਕ ਅਪੜਨ ਤੋਂ ਪਹਿਲਾਂ ਹੀ ਤੁਰ ਗਿਆ ਪਰ ਦਫਨ ਹੋ ਕੇ ਵੀ ਲੋਕਾਂ ਅੰਦਰ ਆਸ ਦੀ ਕਿਰਨ ਜਗਾ ਗਿਆ। ਉਹ ਇਹ ਵੀ ਦੱਸ ਗਿਆ ਕਿ ਸਰਕਾਰੀ ਸੁਰੱਖਿਆ ਦਸਤਿਆਂ ਦਾ ਜ਼ੁਲਮ ਆਜ਼ਾਦੀ ਪਸੰਦ ਲੋਕਾਂ ਦੀ ਆਵਾਜ਼ ਨੂੰ ਬਹੁਤੀ ਦੇਰ ਦਬਾ ਕੇ ਨਹੀਂ ਰੱਖ ਸਕੇਗਾ। ਹੰਦੇਸਾ ਵਰਗੇ ਗਾਇਕ ਅੱਜ ਦੇ ਸਮੇਂ ਵਿਚ ਵਿਰਲੇ ਹੀ ਹੋਣਗੇ।
ਸੰਪਰਕ: 97800-00387