ਦਰਸ਼ਨ ਸਿੰਘ
ਬੜਾ ਹੀ ਖ਼ੂਬਸੂਰਤ ਅਖਾਣ ਹੈ- ਸਾਕ ਮਿਲਦਿਆਂ ਦੇ, ਖੇਤ ਵਾਹੁੰਦਿਆਂ ਦੇ। … ਰਿਸ਼ਤੇ ਤਾਂ ਮਿਲਣ ਗਿਲਣ ਦੇ ਹੀ ਹੁੰਦੇ ਹਨ। ‘ਅੱਖੋਂ ਉਹਲੇ, ਘੱਤ ਭੜੋਲੇ’ ਅਨੁਸਾਰ ਵੀ ਅੱਖੋਂ ਉਹਲੇ ਗਿਆ ਤੇ ਭੜੋਲੇ ਪਿਆ ਇਕ ਸਮਾਨ ਹਨ। ਰਿਸ਼ਤਿਆਂ ਵਿਚ ਜੀਣਾ ਹੀ ਜ਼ਿੰਦਗੀ ਹੁੰਦੀ ਹੈ। ਜਨਮ ਤੋਂ ਹੀ ਇਹ ਰਿਸ਼ਤੇ ਹਰ ਸ਼ਖ਼ਸ ਨਾਲ ਜੁੜਨ ਲਗਦੇ ਹਨ ਅਤੇ ਸਾਹਾਂ ਸੰਗ ਤੁਰਦੇ ਹਨ।
ਫੁੱਲ ਬੂਟੇ ਗਮਲਿਆਂ ਵਿਚ ਲਾਈਏ ਜਾਂ ਕਿਆਰੀਆਂ ਵਿਚ, ਮਾਲੀ ਤਾਂ ਬਣਨਾ ਹੀ ਪੈਂਦਾ ਹੈ। ਲਾ ਕੇ ਭੁੱਲ ਜਾਣ ਨਾਲ ਇਹ ਸੁੱਕ ਸੜ ਜਾਂਦੇ ਹਨ। ਰਿਸ਼ਤਿਆਂ ਦੀ ਗੱਲ ਵੀ ਇਹੋ ਹੀ ਹੈ। ਸੁਰਤ ਸੰਭਾਲੀ ਤਾਂ ਘਰ ਵਿਚ ਮਾਪੇ, ਭੈਣ-ਭਾਈ, ਦਾਦਾ-ਦਾਦੀ ਸਨ। ਮਾਂ ਬਾਤਾਂ ਪਾਉਂਦੀ। ਪੰਛੀਆਂ ਜਨੌਰਾਂ ਤੇ ਪਰੀਆਂ ਦੀਆਂ ਦਿਲਚਸਪ ਕਹਾਣੀਆਂ ਦਾਦੀ ਸੁਣਾਉਂਦੀ। ਹੁੰਗਾਰੇ ਅਸੀਂ ਭਰੀ ਜਾਂਦੇ। ਥੋੜ੍ਹਾ ਬਹੁਤ ਜਾਣ ਬੁੱਝ ਕੇ ਇੱਧਰ ਉੱਧਰ ਹੁੰਦੇ ਜਾਂ ਲੁਕ ਜਾਂਦੇ, ਮਾਂ ਹਾਕਾਂ ਮਾਰਦੀ ਤੇ ਪਿਉ ਲੱਭਣ ਲਈ ਨੱਸਦਾ ਭੱਜਦਾ। ਹਾਕਾਂ ਵਿਚ ਵੀ ਰਿਸ਼ਤੇ ਦੀ ਸੁਗੰਧ ਹੁੰਦੀ, ਮਨ ਦੀ ਬੇਚੈਨੀ ਵਿਚ ਵੀ ਰਿਸ਼ਤਾ ਬੋਲਦਾ। ਭਰਾ ਰਲ ਮਿਲ ਸ਼ਰਾਰਤਾਂ ਕਰਦੇ, ਲੜਦੇ ਝਗੜਦੇ ਅਤੇ ਮਿੱਟੀ ਨਾਲ ਲਿੱਬੜੇ ਇਕ ਦੂਜੇ ਦੀ ਮਾਰ ਕੁਟਾਈ ਕਰਦੇ, ਫੇਰ ਵੀ ਇਕੱਠੇ ਬੈਠ ਰੋਟੀ ਖਾਂਦੇ। ਕੋਈ ਖਾ ਕੇ ਪਹਿਲੋਂ ਉੱਠ ਜਾਂਦਾ, ਕੋਈ ਪਿੱਛੋਂਂ। ਤੱਤੀਆਂ ਤੱਤੀਆਂ ਰੋਟੀਆਂ ਮਾਂ ਲਾਹੀ ਜਾਂਦੀ। ਖੇਡਾਂ ਖੇਡਾਂ ਵਿਚ ਅਤੇ ਮਾਪਿਆਂ ਦੀਆਂ ਠੰਢੀਆਂ ਛਾਵਾਂ ਮਾਣਦੇ ਅਸੀਂ ਭਵਿੱਖ ਦੀਆਂ ਪੌੜੀਆਂ ਚੜ੍ਹਨਾ ਸਿੱਖ ਗਏ।
ਘਰੋਂ ਬਾਹਰ ਪੈਰ ਪੁੱਟੇ, ਰਿਸ਼ਤਿਆਂ ਦਾ ਦਾਇਰਾ ਹੋਰ ਫੈਲਿਆ ਤੇ ਫੈਲਦਾ ਗਿਆ। ਮਸੀਂ ਚਾਰ ਕੁ ਸਾਲਾਂ ਦਾ ਹੋਵਾਂਗਾ, ਜਦੋਂ ਬਹੁਤੇ ਰਿਸ਼ਤਿਆਂ ਦੀ ਪਛਾਣ ਹੋ ਗਈ ਸੀ। ਸਾਡੇ ਘਰ ਤੋਂ ਚਾਰ ਪੰਜ ਘਰ ਛੱਡ ਕੇ ਜੱਟੂ ਰਾਮ ਦਾ ਘਰ ਸੀ ਜਿਸ ਨਾਲ ਆਪਸੀ ਸਾਂਝ ਤੇ ਲੈਣ ਦੇਣ ਵਿਚਕਾਰਲੇ ਘਰਾਂ ਤੋਂ ਕੁਝ ਵੱਖ ਅਤੇ ਵਧੇਰੇ ਸੀ। ਦੁੱਧ ਚਿੱਟਾ ਕੁੜਤਾ ਚਾਦਰਾ, ਲੰਮੇ ਤੁਰਲੇ ਵਾਲੀ ਸਫ਼ੈਦ ਪੱਗ ਅਤੇ ਤਕੜੇ ਜੁੱਸੇ ਵਾਲੇ ਜੱਟੂ ਰਾਮ ਦਾ ਸੁਭਾਅ ਸਭ ਨੂੰ ਖਿੱਚ ਲੈਂਦਾ। ਉਨ੍ਹਾਂ ਨੂੰ ਸਭ ਲਾਲਾ ਜੀ ਕਹਿੰਦੇ। ਗੱਲਾਂ ਉਨ੍ਹਾਂ ਦੀਆਂ ਸਾਡੇ ਮਨ ਵਿਚ ਡੂੰਘੀਆਂ ਉੱਤਰ ਜਾਂਦੀਆਂ। ਕਦ-ਕਾਠ ਲੰਮਾ ਹੋਣ ਕਾਰਨ ਅਸੀਂ ਸਾਹਮਣੇ ਖੜ੍ਹੇ ਬੌਣੇ ਹੀ ਲਗਦੇ ਤੇ ਆਪਣਾ ਸਿਰ ਉਤਾਂਹ ਕਰ ਕੇ ਹੀ ਗੱਲ ਕਰਨੀ ਪੈਂਦੀ।
ਗੁਜ਼ਾਰੇ ਜੋਗੀ ਛੋਟੀ ਜਿਹੀ ਕਰਿਆਨੇ ਦੀ ਉਨ੍ਹਾਂ ਦੀ ਹੱਟੀ ਸੀ। ਨਿੱਕੇ ਬੱਚੇ ਬੱਚੀਆਂ ਘਰੋਂ ਦਾਣਾ-ਫੱਕਾ ਲੈ ਆਉਂਦੇ ਤੇ ਵੱਟੇ ਵਿਚ ਸੌਦਾ-ਪੱਤਾ ਲੈ ਜਾਂਦੇ। ਮੈਂ ਅਕਸਰ ਉਨ੍ਹਾਂ ਕੋਲ ਜਾ ਬੈਠਦਾ ਸਾਂ। ‘ਮਰਫ਼ੀ’ ਰੇਡੀਉ ਸਦਾ ਕੋਲ ਰੱਖਦੇ। ਗਾਉਣ ਵਜਾਉਣ ਬੜੇ ਚਾਅ ਨਾਲ ਸੁਣਦੇ। ਚੇਤੇ ਮੈਨੂੰ ਇਹ ਵੀ ਹੈ ਕਿ ਕਈ ਵਾਰ ਤਾਂ ਉਹ ਘਰੋਂ ਹੀ ਮੇਰੀ ਉਂਗਲ ਫੜ ਕੇ ਆਪਣੇ ਨਾਲ ਹੀ ਹੱਟੀ ਲੈ ਜਾਂਦੇ। ਮੇਰੇ ਨਾਲੋਂ ਪੰਜ ਕੁ ਸਾਲ ਵੱਡੀ ਉਨ੍ਹਂਾਂ ਦੀ ਧੀ ‘ਰਾਜ’ ਸੀ। ਧੀ ਤੋਂ ਕਈ ਵਰ੍ਹੇ ਵੱਡਾ ਪੁੱਤਰ ਦਿੱਲੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਸੀ। ਥੋੜ੍ਹੀ ਵੱਡੀ ਹੋਈ ਤਾਂ ਰਾਜ ਵੀ ਆਪਣੇ ਭਰਾ ਕੋਲ ਚਲੀ ਗਈ। ਇਹ ਗੱਲਾਂ ਪੰਜਾਹ ਸੱਠ ਵਰ੍ਹੇ ਪਹਿਲਾਂ ਦੀਆਂ ਹਨ।
ਮਾਂ ਦੱਸਦੀ ਹੁੰਦੀ ਸੀ ਕਿ ਰਾਜ ਮੈਨੂੰ ਕੁੱਛੜ ਚੁੱਕ ਕੇ ਆਪਣੇ ਘਰ ਲੈ ਜਾਂਦੀ। ਰੋਟੀ ਖੁਆਉਂਦੀ ਇਕ ਬੁਰਕੀ ਮੇਰੇ ਮੂੰਹ ਵਿਚ ਪਾਉਂਦੀ ਅਤੇ ਦੂਜੀ ਆਪਣੇ। ਮੈਨੂੰ ਖਿਡਾਉਂਦੀ ਤੇ ਆਪ ਵੀ ਖੇਡਦੀ ਰਹਿੰਦੀ। ਅਸੀਂ ਸਾਰੇ ਉਸ ਨੂੰ ‘ਭੈਣ’ ਕਹਿ ਕੇ ਬੁਲਾਉਂਦੇ। ਉਸ ਨੂੰ ਮੇਰੇ ਨਾਲ ਅਤੇ ਮੈਨੂੰ ਉਸ ਨਾਲ ਬਹੁਤ ਤਿਹੁ-ਮੋਹ ਸੀ। ਧਰਮ ਭਾਵੇਂ ਵੱਖੋ ਵੱਖ ਸਨ ਪਰ ਦੋ ਘਰਾਂ ਦੇ ਦੁੱਖ-ਸੁੱਖ ਅਤੇ ਦਿਲਾਂ ਦੀ ਸਾਂਝ ਦੀਆਂ ਕੰਧਾਂ ਬਹੁਤ ਪਕੇਰੀਆਂ ਅਤੇ ਉਚੇਰੀਆਂ ਸਨ। ਛੁੱਟੀਆਂ ਵਿਚ ਮੈਂ ਨਾਨਕਿਆਂ-ਦਾਦਕਿਆਂ ਦੀ ਬਜਾਇ ਰਾਜ ਭੈਣ ਕੋਲ ਦਿੱਲੀ ਚਲਾ ਜਾਂਦਾ ਤੇ ਉਸ ਨਾਲ ਹੀ ਘੁੰਮਦਾ ਫਿਰਦਾ ਰਹਿੰਦਾ। ਉਸ ਦੀਆਂ ਸਖੀਆਂ ਸਹੇਲੀਆਂ ਮੈਨੂੰ ਛੋਟੇ ਭਰਾਵਾਂ ਵਾਂਗ ਹੀ ਲਾਡ ਲਡਾਉਂਦੀਆਂ। ਦਿਨ-ਤਿਹਾਰ ਤੇ ਉਹ ਮੈਨੂੰ ਕੁਝ ਨਾ ਕੁਝ ਜ਼ਰੂਰ ਭੇਜਦੀ। ਸਰਦੀ ਹੁੰਦੀ ਸੁਐਟਰ ਉਣ ਦਿੰਦੀ। ਲੰਮੀਆਂ ਲੰਮੀਆਂ ਚਿੱਠੀਆਂ ਅਸੀਂ ਇਕ ਦੂਜੇ ਨੂੰ ਰੀਝਾਂ ਨਾਲ ਲਿਖ ਕੇ ਰਿਸ਼ਤੇ ਨੂੰ ਹੋਰ ਵੀ ਡੂੰਘਾ ਕਰਦੇ। ਖ਼ਤ ਦੀ ਉਡੀਕ ਮੈਨੂੰ ਵੀ ਰਹਿੰਦੀ ਤੇ ਉਸ ਨੂੰ ਵੀ। ਮੇਰੇ ਵਿਆਹ ਦੀ ਡੋਲੀ ਸਿੱਧੀ ਰਾਜ ਦੇ ਘਰ ਜਾਣ ਕਰ ਕੇ ਸਾਰੇ ਸ਼ਗਨ ਰਾਜ ਅਤੇ ਉਸ ਦੇ ਮਾਪਿਆਂ ਨੇ ਕੀਤੇ, ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਸਿਖਰਾਂ ਉੱਤੇ ਪਹੁੰਚਾਇਆ। ਮੇਰੀ ਮਾਂ ਨੇ ਤਾਂ ਸਿਰਫ਼ ਬਰੂਹੀਂ ਤੇਲ ਹੀ ਚੋਇਆ।
ਦਿਲ ਤੋਂ ਨਿਭਾਇਆ ਤੇ ਅਪਣਾਇਆ ਹੋਇਆ ਇਹ ਰਿਸ਼ਤਾ ਉਮਰ ਦੇ ਕਈ ਦਹਾਕੇ ਬੀਤਣ ਜਾਂ ਕਹਿ ਲਵਾਂ ਕਿ 63-64 ਵਰ੍ਹਿਆਂ ਪਿੱਛੋਂ ਹੁਣ ਵੀ ਉਸੇ ਤਰ੍ਹਾਂ ਹੈ। ਦੋ ਕੁ ਸਾਲ ਪਹਿਲੋਂ ਮੇਰੀ ਪਤਨੀ ਦੀ ਅੰਤਿਮ ਅਰਦਾਸ ਵਿਚ ਜਦੋਂ ਰਾਜ ਅਤੇ ਉਸ ਦਾ ਪਰਿਵਾਰ ਆਇਆ ਤਾਂ ਉਹ ਮੇਰੇ ਗਲ ਲੱਗ ਬੇਤਹਾਸ਼ਾ ਰੋਈ। ਇਹ ਹੰਝੂ ਜਿਵੇਂ ਰਿਸ਼ਤਿਆਂ ਨੂੰ ਸਿੰਜ ਰਹੇ ਸਨ। ਜੀਵਨ ਦੇ ਕਈ ਪਲ ਅਜਿਹੇ ਹੁੰਦੇ ਹਨ ਜਦੋਂ ਦਿਲ ਵਿਚ ਪੀੜ, ਦਰਦ, ਵੈਰਾਗ ਅਤੇ ਅੱਖਾਂ ਵਿਚ ਹੰਝੂ ਹੋਣੇ ਜ਼ਰੂਰੀ ਹਨ। ਜਿੰਨਾ ਜਿੰਨਾ ਕਿਸੇ ਦਾ ਕਿਸੇ ਨਾਲ ਰਿਸ਼ਤਾ ਹੁੰਦਾ ਹੈ, ਓਨਾ ਓਨਾ ਉਹ ਰੋਂਦਾ ਵੀ ਹੈ। … ਗੱਲ ਰਿਸ਼ਤੇ ਦੀ ਹੀ ਹੁੰਦੀ ਹੈ। ਹੰਝੂ ਬੇਜ਼ਬਾਨ ਜ਼ਰੂਰ ਹੈ ਪਰ ਅੱਖੋਂ ਵਹਿੰਦਾ ਹੋਇਆ ਇਹ ਕਹਿ ਅਤੇ ਸਮਝਾ ਬਹੁਤ ਕੁਝ ਦਿੰਦਾ ਹੈ।
ਰਿਸ਼ਤੇ ਅਤੇ ਇਨ੍ਹਾਂ ਦੇ ਰੂਪ ਸਰੂਪ ਅਣਗਿਣਤ ਹਨ। ਕਈ ਰਿਸ਼ਤਿਆਂ ਦੇ ਤਾਂ ਨਾਂ ਵੀ ਨਹੀਂ ਹੁੰਦੇ ਪਰ ਅੱਖਾਂ ਅੰਦਰ ਕਿਸੇ ਆਪਣੇ ਦੀ ਉਡੀਕ, ਕੋਲ ਕੋਲ ਬੈਠਣ, ਮਨ ਵਿਚ ਨੇੜਤਾ ਦੇ ਚਾਅ ਅਤੇ ਬਿਪਤਾ ਵਿਚ ਨਾਲ ਖੜ੍ਹੇ ਹੋਣ ਦੇ ਅਹਿਸਾਸ ਕੋਈ ਰਿਸ਼ਤਾ ਤਾਂ ਜ਼ਰੂਰ ਹੁੰਦਾ ਹੈ। ਨਿੱਜ ਦੀਆਂ ਸਵਾਰਥੀ ਵਲਗਣਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਹੰਝੂਆਂ ਦੇ ਅੰਦਰ ਝਾਕਣਾ, ਅਰਥ ਢੂੰਡਣਾ ਅਤੇ ਅਜੋਕੇ ਛਿੱਜਦੇ ਜਾ ਰਹੇ ਰਿਸ਼ਤਿਆਂ ਨੂੰ ਬਚਾਉਣਾ ਹੀ ਹੁਣ ਵੱਡੀ ਤੇ ਜ਼ਰੂਰੀ ਗੱਲ ਹੈ।
ਸੰਪਰਕ: 94667-37933